Saturday, October 15, 2016

ਅਸੀਂ ਇਨਸਾਫ ਮੰਗ ਰਹੇ ਹਾਂ ਕੋਈ ਭੀਖ ਨਹੀਂ ਮੰਗ ਰਹੇ--ਜੈਨ ਪਰਿਵਾਰ

ਵਿਧੂ ਜੈਨ ਦੇ ਪਰਿਵਾਰ ਨੇ ਲਿਖਿਆ ਖੂਨ ਨਾਲ ਪੱਤਰ 
ਲੁਧਿਆਣਾ:  15 ਅਕਤੂਬਰ 2016; (ਪੰਜਾਬ ਸਕਰੀਨ ਬਿਊਰੋ):
ਰਾਜ ਨਹੀਂ ਸੇਵਾ ਅਤੇ ਵਿਕਾਸ ਦੇ ਲੁਭਾਵਣੇ ਨਾਅਰਿਆਂ ਦੀ ਹਕੀਕਤ ਲੋਕਾਂ ਦੀ ਹਾਲਤ ਤੋਂ ਦੇਖੀ ਜਾ ਸਕਦੀ ਹੈ। ਕਾਤਲਾਂ ਦੀ ਮਾਰ ਹੇਠ ਆਏ ਪੰਜਾਬ ਦੇ ਲੋਕ, ਇਨਸਾਫ ਦੀ ਮੰਗ ਨੂੰ ਲੈ ਕੇ ਤਰਲੇ ਹਾੜ੍ਹੇ ਕੱਢਦੇ ਲੋਕ, ਬਾਰ ਬਾਰ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਨੂੰ ਲੈ ਕੇ ਸਮੂਹ ਸਿਆਸੀ ਪਾਰਟੀਆਂ ਦੇ ਲੀਡਰਾਂ ਅੱਗੇ ਅਰਜੋਈਆਂ ਕਰਦੇ ਲੋਕ। ਇਹ ਹੈ ਅੱਜ ਦੇ ਪੰਜਾਬ ਦੇ ਇੱਕ ਤਸਵੀਰ। ਵਿਕਾਸ ਦੇ ਢੰਡੋਰਿਆਂ ਅਤੇ ਇਸ਼ਤਿਹਾਰਾਂ ਦੀ ਚਮਕ ਦਮਕ ਹੇਠ ਲੁਕਿਆ ਹੋਇਆ ਸੱਚ। ਨਾ ਮਾਤਾ ਚੰਦ ਕੌਰ ਅਤੇ ਜਗਦੀਸ਼ ਗਗਨੇਜਾ ਵਰਗੀਆਂ ਸ਼ਖ਼ਸੀਅਤਾਂ ਕਾਤਲਾਂ ਤੋਂ ਬਚ ਸਕੀਆਂ ਅਤੇ ਨਾ ਹੀ ਉਹਨਾਂ ਦੇ ਕਾਤਲਾਂ ਦਾ ਪਤਾ ਲਗਾਇਆ ਜਾ ਸਕਿਆ। ਅਜਿਹਾ ਹੀ ਇੱਕ ਮਾਮਲਾ ਅੱਜ ਫੇਰ ਮੀਡੀਆ ਸਾਹਮਣੇ ਆਇਆ ਲੁਧਿਆਣਾ ਵਿੱਚ ਹਿੰਦੂ ਨਿਆਂ ਪੀਠ ਦੇ ਆਗੂ ਪ੍ਰਵੀਨ ਡੰਗ ਦੇ ਉੱਦਮ ਸਦਕਾ। ਚੇਤੇ ਰਹੇ  ਕਿ ਇਸ ਮਕਸਦ ਲਈ ਪਹਿਲਾਂ ਵੀ ਦਿੱਲੀ ਤੱਕ ਪਦ ਯਾਤਰਾ ਕੀਤੀ ਜਾ ਚੁੱਕੀ ਹੈ ਅਤੇ ਹੁਣ ਇੱਕ ਹੋਰ ਯਾਤਰਾ ਰਾਸ਼ਟਰਪਤੀ ਭਵਨ ਤੱਕ ਕੀਤੀ ਜਾਣੀ ਹੈ। ਤਿੰਨ ਸਾਲ ਹੋ ਗਏ ਹਨ ਮਾਲੇਰਕੋਟਲਾ ਵਿੱਚ ਮਾਸੂਮ ਵਿਧੂ ਜੈਨ ਨੂੰ ਜ਼ਿੰਦਾ ਜਲਾਇਆਂ ਪਰ ਅਜੇ ਤੱਕ ਸਬੰਧਿਤ ਪਰਿਵਾਰ ਨੂੰ ਇਨਸਾਫ ਨਹੀਂ ਮਿਲ ਸਕਿਆ।  
ਅੱਜ ਇਸ ਜੈਨ ਪਰਿਵਾਰ ਨੇ ਮੀਡੀਆ ਦੇ ਸਾਹਮਣੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਉੱਤੇ ਆਪਣੇ ਖੂਨ ਨਾਲ ਦਸਖਤ ਕੀਤੇ। ਇਸ ਮੌਕੇ ਮ੍ਰਿਤਕ ਵਿਧੂ ਜੈਨ ਦੇ ਪਿਤਾ ਨਵਨੀਤ ਜੈਨ, ਤਾਇਆ ਵਿਨੋਦ ਜੈਨ, ਮਾਤਾ ਆਰਤੀ ਜੈਨ ਅਤੇ ਭਰਾ ਨਮਨ ਜੈਨ ਵੀ ਮੌਜੂਦ ਸਨ।ਡਰੇ ਸਹਿਮੇ ਲੋਕ ਕਿਸੇ ਨ ਕਿਸੇ ਨੂੰ ਆਪਣਾ ਸਿਆਸੀ ਆਕਾ ਮੰਨਣ ਲਈ ਮਜਬੂਰ ਕੀਤੇ ਜਾ ਰਹੇ ਹਨ ਕਿਓਂਕਿ ਉਂਝ ਜਿਊਣਾ ਮੁਸ਼ਕਿਲ ਹੋ ਗਿਆ ਹੈ ਪੰਜਾਬ ਵਿੱਚ। ਅੱਸੀਵਿਆਂ ਵਾਲੇ ਖਤਰਿਆਂ ਦੇ ਦਿਨ ਤਾਜ਼ਾ ਹੁੰਦੇ ਮਹਿਸੂਸ ਹੋ ਰਹੇ ਹਨ ਪੰਜਾਬ ਵਿੱਚ। ਲੋਕ ਬੁਰੀ ਤਰਾਂ ਡੀਆਰਈ ਹੋਏ ਹਨ। ਕੋਈ ਪਤਾ ਨਹੀਂ ਕਿਹੜਾ ਗੈਂਗਸਟਰ ਕਿਸ ਨੂੰ ਗੋਲੀ ਦਾ ਨਿਸ਼ਾਨ ਬਣਾ ਦੇਵੇ?
ਪਰਿਵਾਰ ਨੇ ਦੋਸ਼ ਲਾਇਆ ਕਿ ਕਿਸੇ ਵੀ ਪਾਰਟੀ ਦੇ ਕਿਸੇ ਵੀ ਸਿਆਸੀ ਲੀਡਰ ਨੇ ਸਾਡੀ ਬਾਂਹ ਨਹੀਂ ਫੜੀ। ਉਹਨਾਂ ਦੱਸਿਆ ਕਿ ਸਾਡੇ ਪਰਿਵਾਰ ਨੇ ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਮੇਤ ਸਾਰੇ ਸਿਆਸੀ ਸੰਗਠਨਾਂ ਦੇ ਆਗੂਆਂ ਨਾਲ ਗੱਲ ਕੀਤੀ ਪਰ ਸਾਨੂੰ ਇਨਸਾਫ ਨਹੀਂ ਮਿਲਿਆ। ਉਹਨਾਂ ਕਿਹਾ ਕਿ ਅਸੀਂ ਇਨਸਾਫ ਦੀ ਪ੍ਰਾਪਤੀ ਲਈ ਜਿਸ ਹੱਦ ਤੱਕ ਵੀ ਜਾਣਾ ਪਿਆ ਜਾਵਾਂਗੇ।  ਅਸੀਂ ਇਨਸਾਫ ਮੰਗ ਰਹੇ ਹਾਂ ਕੋਈ ਭੀਖ ਨਹੀਂ ਮੰਗ ਰਹੇ। ਮ੍ਰਿਤਕ ਵਿਧੂ ਦੇ ਛੋਟੇ ਭਰਾ ਨਮਨ ਨੇ ਵੀ ਬੜੇ ਹੀ ਭਰੇ ਹੋਏ ਮਨ ਨਾਲ ਇਨਸਾਫ ਦਾ ਸੰਕਲਪ ਦੁਹਰਾਇਆ ਅਤੇ ਆਪਣੇ ਖੂਨ ਨਾਲ ਇਸ ਚਿੱਠੀ ਉੱਤੇ ਦਸਖਤ ਕੀਤੇ। 
ਵਿਧੂ ਦੇ ਮਾਤਾ ਪਿਤਾ ਦੀ ਹਾਲਤ ਬੇਹੱਦ ਨਾਜ਼ੁਕ ਸੀ। ਤਿੰਨ ਸਾਲਾਂ ਤੋਂ ਇਨਸਾਫ ਦੀ ਮੰਗ ਕਰਦਿਆਂ ਉਹਨਾਂ ਨੇ ਲਗਾਤਾਰ ਨਿਆਂ ਲਈ ਅਣਗਿਣਤ ਕੋਸ਼ਿਸ਼ਾਂ ਕੀਤੀਆਂ। ਉਹਨਾਂ ਸਾਫ ਆਖਿਆ  ਕਿ ਪੁਲਿਸ ਲਈ ਕਾਤਲਾਂ ਨੂੰ ਲੱਭਣਾ ਕੋਈ ਮੁਸ਼ਕਿਲ ਨਹੀਂ।  ਵੋਟ ਬੈਂਕ ਦੀ ਸਿਆਸਤ ਨੇ ਉਹਨਾਂ ਦੇ ਹੱਥ ਬੰਨੇ ਹੋਏ ਹਨ। ਮੀਡੀਆਂ ਨਾਲ ਗੱਲਬਾਤ ਦੌਰਾਨ ਵਿਧੂ ਦੇ ਪਿਤਾ ਰੋਣ ਹਾਕੇ ਹੋ ਗਏ। ਇਸਤੇ ਵਿਧੂ ਦੇ ਤਾਇਆ ਨੇ ਮੀਡੀਆ ਨੂੰ ਦੱਸੀ ਜਾ ਰਹੀ ਗੱਲ ਪੂਰੀ ਕੀਤੀ। ਕੁਲ ਮਿਲਾ ਕੇ ਪ੍ਰੈਸ ਕਾਨਫਰੰਸ ਵਿੱਚ ਸ਼ਾਂਤੀ ਸੀ ਪਰ ਇਹ ਸ਼ਾਂਤੀ ਕਿਸੇ ਤੂਫ਼ਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਸੀ। ਹੁਣ ਦੇਖਣਾ ਹੈ ਕਿ ਇਸ ਜੈਨ ਪਰਿਵਾਰ ਨੂੰ ਇਨਸਾਫ ਕਦੋਂ ਮਿਲੇਗਾ। 

No comments: