ਸਾਰੇ ਲੋਕਾਂ ਨੂੰ ਸੰਘਰਸ਼ਸ਼ੀਲ ਮਜ਼ਦੂਰਾਂ ਦੀ ਸਰਗਰਮ ਹਿਮਾਇਤ ਦੀ ਅਪੀਲ
ਲੁਧਿਆਣਾ:21 ਜੁਲਾਈ 2016: (ਵਿਸ਼ਵਨਾਥ//ਪੰਜਾਬ ਸਕਰੀਨ):
ਟੈਕਸਟਾਈਲ-ਹੌਜ਼ਰੀ ਕਾਮਗਾਰ
ਯੂਨੀਅਨ ਦੀ ਅਗਵਾਈ ਵਿੱਚ ਜਨਤਾ ਟੈਕਸਟਾਈਲ, ਆਰ.ਐਨ. ਟੈਕਸਟਾਈਲ (ਦੋਨੋਂ ਵਿਜੇ ਨਗਰ, ਨਜ਼ਦੀਕ
ਚੀਮਾ ਚੌਂਕ, ਲੁਧਿਆਣਾ) ਅਤੇ ਜਨਤਾ ਉਦਯੋਗ (ਫੇਸ-4, ਫੋਕਲ ਪੁਆਂਇੰਟ, ਲੁਧਿਆਣਾ) ਦੇ ਮਜ਼ਦੂਰਾਂ
ਦਾ ਹੱਕੀ ਘੋਲ਼ ਪਿਛਲੇ 13 ਦਿਨਾਂ ਤੋਂ ਜਾਰੀ ਹੈ। ਮਾਲਕ ਵੱਲੋਂ ਕਿਰਤ ਕਨੂੰਨ ਲਾਗੂ ਕਰਨ ਤੋਂ ਜਵਾਬ
ਦੇਣ ਤੋਂ ਬਾਅਦ ਮਜ਼ਦੂਰ ਤਨਖਾਹ ਵਾਧੇ, ਈ.ਐਸ.ਆਈ., ਈ.ਪੀ.ਐਫ., ਬੋਨਸ ਆਦਿ ਹੱਕਾਂ ਲਈ ਲਗਾਤਾਰ ਸੜਕਾਂ ‘ਤੇ ਹਨ। ਕੱਲ ਮਜ਼ਦੂਰਾਂ ਨੇ ਡੀ.ਸੀ. ਦਫ਼ਤਰ ‘ਤੇ ਮੁਜਾਹਰਾ ਕਰਨ ਦਾ ਐਲਾਨ ਕੀਤਾ ਹੈ। ਮਜ਼ਦੂਰਾਂ ਨੇ ਦੋਸ਼ ਲਾਇਆ ਹੈ ਮਾਲਕਾਂ ਨੇ ਮਜ਼ਦੂਰਾਂ
ਦੇ ਕੀਤੇ ਕੰਮ ਦੇ ਪੈਸੇ ਵੀ ਨਹੀਂ ਦਿੱਤੇ, ਉਹਨਾਂ ਦਾ ਬੋਨਸ ਤੇ ਛੁੱਟੀਆਂ ਦਾ ਪੈਸਾ ਵੀ ਬਕਾਇਆ
ਹੈ। ਮਜ਼ਦੂਰਾਂ ਪਿਛਲੇ ਦੋ ਹਫਤਿਆਂ ਤੋਂ ਆਪਣੇ ਹੱਕਾਂ ਲਈ ਅਵਾਜ਼ ਬੁਲੰਦ ਕਰ ਰਹੇ ਹਨ। ਕਿਰਤ
ਵਿਭਾਗ ਨੂੰ ਵੀ ਮਾਲਕਾਂ ਦੀ ਸ਼ਿਕਾਇਤ ਕੀਤੀ ਗਈ ਹੈ। ਪਰ ਕਿਰਤ ਵਿਭਾਗ ਤੇ ਲੁਧਿਆਣਾ ਪ੍ਰਸ਼ਾਸਨ
ਮਾਲਕਾਂ ਮੁਕੇਸ਼ ਤੇ ਸੌਰਭ ਖਿਲਾਫ਼ ਕਾਰਵਾਈ ਨਹੀਂ ਕਰ ਰਿਹਾ ਹੈ। ਮਜ਼ਦੂਰਾਂ ਨੇ ਇਹ ਵੀ ਦੋਸ਼ ਲਾਇਆ
ਕਿ ਮਾਲਕ ਸਾਰੇ ਮਜ਼ਦੂਰਾਂ ਨੂੰ ਕੰਮ ‘ਤੇ ਵਾਪਿਸ ਲੈਣ ਅਤੇ ਹੋਰ ਮੰਗਾਂ ਮੰਨਣ ਨੂੰ ਰਾਜੀ ਹੋ ਗਿਆ
ਸੀ ਪਰ ਟੈਕਸਟਾਈਲ ਮਾਲਕਾਂ ਦੀ ਇੱਕ ਜੱਥੇਬੰਦੀ ਦੇ ਪ੍ਰਧਾਨ ਸ਼ਕਤੀ ਜੱਗੀ ਨੇ ਮਾਲਕਾਂ ‘ਤੇ ਦਬਾਅ ਪਾ
ਕੇ ਸਮਝੌਤਾ ਹੋਣ ਤੋਂ ਰੋਕ ਦਿੱਤਾ ਹੈ। ਉਹਨਾਂ ਕਿਹਾ ਕਿ ਲੁਧਿਆਣੇ ਦੇ ਮਾਲਕਾਂ ਦਾ ਭ੍ਰਿਸ਼ਟ
ਗਠਜੋਡ਼ ਮਜ਼ਦੂਰਾਂ ਦੇ ਹੱਕਾਂ ਦਾ ਘਾਣ ਕਰ ਰਿਹਾ ਹੈ। ਪਰ ਸਰਕਾਰੀ ਪ੍ਰਬੰਧ ਮਜ਼ਦੂਰਾਂ ਦੇ ਹੱਕ
ਦਵਾਉਣ ਦੀ ਥਾਂ ਮਾਲਕਾਂ ਦਾ ਪੱਖ ਪੂਰ ਰਿਹਾ ਹੈ। ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ
ਲਖਵਿੰਦਰ ਨੇ ਕਿਹਾ ਹੈ ਕਿ ਸਰਕਾਰੀ ਪ੍ਰਬੰਧ ਦਾ ਇਹ ਮਜ਼ਦੂਰ ਵਿਰੋਧੀ ਰਵੱਈਆ ਬਰਦਾਸ਼ਤ ਯੋਗ ਨਹੀਂ
ਹੈ ਅਤੇ ਇਸ ਲਈ ਮਜ਼ਦੂਰਾਂ ਨੇ ਹੁਣ ਆਪਣਾ ਸੰਘਰਸ਼ ਤੇਜ਼ ਕਰਨ ਦਾ ਫੈਸਲਾ ਲਿਆ ਹੈ।
ਅੱਜ ਜਨਤਾ ਟੈਕਸਟਾਈਲ ਅਤੇ ਆਰ.ਐਨ. ਟੈਕਸਟਾਈਲ
ਦੇ ਗੇਟਾਂ ‘ਤੇ ਅਤੇ ਇੰਡਸਟਰੀਅਲ ਏਰੀਆ-ਏ ਵਿੱਚ ਮਜ਼ਦੂਰਾਂ ਨੇ ਜੋਰਦਾਰ ਮੁਜਾਹਰਾ ਕਰਕੇ ਸਬੰਧਤ
ਅਦਾਰਿਆਂ ਦੇ ਮਾਲਕਾਂ ਅਤੇ ਮਾਲਕਾਂ ਦੇ ਭ੍ਰਿਸ਼ਟ, ਮਜ਼ਦੂਰ ਵਿਰੋਧੀ ਗਠਜੋਡ਼ ਖਿਲਾਫ਼ ਅਵਾਜ਼ ਬੁਲੰਦ
ਕੀਤੀ। ਮੁਜਾਹਰੇ ਨੂੰ ਸੰਬੋਧਨ ਵਿੱਚ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਆਗੂ ਗੁਰਜੀਤ ਤੇ ਵਿਸ਼ਾਲ ਨੇ
ਕਿਹਾ ਕਿ ਅੱਜ ਲੁਧਿਆਣਾ ਹੀ ਨਹੀਂ ਸਗੋਂ ਸਮੁੱਚੇ ਦੇਸ਼ ਵਿੱਚ ਅੱਠ ਘੰਟੇ ਕੰਮ ਦਿਹਾੜੀ, ਘੱਟੋ-ਘੱਟ
ਤਨਖਾਹ, ਹਾਜ਼ਰੀ, ਈ.ਐਸ.ਆਈ., ਈ.ਪੀ.ਐਫ., ਬੋਨਸ, ਹਾਦਸਿਆਂ ਤੋਂ ਸੁਰੱਖਿਆ ਦੇ ਪ੍ਰਬੰਧਾਂ,
ਮੁਆਵਜੇ, ਰੁਜਗਾਰ ਦੀ ਗਰੰਟੀ ਆਦਿ ਕਿਰਤ ਕਨੂੰਨਾਂ ਦੀ ਵੱਡੇ ਪੱਧਰ ਤੇ ਉਲੰਘਣਾ ਹੋ ਰਹੀ ਹੈ।
ਸਮੁੱਚਾ ਸਰਕਾਰੀ ਪ੍ਰਬੰਧ ਸਰਮਾਏਦਾਰਾਂ ਦਾ ਸਾਥ ਦੇ ਰਿਹਾ ਹੈ। ਸਰਕਾਰਾਂ ਕਿਰਤ ਕਨੂੰਨਾਂ ਵਿੱਚ
ਸੋਧਾਂ ਕਰਕੇ ਮਜ਼ਦੂਰਾਂਦੇ ਕਨੂੰਨੀ ਕਿਰਤ ਹੱਕ ਖੋਹ ਰਹੀਆਂ ਹਨ। ਮੋਦੀ ਸਰਕਾਰ ਨੇ ਇਹ ਹਮਲਾ ਹੋਰ
ਤੇਜ਼ ਕਰ ਦਿੱਤਾ ਹੈ। ਦੇਸ਼ ਦੇ ਕੋਨੇ-ਕੋਨੇ ਵਿੱਚ ਸਨਅਤੀ ਮਜਦੂਰ ਕਿਤੇ ਛੋਟੇ ਤੇ ਕਿਤੇ ਵੱਡੇ ਪੱਧਰ
‘ਤੇ ਆਪਣੇ ਹੱਕਾਂ ਲਈ ਅਵਾਜ਼ ਉਠਾ ਰਹੇ ਹਨ। ਉਹਨਾਂ ਕਿਹਾ ਕਿ ਜਨਤਾ ਟੈਕਸਟਾਈਲ, ਆਰ.ਐਨ.
ਟੈਕਸਟਾਈਲ ਤੇ ਜਨਤਾ ਉਦਯੋਗ ਦੇ ਮਜ਼ਦੂਰਾਂ ਦਾ ਘੋਲ਼ ਵੀ ਇਸ ਘੋਲ਼ ਦਾ ਅੰਗ ਹੈ।
ਟੈਕਸਟਾਈਲ ਹੌਜ਼ਰੀ
ਕਾਮਗਾਰ ਯੂਨੀਅਨ ਦੇ ਆਗੂ ਕਮੇਟੀ ਨੇ ਸਭਨਾਂ ਇਨਸਾਫ਼ ਪਸੰਦ ਲੋਕਾਂ ਨੂੰ, ਮਜ਼ਦੂਰ, ਕਿਸਾਨ, ਨੌਜਵਾਨ,
ਵਿਦਿਆਰਥੀ, ਮੁਲਾਜਮ ਜਮਹੂਰੀ ਜੱਥੇਬੰਦੀਆਂ ਨੂੰ ਮਜ਼ਦੂਰਾਂ ਦੀ ਸਰਗਰਮ ਹਿਮਾਇਤ ਲਈ ਅੱਗੇ ਆਉਣ ਦੀ
ਅਪੀਲ ਕੀਤੀ ਹੈ।
ਵਿਸ਼ਵਨਾਥ ਟੈਕਸਟਾਈਲ ਹੌਜ਼ਰੀ ਕਾਮਗਾਰ ਯੂਨੀਅਨ, ਪੰਜਾਬ ਦੇ ਸਕੱਤਰ ਹਨ।
No comments:
Post a Comment