Tuesday, September 15, 2015

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਵਿਸ਼ੇਸ਼ ਆਯੋਜਨ

Tue, Sep 15, 2015 at 12:55 PM
ਭਾਅ ਜੀ ਗੁਰਸ਼ਰਨ ਸਿੰਘ ਪੁਰਸਕਾਰ ਪ੍ਰੋ. ਅਜਮੇਰ ਔਲਖ ਨੂੰ 
ਪ੍ਰੋ. ਨਿਰਪਜੀਤ ਕੌਰ ਗਿੱਲ ਪੁਰਸਕਾਰ ਪ੍ਰੋ. ਤੇਜ ਕੌਰ ਦਰਦੀ ਨੂੰ
ਆਲੋਚਨਾ’ ਦਾ ਪਹਿਲਾ ਰੈਫ਼ਰੀਡ ਜਨਰਲ ਅੰਕ ਲੋਕ ਅਰਪਨ
ਲੁਧਿਆਣਾ: 15 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):
ਪੰਜਾਬੀ ਸਾਹਿਤ ਅਕਾਡਮੀ ਦੇ ਪੁਰਸਕਾਰਾਂ ਸੰਬੰਧੀ ਕਮੇਟੀ ਦੀ ਮੀਟਿੰਗ ਡਾ. ਸ. ਪ. ਸਿੰਘ ਹੋਰਾਂ ਦੀ ਪ੍ਰਧਾਨਗੀ ਹੇਠ ਪੰਜਾਬੀ ਭਵਨ ਲੁਧਿਆਣਾ ਵਿਖੇ ਹੋਈ ਜਿਸ ਵਿਚ ਦੋ ਪੁਰਸਕਾਰ ਭਾਅ ਜੀ ਗੁਰਸ਼ਰਨ ਸਿੰਘ ਹੋਰਾਂ ਦੀ ਯਾਦ ਵਿਚ ਅਤੇ ਪ੍ਰੋ. ਨਿਰਪਜੀਤ ਕੌਰ ਗਿੱਲ ਦੀ ਯਾਦ ਵਿਚ ਸਥਾਪਿਤ ਕੀਤੇ ਗਏ। ਅਕਾਡਮੀ ਦੇ ਜਨਰਲ ਸਕੱਤਰ ਡਾ. ਅਨੂਪ ਸਿੰਘ ਨੇ ਦਸਿਆ ਕਿ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪੁਰਸਕਾਰ ਪੰਜਾਬੀ ਲੋਕ ਲਿਖਾਰੀ ਮੰਚ ਬਟਾਲਾ ਵੱਲੋਂ ਅਤੇ ਪ੍ਰੋ. ਨਿਰਪਜੀਤ ਕੌਰ ਗਿੱਲ ਯਾਦਗਾਰੀ ਪੁਰਸਕਾਰ ਪ੍ਰੋ. ਗੁਰਭਜਨ ਸਿੰਘ ਗਿੱਲ ਵੱਲੋਂ ਸਥਾਪਿਤ ਕੀਤਾ ਗਿਆ ਹੈ। ਅਕਾਡਮੀ ਦੇ ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਨੇ ਦਸਿਆ ਕਿ ਇਹ ਦੋਨੋਂ ਪੁਰਸਕਾਰ ਨਵੇਂ ਸਥਾਪਿਤ ਕੀਤੇ ਗਏ ਹਨ ਅਤੇ ਅਕਾਡਮੀ ਵੱਲੋਂ ਹਰ ਸਾਲ ਪ੍ਰਦਾਨ ਕੀਤੇ ਜਾਣਗੇ। ਇਸ ਵਾਰ ਪਹਿਲੀ ਵਾਰ ਦਿੱਤੇ ਜਾ ਰਹੇ ਹਨ। ਇਨ੍ਹਾਂ ਪੁਰਸਕਾਰਾਂ ਵਿਚ ਇੱਕੀ-ਇੱਕੀ ਹਜ਼ਾਰ ਰੁਪਏ, ਦੋਸ਼ਾਲੇ ਅਤੇ ਸਨਮਾਨ ਪੱਤਰ ਭੇਟਾ ਕੀਤੇ ਜਾਣਗੇ।
ਮੀਟਿੰਗ ਵਿਚ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਜਨਰਲ ਸਕੱਤਰ ਡਾ. ਅਨੂਪ ਸਿੰਘ, ਪ੍ਰੋ. ਨਿਰੰਜਨ ਤਸਨੀਮ, ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ, ਸਾਬਕਾ ਜਨਰਲ ਸਕੱਤਰ ਪਿ੍ਰੰ. ਪ੍ਰੇਮ ਸਿੰਘ ਬਜਾਜ ਅਤੇ ਪ੍ਰੋ. ਰਵਿੰਦਰ ਭੱਠਲ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਸ਼ਾਮਲ ਹੋਏ। ਅਕਾਡਮੀ ਦੀ ਨਿਰਧਾਰਤ ਨਿਯਮਾਂ ਅਨੁਸਾਰ ਬਣੀ ਕਮੇਟੀ ਦੀ ਮੀਟਿੰਗ ਵਿਚ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਭਾਅ ਜੀ ਗੁਰਸ਼ਰਨ ਸਿੰਘ ਯਾਦਗਾਰੀ ਪ੍ਰਸਿੱਧ ਨਾਟਕਕਾਰ ਪ੍ਰੋ. ਅਜਮੇਰ ਸਿੰਘ ਔਲਖ ਨੂੰ ਅਤੇ ਪ੍ਰੋ. ਨਿਰਪਜੀਤ ਕੌਰ ਯਾਦਗਾਰੀ ਪੁਰਸਕਾਰ
ਸਿੱਖਿਆ ਖੇਤਰ ਦੀ ਉੱਘੀ ਸ਼ਖ਼ਸੀਅਤ ਪ੍ਰੋ. ਤੇਜ ਕੌਰ ਦਰਦੀ ਨੂੰ ਦਿੱਤੇ ਜਾਣਗੇ।

ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਮੈਗਜ਼ੀਨ ‘ਆਲੋਚਨਾ’ ਦਾ ਪਹਿਲਾ ਰੈਫ਼ਰੀਡ ਜਨਰਲ ਅੰਕ ਹਾਜ਼ਰ ਵਿਦਵਾਨਾਂ ਵੱਲੋਂ ਲੋਕ ਅਰਪਨ ਕੀਤਾ ਗਿਆ। ਇਸ ਅੰਕ ਦੇ ਸਰਪ੍ਰਸਤ ਡਾ.ਸੁਖਦੇਵ ਸਿੰਘ, ਮੁੱਖ ਸੰਪਾਦਕ ਡਾ. ਅਨੂਪ ਸਿੰਘ ਅਤੇ ਸੰਪਾਦਕ ਡਾ. ਸੁਰਜੀਤ ਸਿੰਘ ਨੇ ਦਸਿਆ ਕਿ ਇਹ ਆਲੋਚਨਾ ਦਾ ਅੰਕ ਬਕਾਇਦਾ ਰੈਫ਼ਰੀਡ ਪਰਚਿਆਂ ਦੀਆਂ ਸ਼ਰਤਾ ਅਨੁਸਾਰ ਛਾਪਿਆ ਗਿਆ ਹੈ। ਅਤੇ ਅੱਗੋਂ ਤੋਂ ਇਨ੍ਹਾਂ ਨਿਯਮਾਂ ਅਨੁਸਾਰ ਹੀ ਛਾਪਿਆ ਜਾਵੇਗਾ। ਅਗਲਾ ਅੰਕ ਅਕਤੂਬਰ ਵਿਚ ਪਾਠਕਾਂ ਦੇ ਹੱਥਾਂ ਵਿਚ ਹੋਵੇਗਾ।

No comments: