Tuesday, June 07, 2016

ਕਿਸੇ ਵੀ ਧਿਰ ਨੂੰ ਗੁਰਦੁਆਰੇ ਅੰਦਰ ਨਹੀਂ ਜਾਣ ਦਿੱਤਾ ਜਾਵੇਗਾ: ਪ੍ਰਸ਼ਾਸਨ

ਗੁਰਦਵਾਰੇ 'ਤੇ ਕਬਜ਼ੇ ਨੂੰ ਲੈ ਕੇ ਜਾਰੀ ਹੈ ਦੋਹਾਂ ਨਾਮਧਾਰੀ ਧੜਿਆਂ ਵਿੱਚ ਟਕਰਾਓ 
ਗੜ੍ਹਦੀਵਾਲਾ: 6 ਜੂਨ 2016: (ਪੰਜਾਬ ਸਕਰੀਨ ਬਿਊਰੋ):
ਨਾਮਧਾਰੀ ਸੰਪਰਦਾ ਲਗਾਤਾਰ ਨਾਜ਼ੁਕ ਹਾਲਾਤ ਵੱਲ ਵਧ ਰਹੀ ਹੈ। ਸੰਪਰਦਾ ਮੁਖੀ ਸਤਿਗੁਰੁ ਜਗਜੀਤ ਸਿੰਘ ਜੀ ਤੋਂ ਬਾਅਦ ਜਿਸ ਤਰਾਂ ਦੇ ਝਗੜੇ ਸਾਹਮਣੇ ਆ ਰਹੇ ਹਨ ਉਸ ਨਾਲ ਬੇਹੱਦ ਅਮੀਰ ਕਦਰਾਂ ਕੀਮਤਾਂ ਵਾਲੀ ਵਿਰਾਸਤ ਦੇ ਮਾਲਕ ਨਾਮਧਾਰੀਆਂ ਦੇ ਵੱਕਾਰ ਵਿੱਚ ਕਮੀ ਆਈ ਹੈ। ਇੰਝ ਲੱਗਦਾ ਹੈ ਜਿਵੇਂ ਜਾਨਾਂ ਵਾਰਨ ਵਾਲੇ ਨਾਮਧਾਰੀ ਹੁਣ ਜਾਇਦਾਦਾਂ ਪਿਛੇ ਜਾਨਾਂ ਲੈਣ ਵਾਲੇ ਬਣ ਗਏ ਹਨ। ਤਕਰੀਬਨ 88 ਸਾਲਾਂ ਦੀ ਮਾਤਾ ਚੰਦ ਕੌਰ ਦੇ ਵਹਿਸ਼ੀਆਨਾ ਕਤਲ ਨਾਲ ਇਸ ਭਾਵਨਾ ਨੇ ਹੋਰ ਜੋਰ ਪਕੜ ਲਿਆ। ਹੁਣ ਨਵਾਂ ਮਾਮਲਾ ਸਾਹਮਣੇ ਆਇਆ ਹੈ ਮੁਕੇਰੀਆਂ ਨੇੜੇ ਸਥਿਤ ਇੱਕ ਗੁਰਦਵਾਰਾ ਬਾਬਾ ਹਰਨਾਮ ਸਿੰਘ 'ਤੇ ਕਬਜ਼ੇ ਦਾ। ਗੜ੍ਹਦੀਵਾਲਾ ਵਿਖੇ ਸਥਿਤ ਇਸ ਗੁਰਦਵਾਰਾ ਸਾਹਿਬ ਨੂੰ ਲੈ ਕੇ ਭਾਵੇਂ ਸ਼ਾਂਤੀ ਬਣੀ ਹੋਈ ਹੈ ਪਰ ਇਸਦੇ ਨਾਲ ਹੀ ਸਥਿਤੀ ਬੇਹੱਦ ਨਾਜ਼ੁਕ ਵੀ ਹੈ। ਨਾਇਬ ਤਹਿਸੀਲਦਾਰ ਅਤੇ ਡੀਐਸਪੀ ਵਲੋਂ ਜਾਰੀ ਹੁਕਮਾਂ ਮੁਤਾਬਿਕ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਅਤੇ ਕਿਸੇ ਵੀ ਧਿਰ ਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ। ਅਜਿਹੇ ਛੋਟੇ ਮੋਟੇ ਮਾਮਲੇ ਪਹਿਲਾਂ ਵੀ ਸਾਹਮਣੇ ਆ ਚੁੱਕੇ ਹਨ। 
ਕਾਬਿਲੇ ਜ਼ਿਕਰ ਹੈ ਕਿ ਐਤਵਾਰ ਨੂੰ ਗੜ੍ਹਦੀਵਾਲਾ ਦੇ ਪਿੰਡ ਮਸਤੀਵਾਲ ਰੋਡ ’ਤੇ ਸਥਿਤ ਨਾਮਧਾਰੀ ਸੰਗਤ ਦੇ ਗੁਰਦੁਆਰਾ ਬਾਬਾ ਹਰਨਾਮ ਸਿੰਘ ’ਤੇ ਕਬਜ਼ੇ ਨੂੰ ਲੈ ਕੇ ਜਦੋਂ ਸੰਤ ਦਲੀਪ ਸਿੰਘ ਤੇ ਸੰਤ ਉਦੈ ਸਿੰਘ ਨਾਲ ਸਬੰਧਤ ਦੋ ਧਿਰਾਂ ਵਿਚਾਲੇ ਤਕਰਾਰ ਹੋ ਗਿਆ ਤਾਂ ਦੋਵੇਂ ਧਿਰਾਂ ਬਾਬਾ ਹਰਨਾਮ ਸਿੰਘ ਦੀ ਬਰਸੀ ਸਬੰਧੀ ਸਮਾਗਮ ਗੁਰਦੁਆਰਾ ਸਾਹਿਬ ਦੇ ਅੰਦਰ ਕਰਵਾਉਣ ਲਈ ਅੜ ਗਈਆਂ। ਮੌਕੇ ’ਤੇ ਪੁੱਜੇ ਨਾਇਬ ਤਹਿਸੀਲਦਾਰ ਨਿਰਮਲ ਸਿੰਘ, ਡੀਐਸਪੀ ਪਰਮਿੰਦਰ ਸਿੰਘ ਹੀਰ ਤੇ ਥਾਣਾ ਮੁਖੀ ਪ੍ਰਦੀਪ ਸਿੰਘ ਨੇ ਦੋਹਾਂ ਧਿਰਾਂ ’ਤੇ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ ਪਰ ਬਹੁਤ ਸਮਝਾਉਣ 'ਤੇ ਵੀ ਮਸਲਾ ਹੱਲ ਨਾ ਹੋਇਆ। ਮਾਹੌਲ ਤਣਾਅਪੂਰਨ ਹੋਣ ਕਾਰਨ ਪ੍ਰਸ਼ਾਸਨ ਨੇ ਧਾਰਾ 145 ਲਗਾ ਕੇ ਦੋਵੇਾਂ ਧਿਰਾਂ ਦੇ ਗੁਰਦੁਆਰੇ ਵਿੱਚ ਸਮਾਗਮ ਕਰਨ ਜਾਂ ਕਾਬਜ਼ ਹੋਣ ’ਤੇ ਪਾਬੰਦੀ ਲਾ ਕੇ ਇਮਾਰਤ ਦੇ ਆਸ-ਪਾਸ ਪੁਲੀਸ ਤਾਇਨਾਤ ਕਰ ਦਿੱਤੀ ਹੈ। ਇਸ ਦੇ ਬਾਵਜੂਦ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਅੱਜ ਸਵੇਰੇ ਬਾਬਾ ਹਰਨਾਮ ਸਿੰਘ ਦੀ 100ਵੀਂ ਬਰਸੀ ਮੌਕੇ ਸਮਾਗਮ ਕਰਨ ਲਈ ਭੈਣੀ ਸਾਹਿਬ ਤੋਂ ਪਾਠੀ ਸਿੰਘ ਆਏ ਅਤੇ ਉਨ੍ਹਾਂ ਦੀਆਂ ਗੱਡੀਆਂ ਗੁਰਦੁਆਰਾ ਸਾਹਿਬ ਦੇ ਅੰਦਰ ਚਲੀਆਂ ਗਈਆਂ। ਇਸ ਦਾ ਪਤਾ ਲੱਗਦਿਆਂ ਹੀ ਕਾਹਨ ਸਿੰਘ ਦੇ ਧੜੇ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਪਰੰਤ ਸੰਤ ਦਲੀਪ ਸਿੰਘ ਦੇ ਧੜੇ ਨਾਲ ਸਬੰਧਤ ਕਾਹਨ ਸਿੰਘ ਆਦਿ ਨੇ ਗੁਰਦੁਆਰਾ ਸਾਹਿਬ ਤੋਂ ਕੁਝ ਦੂਰੀ ’ਤੇ ਪੈਂਦੀ ਇੱਕ ਹਵੇਲੀ ਵਿੱਚ ਅਖੰਠ ਪਾਠ ਸਾਹਿਬ ਅਰੰਭ ਕਰ ਦਿੱਤੇ ਹਨ। ਇਸ ਸ਼ੁਰੁਆਤ ਨਾਲ ਸ਼ਾਂਤੀ ਤਾਂ ਬਣੀ ਹੈ ਪਰ ਮਾਹੌਲ ਵਿੱਚ ਇੱਕ ਤਨਾਅ ਵੀ ਹੈ। 
ਜਾਣਕਾਰੀ ਅਨੁਸਾਰ ਇਸ ਗੁਰਦੁਆਰੇ ਵਿੱਚ ਫਰਵਰੀ ਮਹੀਨੇ ਬਸੰਤ ਪੰਚਮੀ ਮੌਕੇ ਸਮਾਗਮ ਕਰਵਾਇਆ ਗਿਆ ਸੀ, ਜਿਸ ਦੌਰਾਨ ਸੰਤ ਉਦੈ ਸਿੰਘ ਨੇ ਪਹਿਲੀ ਕਮੇਟੀ ਨੂੰ ਰੱਦ ਕਰ ਦਿੱਤਾ ਸੀ ਕਿਓਂਕਿ ਇਹ ਕਮੇਟੀ ਸੰਤ ਦਲੀਪ ਸਿੰਘ ਪੱਖੀ ਸੀ। ਇਸ ਕਮੇਟੀ ਨੂੰ  ਰੱਦ ਕਰਕੇ ਸੰਤ ਉਦੈ ਸਿੰਘ ਨੇ ਨਵੀਂ ਆਪਣੇ ਪੱਖੀ ਕਮੇਟੀ ਚੁਣ ਲਈ ਸੀ। ਪਹਿਲੀ ਕਮੇਟੀ ਦੇ ਪ੍ਰਧਾਨ ਕਾਹਨ ਸਿੰਘ ਸਨ, ਜਦੋਂਕਿ ਨਵੀਂ ਕਮੇਟੀ ਦੀ ਕਮਾਨ ਹਰਭਜਨ ਸਿੰਘ ਬੁੱਟਰ ਧੜੇ ਦੇ ਹੱਥ ਆ ਗਈ, ਜੋ ਕਿ ਸੰਗਤ ਨੂੰ ਕਥਿਤ ਤੌਰ ’ਤੇ ਮਨਜ਼ੂਰ ਨਹੀਂ ਸੀ। ਇਸ ਤੋਂ ਪੈਦਾ ਹੋਏ ਤਣਾਅ ਤਹਿਤ ਦੋਹਾਂ ਧਿਰਾਂ ਨੇ ਗੁਰਦੁਆਰੇ ’ਤੇ ਆਪਣਾ ਕਬਜ਼ਾ ਜਮਾਉਣ ਦੀ ਕੋਸ਼ਿਸ਼ ਕੀਤੀ। ਆਪਣਾ ਕਬਜ਼ਾ ਜਮਾਉਣ ਲਈ ਭੈਣੀ ਸਾਹਿਬ ਤੋਂ ਆਏ ਪਾਠੀ ਸਿੰਘਾਂ ਨੇ ਗੁਰਦੁਆਰਾ ਸਾਹਿਬ ਅੰਦਰ ਅਖੰਠ ਪਾਠਾਂ ਦੀ ਲੜੀ ਅਰੰਭ ਕਰ ਦਿੱਤੀ। ਇਸ ਦਾ ਸੰਤ ਦਲੀਪ ਸਿੰਘ ਪੱਖੀ ਧਿਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਸੰਤ ਉਦੈ ਸਿੰਘ ਦੇ ਧੜੇ ਨਾਲ ਸਬੰਧਤ ਹਰਭਜਨ ਸਿੰਘ ਬੁੱਟਰ ਵਾਲੀ ਕਮੇਟੀ ਵੱਲੋਂ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਦਸਤਾਵੇਜ਼ ਜੋ ਕਿ ਭੈਣੀ ਸਾਹਿਬ ਦੇ ਨਾਮ ’ਤੇ ਸਨ, ਲੈ ਕੇ ਦਸੂਹਾ ਦੀ ਸਿਵਲ ਕੋਰਟ ਵਿੱਚ ਕੇਸ ਕੀਤਾ ਹੋਇਆ ਹੈ। ਸੰਤ ਉਦੈ ਸਿੰਘ ਧੜੇ ਦੇ ਗੁਰਦੀਪ ਸਿੰਘ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਸਰਕਾਰ ਦੇ ਇੱਕ ਮੰਤਰੀ ਦੀ ਸ਼ਹਿ ’ਤੇ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਤੋਂ ਰੋਕਿਆ ਜਾ ਰਿਹਾ ਹੈ, ਜਦੋਂ ਕਿ ਜ਼ਮੀਨ ਦੇ ਦਸਤਾਵੇਜ਼ ਭੈਣੀ ਸਾਹਿਬ ਦੇ ਨਾਮ ’ਤੇ ਹਨ। ਇਹ ਝਗੜਾ ਕਦੋਂ ਨਿੱਬੜਦਾ ਹੈ ਇਹ ਤਾਂ ਸਮਾਂ ਦੱਸੇਗਾ ਹੀ ਪਰ ਨਾਲ ਹੀ ਹੁਣ ਇਹ ਪਤਾ ਲੱਗਣਾ ਹੈ ਓਹ ਨਾਮਧਾਰੀ ਕਿਹੜੇ ਹਨ ਜਿਹਨਾਂ ਨੂੰ ਇਹਨਾਂ ਦੁਨਿਆਵੀ ਜਾਇਦਾਦਾਂ ਨਾਲੋਂ ਜਿਆਦਾ ਚਿੰਤਾ ਨਾਮਧਾਰੀ ਉਹਨਾਂ ਸਿਧਾਂਤਾਂ ਅਤੇ ਨਾਮਧਾਰੀ ਵਿਰਸੇ ਦੀ ਹੈ ਜਿਹਨਾਂ ਦੀ ਰਾਖੀ ਲਈ ਨਾਮਧਾਰੀ ਸਿੰਘਾਂ ਨੇ ਤੋਪਾਂ ਅੱਗੇ ਖੜੋਣਾ ਮਨਜ਼ੂਰ ਕਰ ਲਿਆ ਸੀ ਪਰ ਈਨ ਨਹੀਂ ਸੀ ਮੰਨੀ। 

No comments: