Friday, October 27, 2017

ਦਿੱਲੀ ਵਿੱਚ ਆਰ ਐਸ ਐਸ ਨੇ ਮਨਾਇਆ ਗੁਰਪੁਰਬ

ਠਾਕੁਰ ਦਲੀਪ ਸਿੰਘ ਦੀ ਅਗਵਾਈ ਵਿੱਚ ਨਾਮਧਾਰੀ ਸੰਗਤ ਵੀ ਹੋਈ ਸ਼ਾਮਲ 
ਨਵੀਂ ਦਿੱਲੀ: 26 ਅਕਤੂਬਰ 2017: (ਪੰਜਾਬ ਸਕਰੀਨ ਬਿਊਰੋ)::
ਮਤਭੇਦ ਕਿਸੇ ਨੂੰ ਕਿਸੇ ਨਾਲ ਵੀ ਹੋ ਸਕਦੇ ਹਨ। ਇਹਨਾਂ ਮਤਭੇਦਾਂ ਦੇ ਵਧਣ ਤੇ ਹੀ ਵਿਵਾਦ ਜਨਮ ਲੈਂਦੇ ਹਨ। ਵਿਵਾਦਿਤ ਸੰਸਥਾਵਾਂ ਵਿੱਚੋਂ ਇੱਕ ਸੰਗਠਨ ਰਾਸ਼ਟਰੀ ਸਵੈਮ ਸੇਵਕ ਸੰਘ ਵੀ ਹੈ ਜਿਸਨੂੰ ਸੰਖੇਪ ਵਿੱਚ ਆਰ ਐਸ ਐਸ ਕਿਹਾ ਜਾਂਦਾ ਹੈ। ਇਸਦਾ ਵਿਰੋਧ ਅਤੇ ਵਿਵਾਦਾਂ ਨਾਲ ਲੰਮੇ ਸਮੇਂ ਤੋਂ ਸਬੰਧ ਹੈ। ਇਹਨਾਂ ਸਾਰੀਆਂ ਗੱਲਾਂ ਤੋਂ ਨਿਰਲੇਪ ਰਹਿ ਕੇ ਇਹ ਸੰਗਠਨ ਲਗਾਤਾਰ ਆਪਣੇ ਨਿਸ਼ਾਨੇ ਵੱਲ ਵੱਧ ਰਿਹਾ ਹੈ। ਹਰ ਹੀਲੇ ਆਪਣੇ ਮਕਸਦ ਨੂੰ ਪ੍ਰਾਪਤ ਕਰਨਾ ਇਸਦੇ ਹਰ ਮੈਂਬਰ ਨੂੰ ਹਰ ਪਲ ਯਾਦ ਰਹਿੰਦਾ ਹੈ।  ਤਿੱਖੇ ਵਿਰੋਧ ਦੇ ਬਾਵਜੂਦ ਆਰ ਐਸ ਐਸ ਨੇ ਦਿੱਲੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪ੍ਰਕਾਸ਼ ਉਤਸਵ ਮਨਾਇਆ। ਕਈ  ਤਰਾਂ ਦੀਆਂ ਗੱਲਾਂ ਹੋਈਆਂ। ਕਈ ਤਰਾਂ ਦੇ ਦੋਸ਼ ਵੀ ਲੱਗੇ ਪਰ ਆਰ ਐਸ ਐਸ ਹਮੇਸ਼ਾਂ ਦੀ ਤਰ੍ਹਾਂ ਆਪਣੀ ਮਸਤੀ ਨਾਲ ਮਗਨ ਰਿਹਾ। 
ਇਹ ਇੱਕ ਹਕੀਕਤ ਹੈ ਕਿ ਰਾਸ਼ਟਰੀ ਸਵੈਮ ਸੇਵਕ ਸੰਘ ਲੰਮੇ ਅਰਸੇ ਤੋਂ ਵਿਵਾਦਾਂ ਵਿੱਚ ਹੈ। ਇਸਦਾ ਵਿਰੋਧ ਕਰਨ ਵਾਲਿਆਂ ਦੀ ਗਿਣਤੀ ਵੀ ਬਹੁਤ ਵੱਡੀ ਹੈ। ਵਿਰੋਧ ਦੀ ਇਸ ਤੂਫ਼ਾਨੀ ਲਹਿਰ ਦੇ ਬਾਵਜੂਦ ਆਰ ਐਸ ਐਸ ਨੇ ਲਗਾਤਾਰ ਆਪਣਾ ਦਾਇਰਾ ਵਧਾਇਆ ਹੈ। ਬਹੁਤ ਸਾਰੇ ਲੋਕ ਅਜਿਹਾ ਵੀ ਹਨ ਜਿਹੜੇ ਖੁੱਲ੍ਹ ਕੇ ਤਾਂ ਆਰ ਐਸ ਐਸ ਨਾਲ ਨਹੀਂ ਆਉਂਦੇ ਪਰ ਅੰਦਰੋਂ ਅੰਦਰੋਂ ਆਰ ਐਸ ਐਸ ਦੇ ਪ੍ਰੋਗਰਾਮਾਂ ਨੂੰ ਸਿਰੇ ਚੜ੍ਹਾਉਣ ਵਿੱਚ ਪੂਰੀ ਸਰਗਰਮੀ ਨਾਲ ਯੋਗਦਾਨ ਪਾਉਂਦੇ ਹਨ। ਲਗਾਤਾਰ ਵਿਕਸਿਤ ਹੋ ਰਹੇ ਆਰ ਐਸ ਐਸ ਨੇ ਹੁਣ ਦਿੱਲੀ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਬੜੇ ਜੋਸ਼ੋ ਖਰੋਸ਼ ਨਾਲ ਮਨਾਇਆ ਹੈ। ਇਸ ਵਿੱਚ ਨਾਮਧਾਰੀ ਸੰਗਤ ਠਾਕੁਰ ਦਲੀਪ ਸਿੰਘ ਜੀ ਦੀ ਅਗਵਾਈ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਈ।
ਇਸ ਸ਼ਮੂਲੀਅਤ ਨਾਲ ਆਰ ਐਸ ਐਸ ਨੂੰ ਬਹੁਤ ਸ਼ਕਤੀ ਮਿਲੀ। ਦੇਖਣ ਵਾਲਿਆਂ ਨੇ ਦੱਸਿਆ ਕਿ ਇਸ ਇਕੱਤਰਤਾ ਵਿੱਚ 70 ਫ਼ੀਸਦੀ ਤੋਂ ਵੱਧ ਸੰਗਤ ਠਾਕੁਰ ਦਲੀਪ ਸਿੰਘ ਹੁਰਾਂ ਦੀ ਸੀ। ਹੁਣ ਦੇਖਣਾ ਹੈ ਕਿ ਆਰ ਐਸ ਐਸ ਜਿੰਨੀ ਦਿਲਚਸਪੀ ਲੁਧਿਆਣਾ ਦੇ ਆਰ ਐਸ ਐਸ ਪ੍ਰਚਾਰਕ ਰਵਿੰਦਰ  ਗੋਸਾਈਂ ਦੇ ਕਤਲ ਨੂੰ ਛੇਤੀ ਸੁਲਝਾਉਣ ਲਈ ਲੈ ਰਿਹਾ ਹੈ ਉਸੇ ਤਰ੍ਹਾਂ ਮਾਤਾ ਚੰਦ ਕੌਰ ਦੇ ਕਤਲ ਨੂੰ ਸੁਲਝਾਉਣ ਲਈ ਅੱਗੇ ਆਉਂਦਾ ਹੈ ਜਾਂ ਨਹੀਂ?

No comments: