Monday, October 30, 2017

ਗੁਰੂ ਸਾਹਿਬਾਨਾਂ ਦੇ ਗੁਰਪੂਰਬ ਮਨਾਉਣਾ; ਸਿੱਖ ਪੰਥ ਲਈ ਮਾਣ ਵਾਲੀ ਗੱਲ

Sun, Oct 29, 2017 at 8:39 PM
ਭਾਰਤਵਾਸੀਆਂ ਵਲੋਂ ਅਜਿਹੇ ਆਯੋਜਨ ਹੋਰ ਵੀ ਫਖਰਯੋਗ 
ਅੱਜ ਲੋੜ ਹੈ ਕਿ ਸਾਨੂੰ ਆਪਣੀ ਸੰਕੀਰਨ ਸੋਚ ਛੱਡ ਕੇ ਦੇਸ਼ ਅਤੇ ਸਮਾਜ ਨੂੰ ਵਿਕਾਸ ਪੱਧਰ ਤੇ ਲੈ ਜਾਣ ਵਾਲੀ ਅਮਨ ਸ਼ਾਂਤੀ ਅਤੇ ਏਕਤਾ ਵਾਲੀ ਗੱਲ ਕਰੀਏ ਨਾ ਕਿ ਸਮਾਜ ਨੂੰ  ਵੰਡਣ ਵਾਲੀ। 
ਜਲੰਧਰ: 29 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਜ ਜਲੰਧਰ ਵਿੱਦਿਅਕ ਸੋਸਾਇਟੀ ਦੇ ਮੈਂਬਰਾਂ ਵੱਲੋਂ ਇਕ ਮੀਟਿੰਗ ਦਾ ਆਯੋਜਨ, ਚੇਅਰਮੈਨ ਪਲਵਿੰਦਰ ਸਿੰਘ ਜੀ ਦੀ ਪ੍ਰਧਾਨਗੀ ਹੇਠ ਕੀਤਾ ਗਿਆ, ਜਿਸ ਵਿੱਚ ਕੁਝ ਵਿਸ਼ੇਸ਼ ਵਿਚਾਰ ਵਟਾਂਦਰੇ ਕੀਤੇ ਗਏ। ਉਹਨਾਂ ਦੱਸਿਆ ਕਿ ਜਿਵੇਂ ਇਸ ਸਾਲ ਦਸ਼ਮੇਸ਼ ਪਿਤਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ  350 ਵਾਂ ਪ੍ਰਕਾਸ਼ ਪੂਰਬ ਦੇਸ਼-ਵਿਦੇਸ਼ ਵਿਚ ਬੜੇ ਹੀ ਸ਼ਰਧਾ ਸਤੇ ਸਤਿਕਾਰ ਨਾਲ ਮਨਾਇਆ ਜਾ ਰਿਹਾ ਹੈ ਅਤੇ ਸੰਗਤਾਂ ਵੀ ਬੜੇ ਪਿਆਰ ਅਤੇ ਸ਼ਰਧਾ ਨਾਲ ਇਸ ਵਿੱਚ ਹਿੱਸਾ ਲੈ ਰਹੀਆਂ ਹਨ। ਜੋ ਸਾਢੇ ਲਈ ਬੜੀ ਹੀ ਮਾਣ ਵਾਲੀ ਗੱਲ ਹੈ।ਜਿਕਰਯੋਗ ਹੈ ਕਿ ਇਹਨਾਂ ਸਮਾਗਮਾਂ ਵਿਚ ਅਮਨ ਅਤੇ ਏਕਤਾ ਦੀ ਅਵਾਜ ਬੁਲੰਦ ਕਰਨ ਵਾਲੇ ਨਾਮਧਾਰੀ ਪੰਥ ਦੇ ਮੁਖੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਵੀ ਮੁੱਖ ਭੂਮਿਕਾ ਰਹੀ ਉਹਨਾਂ ਦੀ ਅਗੁਵਾਈ ਵਿੱਚ ਨਾਮਧਾਰੀ ਸੰਗਤਾਂ ਨੇ ਵੱਖ-ਵੱਖ ਇਲਾਕਿਆਂ ਵਿਚ ਸਾਰਾ ਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਬ ਨਾਲ ਸੰਬੰਧਿਤ ਸਮਾਗਮ ਤਾਂ ਮਨਾਏ ਹੀ ਇਸ ਦੇ ਨਾਲ ਹੀ ਸ੍ਰੀ ਠਾਕੁਰ ਦਲੀਪ ਸਿੰਘ ਜੀ ਦੀ ਅਗੁਵਾਈ ਵਿਚ ਪਾਉਂਟਾ ਸਾਹਿਬ ਵਿਖੇ ਮਹਾਨ ਕਵੀ  ਦਰਬਾਰ ਦਾ ਆਯੋਜਨ ਵੀ ਕੀਤਾ ਗਿਆ ਅਤੇ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ  ਰਚਿਤ ਮਹਾਨ ਬਾਣੀ ਤੇ ਚਾਨਣਾ ਪਾਉਂਦੇ ਹੋਏ ਉਹਨਾਂ ਦੇ ਵਿੱਦਿਆ ਦੇ ਪੱਖ ਨੂੰ ਵੀ ਉਜਾਗਰ ਕੀਤਾ। 
 ਇਸੇ ਤਰ੍ਹਾਂ ਹੀ ਪਿਛਲੇ ਦਿਨੀਂ 25 ਅਕਤੂਬਰ ਨੂੰ ਦਿੱਲੀ ਵਿਖੇ ਤਾਲਕਟੋਰਾ ਦੇ ਪ੍ਰਸਿੱਧ ਸਟੇਡੀਅਮ ਵਿਖੇ ਰਾਸ਼ਟਰੀ ਸਿੱਖ ਸੰਗਤ ਦੀ ਅਗੁਵਾਈ ਵਿੱਚ ਦਸ਼ਮ ਪਾਤਸ਼ਾਹ ਜੀ ਦਾ ਪ੍ਰਕਾਸ਼ ਪੂਰਬ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ।ਜਿਸ ਵਿੱਚ ਕੁਝ ਸਿੱਖ ਜਥੇਬੰਦੀਆਂ ਨੇ ਤਾ ਬੜੀ ਸ਼ਰਧਾ ਭਾਵਨਾ ਨਾਲ ਇਸ ਵਿਚ ਸ਼ਮੂਲੀਅਤ ਕੀਤੀ।ਜਿਸ ਵਿਚ ਮੁੱਖ ਰੂਪ ਨਾਲ ਨਾਮਧਾਰੀ ਸੰਗਤ ਵੀ ਠਾਕੁਰ ਦਲੀਪ ਸਿੰਘ ਜੀ ਦੀ ਅਗੁਵਾਈ ਵਿੱਚ ਪਹੁੰਚੀ।  ਪੰਡਾਲ  " ਜੋ ਬੋਲੇ ਸੋ ਨਿਹਾਲ , ਸਤਿ ਸ੍ਰੀ ਅਕਾਲ " ਦੇ ਜੈਕਾਰਿਆਂ ਨਾਲ ਗੂੰਜ ਉਠਿਆ।ਪਰ ਕਈ ਸਿੱਖ ਜਥੇਬੰਦੀਆਂ ਨੇ ਇਸ ਸਮਾਗਮ ਤੇ ਰੋਕ ਲਗਾਉਣ ਦੀ ਅਤੇ ਵਿਰੋਧ ਕਰਨ ਦੀ ਪੂਰੀ ਕੋਸ਼ਿਸ ਤਾਂ ਕੀਤੀ ਹੀ ਅਤੇ ਸਮਾਗਮ ਉਪਰੰਤ ਕਈ ਪ੍ਰਕਾਰ ਦੀ ਟੀਕਾ-ਟਿੱਪਣੀ ਵੀ ਸ਼ੁਰੂ ਕਰ ਦਿੱਤੀ।
                                                ਜਦਕਿ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਸਾਂਝੀਵਾਲਤਾ ਦੇ ਪ੍ਰਤੀਕ ਹਨ ਇਹਨਾਂ ਨੂੰ ਮਨਾਉਣ ਦਾ ਹੱਕ ਸਭ ਨੂੰ ਹੋਣਾ ਚਾਹੀਦਾ ਹੈ ਅਤੇ ਸਾਢੇ ਧਰਮ ਨਿਰਪੱਖ ਰਾਜ ਵਿੱਚ ਹੈ ਵੀ। ਜਿਵੇਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮੰਨਣ ਵਾਲੇ ਵੀ ਸਾਰੇ ਸੰਸਾਰ ਵਿਚ ਵੱਸਦੇ ਹਨ ਅਤੇ ਕਈ ਥਾਵਾਂ ਤੇ ਉਹਨਾਂ ਦੇ ਨਾਮ ਵੀ ਆਪਣੀ ਭਾਸ਼ਾ ਵਿਚ ਹੀ ਲਏ ਜਾਂਦੇ ਹਨ। ਪਰ ਇਸ ਨਾਲ ਸਾਡੇ ਪੰਥ ਦਾ ਕੋਈ ਨੁਕਸਾਨ ਨਹੀਂ ਹੋਇਆ, ਸਗੋਂ ਪ੍ਰਚਾਰ ਹੀ ਹੁੰਦਾ ਹੈ,ਜੇਕਰ ਕੋਈ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ।  
                  ਗੁਰੂ ਗੋਬਿੰਦ ਸਿੰਘ ਜੀ ਨੇ ਪਟਨਾ ਸਾਹਿਬ (ਬਿਹਾਰ) ਵਿਖੇ ਸਮੁੱਚੀ ਮਾਨਵਤਾ ਦੇ ਕਲਿਆਣ ਹਿਤ ਅਵਤਾਰ ਧਾਰਿਆ ਅਤੇ ਇਸ ਸਾਲ ਉੱਥੇ ਹੋਏ ਮਹਾਨ ਸਮਾਗਮ ਸਮੇਂ ਬਿਹਾਰ ਦੇ ਹਿੰਦੂ ਲੋਕਾਂ ਨੇ ਬੜੀ ਸ਼ਰਧਾ ਨਾਲ ਸੇਵਾ ਦਾ ਯੋਗਦਾਨ ਪਾਇਆ। ਜੇਕਰ ਅਸੀਂ ਗੁਰੂ ਸਾਹਿਬਾਨਾਂ  ਦੀ ਗੱਲ ਕਰੀਏ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਮਪਿਤਾ ,ਸ੍ਰੀ ਗੁਰੂ ਤੇਗ ਬਹਾਦਰ ਜੀ "ਹਿੰਦ ਦੀ ਚਾਦਰ " ਅਖਵਾਏ ਅਤੇ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਸਿੱਖਾਂ ਦੇ ਨਾਲ-ਨਾਲ ਪੰਡਿਤ ਸ਼ਿਵ ਦੱਤ ,ਪੀਰ ਭੀਖਣ ਸ਼ਾਹ , ਨਬੀ ਖਾਂ ਅਤੇ ਗਨੀ ਖਾਂ ਵਰਗੇ ਹਿੰਦੂ ਮੁਸਲਮਾਨ ਸਭ ਤੇ ਕਿਰਪਾ ਕੀਤੀ। ਪਰ ਅੱਜ ਸਾਡੀ  ਸੋਚ ਇੰਨੀ  ਸੰਕੀਰਣ ਹੁੰਦੀ ਜਾ ਰਹੀ ਹੈ ਕਿ ਅਸੀਂ ਵਿਦੇਸ਼ੀ ਪ੍ਰਚਾਰਕਾਂ ਦਾ ਤਾਂ ਭਾਰਤ ਵਿਚ ਪ੍ਰਚਾਰ ਕਰਨ ਤੋਂ ਵਿਰੋਧ ਨਹੀਂ ਕਰ ਸਕਦੇ ਪਰ ਆਪਣੇ ਗੁਰੂ ਸਾਹਿਬਾਨਾਂ ਨੂੰ ਹੀ ਆਪਸ ਵਿਚ ਵੰਡੀ ਜਾਂਦੇ ਹਾਂ। ਪਿਛਲੇ ਦਿਨੀਂ ਕੋਰੀਆ ਤੋਂ ਆਏ ਈਸਾਈ ਪ੍ਰਚਾਰਕਾਂ ਵਲੋਂ ਸ਼੍ਰੀ ਦਰਬਾਰ ਸਾਹਿਬ ਵਿੱਚ ਧਰਮ ਪ੍ਰਚਾਰ ਕਰਨ ਦਾ ਮੁੱਦਾ ਸਾਹਮਣੇ ਆਇਆ ਪਰ ਇਸ ਗੱਲ ਵੱਲ ਸਾਡੇ ਪ੍ਰਬੰਧਕਾਂ ਵਲੋਂ ਜ਼ਿਆਦਾ ਗ਼ੌਰ ਨਹੀਂ ਕੀਤਾ ਗਿਆ ਅਰਥਾਤ ਜਿਹੜੀ ਗੱਲ ਦਾ ਸਾਨੂੰ ਵਿਰੋਧ ਕਰਨਾ ਚਾਹੀਦਾ ਹੈ ਉਹ ਨਹੀਂ ਕੀਤਾ ਜਾਂਦਾ। 
                                          ਅੱਜ ਲੋੜ ਹੈ ਕਿ ਸਾਨੂੰ ਆਪਣੀ ਸੰਕੀਰਨ ਸੋਚ ਛੱਡ ਕੇ ਦੇਸ਼ ਅਤੇ ਸਮਾਜ ਨੂੰ ਵਿਕਾਸ ਪੱਧਰ ਤੇ ਲੈ ਜਾਣ ਵਾਲੀ ਅਮਨ ਸ਼ਾਂਤੀ ਅਤੇ ਏਕਤਾ ਵਾਲੀ ਗੱਲ ਕਰੀਏ ਨਾ ਕਿ ਸਮਾਜ ਨੂੰ  ਵੰਡਣ ਵਾਲੀ। ਇਸ ਮੌਕੇ ਮਾਸਟਰ ਸੁਖਦੇਵ ਸਿੰਘ ਜੀ, ਡਾਕਟਰ ਹਰਮਨਪ੍ਰੀਤ ਸਿੰਘ ਜੀ ਕਾਹਲੋਂ, ਗੁਰਮੀਤ ਸਿੰਘ ਜੀ (ਡਾਇਰੈਕਟਰ ਗੁਰੂ ਤੇਗ ਬਹਾਦਰ ਸੇਵਾ ਸੋਸਾਇਟੀ), ਤਰਸੇਮ ਸਿੰਘ, ਸੋਸਾਇਟੀ ਦੇ ਚੇਅਰਮੈਨ ਪਲਵਿੰਦਰ ਸਿੰਘ, ਪ੍ਰਿੰਸੀਪਲ ਰਾਜਪਾਲ ਕੌਰ, ਮੈਡਮ ਜਸਵੀਰ ਕੌਰ, ਮੈਡਮ ਆਸ਼ਾ ਸ਼ਰਮਾ, ਮੈਡਮ ਬਲਵੀਰ ਕੌਰ, ਬਲਜੀਤ ਕੌਰ ਅਤੇ ਹੋਰ ਮੈਂਬਰ ਵੀ ਹਾਜ਼ਰ ਸਨ। 

No comments: