Friday, July 22, 2016

ਉਲਝੇਵਿਆਂ ਦੇ ਬਾਵਜੂਦ ਸਰਗਰਮ ਹੈ ਆਮ ਆਦਮੀ ਪਾਰਟੀ

ਕੰਵਰ ਸੰਧੂ ਨੇ ਪੇਸ਼ੀ ਦੌਰਾਨ ਵੀ ਸਾਂਝੇ ਕੀਤੇ "ਆਪ" ਦੇ ਸਿਆਸੀ ਨਿਸ਼ਾਨੇ 
ਲੁਧਿਆਣਾ: 21 ਜੁਲਾਈ (ਪੰਜਾਬ ਸਕਰੀਨ ਬਿਊਰੋ):
ਸਿਆਸੀ ਅਤੇ ਕਾਨੂੰਨੀ ਉਲਝੇਵਿਆਂ ਦੇ ਬਾਵਜੂਦ ਆਮ ਆਦਮੀ ਪਾਰਟੀ ਦੀਆਂ ਸਰਹਰਮੀਆਂ ਤੇਜ਼ੀ ਨਾਲ ਜਾਰੀ ਹਨ। ਇਹ ਜੋਸ਼ ਅਤੇ ਜਨੂੰਨ ਪਾਰਟੀ ਦੇ ਹੇਠਲੇ ਕੇਦਰ ਤੋਂ ਲੈ ਕੇ ਖੁਦ ਅਰਵਿੰਦ ਕੇਜਰੀਵਾਲ ਤੱਕ ਦੇਖਿਆ ਅਤੇ ਮਹਿਸੂਸ ਕੀਤਾ ਜਾ ਸਕਦਾ ਹੈ। ਇਸਦੀ ਨਵੀਂ ਮਿਸਾਲ ਉਦੋਂ ਸਾਹਮਣੇ ਆਈ ਜਦੋਂ ਪ੍ਰਮੁੱਖ ਪੱਤਰਕਾਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੰਵਰ ਸੰਧੂ ਆਪਣੀ ਪੇਸ਼ੀ ਦੌਰਾਨ ਵੀ ਪਾਰਟੀ ਦੇ ਸਿਆਸੀ ਅਤੇ ਸਮਾਜਿਕ ਨਿਸ਼ਾਨੀਆਂ ਪ੍ਰਤੀ ਹੀ ਕੇਂਦਰਿਤ ਰਹੇ। ਉਹਨਾਂ ਪਾਰਟੀ ਦੇ ਵਿਚਾਰਾਂ ਅਤੇ ਨੀਤੀਆਂ ਦੀ ਗੱਲ ਬੜੇ ਹੀ ਸੰਤੁਲਿਤ ਅੰਦਾਜ਼ ਨਾਲ ਕੀਤੀ।
ਜ਼ਿਕਰਯੋਗ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮੈਨੀਫੈਸਟੋ ਤਿਆਰ ਕਰਨ ਲਈ ਬਣਾਈ ਕਮੇਟੀ ਦੇ ਮੁਖੀ ਤੇ ਸੀਨੀਅਰ ਪੱਤਰਕਾਰ ਕੰਵਰ ਸੰਧੂ ਅੱਜ ਲੁਧਿਆਣਾ ਵਿੱਚ ਸਨ। ਉਹਨਾਂ ਨੇ ਕਿਹਾ ਹੈ ਕਿ ਪਾਰਟੀ ਨੇ ਕਿਸਾਨਾਂ ਲਈ ਮੈਨੀਫੈਸਟੋ ਤਿਆਰ ਕਰਨ ਦਾ ਮੁੱਢਲਾ ਕੰਮ ਮੁਕੰਮਲ ਕਰ ਲਿਆ ਹੈ ਅਤੇ ਹੁਣ ਅਗਲੇ ਗੇੜ ਵਿਚ ਖੇਤੀ ਮਾਹਿਰਾਂ ਤੇ ਅਗਾਂਹਵਧੂ ਕਿਸਾਨਾਂ ਦੀ ਇਸ ਬਾਰੇ ਰਾਏ ਲੈ ਕੇ ਇਸ ਨੂੰ ਅੰਤਿਮ ਰੂਪ ਦੇਣ ਉਪਰੰਤ ਅਗਸਤ ਮਹੀਨੇ ਜਾਰੀ ਕਰ ਦਿੱਤਾ ਜਾਵੇਗਾ। ਕੰਵਰ ਸੰਧੂ ਅੱਜ ਅਦਾਲਤ ਵਿਚ ਆਪਣੀ ਪੇਸ਼ੀ ਤੋਂ ਪਹਿਲਾਂ ਮੀਡੀਆ ਨਾਲ਼ ਗੱਲਬਾਤ ਕਰ ਰਹੇ ਸਨ। ਇਸ ਮੌਕੇ ਉਹਨਾਂ ਦੇਂਦਾਜ਼ ਵਿੱਚ ਉਹੀ ਸੰਤੁਲਿਤ ਜੋਸ਼ ਮਹਿਸੂਸ ਕੀਤਾ ਜਾ ਸਕਦਾ ਸੀ ਜਿਹੜਾ ਦਹਾਕਿਆਂ ਪਹਿਲਾਂ ਵੀ ਉਹਨਾਂ ਦੇ ਅੰਦਾਜ਼ ਦਾ ਅੰਗ ਰਿਹਾ। 
ਕਸਾਨੀ ਦੀ ਹਾਲਤ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਰਥਿਕ ਦਸ਼ਾ ਸੁਧਾਰਨ ਲਈ ਖੇਤੀ ਜਿਣਸਾਂ ਦੀ ਪ੍ਰੋਸੈਸਿੰਗ ਵਧਾਉਣ ਅਤੇ ਨਕਲੀ ਕੀੜੇਮਾਰ ਦਵਾਈਆਂ ਤੇ ਬੀਜਾਂ ਦੀ ਵਿੱਕਰੀ ਨੂੰ ਸਖਤੀ ਨਾਲ਼ ਰੋਕਣਾ ਜਰੂਰੀ ਹੈ। ਸੰਧੂ ਨੇ ਦੱਸਿਆ ਕਿ ਇਸ ਤੋਂ ਬਾਅਦ ਦਲਿਤ ਭਾਈਚਾਰੇ ਅਤੇ ਔਰਤਾਂ ਬਾਰੇ ਮੈਨੀਫੈਸਟੋ ਤਿਆਰ ਕਰਨ ਲਈ ਆਮ ਲੋਕਾਂ ਨਾਲ਼ ਗੱਲਬਾਤ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ ਹੈ।  ਦਲਿਤਾਂ ਤੇ ਔਰਤਾਂ ਨੂੰ ਦਰਪੇਸ਼ ਮਸਲਿਆਂ ਤੇ ਉਨ੍ਹਾਂ ਦੇ ਢੁਕਵੇਂ ਹੱਲ ਲਈ ਸਰਕਾਰ ਵੱਲੋਂ ਕੀਤੇ ਜਾਣ ਬਾਰੇ ਉਪਰਾਲਿਆਂ ਬਾਰੇ ਸੁਝਾਅ ਤੇ ਇਨ੍ਹਾਂ ਵਿਸ਼ਿਆਂ ਦੇ ਮਾਹਿਰਾਂ ਤੋਂ ਰਾਏ ਲਈ ਜਾਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਸੂਬੇ ਵਿਚ ਅਕਾਲੀ ਭਾਜਪਾ ਸਰਕਾਰ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ਼ਰਾਬ ਅਤੇ ਰੇਤਾ ਬਜਰੀ ਮਾਫ਼ੀਆ ਨੂੰ ਖਤਮ ਕਰਨ ਨਾਲ਼ ਹੀ ਸਰਕਾਰੀ ਖਜ਼ਾਨੇ ਨੂੰ ਅਰਬਾਂ ਰੁਪਏ ਦੀ ਕਮਾਈ ਹੋ ਸਕਦੀ ਹੈ ਜਿਸ ਨੂੰ ਲੋਕਾਂ ਦੀ ਭਲਾਈ ਲਈ ਖੁੱਲ੍ਹੇ ਦਿਲ ਨਾਲ਼ ਖਰਚਿਆ ਜਾ ਸਕਦਾ ਹੈ। ਇਸ ਨਾਲ ਉਹਨਾਂ ਆਮ ਆਦਮੀ ਪਾਰਟੀ ਦੀਆਂ ਆਰਥਿਕ ਨੀਤੀਆਂ ਦੀ ਝਲਕ ਦਾ ਇੱਕ ਇਸ਼ਾਰਾ ਵੀ ਦਿੱਤਾ। 
ਕੇਸ ਦੀ ਅਗਲੀ ਸੁਣਵਾਈ 3 ਅਗਸਤ ਨੂੰ 
ਇਸੇ ਦੌਰਾਨ ਪੱਤਰਕਾਰ ਸੰਧੂ ਆਪਣੇ ਵਕੀਲ ਹਰਪ੍ਰੀਤ ਸੰਧੂ ਨਾਲ਼ ਜੱਜ ਆਰ. ਐੱਸ. ਨਾਗਪਾਲ਼ ਦੀ ਅਦਾਲਤ ਵਿਚ ਪੇਸ਼ ਹੋਏ ਅਤੇ 25 ਹਜ਼ਾਰ ਰੁਪਏ ਸ਼ਿਓਰਟੀ ਬਾਂਡ ਪੇਸ਼ ਕਰਦਿਆਂ ਸੁਣਵਾਈ ਲਈ ਅਗਲੀ ਤਰੀਕ ਦੇਣ ਦੀ ਅਪੀਲ ਕੀਤੀ।  ਵਕੀਲ ਸੰਧੂ ਨੇ ਦੱਸਿਆ ਕਿ ਪਿਛਲੀ ਤਰੀਕ 16 ਜੁਲਾਈ ਤੋਂ ਪਹਿਲਾਂ ਤਰੀਕ 'ਤੇ ਪੇਸ਼ੀ ਤੋਂ ਛੋਟ ਦੀ ਮੰਗ ਕੀਤੀ ਗਈ ਸੀ ਜੋ ਕਿ ਅਦਾਲਤ ਨੇ ਪ੍ਰਵਾਨ ਕਰਕੇ ਅਗਲੀ ਤਰੀਕ ਦਿੱਤੀ ਸੀ ਪਰ ਤਰੀਕ ਸੁਣਨ ਵਿਚ ਗਲਤੀ ਲੱਗਣ ਕਾਰਨ ਸੰਧੂ 16 ਜੁਲਾਈ ਨੂੰ ਤਰੀਕ 'ਤੇ ਨਹੀਂ ਪਹੁੰਚੇ ਸਨ। ਅਦਾਲਤ ਨੇ ਇਸ ਮਾਮਲੇ ਦੀ ਅਗਲੀ ਸੁਣਵਾਈ ਹੁਣ 3 ਅਗਸਤ 'ਤੇ ਪਾ ਦਿੱਤੀ ਹੈ।  

No comments: