Wednesday, July 20, 2016

Ludhiana: ਵਰਕਿੰਗ ਵੂਮੈਨ ਹੋਸਟਲ ਤੇ ਪੁਲਿਸ ਕਬਜ਼ੇ ਦਾ ਮਾਮਲਾ ਫਿਰ ਭਖਿਆ

ਪੰਜਾਬ ਇਸਤਰੀ ਸਭਾ ਕਿਸੇ ਵੀ ਵੇਲੇ ਕਰ ਸਕਦੀ ਹੈ ਅੰਦੋਲਨ ਦਾ ਐਲਾਨ  
ਲੁਧਿਆਣਾ: 20 ਜੁਲਾਈ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬ ਇਸਤਰੀ ਸਭਾ ਅਤੇ ਐੱਲ ਇੰਡੀਆ ਵਰਕਿੰਗ ਵੂਮੈਨ ਫੋਰਮ (ਏਟਕ) ਨੇ ਆਪਣੀ ਇੱਕ ਸਾਂਝੀ ਅਤੇ ਵਿਸ਼ੇਸ਼ ਮੀਟਿੰਗ ਦੌਰਾਨ ਔਰਤਾਂ ਨੂੰ ਪੇਸ਼ ਆ ਰਹੀਆਂ ਕਈ ਸਮੱਸਿਆਵਾਂ ਉਠਾਈਆਂ। ਇਸਦੇ ਨਾਲ ਹੀ ਕਈ ਸਮਾਜਿਕ ਮਸਲੇ ਵੀ ਉਠਾਏ ਗਏ। ਇਹਨਾਂ ਵਿੱਚ ਮੁੱਖ ਮੁੱਦਾ ਭਾਈ ਰਣਧੀਰ ਸਿੰਘ ਨਗਰ ਵਿੱਚ ਸਥਿਤ ਵਰਕਿੰਗ ਵੂਮੈਨ ਹੋਸਟਲ ਦਾ ਵੀ ਸੀ ਜਿਹੜਾ ਸੰਨ 1984 ਤੋਂ ਪੁਲਿਸ ਦੇ ਕਬਜ਼ੇ ਹੇਠ ਚਲਿਆ ਆ ਰਿਹਾ ਹੈ।  ਪੰਜਾਬ ਦੇ ਹਾਲਾਤ ਠੀਕ ਹੋਣ ਤੇ ਵੀ ਇਸ ਨੂੰ ਖਾਲੀ ਨਹੀਂ ਕੀਤਾ ਗਿਆ। ਬਹੁਤ ਵਾਰ ਯਾਦ ਪੱਤਰ ਦੇਣ ਦੇ ਬਾਵਜੂਦ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕੀਤੀ ਗਈ। ਪ੍ਰਸ਼ਾਸਨ ਨੇ ਇਸ ਸਬੰਧ ਵਿੱਚ ਦਿੱਤੇ ਗਏ ਮੰਗ ਪੱਤਰਾਂ ਦਾ ਕੋਈ ਹੁੰਗਾਰਾ ਨਹੀਂ ਭਰਿਆ। ਜ਼ਿਕਰਯੋਗ ਹੈ ਕੀ ਪੁਲਿਸ ਨੇ ਇਸ ਇਮਾਰਤ ਤੇ ਵਰਕਿੰਗ ਵੂਮੈਨ ਹੋਸਟਲ ਦੇ ਕਿਸੇ ਬੋਰਡ ਦਾ ਨਾਮੋ ਨਿਸ਼ਾਨ ਵੀ ਨਹੀਂ ਛੱਡਿਆ। ਨਵੀਂ ਪੀੜ੍ਹੀ ਨੂੰ ਬਿਲਕੁਲ ਪਤਾ ਨਹੀਂ ਲੱਗਦਾ ਕਿ ਅਸਲ ਵਿੱਚ ਇਹ ਹੋਸਟਲ ਦੀ ਥਾਂ ਹੈ।
ਦੂਜੇ ਪਾਸੇ ਇਹਨਾਂ ਬੱਤੀਆਂ ਸਾਲਾਂ ਵਿੱਚ ਕੰਮਕਾਜੀ ਔਰਤਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਇਹਨਾਂ ਵਿੱਚ ਬਹੁਤ ਸਾਰੀਆਂ ਅਜਿਹੀਆਂ ਹਨ ਜਿਹਨਾਂ ਨੂੰ ਦੂਰ ਦੁਰਦਿਆਓਂ ਆਉਣਾ ਪੈਂਦਾ ਹੈ।  ਕਈ ਕੁੜੀਆਂ ਅਤੇ ਔਰਤਾਂ ਜਲੰਧਰ, ਜਗਰਾਓਂ, ਅੰਬਾਲਾ ਵਰਗੇ ਸ਼ਹਿਰਾਂ ਵਿੱਚੋਂ ਆ ਕੇ ਇਥੇ ਪੇਇੰਗ ਗੈਸਟ ਹਾਊਸਾਂ ਵਿੱਚ ਰਹਿਣ ਲਈ ਮਜਬੂਰ ਹਨਜਿੱਥੇ ਉਹਨਾਂ ਨੂੰ ਕਈ ਤਰਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੀਟਿੰਗ ਵਿੱਚ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੋਚਰ, ਜਨਰਲ ਸਕੱਤਰ ਜੀਤ ਕੁਮਾਰੀ ਅਤੇ ਜੱਠਬੰਦਕ ਸਕੱਤਰ ਬਰਜਿੰਦਰ ਕੌਰ, ਐਡਵੋਕੇਟ ਅਵਤਾਰ ਕੌਰ, ਕੁਲਵੰਤ ਕੌਰ, ਸ਼ਕੁੰਤਲਾ ਦੇਵੀ, ਨੀਲਮ, ਰੇਣੂ,  ਪ੍ਰਮਿਤਾ, ਵੀਨਾ, ਸੋਨੀਆ ਦੇਵੀ, ਵਨੁਕ, ਮੋਨਿਕਾ, ਰੀਨਾ, ਕੁਲਜੀਤ ਕੌਰ, ਪ੍ਰੀਤੀ ਅਤੇ ਸੋਨੀਆ ਸਮੇਤ ਕਈ ਹੋਰਾਂ ਨੇ ਸ਼ਮੂਲੀਅਤ ਕੀਤੀ। 
ਮੀਟਿੰਗ ਤੋਂ ਬਾਅਦ ਅਗਲੇ ਦਿਨ ਪ੍ਰਧਾਨ ਡਾਕਟਰ ਗੁਰਚਰਨ ਕੋਚਰ ਅਤੇ ਹੋਰਾਂ ਨੇ ਇਸ ਸਬੰਧੀ ਹੋਸਟਲ ਵਾਲੀ ਥਾਂ ਦਾ ਵੀ ਦੌਰਾ ਕੀਤਾ ਜਿੱਥੇ ਮੌਜੂਦ ਰੀਡਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਇਹ ਥਾਂ ਅਸਲ ਵਿੱਚ ਵਰਕਿੰਗ ਵੂਮੈਨ ਹੋਸਟਲ ਹੀ ਹੈ ਪਰ ਇਸ ਬਾਰੇ ਫੈਸਲਾ ਉੱਚ ਅਧਿਕਾਰੀਆਂ ਨੇ ਹੀ ਲੈਣਾ ਹੈ।  
ਕਾਬਿਲੇ ਜ਼ਿਕਰ ਹੈ ਕਿ ਕੁਝ ਸਮਾਂ ਪਹਿਲਾਂ ਬੇਲਨ ਬ੍ਰਿਗੇਡ ਵੱਲੋਂ ਮੈਡਮ ਅਨੀਤਾ ਸ਼ਰਮਾ ਨੇ ਵੀ ਇਹ ਮਸਲਾ ਉਠਾਇਆ ਸੀ। No comments: