Thursday, September 03, 2015

ਹੁਣ ਮਿਲੀ ਇੱਕ ਹੋਰ ਕੁੜੀ ਦੀ ਲਾਸ਼--ਜਬਰ ਜਨਾਹ ਮਗਰੋਂ ਬੇਰਹਿਮੀ ਨਾਲ ਕਤਲ

Updated on 3 September 2015 at 5 :00 PM
ਲਗਾਤਾਰ ਵਧ ਰਹੀ ਹੈ ਅਸੁਰੱਖਿਆ ਦੀ ਭਾਵਨਾ 
ਲੁਧਿਆਣਾ: 3 ਸਤੰਬਰ 2015: (ਪੰਜਾਬ ਸਕਰੀਨ ਬਿਊਰੋ):  
ਲਗਾਤਾਰ ਵਧ ਰਹੀਆਂ ਫੋਰਸਾਂ ਅਤੇ ਕਾਨੂੰਨੀ ਸਖਤੀਆਂ ਦੇ ਬਾਵਜੂਦ ਮੁਜਰਮਾਂ ਦੇ ਹੋਂਸਲੇ ਬੁਲੰਦ ਹਨ ਅਤੇ ਆਮ ਨਾਗਰਿਕ ਇਹਨਾਂ ਦਾ ਸ਼ਿਕਾਰ ਬਣਨ ਲਈ ਮਜਬੂਰ। ਲੁਧਿਆਣਾ ਦੀ ਜਵੱਦੀ ਵਾਲੀ ਪੁਲੀ ਤੋਂ ਮਿਲੀ ਇੱਕ ਸਕੂਲ ਪੜ੍ਹਦੀ ਕੁੜੀ ਦੀ ਲਾਸ਼ ਤੋਂ ਸਾਬਿਤ ਹੁੰਦਾ ਹੈ ਕਿ ਅਸੀਂ ਦਾਮਿਨੀ ਉਰਫ ਨਿਰਭਿਆ ਨੂੰ ਗੁਆ ਕੇ ਵੀ ਅਸਲ ਵਿੱਚ ਕੋਈ ਠੋਸ ਕਦਮ ਨਹੀਂ ਪੁੱਟਿਆ। 
ਤਾਜ਼ਾ ਖਬਰਾਂ ਅਨੁਸਾਰ ਸਥਾਨਕ ਜਨਤਾ ਨਗਰ 'ਚ ਗਿਆਰ੍ਹਵੀਂ ਜਮਾਤ 'ਚ ਪੜ੍ਹਦੀ ਇਕ ਵਿਦਿਆਰਥਣ ਨੂੰ ਅਗਵਾ ਕਰਨ ਉਪਰੰਤ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਕੁੜੀ ਨਾਲ ਜਬਰ ਜਨਾਹ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਇਸ ਲੜਕੀ ਦਾ ਪਿਤਾ ਬੀਤੇ ਦਿਨ ਉਸ ਨੂੰ ਸਕੂਲ ਛੱਡ ਕੇ ਆਇਆ ਸੀ ਜਦੋਂ ਉਹ ਦੇਰ ਸ਼ਾਮ ਤੱਕ ਘਰ ਵਾਪਸ ਨਾ ਪਰਤੀ ਤਾਂ ਪਰਿਵਾਰ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। 
ਪੁਲਿਸ ਵਲੋਂ ਇਸ ਸਬੰਧੀ ਰਿਪੋਰਟ ਦਰਜ ਕਰ ਲਈ ਗਈ। ਅੱਜ ਸਵੇਰੇ ਕੁਝ ਲੋਕਾਂ ਨੂੰ ਲੜਕੀ ਦੀ ਲਾਸ਼ ਜਵੱਦੀ ਨੇੜੇ ਜਾਂਦੀ ਨਹਿਰ 'ਚ ਮਿਲੀ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ 'ਤੇ ਪਹੁੰਚੇ। ਪੁਲਿਸ ਵਲੋਂ ਮ੍ਰਿਤਕਾ ਦੀ ਲਾਸ਼ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਮ੍ਰਿਤਕ ਲੜਕੀ ਨਾਲ ਜਬਰ ਜਨਾਹ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ। ਇਸ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਨੇ ਵੀ ਕਰ ਦਿੱਤੀ ਹੈ। ਇਸ ਹਿਰਦੇਵੇਧਕ ਮੌਤ ਨਾਲ ਸੁਰੱਖਿਆ ਦਾ ਸੁਆਲ ਇੱਕ ਵਾਰ ਫੇਰ ਗੰਭੀਰਤਾ ਨਾਲ ਖੜਾ ਹੋ ਗਿਆ ਹੈ। ਮ੍ਰਿਤਕ ਕੁੜੀ ਦਾ ਪੋਸਟ ਮਾਰਟਮ ਕਰਵਾਇਆ ਗਿਆ ਤਾਂ ਉਸ 'ਚ ਸਮੂਹਕ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਮੌਤ ਦਾ ਕਾਰਨ ਗਲਾ ਘੁੱਟਣਾ ਅਤੇ ਸਿਰ 'ਤੇ ਸੱਟ ਲੱਗਣਾ ਦੱਸਿਆ ਗਿਆ ਹੈ ਮ੍ਰਿਤਕਾ ਦੇ ਗੁਪਤ ਅੰਗ ਅਤੇ ਬਾਹਾਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਵਾਰ ਕੀਤੇ ਹੋਏ ਸਨ। ਪੋਸਟ ਮਾਰਟਮ ਤੋਂ ਬਾਅਦ ਪੁਲਸ ਨੇ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਰਿੰਦਗੀ ਦਾ ਸ਼ਿਕਾਰ ਹੋਈ ਇਹ ਮਾਸੂਮ ਕੁੜੀ ਰੋਜ਼ਾਨਾ ਦੀ ਤਰ੍ਹਾਂ ਬੁੱਧਵਾਰ ਨੂੰ ਸਕੂਲ ਗਈ ਸੀ, ਪਰ ਦੁਪਹਿਰ ਨੂੰ ਛੁੱਟੀ ਹੋਣ ਮਗਰੋਂ ਘਰ ਵਾਪਸ ਨਹੀਂ ਆੲੀ। ਕਾਫ਼ੀ ਚਿਰ ਤੱਕ ਜਦੋਂ ਇਹ ਵਾਪਸ ਨਹੀਂ ਆਈ ਤਾਂ ਉਸ ਦੇ ਮਾਪਿਆਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਬਾਅਦ ਵਿੱਚ ਉਨ੍ਹਾਂ ਆਪਣੀ ਬੇਟੀ ਦੇ ਗੁੰਮ ਹੋਣ ਸਬੰਧੀ ਰਿਪੋਰਟ ਵੀ ਦਰਜ ਕਰਵਾ ਦਿੱਤੀ। ਮ੍ਰਿਤਕਾ ਦੇ ਪਿਤਾ ਨੇ ਪੁਲੀਸ ਨੂੰ ਸ਼ਿਕਾਇਤ ਦਿੱਤੀ ਸੀ ਕਿ ੳੁਸ ਦੀ ਲੜਕੀ ਇਲਾਕੇ ਦੇ ਹੀ ਇੱਕ ਸਕੂਲ ਵਿੱਚ 12ਵੀਂ ਜਮਾਤ ਵਿੱਚ ਪੜ੍ਹਦੀ ਹੈ। ਬੀਤੇ ਦਿਨੀਂ ਵੀ ਉਨ੍ਹਾਂ ਦੀ ਧੀ ਆਪਣੀ ਸਹੇਲੀਆਂ ਨਾਲ ਸਕੂਲ ਗਈ ਪਰ ਬਾਅਦ ਵਿੱਚ ਘਰ ਵਾਪਸ ਨਹੀਂ ਆਈ। ਉਨ੍ਹਾਂ ਸ਼ੱਕ ਜ਼ਾਹਿਰ ਕੀਤਾ ਕਿ ਉਨ੍ਹਾਂ ਦੀ ਧੀ ਨੂੰ ਕੁਝ ਲੋਕ ਰਸਤੇ ਵਿੱਚ ਹੀ ਅਗਵਾ ਕਰਕੇ ਲੈ  ਗਏ ਹਨ, ਜਿਸ ਤੋਂ ਬਾਅਦ ਪੁਲੀਸ ਨੇ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਥਾਣਾ ਸ਼ਹੀਦ ਭਗਤ ਸਿੰਘ ਨਗਰ ਦੀ ਪੁਲੀਸ ਮੁਤਾਬਕ ਤੜਕੇ ਤੜਕੇ ਉਨ੍ਹਾਂ ਨੂੰ ਰਾਹਗੀਰ ਨੇ ਸੂਚਨਾ ਦਿੱਤੀ ਕਿ ਜਵੱਦੀ ਨਹਿਰ ਕੋਲ ਇੱਕ ਸਕੂਲ ਬੈਗ ਅਤੇ ਸ਼ਨਾਖ਼ਤੀ ਕਾਰਡ ਪਇਆ ਹੋਇਆ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਮੌਕੇ ’ਤੇ ਪੁਲੀਸ ਪਾਰਟੀ ਭੇਜੀ ਅਤੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਦੀ ਸੂਚਨਾ ਭੇਜੀ। ਮੌਕੇ ’ਤੇ ਪਹੁੰਚੇ ਪਰਿਵਾਰ ਵਾਲਿਆਂ ਅਤੇ ਪੁਲੀਸ  ਪਾਰਟੀ ਨੂੰ  ਨਹਿਰ ਕਿਨਾਰਿਓਂ ਪਹਿਲਾਂ ਲੜਕੀ ਦਾ ਸਕੂਲ ਬੈਗ, ਕੱਪਡ਼ੇ ਅਤੇ ਸ਼ਨਾਖ਼ਤੀ ਕਾਰਡ ਮਿਲਿਆ। ਬਾਅਦ ਵਿੱਚ ਪੁਲੀਸ ਨੂੰ ਨਹਿਰ ਦੇ ਇੱਕ ਕਿਨਾਰੇ ’ਤੇ ਤਰਦੀ ਇੱਕ ਲਾਸ਼ ਦਿਖਾਈ ਦਿੱਤੀ,  ਜਿਨ੍ਹਾਂ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਪਰਿਵਾਰ ਵਾਲਿਆਂ ਨੇ ਜਦੋਂ ਆਪਣੀ ਲੜਕੀ ਦੀ ਸ਼ਨਾਖ਼ਤ ਕੀਤੀ ਤਾਂ ਪੁਲੀਸ ਨੇ ਲਾਸ਼ ਨੂੰ ਸਿਵਲ ਹਸਪਤਾਲ ਪੋਸਟਮਾਰਟਮ ਲਈ ਭੇਜ ਦਿੱਤੀ। ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦੀ ਟੀਮ ਤੋਂ ਮਿਲੀ ਜਾਣਕਾਰੀ ਮੁਤਾਬਕ ਲੜਕੀ ਨਾਲ ਪਹਿਲਾਂ ਕਾਤਲਾਂ ਨੇ ਜਬਰ ਜਨਾਹ ਕੀਤਾ ਅਤੇ ਬਾਅਦ ਵਿੱਚ ਉਸ ਨੂੰ ਗੱਲਾ ਘੁੱਟ ਕੇ ਮਾਰ ਦਿੱਤਾ। ਜਦੋਂ ਕੁੜੀ ਦੀ ਲਾਸ਼ ਨਹਿਰ ਵਿੱਚੋਂ ਮਿਲੀ ਤਾਂ ਉਸ ਦੇ ਪੈਰ ਉਸਸੇ ਦੀ ਚੁੰਨੀ ਨਾਲ ਬੰਨ੍ਹੇ ਹੋਏ ਸਨ। ਪੁਲੀਸ ਨੇ ਇਸ ਮਾਮਲੇ ਵਿੱਚ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰ ਪੜਤਾਲ ਸ਼ੁਰੂ ਕਰ ਦਿੱਤੀ ਹੈ। 
ਇਸ ਕਤਲਕਾਂਡ ਦੀ ਗੁੱਥੀ ਸੁਲਝਾਉਣ ਲਈ ਕਈ ਪੁਲਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਜਾਂਚ 'ਚ ਲੱਗ ਗਈਆਂ ਹਨ। ਉਮੀਦ ਹੈ  ਗੱਲ ਖੁਲ੍ਹ ਕੇ ਸਾਹਮਣੇ ਆ ਜਾਵੇਗੀ ਅਤੇ ਦੋਸ਼ੀ ਦਰਿੰਦੇ ਪੁਲਿਸ ਦੀ ਪਕੜ ਵਿੱਚ ਹੋਣਗੇ। 
ਹੁਣ ਇੱਕ ਵਾਰ ਫੇਰ ਮੁਜ਼ਾਹਰੇ ਹੋਣਗੇ, ਮੋਮਬੱਤੀਆਂ ਜਗਾਈਆਂ ਜਾਣਗੀਆਂ  ਅਤੇ ਰਚਿਆ ਜਾਏਗਾ ਕੁੜੀਆਂ ਲਈ ਕਦਰ ਦਾ ਢੋੰਗ। ਚਾਰ ਦਿਨਾਂ ਮਗਰੋਂ ਫਿਰ ਭੁੱਲ ਭਲਾ ਜਾਏਗੀ ਇਸ ਕੁੜੀ ਦੀ ਦਾਸਤਾਨ ਵੀ ਕਿਓਂਕਿ ਉਦੋਂ ਤੱਕ ਬਣ ਚੁੱਕੀ ਹੋਵੇਗੀ ਕੋਈ ਹੋਰ ਕੁੜੀ ਇਹਨਾਂ ਦਰਿੰਦਿਆਂ ਦਾ ਸ਼ਿਕਾਰ। ਪਤਾ ਨਹੀਂ ਸਦਾ ਸਮਾਜ ਅਤੇ ਪ੍ਰਸ਼ਾਸਨ ਕਦੋਂ ਗੰਭੀਰ ਹੋ ਕੇ ਅਜਿਹੇ ਵਹਿਸ਼ੀਆਂ ਲਈ ਕਦਮ ਕਦਮ 'ਤੇ ਖੌਫ਼ ਬਣੇਗਾ?
ਦੋ ਹੋਰਾਂ ਨਾਲ ਵੀ ਜਬਰ ਜਨਾਹ 
ਇਸੇ ਦੌਰਾਨ  ਸਨਅਤੀ ਸ਼ਹਿਰ ਵਿੱਚ ਦੋ ਵੱਖ ਵੱਖ ਥਾਣਿਆਂ ਦੀ ਪੁਲੀਸ ਨੇ ਦੋ ਲੜਕੀਆਂ ਨਾਲ ਜਬਰ ਜਨਾਹ ਦੇ ਕੇਸ ਦਰਜ ਕੀਤੇ ਹਨ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਪਿੰਡ ਜੰਡਿਆਲੀ ਵਿੱਚ ਇੱਕ ਮਿੱਲ ਦੇ ਕੁਆਰਟਰਾਂ ਵਿੱਚ ਰਹਿਣ ਵਾਲੀ ਲੜਕੀ ਨਾਲ ਗੁਆਂਢ ਵਿੱਚ ਹੀ ਰਹਿਣ ਵਾਲੇ ਇੱਕ ਨੌਜਵਾਨ ਨੇ ਜਬਰ ਜਨਾਹ ਕੀਤਾ। ਪੀੜਤ ਲੜਕੀ ਦੀ ਮਾਂ ਨੂੰ ਜਦੋਂ ਪਤਾ ਲੱਗਿਆ ਤਾਂ ਉਸ ਨੇ ਰੌਲਾ ਪਾਇਆ, ਪਰ ਮੁਲਜ਼ਮ ਅੌਰਤ ਨੂੰ ਧੱਕਾ ਮਾਰ ਕੇ ਫ਼ਰਾਰ ਹੋ ਗਿਆ। ਥਾਣਾ ਸਾਹਨੇਵਾਲ ਦੀ ਪੁਲੀਸ ਨੇ ਪਿੰਡ ਅਰਜੀ ਖੁਰਦ ਦੇ ਵਿਕਾਸ ਯਾਦਵ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਦੂਜੇ ਮਾਮਲੇ ਵਿੱਚ ਥਾਣਾ ਮੇਹਰਬਾਨ ਦੀ ਪੁਲੀਸ ਨੇ ਵਿਆਹ ਦਾ ਝਾਂਸਾ ਦੇ ਕੇ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕੀਤਾ ਹੈ। ਪੁਲੀਸ ਨੇ ਪਿੰਡ ਮੰਗਲੀ ਦੇ ਰਹਿਣ ਵਾਲੇ ਗੁਰਮੁਖ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ।

No comments: