Thursday, September 01, 2016

ਖਤਰੇ ਦੀ ਘੰਟੀ ਹੈ ਗੋਆ ਵਿੱਚ ਸੰਘ ਦੇ 400 ਸਵੈਮ ਸੇਵਕਾਂ ਦਾ ਅਸਤੀਫਾ

ਸੱਤਾ ਦੀਆਂ ਬਦਲਦੀਆਂ ਨੀਤੀਆਂ ਕਾਰਨ ਲਗਾਤਾਰ ਬੇਚੈਨ ਹੈ ਕੇਡਰ 
ਪਣਜੀ: 1 ਸਤੰਬਰ 2016: (ਪੰਜਾਬ ਸਕਰੀਨ ਬਿਊਰੋ): 
ਸਵਦੇਸ਼ੀ ਤੋਂ ਵਿਦੇਸ਼ੀ ਅਤੇ ਗਰੀਬ ਜਨ ਸਾਧਾਰਨ ਤੋਂ ਅੰਬਾਨੀਆਂ-ਅਡਾਨੀਆਂ ਵੱਲ ਝੁਕਦਿਆਂ ਚਲੀਆਂ ਜਾ ਰਹੀਆਂ ਨੀਤੀਆਂ ਉਹਨਾਂ ਲੋਕਾਂ ਦੇ ਦਿਮਾਗਾਂ ਵਿੱਚ ਖਲਬਲੀ ਮਚਾ ਰਹੀਆਂ ਹਨ ਜਿਹੜੇ ਹੁਣ ਤੱਕ ਸਮਝਦੇ ਆ ਰਹੇ ਕਿ ਸਾਡੀ ਤਾਕਤ ਆਉਂਦਿਆਂ ਹੀ ਸਾਡੇ ਸੁਪਨਿਆਂ ਵਾਲਾ ਭਾਰਤ ਸਭ ਦੇ ਸਾਹਮਣੇ ਆ ਜਾਵੇਗਾ। ਅੰਦਰਖਾਤੇ ਸੁਲਘ ਰਹੀ ਬੇਚੈਨੀ ਕਿਸੇ ਧਮਾਕੇ ਵਾਂਗ ਸਾਹਮਣੇ ਆਉਣ ਦੀ ਤਿਆਰੀ ਵਿੱਚ ਹੈ।  ਸ਼ੁਰੂਆਤ ਹੋਈ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਦੇ 400 ਤੋਂ ਵੱਧ ਸਵੈਮ ਸੇਵਕਾਂ ਵੱਲੋਂ ਦਿੱਤੇ ਗਏ ਸਮੂਹਿਕ ਅਸਤੀਫੇ ਨਾਲ। 
ਸੁਭਾਸ਼ ਵੇਲਿੰਗਟਰ ਨੂੰ ਆਰ ਐੱਸ ਐੱਸ ਦੇ ਸੂਬਾ ਮੁਖੀ ਦੇ ਅਹੁਦੇ ਤੋਂ ਹਟਾਉਣ ਮਗਰੋਂ ਸੰਘ ਵਿੱਚ ਬਗਾਵਤ ਹੋ ਗਈ ਹੈ ਅਤੇ ਸੰਘ ਦੇ 400 ਤੋਂ ਵੱਧ ਸਵੈਮ ਸੇਵਕਾਂ ਨੇ ਇਕੱਠਿਆਂ ਅਸਤੀਫੇ ਦੇਣ ਦਾ ਐਲਾਨ ਕਰ ਦਿੱਤਾ। ਅਸਤੀਫਾ ਦੇਣ ਵਾਲੇ ਵਰਕਰਾਂ 'ਚ ਸੰਘ ਦੇ ਜ਼ਿਲ੍ਹਾ, ਉਪ ਜ਼ਿਲ੍ਹਾ ਅਤੇ ਸ਼ਾਖਾ ਮੁਖੀ ਸ਼ਾਮਲ ਹਨ।
ਜ਼ਿਕਰਯੋਗ ਹੈ ਕਿ ਵੇਲਿੰਗਕਰ ਨੂੰ ਗੋਆ ਦੀ ਭਾਜਪਾ ਸਰਕਾਰ ਵਿਰੁੱਧ ਕੰਮ ਕਰਨ ਦੇ ਦੋਸ਼ ਵਿੱਚ ਹਟਾ ਦਿੱਤਾ ਗਿਆ ਸੀ। ਆਰ ਐੱਸ ਐੱਸ ਦੇ ਆਲ ਇੰਡੀਆ ਪ੍ਰਚਾਰ ਪ੍ਰਮੁੱਖ ਮਨਮੋਹਨ ਵੇਦ ਨੇ ਬੁੱਧਵਾਰ ਨੂੰ ਵੇਲਿੰਗਟਰ ਦੀ ਬਰਖਾਸਤਗੀ ਦਾ ਐਲਾਨ ਕਰਦਿਆਂ ਕਿਹਾ ਸੀ ਕਿ ਉਨ੍ਹਾ ਨੂੰ ਫੌਰੀ ਤੌਰ 'ਤੇ ਸਾਰੀਆਂ ਜ਼ਿੰਮੇਵਾਰੀਆਂ ਤੋਂ ਮੁਕਤ ਕਰ ਦਿੱਤਾ ਗਿਆ ਹੈ। ਉਹ ਸਿਆਸੀ ਸਰਗਰਮੀਆਂ 'ਚ ਸ਼ਾਮਲ ਹੋਣਾ ਚਾਹੁੰਦੇ ਸਨ, ਪਰ ਸੰਘ ਆਗੂ ਹੋਣ ਨਾਤੇ ਉਹ ਅਜਿਹਾ ਨਹੀਂ ਕਰ ਸਕਦੇ।
ਇਸ ਫੈਸਲੇ ਮਗਰੋਂ ਪਣਜੀ ਨੇੜੇ ਇਕ ਸਕੂਲ ਵਿੱਚ 6 ਘੰਟੇ ਤੱਕ ਚੱਲੀ ਮੈਰਾਥਨ ਮੀਟਿੰਗ ਮਗਰੋਂ 400 ਕਾਰਕੁਨਾਂ ਨੇ ਇਕੱਠਿਆਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ। ਮੀਟਿੰਗ ਮਗਰੋਂ ਸੰਘ ਦੇ ਕੋਂਕਣ ਖੇਤਰ ਦੇ ਦੱਖਣੀ ਜ਼ਿਲ੍ਹਾ ਮੁਖੀ ਰਾਮਦਾਸ ਸਰਾਫ ਨੇ ਕਿਹਾ ਕਿ ਮੀਟਿੰਗ ਵਿਚ ਸੰਘ ਦੇ ਜ਼ਿਲ੍ਹਾ ਯੂਨਿਟਾਂ, ਉਪ ਜ਼ਿਲ੍ਹਾ ਯੂਨਿਟਾਂ ਅਤੇ ਸ਼ਾਖਾ ਦੇ ਅਹੁਦੇਦਾਰਾਂ ਨੇ ਅਸਤੀਫੇ ਦੇਣ ਦਾ ਫੈਸਲਾ ਕੀਤਾ। ਉਸ ਨੇ ਕਿਹਾ ਕਿ ਜਦੋਂ ਤੱਕ ਵੇਲਿੰਗਟਰ ਦੀ ਬਰਖਾਸਤੀ ਬਾਰੇ ਫੈਸਲਾ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਸਵੈਮ ਸੇਵਕ ਸੰਘ ਲਈ ਕੰਮ ਨਹੀਂ ਕਰਨਗੇ।
ਮੀਟਿੰਗ 'ਚ ਕਿਹਾ ਗਿਆ ਕਿ ਸੰਘ ਅਤੇ ਭਾਜਪਾ ਦੇ ਵੱਡੇ ਆਗੂਆਂ ਨਾਲ ਰੱਖਿਆ ਮੰਤਰੀ ਮਨੋਹਰ ਪਰਿੱਕਰ ਨੇ ਵੇਲਿੰਗਟਰ ਨੂੰ ਹਟਾਉਣ ਦੀ ਸਾਜ਼ਿਸ਼ ਰਚੀ। ਸੁਭਾਸ਼ ਵੇਲਿੰਗਟਰ ਭਾਰਤ ਭਾਸ਼ਾ ਸੁਰੱਖਿਆ ਮੰਚ ਸੰਗਠਨ ਦੇ ਕਨਵੀਨਰ ਹਨ। ਇਹ ਸੰਗਠਨ ਖੇਤਰੀ ਭਾਸ਼ਾਵਾਂ ਦੀ ਸਰਪ੍ਰਸਤੀ ਲਈ ਕੰਮ ਕਰਦਾ ਹੈ।
ਵੇਲਿੰਗਟਰ ਨੇ ਭਾਜਪਾ ਦੀ ਸੂਬਾ ਸਰਕਾਰ 'ਤੇ ਦੋਸ਼ ਲਾਇਆ ਸੀ ਕਿ ਉਹ ਕੋਂਕਣੀ ਅਤੇ ਮਰਾਠੀ ਵਰਗੀਆਂ ਖੇਤਰੀ ਭਾਸ਼ਾਵਾਂ ਦੀ ਥਾਂ ਅੰਗਰੇਜ਼ੀ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਵੇਲਿੰਗਟਰ 'ਤੇ 20 ਅਗਸਤ ਨੂੰ ਸੂਬੇ ਦੇ ਦੌਰੇ 'ਤੇ ਆਏ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਕਾਲੇ ਝੰਡੇ ਦਿਖਾਉਣ ਦਾ ਦੋਸ਼ ਵੀ ਲੱਗਾ ਸੀ। ਵੇਲਿੰਗਟਰ ਨੇ ਕਿਹਾ ਸੀ ਕਿ ਮਨੋਹਰ ਪਰਿੱਕਰ ਅਤੇ ਪਾਰਸੇਕਰ ਦੀ ਅਗਵਾਈ ਵਾਲੀਆਂ ਭਾਜਪਾ ਸਰਕਾਰਾਂ ਨੇ ਸਿੱਖਿਆ ਦੇ ਮਾਧਿਅਮ ਦੇ ਮਾਮਲੇ 'ਚ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾ ਚਿਤਾਵਨੀ ਦਿੱਤੀ ਕਿ ਭਾਜਪਾ ਇਸੇ ਕਾਰਨ 2017 ਦੀਆਂ ਵਿਧਾਨ ਸਭਾ ਚੋਣਾਂ ਹਾਰ ਸਕਦੀ ਹੈ। ਉਨ੍ਹਾ ਭਾਜਪਾ ਵਿਰੁੱਧ ਨਵੀਂ ਖੇਤਰੀ ਸਿਆਸੀ ਪਾਰਟੀ ਬਣਾਉਣ ਦੀ ਚਿਤਾਵਨੀ ਦਿੱਤੀ ਸੀ। ਤਕਰੀਬਨ ਤਕਰੀਬਨ ਇਹੀ ਹਾਲਤ ਭਾਰਤੀ ਜਨਤਾ ਪਾਰਟੀ ਦੇ ਹੇਠਲੇ, ਗਰੀਬ  ਅਤੇ ਮੱਧ ਵਰਗੀ ਕੇਡਰ ਦੀ ਵੀ ਹੈ ਜਿਹੜਾ ਅੰਦਰੋਂ ਅੰਦਰਿ ਬੇਹੱਦ ਦੁਖੀ ਹੈ ਕਿਓਂਕਿ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਇਸ ਵਰਗ ਦਾ ਜਿਊਣਾ ਹਰਾਮ ਕਰ ਦਿੱਤਾ ਹੈ।  

No comments: