Thursday, April 28, 2016

ਸਤਨਾਮ ਵਰਗੇ ਲੇਖਕ ਦਾ ਇਸ ਤਰ੍ਹਾਂ ਤੁਰ ਜਾਣਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ

Thu, Apr 28, 2016 at 4:22 PM
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ 
 ਸਤਨਾਮ ਦੇ ਬੇਵਕਤੀ ਤੁਰ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ
ਲੁਧਿਆਣਾ: 28 ਅਪ੍ਰੈਲ 2016: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਅਹੁਦੇਦਾਰਾਂ ਤੇ ਸਮੂਹ ਮੈਂਬਰਾਂ ਵਿਚ ਜੰਗਲਨਾਮਾ ਦੇ ਲੇਖਕ ਸ੍ਰੀ ਸਤਨਾਮ ਦੇ ਦੇਹਾਂਤ ’ਤੇ ਸ਼ੋਕ ਦੀ ਲਹਿਰ ਫੈਲ ਗਈ ਹੈ। ਬੀਤੇ ਦਿਨ ਆਦਿ ਵਾਸੀ ਲੋਕਾਂ ਦੀ ਜ਼ਿੰਦਗੀ ਬਾਰੇ ਲਿਖੇ ਨਾਵਲ ‘ਜੰਗਲਨਾਮਾ’ ਦੇ ਲੇਖਕ ਸਤਨਾਮ ਦੀ ਖੁਦਕੁਸ਼ੀ ਦੀ ਖਬਰ ਜੰਗਲ ਦੀ ਅੱਗ ਵਾਂਗੂੰ ਫੈਲ ਗਈ ਹੈ। ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਨੇ ਕਿਹਾ ਕਿ ਸਤਨਾਮ ਵਰਗੇ ਸੰਵੇਦਨਸ਼ੀਲ ਵਿਚਾਰਧਾਰਕ ਪ੍ਰਤੀਬੱਧਤਾ ਵਾਲੇ ਲੇਖਕ ਦਾ ਇਸ ਤਰ੍ਹਾਂ ਤੁਰ ਜਾਣਾ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਸਾਡੇ ਸਮਿਆਂ ਦੀ ਕਰੂਰਤਾ ਨੇ ਸਾਡੇ ਕੋਲੋਂ ਇਸ ਕਿਸਮ ਦਾ ਲੇਖਕ ਬੜੇ ਜ਼ਾਲਮਾਨਾ ਤਰੀਕੇ ਨਾਲ ਖੋਹ ਲਿਆ ਹੈ। 

ਖੱਬੀਆਂ ਧਿਰਾਂ ਵਿੱਚ ਉਦਾਸੀ ਦੀ ਲਹਿਰ-ਸ਼ਰਧਾਂਜਲੀ ਸਮਾਗਮ 8 ਮਈ ਨੂੰ 

ਅਕਾਡਮੀ ਦੇ ਜਨਰਲ ਸਕੱਤਰ ਡਾ. ਸੁਰਜੀਤ ਸਿੰਘ ਅਤੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਨੇ ਕਿਹਾ ਕਿ ਜੰਗਲਨਾਮਾ ਭਾਵੇਂ ਇਕੋ ਰਚਨਾ ਹੈ ਪਰ ਇਸ ਦਾ ਅਤੇ ਇਸ ਦੇ ਲੇਖਕ ਦਾ ਸਾਹਿਤ ਵਿਚ ਵਿਲੱਖਣ ਸਥਾਨ ਹੈ।  ਜੰਗਲਾਂ ਵਿਚ ਰਹਿੰਦੇ ਲੋਕਾਂ ਦੀ ਜ਼ਿੰਦਗੀ ਨੂੰ ਨੇੜਿਉਂ ਦੇਖ ਵਾਚ ਕੇ ਲਿਖਿਆ ਇਹ ਨਾਵਲ ਉਨ੍ਹਾਂ ਦੀਆਂ ਜ਼ਮੀਨੀ ਪੱਧਰ ਦੀਆਂ ਲਹਿਰਾਂ ਦੀਆਂ ਵੀ ਪਰਤਾਂ ਖੋਲ੍ਹਦਾ ਹੈ। ਉਨ੍ਹਾਂ ਕਿਹਾ ਸਤਨਾਮ ਦੇ ਬੇਵਕਤੀ ਤੁਰ ਜਾਣ ਨਾਲ ਪੰਜਾਬੀ ਸਾਹਿਤ ਜਗਤ ਅਤੇ ਚਿੰਤਨ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।
ਸ਼ੋਕ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਪਿ੍ਰੰ. ਪ੍ਰੇਮ ਸਿੰਘ ਬਜਾਜ, ਡਾ. ਸਰੂਪ ਸਿੰਘ ਅਲੱਗ, ਸੁਰਿੰਦਰ ਕੈਲੇ, ਤ੍ਰੈਲੋਚਨ ਲੋਚੀ, ਡਾ. ਗੁਰਚਰਨ ਕੌਰ ਕੋਚਰ, ਡਾ. ਦੇਵਿੰਦਰ ਦਿਲਰੂਪ, ਸਹਿਜਪ੍ਰੀਤ ਸਿੰਘ ਮਾਂਗਟ, ਮਨਜਿੰਦਰ ਧਨੋਆ, ਅਜੀਤ ਪਿਆਸਾ, ਡਾ. ਗੁਲਜ਼ਾਰ ਸਿੰਘ ਪੰਧੇਰ, ਜਨਮੇਜਾ ਸਿੰਘ ਜੌਹਲ, ਭਗਵਾਨ ਢਿੱਲੋਂ, ਤਰਲੋਚਨ ਝਾਂਡੇ, ਹਰਬੰਸ ਮਾਲਵਾ ਸਮੇਤ ਸਥਾਨਕ ਲੇਖਕ ਸ਼ਾਮਲ ਸਨ।

No comments: