Friday, May 13, 2016

ਤਿੰਨ ਮਜ਼ਦੂਰਾਂ ਦੀ ਦਰਦਨਾਕ ਮੌਤ ਦਾ ਪ੍ਰਤੀਕਰਮ ਹੋਰ ਤਿੱਖਾ

Fri, May 13, 2016 at 3:31 PM
ਕਾਰਖਾਨਿਆਂ ‘ਚ ਢੁੱਕਵੇਂ ਸੁਰੱਖਿਆ ਪ੍ਰਬੰਧਾਂ ਦੀ ਮੰਗ ਨੇ ਵੀ ਜੋਰ ਫੜ੍ਹਿਆ 
ਮਜ਼ਦੂਰਾਂ ਨੇ ਕੀਤਾ ਡੀ.ਸੀ. ਦਫਤਰ ’ਤੇ  ਜ਼ੋਰਦਾਰ ਮੁਜ਼ਾਹਰਾ
 ਹਾਦਸੇ ਦੇ ਕਸੂਰਵਾਰ ਗਿਆਨਚੰਦ ਡਾਈਂਗ ਦੇ ਮਾਲਕ ਨੂੰ ਗ੍ਰਿਫਤਾਰ ਕਰਨ ਦੀ ਅਵਾਜ਼ ਵੀ ਬੁਲੰਦ
ਲੁਧਿਆਣਾ: 13 ਮਈ, 2016: (*ਗੁਰਜੀਤ//ਪੰਜਾਬ ਸਕਰੀਨ):
ਅੱਜ ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜ਼ਦੂਰ ਯੂਨੀਅਨ ਅਤੇ ਬਿਗੁਲ ਮਜ਼ਦੂਰ ਦਸਤਾ ਦੀ ਅਗਵਾਈ ਵਿੱਚ ਲੁਧਿਆਣੇ ਦੇ ਸਨਅਤੀ ਮਜ਼ਦੂਰਾਂ ਨੇ ਡੀ.ਸੀ. ਦਫਤਰ, ਲੁਧਿਆਣਾ ਵਿਖੇ ਜੋਰਦਾਰ ਰੋਸ ਮੁਜਾਹਰਾ ਕੀਤਾ। ਮਿਹਰਬਾਨ, ਲੁਧਿਆਣਾ ਦੀ ਗਿਆਨਚੰਦ, ਡਾਈਂਗ (ਗੁਲਸ਼ਨ ਹੌਜ਼ਰੀ) ਵਿੱਚ ਲੰਘੀ 6 ਮਈ ਨੂੰ ਲੱਗੀ ਅੱਗ ਕਾਰਕ ਤਿੰਨ ਮਜ਼ਦੂਰਾਂ ਦੀ ਦਰਦਨਾਕ ਮੌਤ ਦੇ ਕਸੂਰਵਾਰ ਫੈਕਟਰੀ ਮਾਲਕ ‘ਤੇ ਧਾਰਾ 304 ਆਈ.ਪੀ.ਸੀ. ਤਹਿਤ ਕੇਸ ਦਰਜ ਕਰਨ, ਜੇਲ੍ਹ ’ਚ ਡੱਕਣ, ਮਾਮਲੇ ਨੂੰ ਰਫਾ-ਦਫਾ ਕਰਨ ਦੇ ਦੋਸ਼ੀ ਪੁਲੀਸ ਅਫ਼ਸਰਾਂ ਦੀ ਬਰਖਾਸਤਗੀ, ਕਸੂਰਵਾਰ ਕਿਰਤ ਵਿਭਾਗ ਦੇ ਅਫ਼ਸਰਾਂ ’ਤੇ ਸਖ਼ਤ ਕਾਰਵਾਈ ਕਰਨ, ਸਾਰੇ ਕਾਰਖਾਨਿਆਂ ਵਿੱਚ ਹਾਦਸਿਆਂ ਨੂੰ ਰੋਕਣ ਲਈ ਸੁਰੱਖਿਆ ਦੇ ਢੁੱਕਵੇਂ ਪ੍ਰਬੰਧ ਕਰਨ ਦੀ ਮੰਗ ਉਠਾਈ। ਮਜ਼ਦੂਰਾਂ ਨੇ ਕਾਰਖਾਨਿਆਂ ਵਿੱਚ ਪਹਿਚਾਣ ਪੱਤਰ, ਈ.ਐਸ.ਆਈ., ਪੱਕੇ ਹਾਜ਼ਰੀ ਕਾਰਡ/ਰਜਿਸ਼ਟਰ ਆਦਿ ਸਮੇਤ ਸਾਰੇ ਕਿਰਤ ਕਨੂੰਨ ਲਾਗੂ ਕਰਨ, ਸੁਰੱਖਿਆ ਦੇ ਪ੍ਰਬੰਧਾਂ ਦੀ ਅਣਦੇਖੀ ਕਰਨ ਵਾਲੇ ਕਾਰਖਾਨਾ ਮਾਲਕਾਂ ਖਿਲਾਫ਼ ਸਖਤ ਕਾਰਵਾਈ ਕਰਨ, ਪੀਡ਼ਤ ਪਰਿਵਾਰਾਂ ਨੂੰ ਢੁੱਕਵਾਂ ਮੁਆਵਜਾ ਦੇਣ ਲਈ ਵੀ ਜੋਰਦਾਰ ਅਵਾਜ ਉਠਾਈ। ਡੀ.ਸੀ. ਲੁਧਿਆਣਾ ਦੇ ਦਫਤਰ ਵਿੱਚ ਹਾਜ਼ਰ ਨਾ ਹੋਣ ਕਾਰਨ ਏ.ਡੀ.ਸੀ ਨੇ ਮੰਗ ਪੱਤਰ ਲਿਆ। ਮਜ਼ਦੂਰਾਂ ਦੇ ਦਬਾਅ ਕਾਰਨ ਏ.ਡੀ.ਸੀ. ਨੂੰ ਬਾਹਰ ਆ ਕੇ ਮੰਗ ਪੱਤਰ ਲੈਣਾ ਪਿਆ। ਏ.ਡੀ.ਸੀ. ਨੇ ਦੋਸ਼ੀਆਂ ਉੱਤੇ ਕਿਸੇ ਵੀ ਪ੍ਰਕਾਰ ਦੀ ਕਾਰਵਾਈ ਕਰਨ ਦਾ ਕੋਈ ਭਰੋਸਾ ਨਹੀਂ ਦਿੱਤਾ। ਏ.ਡੀ.ਸੀ. ਦਾ ਅੱਜ ਦਾ ਰਵੱਈਆ ਲੁਧਿਆਣਾ ਪ੍ਰਸ਼ਾਸਨ ਦੇ ਮਜ਼ਦੂਰ ਵਿਰੋਧੀ ਨਜ਼ਰੀਏ ਦੀ ਇੱਕ ਵੱਡੀ ਉਦਾਹਰਣ ਹੈ।
06 ਮਈ ਦੀ ਰਾਤ 2 ਵਜੇ ਬੰਟੀ ਝਾਅ, ਸਤੀਸ਼ ਰਾਊਤ ਅਤੇ ਭੋਲਾ ਨਾਂ ਦੇ ਤਿੰਨ ਮਜ਼ਦੂਰਾਂ ਦੀ ਉਪਰੋਕਤ ਫੈਕਟਰੀ ਵਿੱਚ ਲੱਗੀ ਅੱਗ ਵਿੱਚ ਝੁਲਸ ਕੇ ਮਾਰੇ ਗਏ ਸਨ। ਫੈਕਟਰੀ ਦੇ ਜਿਸ ਕਮਰੇ ਵਿੱਚ ਉਹ ਕੰਮ ਕਰ ਰਹੇ ਸਨ ਉੱਥੇ ਬਾਹਰ ਨਿੱਕਲਣ ਦਾ ਇੱਕ ਹੀ ਰਾਹ ਸੀ ਜਿੱਥੋਂ ਭਿਅੰਕਰ ਅੱਗ ਲੱਗੀ ਹੋਣ ਕਾਰਨ ਬਾਹਰ ਨਿੱਕਲਣਾ ਸੰਭਵ ਨਹੀਂ ਸੀ। ਐਮਰਜੰਸੀ ਹਾਲਤ ਲਈ ਕੋਈ ਰਾਹ ਨਹੀਂ ਸੀ। ਕਾਰਖਾਨੇ ਵਿੱਚ ਅੱਗ ਲੱਗਣ ਤੋਂ ਬਚਾਉਣ ਅਤੇ ਬਝਾਉਣ ਦੇ ਪ੍ਰਬੰਧ ਨਹੀਂ ਸਨ। 
ਇਸ ਮੌਕੇ ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਾਥੀ ਲਖਵਿੰਦਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮਜ਼ਦੂਰਾਂ ਦੀ ਮੌਤ ਦਾ ਕਸੂਰਵਾਰ ਸਪੱਸ਼ਟ ਰੂਪ ਵਿੱਚ ਕਾਰਖਾਨੇ ਦਾ ਮਾਲਕ ਹੈ ਜਿਸਨੇ ਮੁਨਾਫੇ ਦੇ ਲਾਲਚ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਪ੍ਰਬੰਧਾਂ ਦੀ ਅਣਦੇਖੀ ਕੀਤੀ ਹੈ। ਸੁਰੱਖਿਆ ਪ੍ਰਬੰਧਾਂ ਅਤੇ ਹੋਰ ਕਿਰਤ ਕਨੂੰਨਾਂ ਦੇ ਲਾਗੂ ਨਾ ਹੋਣ ਦੇ ਕਸੂਰਵਾਰ ਕਿਰਤ ਵਿਭਾਗ ਦੇ ਅਫ਼ਸਰ ਵੀ ਹਨ। ਪੁਲੀਸ ਨੇ ਸਦਮੇ ਦਾ ਸ਼ਿਕਾਰ ਪੀਡ਼ਤ ਪਰਿਵਾਰ ਉੱਤੇ ਸਮਝੌਤੇ ਦਾ ਦਬਾਅ ਪਾ ਕੇ ਮਾਮਲਾ ਰਫਾ ਦਫਾ ਕਰਨ ਦੀ ਸਾਜਿਸ਼ ਰਚੀ ਹੈ। ਮਾਲਕ ਉੱਤੇ ਧਾਰਾ 304 ਤਹਿਤ ਕਾਰਵਾਈ ਬਣਦੀ ਸੀ ਪਰ ਪੁਲੀਸ ਨੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ। ਉਹਨਾਂ ਕਿਹਾ ਇਸ ਮਾਮਲੇ ਦੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਪੀਡ਼ਤ ਮਜ਼ਦੂਰਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਮਾਲਕ ਅਤੇ ਸਰਕਾਰ ਵੱਲੋਂ ਪੀਡ਼ਤ ਪਰਿਵਾਰਾਂ ਨੂੰ ਵੀਹ-ਵੀਹ ਲੱਖ ਰੁਪਏ ਮੁਆਵਜਾ ਮਿਲਣਾ ਚਾਹੀਦਾ ਹੈ। 
ਬਿਗੁਲ ਮਜ਼ਦੂਰ ਦਸਤਾ ਦੇ ਆਗੂ ਵਿਸ਼ਵਨਾਥ ਨੇ ਕਿਹਾ ਲੁਧਿਆਣਾ ਹੀ ਸਗੋਂ ਦੇਸ਼ ਦੇ ਸਾਰੇ ਕਾਰਖਾਨਿਆਂ ਵਿੱਚ ਰੋਜਾਨਾਂ ਭਿਆਨਕ ਹਾਦਸੇ ਵਾਪਰਦੇ ਹਨ ਜਿਨ੍ਹਾਂ ਵਿੱਚ ਮਜ਼ਦੂਰਾਂ ਦੀਆਂ ਮੌਤਾਂ ਹੁੰਦੀਆਂ ਹਨ ਤੇ ਅਪਾਹਿਜ ਵੀ ਹੁੰਦੇ ਹਨ। ਮਾਲਕਾਂ ਨੂੰ ਸਿਰਫ਼ ਆਪਣੇ ਮੁਨਾਫੇ ਦੀ ਚਿੰਤਾ ਹੈ। ਮਜ਼ਦੂਰ ਤਾਂ ਉਹਨਾਂ ਲਈ ਸਿਰਫ਼ ਮਸ਼ੀਨਾਂ ਦੇ ਪੁਰਜੇ ਬਣ ਰਹਿ ਗਏ ਹਨ। ਸਾਰੇ ਦੇਸ਼ ਵਿੱਚ ਸਰਮਾਏਦਾਰ ਸੁਰੱਖਿਆ ਸਬੰਧੀ ਨਿਯਮ-ਕਨੂੰਨਾਂ ਸਮੇਤ ਸਾਰੇ ਕਿਰਤ ਕਨੂੰਨਾਂ ਦੀਆਂ ਧੱਜੀਆਂ ਉਡਾ ਰਹੇ ਹਨ। ਸਰਮਾਏਦਾਰਾਂ, ਸਰਕਾਰ, ਕਿਰਤ ਵਿਭਾਗ, ਪੁਲੀਸ-ਪ੍ਰਸ਼ਾਸਨ, ਗੁੰਡਿਆਂ ਦਾ ਨਾਪਾਕ ਗਠਜੋਡ਼ ਮਜ਼ਦੂਰਾਂ ਦੇ ਹੱਕਾਂ ਨੂੰ ਕੁਚਲ ਰਿਹਾ ਹੈ। ਉਹਨਾਂ ਕਿਹਾ ਕਿ ਮਜ਼ਦੂਰਾਂ ਨੂੰ ਇਸ ਲੁੱਟ-ਖਸੁੱਟ, ਬੇਇਨਸਾਫੀ ਖਿਲਾਫ਼ ਜੋਰਦਾਰ ਇੱਕਮੁੱਠਤਾ ਕਾਇਮ ਕਰਨੀ ਪਵੇਗੀ। 
ਆਗੂਆਂ ਨੇ ਕਿਹਾ ਕਿ ਜਦੋਂ ਤੋਂ ਕੇਂਦਰ ਵਿੱਚ ਮੋਦੀ ਸਰਕਾਰ ਬਣੀ ਹੈ ਉਦੋਂ ਤੋਂ ਮਜ਼ਦੂਰਾਂ ਦੀ ਹਾਲਤ ਹੋਰ ਵੀ ਭੈੜੀ ਹੋ ਗਈ ਹੈ। ਮੋਦੀ ਸਰਕਾਰ ਇਸ ਤੋਂ ਪਹਿਲੀਆਂ ਸਰਕਾਰਾਂ ਤੋਂ ਵੀ ਤੇਜੀ ਅਤੇ ਸਖਤੀ ਨਾਲ਼ ਮਜੂਦਰਾਂ ਦੇ ਹੱਕਾਂ ਨੂੰ ਕੁਚਲ ਰਹੀ ਹੈ। ਸਰਮਾਏਦਾਰਾਂ ਨੂੰ ਕਿਰਤ ਕਨੂੰਨਾਂ ਦੀਆਂ ਧੱਜੀਆਂ ਉਡਾਉਣ ਦੀ ਪੂਰੀ ਖੁੱਲ੍ਹ ਮਿਲ ਚੁੱਕੀ ਹੈ ਜਿਸ ਕਾਰਨ ਸਨਅਤੀ ਹਾਦਸਿਆਂ ਵਿੱਚ ਵੀ ਵਾਧਾ ਹੋ ਚੁੱਕਾ ਹੈ।  
ਕਾਰਖਾਨਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਲਖਵਿੰਦਰ, ਟੈਕਸਟਾਈਲ-ਹੌਜ਼ਰੀ ਕਾਮਗਾਰ ਯੂਨੀਅਨ ਦੇ ਆਗੂ ਘਨਸ਼ਿਆਮ, ਬਿਗੁਲ ਮਜ਼ਦੂਰ ਦਸਤਾ ਦੇ ਆਗੂ ਵਿਸ਼ਵਨਾਥ, ਨੌਜਵਾਨ ਭਾਰਤ ਸਭਾ ਦੀ ਆਗੂ ਬਲਜੀਤ ਤੋਂ ਇਲਾਵਾ ਮੌਲਡਰ ਐਂਡ ਸਟੀਲ ਵਰਕਰਜ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ, ਵਿਜੇ ਨਾਰਾਇਣ, ਲੋਕ ਮੋਰਚਾ ਪੰਜਾਬ ਦੇ ਆਗੂ ਕਸਤੂਰੀ ਲਾਲ, ਇਨਕਲਾਬੀ ਕੇਂਦਰ ਪੰਜਾਬ ਦੇ ਆਗੂ ਜਸਵੰਤ ਜੀਰਖ ਆਦਿ ਨੇ ਸੰਬੋਧਿਤ ਕੀਤਾ। 
ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਮਜ਼ਦੂਰਾਂ ਦੀਆਂ ਮੰਗਾਂ ਤੁਰੰਤ ਮੰਨੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਪ੍ਰਸ਼ਾਸਨ ਨੂੰ ਮਜ਼ਦੂਰਾਂ ਦੇ ਤਿੱਖੇ ਘੋਲ ਦਾ ਸਾਹਮਣਾ ਕਰਨਾ ਪਵੇਗਾ। 

*ਗੁਰਜੀਤ  ਕਾਰਖਾਨਾ ਮਜ਼ਦੂਰ ਯੂਨੀਅਨ, ਪੰਜਾਬ ਦੇ ਬੁਲਾਰੇ ਵੀ ਹਨ ਅਤੇ ਉਹਨਾਂ ਦਾ ਸੰਪਰਕ ਫੋਨ ਨੰ.- 7508681081

No comments: