Sunday, April 30, 2017

ਕਾਮਰੇਡ ਬੰਤ ਬਰਾੜ ਨੇ ਲਿਆ ਮਈ ਦਿਵਸ ਵਿਰੋਧੀ ਬਿਆਨਾਂ ਦਾ ਗੰਭੀਰ ਨੋਟਿਸ

ਲੁਧਿਆਣਾ ਵਿੱਚ ਵੀ ਦਿੱਤਾ ਜਾਏਗਾ ਹਰਿਆਣਾ ਸਰਕਾਰ ਨੂੰ ਮੂੰਹ ਤੋੜ ਜਵਾਬ 
ਚੰਡੀਗੜ੍ਹ: 30 ਅਪ੍ਰੈਲ 2017: (ਪੰਜਾਬ ਸਕਰੀਨ ਬਿਊਰੋ)::
ਆਖਿਰਕਾਰ ਪੂੰਜੀਵਾਦ ਦੀ ਸਮਰਥਕ ਸਰਕਾਰ ਮਜ਼ਦੂਰ ਦਿਵਸ ਦਾ ਵਿਰੋਧ ਕਰਕੇ ਆਪਣੇ ਰੰਗ ਵਿੱਚ ਆ ਹੀ ਗਈ। ਹਰਿਆਣਾ ਸਰਕਾਰ ਵੱਲੋਂ ਮਈ ਦਿਵਸ ਦੇ ਵਿਰੋਧ ਵਿਚ ਦਿੱਤੇ ਗਏ ਬਿਆਨ ਦੀ ਏਟਕ ਸਮੇਤ ਅਨੇਕਾਂ ਮਜ਼ਦੂਰ ਜਥੇਬੰਦੀਆਂ ਨੇ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਚੰਡੀਗੜ੍ਹ ਅਤੇ ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿੱਚ ਇਸਦਾ ਵਿਰੋਧ ਹੋਇਆ ਹੈ। ਮਜ਼ਦੂਰ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਦਾ ਬਿਆਨ ਮਜ਼ਦੂਰਾਂ ਦੀ ਕਿਰਤ ਦਾ ਵਿਰੋਧ ਹੈ, ਮਜ਼ਦੂਰਾਂ ਦੀਆਂ ਕੁਰਬਾਨੀਆਂ ਦਾ ਵਿਰੋਧ ਹੈ। ਇਥੇ ਚੰਡੀਗੜ੍ਹ ਵਿਖੇ ਸਾਥੀ ਬੰਤ ਸਿੰਘ ਬਰਾੜ ਪ੍ਰਧਾਨ ਪੰਜਾਬ ਏਟਕ ਨੇ ਹਰਿਆਣਾ ਸਰਕਾਰ ਦੇ ਬਿਆਨ ਦੀ ਆਲੋਚਨਾ ਕੀਤੀ ਹੈ। ਕਾਬਿਲੇ-ਏ-ਜ਼ਿਕਰ ਹੈ ਕਿ ਹਰਿਆਣਾ ਸਰਕਾਰ ਨੇ ਇਹ ਬਿਆਨ ਦਿੱਤਾ ਹੈ ਕਿ ਮਈ ਦਿਵਸ ਹਰਿਆਣਾ ਵਿਖੇ ਇਸ ਲਈ ਨਹੀਂ ਮਨਾਇਆ ਜਾਵੇਗਾ, ਕਿਉਂਕਿ ਮਈ ਦਿਵਸ ਪੱਛਮ ਦੀ ਵਿਚਾਰਧਾਰਾ ਹੈ ਅਤੇ ਭਾਰਤੀ ਸੱਭਿਆਚਾਰ ਅਨੁਸਾਰ ਵਿਸ਼ਵਕਰਮਾ ਦਿਵਸ ਮਨਾਇਆ ਜਾਵੇਗਾ, ਅਤਿ ਨਿੰਦਣਯੋਗ ਹੈ।  ਸਾਥੀ ਬਰਾੜ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਸੌੜੀ ਫਿਰਕੂ ਅਤੇ ਮਜ਼ਦੂਰ-ਵਿਰੋਧੀ ਅਤੇ ਪੂੰਜੀਪਤੀਆਂ ਦੇ ਹਿੱਤ ਪੂਰਨ ਵਾਲੀ ਨੀਤੀ ਦਾ ਪ੍ਰਗਟਾਵਾ ਹੈ। ਸਾਥੀ ਬੰਤ ਬਰਾੜ ਨੇ ਆਖਿਆ ਕਿ ਮਈ ਦਿਵਸ ਕਿਸੇ ਇਕ ਦੇਸ਼ ਜਾਂ ਧਰਮ ਨਾਲ ਸੰਬੰਧਤ ਨਾ ਹੋ ਕੇ ਸਾਰੀ ਦੁਨੀਆ ਭਰ ਦੇ ਮਜ਼ਦੂਰਾਂ ਨਾਲ ਸੰਬੰਧਤ ਹੈ ਅਤੇ ਪਿਛਲੇ 131 ਵਰ੍ਹਿਆਂ ਤੋਂ ਮਨਾਇਆ ਜਾ ਰਿਹਾ ਹੈ। ਮਈ ਦਿਨ ਸ਼ਿਕਾਗੋ ਦੇ ਸ਼ਹੀਦਾਂ ਤੋਂ ਲੈ ਕੇ ਦੁਨੀਆ ਭਰ ਸਮੇਤ ਭਾਰਤ ਦੇ ਉਹਨਾਂ ਤਮਾਮ ਸ਼ਹੀਦਾਂ ਜਿਨ੍ਹਾਂ ਨੇ ਮਜ਼ਦੂਰ ਅਧਿਕਾਰਾਂ ਉਹਨਾਂ ਦੇ ਚੰਗੇਰੇ ਜੀਵਨ ਅਤੇ ਉਹਨਾਂ ਦੀ ਆਜ਼ਾਦੀ, ਬਰਾਬਰੀ ਅਤੇ ਸਮਾਜਵਾਦ ਲਈ ਪੂੰਜੀਵਾਦ ਅੱਤਿਆਚਾਰਾਂ ਵਿਰੁੱਧ ਲੜਦਿਆਂ ਕੁਰਬਾਨੀਆਂ ਦਿੱਤੀਆਂ, ਦੀ ਯਾਦ ਵਿਚ ਇਕ ਇਤਿਹਾਸਕ ਦਿਨ ਹੈ। ਅਸਲ ਵਿਚ ਆਰ ਐੱਸ ਐੱਸ ਦੀ ਵਿਚਾਰਧਾਰਾ ਜਿਹੜੀ ਆਜ਼ਾਦੀ ਤੋਂ ਪਹਿਲਾਂ ਬਰਤਾਨੀਆ ਸਾਮਰਾਜ ਦੇ ਹੱਥਠੋਕੇ ਵਜੋਂ ਕੰਮ ਕਰਦੀ ਰਹੀ ਹੈ, ਹੁਣ ਬੀ ਜੇ ਪੀ ਦੀਆਂ ਕੇਂਦਰੀ ਅਤੇ ਪ੍ਰਾਂਤਿਕ ਸਰਕਾਰਾਂ ਰਾਹੀਂ ਅਮਰੀਕਾ ਸਾਮਰਾਜ, ਜਿਸ ਨੇ ਸ਼ਿਕਾਗੋ ਦੇ ਬੇਕਸੂਰ ਮਜ਼ਦੂਰ ਆਗੂਆਂ ਨੂੰ ਫਾਂਸੀ 'ਤੇ ਲਟਕਾਇਆ ਅਤੇ ਜਿਸ ਨੇ ਹਮੇਸ਼ਾ
ਮਈ ਦਿਵਸ ਦਾ ਵਿਰੋਧ ਕੀਤਾ, ਦੀਆਂ ਮਜ਼ਦੂਰ-ਵਿਰੋਧੀ ਨੀਤੀਆਂ ਨੂੰ ਖੁੱਲ੍ਹ ਕੇ ਅਪਣਾ ਰਹੀ ਹੈ, ਜਿਥੋਂ ਤੱਕ ਵਿਸ਼ਵਕਰਮਾ ਦਿਵਸ ਮਨਾਉਣ ਦਾ ਸੰਬੰਧ ਹੈ ਤਾਂ ਕੋਈ ਵੀ ਇਸ ਦਿਨ ਨੂੰ ਮਨਾ ਸਕਦਾ ਹੈ ਅਤੇ ਸਤਿਕਾਰ ਕਰ ਸਕਦਾ ਹੈ, ਪਰ ਮਈ ਦਿਵਸ ਦਾ ਵਿਰੋਧ ਕਰਨਾ ਕਿਸੇ ਵੀ ਤਰ੍ਹਾਂ ਨਾਲ ਜਾਇਜ਼ ਨਹੀਂ। ਸਾਥੀ ਬਰਾੜ ਨੇ ਆਖਿਆ ਕਿ ਭਾਰਤ ਦੇ ਮਜ਼ਦੂਰ ਮਈ ਦਿਵਸ ਨੂੰ ਪੂਰੇ ਜ਼ੋਰ-ਸ਼ੋਰ ਨਾਲ ਮਨਾਉਣਗੇ ਅਤੇ ਭਾਰਤ ਸਰਕਾਰ ਦੀਆਂ ਮਜ਼ਦੂਰ ਅਤੇ ਲੋਕ-ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕਰਦੇ ਹੋਏ ਸੰਘਰਸ਼ ਨੂੰ ਅੱਗੇ ਤੋਰਨਗੇ।
ਇਸੇ ਦੌਰਾਨ ਲੁਧਿਆਣਾ ਵਿੱਚ ਨਗਰਨਿਗਮ ਦੇ ਕਰਮਚਾਰੀ ਆਗੂ ਕਾਮਰੇਡ ਵਿਜੇ ਕੁਮਾਰ ਨੇ ਹਰਿਆਣਾ ਸਰਕਾਰ ਦੇ ਬਿਆਨ ਦਾ ਗੰਭੀਰ ਨੋਟਿਸ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਨਗਰਨਿਗਮ ਲੁਧਿਆਣਾ ਵਿੱਚ ਇਸ ਵਾਰ ਮਈ ਦਿਵਸ ਪੂਰੇ ਜੋਸ਼ੋ ਖਰੋਸ਼ ਨਾਲ ਮਨਾਵਾਂਗੇ ਅਤੇ ਹਰਿਆਣਾ ਸਰਕਾਰ ਦੀਆਂ ਕਿਰਤ ਵਿਰੋਧੀ ਚਾਲਾਂ ਨੂੰ ਪੂਰੀ ਤਰਾਂ ਬੇਨਕਾਬ ਕਰਾਂਗੇ। ਜ਼ਿਕਰਯੋਗ ਹੈ ਕਿ ਇਸ ਵਾਰ ਏਟਕ ਦੇ ਸੀਨੀਅਰ ਆਗੂ ਇਸ ਸਮਾਗਮ ਵਿੱਚ ਸ਼ਾਮਲ ਹੋਣਗੇ।  

No comments: