Thursday, August 18, 2016

AAP:ਪੰਜਾਬ ਵਿਧਾਨ ਸਭਾ ਚੋਣਾ ਲਈ ਉਮੀਦਵਾਰਾਂ ਦੀ ਦੂਜੀ ਲਿਸਟ ਜਾਰੀ

ਜਰਨੈਲ ਸਿੰਘ MLA ਨੂੰ ਨਿਯੁਕਤ ਕੀਤਾ ਪੰਜਾਬ  ਦਾ ਕੋ-ਇੰਚਾਰਜ ਸਪੋਕਸਮੈਨ
ਲੁਧਿਆਣਾ ਈਸਟ ਤੋਂ ਦਲਜੀਤ ਸਿੰਘ ਗਰੇਵਾਲ
ਚੰਡੀਗੜ੍ਹ: 18 ਅਗਸਤ 2016: (ਪੁਸ਼ਪਿੰਦਰ ਕੌਰ//ਪੰਜਾਬ ਸਕਰੀਨ);
ਆਮ ਆਦਮੀ ਪਾਰਟੀ ਜਿਸ ਤੇਜ਼ੀ ਨਾਲ ਫੈਸਲੇ ਲੈ ਕੇ ਉਹਨਾਂ ਨੂੰ ਆਮ ਲੋਕਾਂ ਸਾਹਮਣੇ ਲਿਆ ਰਹੀ ਹੈ ਉਹ ਉਸਦੀ   ਆਤਮਵਿਸ਼ਵਾਸ ਭਰੀ ਰਣਨੀਤੀ ਦਾ ਪਤਾ ਦੇਂਦੀ ਹੈ। ਉਮੀਦਵਾਰਾਂ ਦੀ ਦੂਜੀ ਲਿਸਟ ਦਾ ਜਾਰੀ ਕੀਤਾ ਜਾਣਾ ਉਸਦੀ ਹਿੰਮਦ ਦਾ। ਪ੍ਰਤੀਕ ਹੈ।  ਆਮ ਆਦਮੀ ਪਾਰਟੀ ਨੇ ਪੰਜਾਬ ਵਿਧਾਨ ਸਭਾ ਚੋਣਾ ਲਈ ਅੱਜ ਦੂਸਰੀ ਲਿਸਟ ਜਾਰੀ ਕਰ ਦਿੱਤੀ ਹੈ। ਜਾਰੀ ਕੀਤੀ ਗਈ ਲਿਸਟ 'ਚ ਅਟਾਰੀ (ਐੱਸ.ਸੀ.) ਤੋਂ ਜਸਵਿੰਦਰ ਸਿੰਘ ਜਹਾਂਗੀਰ, ਲੁਧਿਆਣਾ ਈਸਟ ਤੋਂ ਦਲਜੀਤ ਸਿੰਘ ਗਰੇਵਾਲ, ਸਮਰਾਲਾ ਤੋਂ ਸਰਬੰਸ ਸਿੰਘ ਮਨਕੀ, ਅਮਲੋਹ ਤੋਂ ਗੁਰਪ੍ਰੀਤ ਸਿੰਘ ਭੱਟੀ, ਦਿੜ੍ਹਬਾ (ਐੱਸ.ਸੀ.) ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜਾ, ਪਟਿਆਲਾ ਦਿਹਾਤੀ ਤੋਂ ਕਰਨਵੀਰ ਸਿੰਘ ਟਿਵਾਣਾ, ਘਨੌਰ ਤੋਂ ਅਨੂ ਰੰਧਾਵਾ, ਨਾਭਾ (ਐੱਸ.ਸੀ.)ਤੋਂ ਦੇਵ ਮਾਨ, ਮਲੋਟ ਐੱਸ.ਸੀ.) ਤੋਂ ਬਲਦੇਵ ਸਿੰਘ ਆਜ਼ਾਦ, ਸਾਮ ਚੁਰਾਸੀ (ਐੱਸ.ਸੀ.)ਤੋਂ ਡਾ: ਨਵਜੋਤ ਸਿੰਘ, ਤਲਵੰਡੀ ਸਾਬੋ ਤੋਂ ਪ੍ਰੋ: ਬਲਜਿੰਦਰ ਕੌਰ ਤੇ ਜੈਤੋ (ਐੱਸ.ਸੀ.) ਤੋਂ ਮਾਸਟਰ ਬਲਦੇਵ ਸਿੰਘ ਨੂੰ ਆਪ ਨੇ ਉਮੀਦਵਾਰ ਬਣਾਇਆ ਹੈ। ਆਮ ਆਦਮੀ ਪਾਰਟੀ ਦੀ ਇਹ ਚਾਲ ਦੱਸਦੀ ਹੈ ਕਿ ਉਹ ਆਪਣੇ ਉਮੀਦਵਾਰਾਂ ਨੂੰ ਛੇਤੀ ਛੇਤੀ ਐਲਾਨ ਕੇ ਜਿੱਥੇ ਆਪਣੇ ਵਰਕਰਾਂ ਨੂੰ ਇੱਕ ਸਪਸ਼ਟ ਨਿਸ਼ਾਨਾ ਦੇ ਰਹੀ ਹੈ ਉੱਥੇ ਆਪਣੇ ਵਿਰੋਧੀਆਂ ਲਈ ਇਕੱਕ ਭੰਬਲਭੂਸਾ ਵੀ ਪੈਦਾ ਕਰ ਰਹੀ ਹੈ। ਇਸ ਵਾਰ ਮੁਕਾਬਲਾ ਹੋਵੇਗਾ ਕਾਫੀ ਦਿਲਚਸਪ।
ਇਸੇ ਦੌਰਾਨ ਆਮ ਆਦਮੀ ਪਾਰਟੀ ਨੇ ਆਪਣੇ ਐਮ ਐਲ ਏ ਜਰਨੈਲ ਸਿੰਘ ਨੂੰ ਪੰਜਾਬ ਦੇ ਮਾਮਲਿਆਂ ਦਾ ਕੋ-ਇੰਚਾਰਜ ਸਪੋਕਸਮੈਨ ਨਿਯੁਕਤ ਕੀਤਾ ਹੈ।  ਚੇਤੇ ਰਹੇ ਕਿ ਜਰਨੈਲ ਸਿੰਘ ਉਹੀ ਪੱਤਰਕਾਰ ਹੈ ਜਿਸਨੇ ਭਰੀ ਪ੍ਰੈਸ ਕਾਨਫਰੰਸ ਵਿੱਚ ਉਸ ਵੇਲੇ ਦੇ ਵਿੱਤ ਮੰਤਰੀ ਪੀ ਚਿਦੰਬਰਮ ਉੱਪਰ ਆਪਣਾ ਬੂਟ ਵਗਾਹ ਕੇ ਮਾਰੀਆ ਸੀ। ਜੁੱਤੀ ਸੁੱਟਣ ਦੇ ਇਸ "ਐਕਸ਼ਨ" ਮਗਰੋਂ ਉਸਨੂੰ ਇੱਕ ਪ੍ਰਸਿੱਧ ਹਿੰਦੀ ਅਖਬਾਰ ਨੇ ਨੌਕਰੀ ਤੋਂ ਜੁਆਬ ਦੇ ਦਿੱਤਾ ਸੀ।  ਦਿੱਲੀ ਸਰਕਾਰ ਨੇ ਵੀ ਉਸਦੀ ਪੱਤਰਕਾਰ ਵੱਜੋਂ ਮਾਨਤਾ ਰੱਦ ਕਰ ਦਿੱਤੀ ਸੀ। ਪੰਜਾਬ ਵਿੱਚ "ਆਪ" ਦੇ ਮੌਜੂਦਾ ਬੁਲਾਰੇ ਸੰਜੇ ਸਿੰਘ ਦੇ ਨਾਲ ਜਰਨੈਲ ਸਿੰਘ ਨੂੰ ਜੋੜ ਕੇ ਪਾਰਟੀ ਇੱਕ ਤੀਰ ਨਾਲ ਕਈ ਨਿਸ਼ਾਨੇ ਕਰ ਰਹੀ ਹੈ। ਮੌਜੂਦਾ ਸਿਸਟਮ ਦੇ ਖਿਲਾਫ ਰੋਹ ਵਿੱਚ ਆਏ ਪੰਜਾਬ ਦੇ ਲੋਕਾਂ ਸਾਹਮਣੇ ਜੁੱਤੀ ਸੁੱਟਣ ਦੇ ਐਕਸ਼ਨ ਵਾਲਾ ਚੇਹਰਾ ਲਿਆ ਕੇ ਪਾਰਟੀ ਜਿੱਥੇ ਆਪਣੇ ਕੇਦਰ ਦਾ ਮਨੋਬਲ ਮਜ਼ਬੂਤ ਕਰਨਾ ਚਾਹੁੰਦੀ ਹੈ ਉੱਥੇ ਇਸ ਸ਼ਿਕਾਇਤ ਨੂੰ ਵੀ ਦੂਰ ਕਰਨਾ ਚਾਹੁੰਦੀ ਹੈ ਕਿ ਪੰਜਾਬ ਦੀ ਸਿਆਸਤ ਆਪ ਵਾਲਿਆਂ ਨੇ ਗੈਰ ਪੰਜਾਬੀਆਂ ਦੇ ਹੱਥਾਂ ਵਿੱਚ ਦਿੱਤੀ ਹੋਈ ਹੈ। ਕਾਬਿਲੇ ਜ਼ਿਕਰ ਹੈ ਕਿ "ਕਬ ਕਟੇਗੀ ਚੌਰਾਸੀ" ਦਾ ਲੇਖਕ ਜਰਨੈਲ ਸਿੰਘ ਜਦੋਂ ਨਵੰਬਰ-84 ਦੀ ਕਤਲੇਆਮ ਦੇ ਜ਼ਿਕਰ ਛੇੜੇਗਾ ਤਾਂ ਇਸਦਾ ਅਸਰ ਉਹਨਾਂ ਸਾਰਿਆਂ ਤੇ ਪੈਣਾ ਹੈ ਜਿਹੜੇ ਇਸ ਕਤਲਾਮ ਵਿਚ ਸਿਧੇ ਜਾਂ ਅਸਿਧੇ ਰੂਪ ਵਿੱਚ ਜੁੜੇ ਰਹੇ ਹਨ। ਹੋ ਸਕਦਾ ਹੈ ਇਸ ਚੋਣ ਮੁਹਿੰਮ ਦੌਰਾਨ ਗੈਰ ਕਾਂਗਰਸੀ ਚੇਹਰੇ ਵੀ ਬੇਨਕਾਬ ਹੋਣ। ਜਰਨੈਲ ਸਿੰਘ ਦੇ ਪੰਜਾਬ ਵਿੱਚ ਸਰਗਰਮ ਹੋਣ ਨਾਲ ਪਾਰਟੀ ਨੂੰ ਮੀਡੀਆ ਕਵਰੇਜ ਵਿੱਚ ਵੀ ਫਾਇਦਾ ਹੋ ਸਕਦਾ ਹੈ।

No comments: