Tuesday, January 17, 2017

ਪੰਜਾਬ 'ਚ ਇੱਕ ਮੰਥਰਾ ਵੀ ਹੈ--ਨਵਜੋਤ ਸਿੰਘ ਸਿੱਧੂ

ਕਾਂਗਰਸ ਵਿੱਚ ਮੇਰੀ ਘਰ ਵਾਪਿਸੀ ਹੋਈ ਹੈ 
ਨਵੀਂ ਦਿੱਲੀ: 16 ਜਨਵਰੀ 2017: (ਪੰਜਾਬ ਸਕਰੀਨ ਬਿਊਰੋ): 
ਕਾਂਗਰਸ ਵਿੱਚ ਰਸਮੀ ਸ਼ਮੂਲੀਅਤ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਆਪਣੇ ਰਵਾਇਤੀ ਅੰਦਾਜ਼ ਵਿੱਚ ਗੱਲਾਂ ਕਰਦਿਆਂ ਅਕਾਲੀਲੀਡਰਾਂ ਨੂੰ ਲ਼ੰਮੇਵ ਹੱਥੀਂ ਲਿਆ। ਖੁਦ ਨੂੰ ਪੈਦਾਇਸ਼ੀ ਕਾਂਗਰਸੀ ਦਸਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਕਾਂਗਰਸ 'ਚ ਸ਼ਾਮਲ ਹੋਣ ਨਾਲ ਉਨ੍ਹਾ ਦੀ ਘਰ ਵਾਪਸੀ ਹੋਈ ਹੈ। ਪਾਰਟੀ ਹੈਡਕੁਆਰਟਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਮੇਰੇ 'ਤੇ ਹਮਲਾ ਕੀਤਾ ਜਾ ਰਿਹਾ ਹੈ ਕਿ ਮੈਂ ਆਪਣੀ ਮਾਂ (ਭਾਜਪਾ) ਨੂੰ ਧੋਖਾ ਦਿੱਤਾ, ਪਰ ਮਾਂ ਤਾਂ ਕੈਕਈ ਵੀ ਸੀ, ਜਿਸ ਨੇ ਆਪਣੇ ਪੁੱਤਰ ਨੂੰ ਬਨਵਾਸ ਭੇਜ ਦਿੱਤਾ ਸੀ। ਉਨ੍ਹਾ ਕਿਹਾ ਕਿ ਪੰਜਾਬ 'ਚ ਇੱਕ ਮੰਥਰਾ ਵੀ ਹੈ, ਜਿਸ ਬਾਰੇ ਸਾਰੇ ਜਾਣਦੇ ਹਨ, ਜੋ ਮੇਰੇ ਕਾਰਨ ਖੁਦ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀ ਸੀ। ਕਾਬਿਲ-ਏ-ਜ਼ਿਕਰ ਹੈ ਕਿ ਨਵਜੋਤ ਸਿੰਘ ਸਿੱਧੂ ਧਾਰਮਿਕ ਮਾਮਲਿਆਂ ਵਿੱਚ ਮਿਸਾਲੀ ਗਿਆਨ ਦੇ ਮਾਹਰ ਹਨ ਅਤੇ ਅਕਸਰ ਆਪਣੇ ਭਾਸ਼ਣਾਂ ਵਿੱਚ ਅਜਿਹੇ ਹਵਾਲਿਆਂ ਨਾਲ ਬਿਨਾ ਕਿਸੇ ਦਾ ਨਾਮ ਲਿਆਂ ਸਭ ਕੁਝ ਆਖ ਜਾਂਦੇ ਹਨ। 
ਇਸ ਵਾਰ ਵੀ ਉਹਨਾਂ ਆਪਣੀ ਸਥਿਤੀ ਬੜੇ ਸਪ੍ਸ਼ਟਵਾਦੀ ਸ਼ਨਗ ਨਾਲ ਮੀਡੀਆ ਸਾਹਮਣੇ ਰੱਖੀ। ਉਨ੍ਹਾ ਕਿਹਾ ਕਿ ਉਨ੍ਹਾਂ ਦਾ ਭਾਰਤੀ ਜਨਤਾ ਪਾਰਟੀ ਨਾਲ ਕਿਸੇ ਤਰ੍ਹਾਂ ਦਾ ਮਨ-ਮੁਟਾਵ ਨਹੀਂ ਸੀ ਸਗੋਂ ਮੇਰਾ ਵਿਰੋਧ ਅਕਾਲੀ-ਭਾਜਪਾ ਗੱਠਜੋੜ ਨੂੰ ਲੈ ਕੇ ਸੀ, ਪਰ ਪਾਰਟੀ ਨੇ ਅਕਾਲੀਆਂ ਨਾਲ ਗੱਠਜੋੜ ਨੂੰ ਚੁਣਿਆ, ਜਿਸ ਕਰਕੇ ਮੇਰੇ ਕੋਲ ਭਾਜਪਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ ਸੀ। ਸਿੱਧੂ ਨੇ ਕਿਹਾ ਕਿ ਮੇਰਾ ਸੰਬੰਧ ਕਾਂਗਰਸੀ ਪਰਵਾਰ ਨਾਲ ਹੈ। ਮੇਰੇ ਪਿਤਾ ਜੀ ਕਾਂਗਰਸ ਵੱਲੋਂ ਵਿਧਾਇਕ ਅਤੇ ਵਿਧਾਨ ਪ੍ਰੀਸ਼ਦ ਮੈਂਬਰ ਬਣੇ ਅਤੇ ਪੰਜਾਬ 'ਚ ਕਾਂਗਰਸ ਸਰਕਾਰ ਵੇਲੇ ਅਟਾਰਨੀ ਜਨਰਲ ਵੀ ਰਹੇ। ਆਪਣੇ ਕਾਂਗਰਸੀ ਪਿਛੋਕੜ ਨਾਲ ਉਹਨਾਂ ਕਾਂਗਰਸ ਵਿੱਚ ਸ਼ਮੂਲੀਅਤ ਨੂੰ ਸਹੀ ਸਾਬਤ ਕਰ ਦਿੱਤਾ ਹੈ। 
ਅਕਾਲੀਲੀਡਰਸ਼ਿਪ ਉੱਤੇ ਹਮਲਾਵਰ ਹੁੰਦਿਆਂ ਉਨ੍ਹਾਂ ਅਕਾਲੀ ਦਲ-ਭਾਜਪਾ ਗੱਠਜੋੜ 'ਤੇ ਹਮਲਾ ਕਰਦਿਆਂ ਜੁਮਲਾ ਕੱਸਿਆ 'ਭਾਗ ਬਾਦਲ ਭਾਗ ਪੰਜਾਬ ਦੀ ਜਨਤਾ ਆਤੀ ਹੈ।' ਉਨ੍ਹਾ ਕਿਹਾ ਕਿ ਪੰਜਾਬ 'ਚ ਡਰੱਗਜ਼ ਇੱਕ ਸੱਚਾਈ ਹੈ ਅਤੇ ਨਸ਼ਾ ਸਿਆਸਤਦਾਨਾਂ ਅਤੇ ਪੁਲਸ ਦੀ ਮਿਲੀਭੁਗਤ ਨਾਲ ਨੌਜੁਆਨਾਂ ਤੱਕ ਪਹੁੰਚਾਇਆ ਜਾਂਦਾ ਹੈ। ਸਮਝਿਆ ਜਾਂਦਾ ਹੈ ਕਿ ਉਹ ਇਸ ਬਾਰੇ ਨੇੜ ਭਵਿੱਖ ਵਿੱਚ ਸਨਸਨੀਖੇਜ਼ ਖੁਲਾਸੇ ਕਰਨਗੇ। 
ਸਿਆਸਤ ਦੇ ਨਾਲ ਨਾਲ ਕ੍ਰਿਕਟ ਅਤੇ ਕੁਮੈਂਟਰੀ ਵਿੱਚ ਵੀ ਨਾਮਣਾ ਖੱਟਣ ਵਾਲੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਇੱਕ ਪਵਿੱਤਰ ਜਮਾਤ ਸੀ, ਪਰ ਹੁਣ ਉਹ ਜਾਇਦਾਦ ਬਣ ਕੇ ਰਹਿ ਗਿਆ ਹੈ। ਉਨ੍ਹਾ ਕਿਹਾ ਕਿ ਅਕਾਲੀਆਂ ਕਰ ਕੇ ਪੰਜਾਬ 'ਤੇ ਬਹੁਤ ਜ਼ਿਆਦਾ ਕਰਜ਼ਾ ਚੜ੍ਹ ਗਿਆ ਅਤੇ ਦੇਸ਼ ਦੇ ਅੰਨਦਾਤਾ ਦੀ ਹਾਲਤ ਬੇਹੱਦ ਖ਼ਰਾਬ ਹੈ। ਉਨ੍ਹਾ ਕਿਹਾ ਕਿ ਪੰਜਾਬ 'ਚ ਨਸ਼ੇ ਇੱਕ ਹਕੀਕਤ ਹੈ, ਪਰ ਕੋਈ ਇਸ ਬਾਰੇ ਨਹੀਂ ਬੋਲਦਾ। ਉਨ੍ਹਾਂ ਕਿਹਾ ਕਿ ਗੁਜਰਾਤ, ਕਸ਼ਮੀਰ, ਰਾਜਸਥਾਨ 'ਚ ਨਸ਼ੇ ਕਿਉਂ ਨਹੀਂ ਵਿਕਦੇ ਅਤੇ ਸਿਰਫ਼ ਪੰਜਾਬ 'ਚ ਹੀ ਕਿਉਂ ਵਿਕਦੇ ਹਨ, ਕਿਉਂਕਿ ਇਥੇ ਪੁਲਸ ਤੇ ਸਿਆਸਤਦਾਨਾਂ ਦੀ ਮਿਲੀਭੁਗਤ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਨਸ਼ਿਆਂ 'ਤੇ ਫ਼ਿਲਮਾਂ ਤੱਕ ਬਣ ਗਈਆਂ ਹਨ। ਉਨ੍ਹਾ ਕਿਹਾ ਕਿ ਜਿਹੜੀ ਸਰਕਾਰ ਸੂਬੇ ਦੇ ਲੋਕਾਂ ਦੇ ਭਲੇ ਲਈ ਹੋਣੀ ਚਾਹੀਦੀ ਹੈ, ਉਹ ਆਪਣੇ ਪਰਵਾਰ ਤੱਕ ਸਿਮਟ ਕੇ ਰਹਿ ਗਈ। ਉਹ ਛੇਤੀ ਹੀ ਅਕਾਲੀ ਆਗੂਆਂ ਦੀ ਸੰਪਤੀ ਬਾਰੇ ਕਾਫੀ ਭੇਦ ਖੋਹਲ ਸਕਦੇ ਹਨ। 
ਡਿਪਟੀ ਸੀ ਐਮ ਸੁਖਬੀਰ ਬਾਦਲ 'ਤੇ ਹਮਲੇ ਕਰਦਿਆਂ ਸਿੱਧੂ ਨੇ ਕਿਹਾ ਕਿ ਮੈਂ ਸੂਬੇ ਦੇ ਲੋਕਾਂ ਨੂੰ ਦਸਾਂਗਾ ਕਿ ਕਿਵੇਂ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਦੁੱਖਾਂ 'ਚ ਪਾ ਕੇ ਸੁੱਖ ਨਿਵਾਸ ਬਣਾਇਆ ਹੈ। ਮੈਂ ਲੋਕਾਂ ਨੂੰ ਦੱਸਾਂਗਾ ਕਿ ਉਹ ਧੰਦਾ ਕਰਦੇ ਹਨ ਅਤੇ ਉਨ੍ਹਾ ਦੀ ਪੋਲ ਖੋਲ੍ਹਾਂਗਾਂ ਕਿ ਕਿੱਥੇ ਕਿੱਥੇ ਕੀ ਵੇਚਿਆ ਹੈ। ਜਾਪਦਾ ਹੈ ਆਪਣੇ "ਬਨਵਾਸ" ਦੌਰਾਨ ਨਵਜੋਤ ਸਿੰਘ ਸਿੱਧੂ ਨੇ ਕਾਫੀ ਤੱਥ ਅਤੇ ਅੰਕੜੇ ਇਕੱਤਰ ਕੀਤੇ ਹਨ।  
ਉਹਨਾਂ ਪਾਰਟੀ ਦੀ ਅੰਦਰੂਨੀ ਸਿਆਸਤ ਬਾਰੇ ਵੀ ਗੱਲਾਂ ਕੀਤੀਆਂ ਅਤੇ ਰਾਜਨੀਤੀ ਵਿੱਚ ਹੁੰਦੀਆਂ ਖੇਡਾਂ ਬਾਰੇ ਵੀ। ਪ੍ਰਧਾਨ ਮੰਤਰੀ ਬਾਰੇ ਪੁੱਛੇ ਜਾਣ 'ਤੇ ਉਨ੍ਹਾ ਕਿਹਾ ਕਿ ਮੋਦੀ ਦਾ ਸਾਰੇ ਮਾਮਲੇ 'ਚ ਕੀ ਰੋਲ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸੂਬੇ 'ਚ ਸਿਰਫ਼ 23 ਸੀਟਾਂ 'ਤੇ ਚੋਣ ਲੜਦੀ ਹੈ ਅਤੇ ਭਾਜਪਾ ਨੇ ਮੇਰੀ ਬਜਾਏ ਗੱਠਜੋੜ ਨੂੰ ਚੁਣਿਆ, ਸਿਆਸਤ 'ਚ ਅਜਿਹਾ ਹੁੰਦਾ ਹੀ ਹੈ। ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਾਲ ਮਤਭੇਦਾਂ ਬਾਰੇ ਉਨ੍ਹਾ ਕਿਹਾ ਕਿ ਲੋਕਤੰਤਰ 'ਚ ਮਤਭੇਦ ਹੁੰਦੇ ਹੀ ਹਨ। ਉਨ੍ਹਾ ਕਿਹਾ ਕਿ ਜੇ ਫੁੱਲ ਝੜ ਕੇ ਦੁਬਾਰਾ ਖਿੜ ਸਕਦੇ ਹਨ ਤਾਂ ਦੋ ਬੰਦੇ ਟੇਬਲ 'ਤੇ ਬੈਠ ਕੇ ਗੱਲ ਕਰ ਸਕਦੇ ਹਨ। ਉਨ੍ਹਾ ਕਿਹਾ ਕਿ ਜੇ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਇਕੱਠੇ ਹੋ ਸਕਦੇ ਹਨ ਤਾਂ ਅਸੀਂ ਕਿਉਂ ਨਹੀਂ ਮਿਲ ਸਕਦੇ। ਉਨ੍ਹਾ ਕਿਹਾ ਕਿ ਮੈਂ ਕਿਸੇ ਦੀ ਵੀ ਅਗਵਾਈ 'ਚ ਕੰਮ ਕਰਨ ਲਈ ਤਿਆਰ ਹਾਂ ਅਤੇ ਪੰਜਾਬ 'ਚ ਮੇਰੀ ਭੂਮਿਕਾ ਬਾਰੇ ਫ਼ੈਸਲਾ ਪਾਰਟੀ ਹਾਈ ਕਮਾਂਡ ਹੀ ਕਰੇਗੀ। ਹੁਣ ਦੇਖਣਾ ਹੈ ਕਿ ਨਵਜੋਤ ਸਿੱਧੂ ਦੀ ਕਾਂਗਰਸ ਵਿੱਚ ਸ਼ਮੂਲੀਅਤ ਚੋਣ ਨਤੀਜਿਆਂ ਉੱਤੇ ਕਿ ਅਸਰ ਪਾਉਂਦੀ ਹੈ। 

No comments: