Saturday, June 20, 2015

ਆਮਦਨੀ ਵਿਚ ਅਸਾਵੇਂਪਣ ਨੂੰ ਸਮਝਣ ਲਈ ਵਿਗਿਆਨਕ ਨਜ਼ਰੀਏ ਦੀ ਲੋੜ

Sat, Jun 20, 2015 at 5:36 PM
 ਨਵਉਦਾਰਵਾਦੀ ਨੀਤੀਆਂ ਤਹਿਤ ਵਿਸ਼ਵੀ ਦੌਲਤ ਅਤੇ ਆਮ ਆਦਮੀ  ਬਾਰੇ ਸਾਰਥਕ ਚਰਚਾ  
ਡਾ. ਅਮਰਜੀਤ ਸਿੰਘ ਸਿੱਧੂ ਨੇ ਕੀਤੀਆਂ ਪਤੇ ਦੀਆਂ ਗੱਲਾਂ
ਜਲੰਧਰ: 20 ਜੂਨ 2015:(ਪੰਜਾਬ ਸਕਰੀਨ ਬਿਊਰੋ): 
ਦੇਸ਼ ਭਗਤ ਯਾਦਗਾਰ ਹਾਲ ਵਿਖੇ ਤਿੰਨ ਰੋਜ਼ਾ ਕੈਂਪ ਵਿਚ ਦੂਸਰੇ ਦਿਨ ਸਭ ਤੋਂ ਪਹਿਲਾਂ 19 ਜੂਨ ਰਾਤ ਨੂੰ ਵਿਛੜੇ ਆਗੂ ਕਮੇਟੀ ਮੈਂਬਰ, ਨਵਾਂ ਜ਼ਮਾਨਾ ਦੇ ਮੁੱਖ ਸੰਪਾਦਕ, ਉਘੇ ਕਮਿਊਨਿਸਟ, ਸਾਹਿਤਕਾਰ ਅਤੇ ਉਘੇ ਵਿਦਵਾਨ ਕਾਮਰੇਡ ਜਗਜੀਤ ਸਿੰਘ ਆਨੰਦ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ।
ਉਪਰੰਤ ਅੱਜ ਦੇ ਮੁੱਖ ਬੁਲਾਰੇ ਡਾ. ਅਮਰਜੀਤ ਸਿੰਘ ਸਿੱਧੂ, ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਨਵਉਦਾਰਵਾਦ ਤਹਿਤ ਵਿਸ਼ਵੀ ਦੌਲਤ ਅਤੇ ਆਮਦਨ ਦੇ ਅਸਾਵਾਂਪਣ ਨੂੰ ਵਿਗਿਆਨਕ ਨਜ਼ਰੀਏ ਨਾਲ ਹੀ ਸਮਝਿਆ ਜਾ ਸਕਦਾ ਹੈ। ਇਸ ਅਸਾਂਵੇਪਣ ਨੂੰ ਖਤਮ ਕਰਨ ਲਈ ਮੌਜੂਦਾ ਪੂੰਜੀਵਾਦੀ ਸਿਸਟਮ ਵਿਚ ਬਦਲਾਅ ਦੀ ਲੋੜ ਹੈ। ਇਹ ਬਦਲਾਅ ਮਾਰਕਸਵਾਦੀ ਫਲਸਫੇ ਰਾਹੀਂ ਮਜ਼ਦੂਰ ਜਮਾਤ ਨੂੰ ਚੇਤਨ ਕਰਕੇ ਹੀ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਨੂੰ ਲੋਕ-ਪੱਖੀ ਨੀਤੀਆਂ ਲਿਆਉਣ ਦੀ ਜ਼ਰੂਰਤ ਹੈ।
ਉਨ੍ਹਾਂ ਕਿਹਾ ਕਿ ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਨਾਲ ਆਮ ਆਦਮੀ ਦੀ ਆਮਦਨੀ ਵਿਚ ਪਹਿਲਾਂ ਦੇ ਮੁਕਾਬਲੇ ਪਾੜਾ ਹੋਰ ਵਧਿਆ ਹੈ। ਗਰੀਬ ਹੋਰ ਗਰੀਬ ਹੋਏ ਹਨ ਜਦਕਿ ਪੂੰਜੀ ਕੁਝ ਇਕ ਪੂੰਜੀਪਤੀਆਂ ਦੇ ਹੱਥਾਂ ਵਿਚ ਕੇਂਦਰਤ ਹੋ ਰਹੀ ਹੈ। ਉਨ੍ਹਾਂ ਅੰਕੜਿਆਂ ਸਹਿਤ ਵਿਆਖਿਆ ਕੀਤੀ ਕਿ ਵਰਲਡ ਬੈਂਕ ਦੇ ਇਕ ਅਰਥ ਸ਼ਾਸ਼ਤਰੀ ਦੇ ਅੰਦਾਜ਼ੇ ਮੁਤਾਬਕ 2016 ਤੱਕ ਕੁਝ ਇਕ ਕਾਰਪੋਰੇਟ ਘਰਾਣਿਆਂ ਕੋਲ ਪੂੰਜੀ ਦਾ ਕੁੱਲ ਹਿੱਸਾ 50% ਹੋ ਜਾਵੇਗਾ ਜੋ ਇਸ ਸਮੇਂ ਲਗਭਗ 43% ਹੈ।
ਉਨ੍ਹਾਂ ਕਿਹਾ ਕਿ 1960-70 ਵਿਆਂ ਵਿਚ ਹਰੇ ਇਨਕਲਾਬ ਦੌਰਾਨ ਪੂੰਜੀਵਾਦੀ ਸਿਸਟਮ ਦੇ ਡਿਵੈਲਪਮੈਂਟ ਵਿਚ ਖੜੋਤ ਆਈ। ਇਸ ਖੜੋਤ ਵਿਚੋਂ ਨਿਕਲਣ ਲਈ 80ਵਿਆਂ ਤੋਂ ਪੂੰਜੀਪਤੀ ਨਵਉਦਾਰਵਾਦੀ ਨੀਤੀ ਤਹਿਤ ਸਥਾਨਕ ਸਰਕਾਰਾਂ ਵੱਲੋਂ ਪਹਿਲਾਂ ਤੋਂ ਚਲਾਏ ਜਾਂਦੇ ਪਬਲਿਕ ਸੈਕਟਰ ਹਟਾ ਕੇ ਖੁੱਲ੍ਹੀ ਮੰਡੀ ਦਾ ਸੰਕਲਪ ਲੈ ਕੇ ਆਏ। ਨਵਉਦਾਰਵਾਦੀ ਨੀਤੀਆਂ ਲਾਗੂ ਕਰਨ ਲਈ ਸਰਕਾਰਾਂ ਨੇ ਇਨ੍ਹਾਂ ’ਤੇ ਅਮਲ ਕਰਨਾ ਸ਼ੁਰੂ ਕੀਤਾ। ਸਿਹਤ ਸੇਵਾਵਾਂ, ਸਿੱਖਿਆ ਆਦਿ ਵਰਗੇ ਮੁੱਢਲੇ ਹੱਕ ਵੀ ਲੋਕਾਂ ਤੋਂ ਖੋਹ ਲਏ ਗਏ। ਸਿਖਿਆ ਅਤੇ ਸਿਹਤ ’ਤੇ ਹੋਣ ਵਾਲੇ ਵਾਧੂ ਖ਼ਰਚ ਨਾਲ ਆਮ ਲੋਕਾਂ ਦੀ ਲੋੜੀਂਦੀ ਖ਼ੁਰਾਕ ਵਿਚ ਕਮੀ ਆਉਣ ਨਾਲ ਕੁਪੋਸ਼ਣ ਵਿਚ ਵੀ ਵਾਧਾ ਹੋ ਰਿਹਾ ਹੈ। ਸਰਕਾਰਾਂ ਦਾ ਧਿਆਨ ਸਿਰਫ਼ ਲਾਅ-ਆਰਡਰ ਲਾਗੂ ਕਰਨ ਲਈ ਡਿਫੈਂਸ ’ਤੇ ਵਧੇਰੇ ਖ਼ਰਚਾ ਕਰਨ ਲੱਗੀਆਂ।
ਉਨ੍ਹਾਂ ਸਿਖਿਆਰਥੀਆਂ ਨੂੰ ਸਮਝਾਉਦਿਆਂ ਕਿਹਾ ਕਿ ਪੂੰਜੀਵਾਦੀ ਸਿਸਟਮ ਨਵੀਂ ਤਕਨੀਕ ਰਾਹੀਂ ਪੈਦਾਵਾਰੀ ਸਾਧਨਾਂ ਰਾਹੀਂ ਵਾਧੂ ਮਾਲ ਪੈਦਾ ਕਰਕੇ ਵੱਧ ਤੋਂ ਵੱਧ ਮੁਨਾਫਾ ਕਮਾਉਦਾ ਹੈ, ਜੋ ਕੇਵਲ ਉਚ ਸ਼੍ਰੇਣੀ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਦਾ ਹੈ ਅਤੇ ਵੱਡਾ ਹਿੱਸਾ ਆਪਣੀਆਂ ਲੋੜਾਂ ਦੀ ਪੂਰਤੀ ਤੋਂ ਵਾਂਝਾ ਰਹਿ ਜਾਂਦਾ ਹੈ।
ਉਨ੍ਹਾਂ ਕਿਹਾ ਕਿ 2008 ਵਿਚ ਅੰਤਰਰਾਸ਼ਟਰੀ ਪੱਧਰ ’ਤੇ ਮੰਦਵਾੜੇ ਦੌਰਾਨ ਵੀ ਵੱਡੇ ਘਰਾਣਿਆਂ ਦੇ ਮੁਨਾਫ਼ੇ ਦੀ ਦਰ ਵਿਚ ਵਾਧਾ ਹੋਇਆ ਹੈ। ਸਰਕਾਰਾਂ ਵਲੋਂ ਵੱਡੇ ਘਰਾਣਿਆਂ ਨੂੰ ਵਿਸ਼ੇਸ਼ ਰਿਆਇਤਾਂ ਦਿੱਤੀਆਂ ਗਈਆਂ ਹਨ।
ਅਖ਼ੀਰ ਵਿਚ ਸਿਖਿਆਰਥੀਆਂ ਦੇ ਸੁਆਲਾਂ ਦਾ ਜੁਆਬ ਦਿੰਦਿਆਂ ਉਨ੍ਹਾਂ ਕਿਹਾ ਕਿ ਨਵਉਦਾਰਵਾਦੀ ਨੀਤੀਆਂ ਦਾ ਮੁਕਾਬਲਾ ਕਰਨ ਲਈ ਸਮਾਜਵਾਦ ਹੀ ਇਕੋ ਇਕ ਹੱਲ ਹੈ। ਮਾਰਕਸਵਾਦੀ ਫਲਸਫੇ ਨੂੰ ਸਹੀ ਤਰੀਕੇ ਨਾਲ ਸਮਝ ਕੇ ਲਾਗੂ ਕਰਨ ਨਾਲ ਹੀ ਸਮਾਜਵਾਦ ਦੀ ਉਸਾਰੀ ਕੀਤੀ ਜਾ ਸਕਦੀ ਹੈ।

ਮੰਚ ਸੰਚਾਲਨ ਦੀ ਜਿੰਮੇਵਾਰੀ ਨਿਭਾਉਦਿਆਂ ਕੈਂਪ ਦੇ ਇੰਚਾਰਜ ਗੁਰਮੀਤ ਨੇ ਸਿਖਿਆਰਥੀਆਂ ਨੂੰ ਕਿਹਾ ਕਿ ਕੱਲ੍ਹ ਤੁਹਾਡਾ ਸ਼ੈਸ਼ਨ ਹੈ। ਤਿੰਨ ਰੋਜ਼ਾ ਕੈਂਪ ਦੌਰਾਨ ਤੁਹਾਡੇ ਪ੍ਰਭਾਵ, ਸੁਝਾਅ ਅਤੇ ਰਾਵਾਂ ਸਾਡੇ ਲਈ ਅਮੁੱਲ ਹੋਣਗੀਆਂ।
ਤਿੰਨ ਰੋਜ਼ਾ ਕੈਂਪ ਦੌਰਾਨ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਵਾਈਸ ਪ੍ਰਧਾਨ ਕਾਮਰੇਡ ਅਜਮੇਰ ਸਿੰਘ, ਖਜਾਨਚੀ ਸੀਤਲ ਸਿੰਘ ਸੰਘਾ, ਟਰੱਸਟੀਜ਼ ਕਾਮਰੇਡ ਪਿ੍ਰਥੀਪਾਲ ਮਾੜੀਮੇਘਾ, ਕਾਮਰੇਡ ਮੰਗਤ ਰਾਮ ਪਾਸਲਾ, ਕਾਮਰੇਡ ਜਗਰੂਪ, ਕਾਮਰੇਡ ਗੁਰਮੀਤ ਸਿੰਘ ਢੱਡਾ, ਕਾ. ਚਿਰੰਜੀ ਲਾਲ ਕੰਗਣੀਵਾਲ, ਸ਼੍ਰੀ ਦੇਵ ਰਾਜ ਨਯੀਅਰ, ਬਲਬੀਰ ਕੌਰ ਬੁੰਡਾਲਾ, ਮਨਜੀਤ ਸਿੰਘ ਤੋਂ ਇਲਾਵਾ ਕਮੇਟੀ ਦੇ ਪਰਿਵਾਰਕ ਮੈਂਬਰ ਡਾ. ਸੈਲਸ਼, ਕਾਮਰੇਡ ਸ਼ਿਵ ਨਵਾਂਸ਼ਹਿਰ, ਮਨਜੀਤ ਕੌਰ, ਬਲਵਿੰਦਰ ਕੌਰ, ਕਾ. ਅਨਥਨੀ, ਕਾ. ਰਾਓ, ਪਰਮਜੀਤ ਕਲਸੀ ਤੇ ਕਾਮਰੇਡ ਸ਼ਾਮ ਲਾਲ ਆਦਿ ਸਾਥੀ ਹਾਜ਼ਰ

ਜਾਰੀ ਕਰਤਾ
ਡਾ. ਰਘਬੀਰ ਕੌਰ
ਜਨਰਲ ਸਕੱਤਰ

No comments: