Monday, February 20, 2017

ਮਾਤ ਭਾਸ਼ਾ ਨੂੰ ਲਾਗੂ ਕਰਾਉਣ ਲਈ ਲੇਖਕਾਂ ਵੱਲੋਂ ਗ੍ਰਿਫਤਾਰੀਆਂ ਦਾ ਐਲਾਨ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ 21 ਫਰਵਰੀ ਦੇ ਐਕਸ਼ਨ ਦੀ ਹਮਾਇਤ  
ਲੁਧਿਆਣਾ:: 20 ਫਰਵਰੀ 2017: (ਰੈਕਟਰ ਕਥੂਰੀਆ//ਪੰਜਾਬ ਸਕਰੀਨ):: 
ਪੰਜਾਬੀ ਨਾਲ ਹੁੰਦੀਆਂ ਵਧੀਕੀਆਂ ਵਿਰੁੱਧ ਆਵਾਜ਼ ਉਠਾਉਣ ਲਈ ਪੰਜਾਬੀ ਲੇਖਕ ਕੱਲ੍ਹ 21 ਫਰਵਰੀ ਨੂੰ ਸੜਕਾਂ ਉੱਤੇ ਉਤਰ ਰਹੇ ਹਨ। ਇਸ ਮਾਮਲੇ ਵਿੱਚ ਟਕਰਾਓ ਵੀ ਹੋ ਸਕਦਾ ਹੈ ਅਤੇ ਡਾਂਗਾਂ ਵੀ ਖਾਣੀਆਂ ਪੈ ਸਕਦੀਆਂ ਹਨ। ਪੰਜਾਬੀ ਲੇਖਕ ਇਹਨਾਂ ਸਾਰੇ ਖਤਰਿਆਂ ਬਾਰੇ ਭਲੀਭਾਂਤ ਜਾਣਦੇ ਹਨ ਪਰ ਫਿਰ ਵੀ ਖਤਰਿਆਂ ਨੂੰ ਮੁੱਲ ਲੈ ਰਹੇ ਹਨ ਕਿਓਂਕਿ ਹੋਰ ਸ਼ਾਇਦ ਕੋਈ ਰਸਤਾ ਵੀ ਨਹੀਂ ਬਚਿਆ। ਉਹਨਾਂ ਦੇ ਜਜ਼ਬੇ ਨੂੰ ਸਲਾਮ। ਅਜਿਹੇ ਜਜ਼ਬਿਆਂ ਨਾਲ ਨਿਸਚੇ ਹੀ ਪੰਜਾਬੀ ਮਜ਼ਬੂਤ ਹੋਵੇਗੀ। 
ਪਰ ਇੱਕ ਸੁਆਲ  ਸਮੁੱਚੇ ਪੰਜਾਬੀ ਭਾਈਚਾਰੇ ਨੂੰ ਪੁੱਛਣਾ ਵੀ ਬਣਦਾ ਹੈ ਕਿ ਕੀ ਇਹ ਜ਼ਿੰਮੇਵਾਰੀ ਸਿਰਫ ਲੇਖਕਾਂ ਦੀ ਹੈ? ਕੀ ਸਮਾਜ ਦੇ ਬਾਕੀ ਹਿੱਸਿਆਂ ਦਾ ਇਸ ਨਾਲ ਕੋਈ ਸਰੋਕਾਰ ਨਹੀਂ? ਪੰਜਾਬ ਦੀ ਧਰਤੀ ਦੇ ਜੰਮਪਲ, ਪੰਜਾਬ ਦੀ ਹਵਾ ਵਿੱਚ ਸਾਹ ਲੈਣ ਵਾਲੇ, ਪੰਜਾਬ ਦਾ ਪਾਣੀ ਪੀਣ ਵਾਲੇ--ਇਹ ਸਾਰੇ ਲੋਕ ਪੰਜਾਬੀ ਪ੍ਰਤੀ ਕੋਈ ਜ਼ਿੰਮੇਦਾਰੀ ਨਹੀਂ ਸਮਝਦੇ? ਕੀ ਇਹਨਾਂ ਨੂੰ ਆਪਣੀ ਮਾਂ  ਬੋਲੀ ਨਾਲ ਵੀ ਕੋਈ ਪਿਆਰ ਨਹੀਂ?

ਸਮੂਹ ਪੰਜਾਬੀ ਮਾਤ ਭਾਸ਼ਾ ਵਿਰੋਧੀ ਪਹੁੰਚ ਰੱਖਣ ਵਾਲੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ

ਥਾਂ ਥਾਂ ਤੇ ਗਲਤ ਪੰਜਾਬੀ ਵਿੱਚ ਲਿਖੇ ਸਾਈਨ ਬੋਰਡ ਸਮਾਜ ਦੇ ਇਹਨਾਂ ਹਲਕਿਆਂ ਦੀ ਪੜ੍ਹਾਈ-ਲਿਖਾਈ ਅਤੇ ਨੀਅਤ ਦਾ ਵੀ ਪਤਾ ਦੇਂਦੇ ਹਨ। ਅਫਸੋਸ ਕਿ ਅਜਿਹੀਆਂ ਗਲਤੀਆਂ ਯੂਨੀਵਰਸਿਟੀਆਂ ਅਤੇ ਹੋਰ ਪੋਸ਼ ਇਲਾਕਿਆਂ ਵਿੱਚ ਵੀ ਨਜ਼ਰ ਆ ਜਾਂਦੀਆਂ ਹਨ। ਪੰਜਾਬੀ ਦੀ ਥਾਂ ਤੇ ਹਿੰਦੀ ਜਾਂ ਕੋਈ ਹੋਰ ਭਾਸ਼ਾ ਦੀ ਵਰਤੋਂ ਭਾਸ਼ਾਵਾਂ ਦਰਮਿਆਨ ਦੂਰੀ ਹੀ ਵਧਾ ਰਹੀ ਹੈ। ਜੇ ਇੱਕ ਥਾਂ ਸ਼ਹੀਦ ਊਧਮ ਸਿੰਘ ਨੂੰ ਉੱਦਮ ਸਿੰਘ ਲਿਖਿਆ ਗਿਆ ਹੈ ਤਾਂ ਇੱਕ ਪ੍ਰਸਿੱਧ ਹਸਪਤਾਲ ਵਿੱਚ ਲਿੰਗ ਟੈਸਟ ਵਿਰੁੱਧ ਲਿਖੇ ਕਾਨੂੰਨੀ ਨਿਰਦੇਸ਼  ਵਿੱਚ ਲਿਖਿਆ ਸੀ-ਦੰਡਨੀਏ।  ਕੀ ਪੰਜਾਬੀ ਵਿੱਚ ਇਸਦਾ ਬਦਲ ਨਹੀਂ ਸੀ ਲਭਦਾ? ਦਿਲਚਸਪ ਗੱਲ ਹੈ ਕਿ ਹਿੰਦੀ ਵਿੱਚ ਲਿਖਣ ਵਾਲੇ ਬਹੁਤ ਸਾਰੇ ਫਖਰਯੋਗ ਕਲਮਕਾਰਾਂ ਨੇ ਪੰਜਾਬੀ ਲਈ ਬਹੁਤ ਕੁਝ ਪ੍ਰਸੰਸਾਯੋਗ ਕੀਤਾ ਹੈ ਜਿਸਦੀ ਅਹਿਮੀਅਤ ਫਿਰਕੂ ਸੋਚ ਵਾਲੇ ਅਨਸਰਾਂ ਦੀਆਂ ਸਾਜ਼ਿਸ਼ਾਂ ਅਤੇ ਨਫਰਤਾਂ ਤੋਂ ਕਿਤੇ ਜ਼ਿਆਦਾ ਵੱਡੀ ਹੈ। ਅਜਿਹੇ ਫਿਰਕੂ ਸਾਜ਼ਿਸ਼ੀ ਲੋਕਾਂ ਦੇ ਗੁਪਤ ਏਜੰਡੇ ਅਤੇ ਮਨਸੂਬੇ ਬਾਰ ਬਾਰ ਅਸਫਲ ਹੋਏ ਹਨ ਪਰ ਇਹਨਾਂ ਨੇ ਤੌਬਾ ਨਹੀਂ ਕੀਤੀ। ਦੂਜੇ ਪਾਸੇ ਹਿੰਦੀ ਦੇ ਪ੍ਰਮੁੱਖ ਅਖਬਾਰਾਂ ਨੇ ਵੀ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਦੂਰ ਦੁਰਾਡੇ ਇਲਾਕਿਆਂ ਤੱਕ ਪਹੁੰਚਾਇਆ ਹੈ। ਅਜਿਹੇ ਹਾਲਾਤ ਵਿੱਚ ਚਿੰਤਾਜਨਕ ਗੱਲ ਇਹ ਹੈ ਕਿ ਘਟੋਘੱਟ ਪੰਜਾਬ ਵਿੱਚ ਸ਼ੁੱਧ ਪੰਜਾਬੀ ਸੁਨਿਸਚਿਤ ਕਿਓਂ ਨਹੀਂ ਹੋ ਸਕੀ?

ਸਮੂਹ ਪੰਜਾਬੀ ਮਾਤ ਭਾਸ਼ਾ ਵਿਰੋਧੀ ਪਹੁੰਚ ਰੱਖਣ ਵਾਲੀਆਂ ਪਾਰਟੀਆਂ ਨੂੰ ਮੂੰਹ ਨਾ ਲਾਉਣ

ਚੰਡੀਗੜ੍ਹ ਵਿਖੇ ਪੰਜਾਬੀ ਮੰਚ ਵਲੋਂ ਮਾਤ ਭਾਸ਼ਾ ਨੂੰ ਸਹੀ ਰੂਪ ਵਿਚ ਲਾਗੂ ਕਰਾਉਣ ਲਈ 21 ਫਰਵਰੀ ਅੰਤਰਾਸ਼ਟਰੀ ਮਾਤਭਾਸ਼ਾ ਦਿਵਸ ਤੇ ਗ੍ਰਿਫਤਾਰੀਆਂ ਦੇਣ ਦਾ ਸੱਦਾ ਦਿੱਤਾ ਗਿਆ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਸਮੁੱਚੇ ਰੂਪ ਵਿਚ ਇਸ ਮੋਕੇ ਦੀ ਹਮਾਇਤ ਕਰ ਚੁੱਕੀ ਹੈ। ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨੇ ਇਸ ਸੱਦੇ ਦੀ ਡਟਵੀਂ ਹਮਾਇਤ ਕਰਦਿਆਂ ਕਿਹਾ ਕਿ ਪੰਜਾਬ ਅਤੇ ਚੰਡੀਗੜ ਦੀਆਂ ਸਰਕਾਰਾਂ ਵਲੋਂ ਮਾਂ ਬੋਲੀ ਨੂੰ ਬਣਦਾ ਸਥਾਨ ਦੇਣ ਤੋਂ ਬਾਰ ਬਾਰ ਟਾਲਾ ਵੱਟਣ ਦੀ ਨੀਤੀ ਅਪਣਾਈ ਜਾ ਰਹੀ ਹੈ। ਰਾਜਾਂ ਦੀ ਵੰਡ ਸਮੇਂ ਜਿਵੇਂ ਅਕਸਰ ਹੁੰਦਾ ਹੈ ਚੰਡੀਗੜ੍ਹ ਜਿਸ ਰਾਜ ਵਿਚੋਂ ਦੂਜਾ ਵੱਖ ਹੁੰਦਾ ਹੈ ਯਾਨੀ ਪਹਿਲਾ ਪ੍ਰਾਂਤ ਪੰਜਾਬ ਦੀ ਹੈ। ਉੱਥੇ ਪੰਜਾਬੀ ਮਾਂ ਬੋਲੀ ਨਾਲ ਹੋ ਰਹੀ ਜਿਆਦਤੀ ਪੰਜਾਬੀਆਂ ਅਤੇ ਵਿਸ਼ੇਸ਼ ਕਰ ਲੇਖਕਾਂ ਵਿਚ ਭਾਰੀ ਰੋਸ ਪੈਦਾ ਕਰ ਰਹੀ ਹੈ। ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਨੇ ਆਖਿਆ ਕਿ ਗ੍ਰਿਫਤਾਰੀਆਂ ਦੇ ਸੱਦੇ ਨੂੰ ਅਕਾਡਮੀ ਦੀ ਪੂਰਨ ਹਮਾਇਤ ਹੈ ਅਤੇ ਵੱਡੀ ਗਿਣਤੀ ਵਿਚ ਲੇਖਕ ਅਤੇ ਪੰਜਾਬੀ ਪ੍ਰੇਮੀ ਚੰਡੀਗੜ੍ਹ ਗਿ੍ਰਫਤਾਰੀਆਂ ਦੀਆਂ ਤਿਆਰੀਆਂ ਕਰ ਰਹੇ ਹਨ। ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਪੰਜਾਬੀ ਭਾਸ਼ਾ ਯਾਨੀ ਮਾਂ ਬੋਲੀ ਦਾ ਸੰੰਘਜਸ਼ ਲੋਕਾਂ ਦਾ ਆਪਣੇ ਹੱਕ ਲਈ ਲੜਿਆ ਜਾਣ ਵਾਲਾ ਸੰਘਰਸ਼ ਹੈ, ਇਸ ਸੰਘਰਸ਼ ਵਿਚ ਸਾਰੇ ਲੇਖਕ ਵੱਧ ਚੜ੍ਹ ਕੇ ਸਾਥ ਦੇਣਗੇ। ਪੰਜਾਬੀ ਸਾਹਿਤ ਅਕਾਡਮੀ ਦੇ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਡਾ. ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਡਾ. ਸੁਦਰਸ਼ਨ ਗਾਸੋਂ ਨੇ ਲੇਖਕਾਂ ਨੂੰ ਵੱਡੀ ਗਿਣਤੀ ਵਿਚ ਸਮੂਲੀਅਤ ਦੀ ਅਪੀਲ ਕੀਤੀ। ਅਕਾਡਮੀ ਤੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਮਨਜਿੰਦਰ ਧਨੋਆ, ਭੁਪਿੰਦਰ ਸੰਧੂ ਨੇ ਦੱਸਿਆ ਕਿ ਇਸ ਸੰਘਰਸ਼ ਵਿਚ ਸਮੂਲੀਅਤ ਲਈ ਜੋਰਦਾਰ ਤਿਆਰਿਆਂ ਚੱਲ ਰਹੀਆ ਹਨ।  ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਇਹ ਬਿਆਨ ਪ੍ਰੈਸ ਦੇ ਨਾ ਜਾਰੀ ਕਰਦਿਆਂ ਕਿਹਾ ਕਿ ਇਸ ਮਸਲੇ ਤੇ ਸਮੁੱਚਾ ਲੇਖਕ ਭਾਈਚਾਰਾ ਇਕਮੁੱਠ ਹੈ।
ਇਸ ਸੰਘਰਸ਼ ਦੀ ਹਮਾਇਤ ਲਈ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੋਰ ਤੇ ਡਾ. ਐਸ. ਪੀ. ਸਿੰਘ, ਪ੍ਰੋ. ਨਿਰੰਜਣ ਤਸਨੀਮ, ਡਾ. ਤੇਜਵੰਤ ਗਿੱਲ, ਪ੍ਰੋ. ਗੁਰਭਜਨ ਗਿੱਲ, ਡਾ. ਐਸ. ਤਰਲੇਮ, ਡਾ. ਸਰਬਜੀਤ ਸਿੰਘ, ਸੁਸ਼ੀਲ ਦੁਸਾਂਝ, ਡਾ. ਕਰਮਜੀਤ ਸਿੰਘ, ਡਾ. ਲਾਭ ਸਿੰਘ ਖੀਵਾ, ਪਿ੍ਰੰਸੀਪਲ ਪੇ੍ਰਮ ਸਿੰਘ ਬਜ਼ਾਜ਼, ਭਗਵਾਨ ਢਿਲੋਂ , ਅਜੀਤ ਪਿਆਸਾ, ਹਰਬੰਸ ਸਿੰਘ ਅਖਾੜਾ, ਪ੍ਰੋ. ਸੰਤੋਖ ਸਿੰਘ, ਪ੍ਰੋ. ਜਗਮੋਹਨ ਸਿੰਘ, ਖੁਸ਼ਵੰਤ ਬਰਗਾੜੀ, ਜਨਮੇਜਾ ਸਿੰਘ ਜੋਹਲ, ਬਲਕੌਰ ਸਿੰਘ ਗਿੱਲ, ਸੁੱਲਖਣ ਸਰਹੱਦੀ, ਮੱਖਣ ਕੁਹਾੜ, ਪ੍ਰੋ. ਸੁਰਜੀਤ ਜੱਜ, ਮੀਤਰਸੈਨ ਮੀਤ, ਤਰਲੋਚਨ ਝਾਂਡੇ ਆਦਿ ਉੱਘੇ ਲੇਖਕਾਂ ਨੇ ਹਮਾਇਤ ਕੀਤੀ ਹੈ।            
                                                                                                

No comments: