Tuesday, October 03, 2017

ਅੱਜ ਫਿਰ ਕੀਤਾ ਹਜ਼ਾਰਾਂ ਨਿਗਮ ਕਰਮਚਾਰੀਆਂ ਨੇ ਰੋਸ ਵਖਾਵਾ

ਤਨਖਾਹ ਨਾ ਮਿਲੀ ਤਾਂ ਸੰਘਰਸ਼ ਹੋਰ ਤਿੱਖਾ ਹੋਣ ਦੀ ਸੰਭਾਵਨਾ 
ਲੁਧਿਆਣਾ: 3 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਅੱਠ ਹਜ਼ਾਰ ਕਰਮਚਾਰੀਆਂ ਦਾ ਸੰਘਰਸ਼ ਅੱਜ ਵੀ ਜਾਰੀ ਰਿਹਾ  ਅਤੇ ਜੇ ਤਨਖਾਹ ਨਾ ਮਿਲੀ ਤਾਂ ਕੱਲ੍ਹ ਬੁਧਵਾਰ ਨੂੰ ਵੀ ਜਾਰੀ ਰਹੇਗਾ। ਅੱਜ ਦਾ ਮੁਜ਼ਾਹਰਾ 29 ਸਤੰਬਰ ਵਾਲੇ ਵਖਾਵੇ ਨਾਲੋਂ ਜ਼ਿਆਦਾ ਜ਼ੋਰਦਾਰ ਸੀ। ਨਗਰ ਨਿਗਮ ਲੁਧਿਆਣਾ ਦੇ ਮੁਲਾਜ਼ਮਾਂ ਦੀ ਹਰਮਨ ਪਿਆਰੀ ਜੱਥੇਬੰਦੀ ਮਿਉਂਸਿਪਲ ਕਰਮਚਾਰੀ ਸੰਯੁਕਤ ਕਮੇਟੀ ਦਾ ਸੰਘਰਸ਼ ਰੰਗ ਲਿਆਉਂਦਾ ਨਜ਼ਰ ਆ ਰਿਹਾ ਹੈ। ਅੱਜ ਨਗਰ ਨਿਗਮ ਦੇ ਅਧਿਕਾਰੀਆਂ ਨੇ ਕਰਮਚਾਰੀਆਂ ਨੂੰ ਭਰੋਸਾ ਦੁਆਇਆ ਕਿ ਕੱਲ੍ਹ ਦੁਪਹਿਰ ਅਰਥਾਤ 4 ਅਕਤੂਬਰ ਬੁੱਧਵਾਰ ਨੂੰ ਦੁਪਹਿਰ 12 ਵਜੇ ਤੱਕ ਤਨਖਾਹ ਦੀ ਅਦਾਇਗੀ ਕਰ ਦਿੱਤੀ ਜਾਏਗੀ। ਇਹ ਜਾਣਕਾਰੀ ਅੱਜ ਸੰਘਰਸ਼ਸ਼ੀਲ ਕਰਮਚਾਰੀਆਂ ਦੇ ਆਗੂਆਂ  ਕਾਮਰੇਡ ਗੁਰਜੀਤ ਜਗਪਾਲ, ਕਾਮਰੇਡ ਵਿਜੇ ਕੁਮਾਰ, ਕਾਮਰੇਡ ਭਗੀਰਥ ਪਾਲੀਵਾਲ ਅਤੇ ਕੁਝ ਹੋਰਾਂ ਨੇ ਦਿੱਤੀ।
ਜ਼ਿਕਰਯੋਗ ਹੈ ਕਿ ਇਹਨਾਂ ਕਰਮਚਾਰੀਆਂ ਨੂੰ ਅਜੇ ਤੱਕ ਅਗਸਤ ਮਹੀਨੇ ਦੀ ਤਨਖਾਹ ਵੀ ਨਹੀਂ ਮਿਲੀ। ਜਦਕਿ ਹੁਣ ਅਕਤੂਬਰ ਮਹੀਨਾ ਚੜ੍ਹ ਗਿਆ ਹੈ। ਇਹਨਾਂ ਵਿਚੋਂ 65-70 ਕਰਮਚਾਰੀ ਅਜਿਹੇ ਵੀ ਹਨ ਜਿਹਨਾਂ ਨੂੰ ਚਿੰਨ ਚਾਰ ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ।  ਤਿਓਹਾਰਾਂ ਦੇ ਦਿਨਾਂ ਵਿੱਚ ਇਹਨਾਂ ਮੁਲਾਜ਼ਮਾਂ ਦਾ ਕੀ ਬਣੇਗਾ ਇਸਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਹੋ ਸਕਦਾ।
ਤਨਖਾਹ ਦੀ ਮੰਗ ਨੂੰ ਲੈ ਕੇ ਇਹਨਾਂ ਕਰਮਚਾਰੀਆਂ ਨੇ ਪਹਿਲਾਂ 29 ਸਤੰਬਰ 2017 ਵੀ ਭਾਰੀ ਰੋਸ ਮੁਜ਼ਾਹਰਾ ਕੀਤਾ ਸੀ।
ਇਸੇ ਦੌਰਾਨ ਕੁਝ ਕਰਮਚਾਰੀਆਂ ਨੇ ਇਸ ਗੱਲ ਤੇ ਵੀ ਸ਼ੱਕ ਪ੍ਰਗਟ ਕੀਤਾ ਕਿ ਕੱਲ੍ਹ ਨੂੰ ਤਨਖਾਹ ਮਿਲੇਗੀ ਜਾਂ ਨਹੀਂ ਇਸ ਬਾਰੇ ਵੀ ਕੋਈ ਪੱਕਾ ਨਹੀਂ ਕਿਓਂਕਿ ਅਜਿਹੇ ਵਾਅਦੇ ਨਗਰ ਨਿਗਮ ਵੱਲੋਂ ਪਹਿਲਾਂ ਵੀ ਕੀਤੇ ਜਾ ਚੁੱਕੇ ਹਨ। ਦੁਸਹਿਰਾ ਖਾਲੀ ਜੇਬ ਨਿਕਲ ਜਾਣ ਮਗਰੋਂ ਹੁਣ ਇਹਨਾਂ ਮੁਲਾਜ਼ਮਾਂ ਨੂੰ ਤਿਓਹਾਰਾਂ ਦਾ ਇਹ ਸੀਜ਼ਨ ਫਿੱਕਾ ਫਿੱਕਾ ਲੱਗਣ ਲੱਗ ਪਿਆ ਹੈ। ਮੁਲਾਜ਼ਮਾਂ ਨੇ ਖਦਸ਼ਾ ਪ੍ਰਗਟ ਕੀਤਾ ਹੈ ਕਿ ਜੇ ਕੱਲ੍ਹ ਨੂੰ ਵੀ ਤਨਖਾਹ ਨਾ ਮਿਲੀ ਤਾਂ ਇਸ ਵਾਰ ਭਗਵਾਨ ਵਾਲਮੀਕਿ ਜਯੰਤੀ ਵੀ ਫਿੱਕੀ ਨਿਕਲੇਗੀ।
ਇਸੇ ਦੌਰਾਨ ਮਹਿਸੂਸ ਕੀਤਾ ਗਿਆ ਕਿ ਨਿਗਮ ਪ੍ਰਸ਼ਾਸਨ ਮਿੱਠੀਆਂ ਗੱਲਾਂ ਦੇ ਨਾਲ ਨਾਲ ਮੁਜ਼ਾਹਰਾ ਕਰ ਰਹੇ ਮੁਲਜ਼ਮਾਂ ਦੀ ਸ਼ਨਾਖਤ ਵੀ ਕਰਵਾ ਰਿਹਾ ਅਤੇ ਉਹਨਾਂ ਨਾਲ ਸਖਤੀ ਦੇ ਰਉਂ ਵਿੱਚ ਹੈ। ਜਦੋਂ ਮੁਲਾਜ਼ਮ ਮੁਜ਼ਾਹਰਾ ਕਰ ਰਹੇ ਸਨ ਤਾਂ ਵਰਦੀਧਾਰੀ ਪੁਲਿਸ ਮੁਲਾਜ਼ਮ ਇਸ ਵਿੱਚ ਸ਼ਾਮਿਲ ਵਖਾਵਾਕਾਰੀਆਂ ਦੀਆਂ ਵੀਡੀਓ ਬਣਾ ਰਹੇ ਸਨ।
ਅੱਜ ਦੇ ਇਸ ਵਖਾਵੇ ਵਿੱਚ ਗੁਰਜੀਤ ਜਗਪਾਲ (ਇੰਟਕ), ਭਗੀਰਥ ਪਾਲੀਵਾਲ (ਬੀ ਐਮ ਐਸ), ਕਾਮਰੇਡ ਵਿਜੇ ਕੁਮਾਰ (ਏਟਕ), ਦੀਪਕ ਹੰਸ, ਮਹੀਪਾਲ, ਸਤਪਾਲ, ਜਗਮੇਲ ਸਿੰਘ ਖੇੜਾ, ਰਾਮ ਰਤਨ ਪਾਲ, ਕਿਸ਼ੋਰ ਘਈ ਅਤੇ ਕਈ  ਹੋਰਾਂ ਨੇ ਵੀ ਭਾਗ ਲਿਆ।
ਇਹਨਾਂ ਮੁਲਾਜ਼ਮਾਂ ਨੇ ਚੇਤਾਵਨੀ ਦਿੱਤੀ ਕਿ ਜੇ ਕੱਲ੍ਹ ਦਾ ਵਾਅਦਾ ਪੂਰਾ ਨਾ ਹੋਇਆ ਤਾਂ ਕੱਲ੍ਹ ਦਾ ਸੰਘਰਸ਼ ਜ਼ਿਆਦਾ ਤਿੱਖਾ ਹੋਵੇਗਾ।

No comments: