Wednesday, June 17, 2015

ਯਾਦਾਂ ਵਿਛੜੇ ਸੱਜਣ ਪ੍ਰੋ ਕੰਵਲਜੀਤ ਦੀਆਂ

ਇੱਕ ਸਾਲ ਪਹਿਲਾਂ ਤੁਰ ਗਿਆ ਸੀ ਪ੍ਰੋ. ਕੰਵਲਜੀਤ ਸਿੰਘ ਢੁੱਡੀਕੇ
ਲੁਧਿਆਣਾ, 17 ਜੂਨ 2015: (ਪੰਜਾਬ ਸਕਰੀਨ ਬਿਊਰੋ):

ਜਲੰਧਰ ਦੂਰਦਰਸ਼ਨ ਦੇ ਨਿੳੂਜ਼ ਰੀਡਰ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਇਲੈਕਟਰੋਨਿਕਸ ਵਿਭਾਗ ਦੇ ਸਾਬਕਾ ਮੁੱਖੀ ਸਵਰਗੀ ਪ੍ਰੋਫੈਸਰ ਕੰਵਲਜੀਤ ਸਿੰਘ ਢੁੱਡੀਕੇ, ਜੋ ਕਿ ਬੀਤੇ ਸਾਲ ਅਕਾਲ ਚਲਾਣਾ ਕਰ ਗਏ ਸਨ, ਦੀ ਪਹਿਲੀ ਬਰਸੀ ਮਿਤੀ 20 ਜੂਨ ਦਿਨ ਸ਼ਨਿੱਚਰਵਾਰ ਨੂੰ ਸਵੇਰੇ 8 ਵਜੇ ਤੋਂ 9 ਵਜੇ ਤੱਕ ਸਥਾਨਕ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਗੁਰਦੁਆਰਾ ਸਾਹਿਬ ਵਿਖੇ ਮਨਾਈ ਜਾਵੇਗੀ। ਇਸ ਮੌਕੇ ਸੁਖਮਨੀ ਸਾਹਿਬ ਦੇ ਪਾਠ ਦਾ ਭੋਗ ਪੈਣ ਉਪਰੰਤ ਵੈਰਾਗਮਈ ਕੀਰਤਨ ਹੋਵੇਗਾ ਅਤੇ ਪ੍ਰੋਫੈਸਰ ਕੰਵਲਜੀਤ ਸਿੰਘ ਢੁੱਡੀਕੇ ਦੀਆਂ ਸਮਾਜ ਪ੍ਰਤੀ ਸੇਵਾਵਾਂ ਨੂੰ ਯਾਦ ਕੀਤਾ ਜਾਵੇਗਾ। 

ਦੱਸਣਯੋਗ ਹੈ ਕਿ ਪ੍ਰੋਫੈਸਰ ਕੰਵਲਜੀਤ ਸਿੰਘ ਢੁੱਡੀਕੇ ਬੀਤੇ ਸਾਲ 28 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ। ਉਹ ਬਹੁਪੱਖੀ ਸਖ਼ਸ਼ੀਅਤ ਦੇ ਮਾਲਕ ਸਨ। ਕੈਨੇਡਾ ਦੇ ਵੱਖ-ਵੱਖ ਰੇਡੀਓ ਚੈਨਲਾਂ ’ਤੇ ਉਨ੍ਹਾਂ ਦੀਆਂ ਖ਼ਬਰਾਂ ਪੰਜਾਬੀ ਭਾਈਚਾਰੇ ਵਿੱਚ ਬਹੁਤ ਹੀ ਮਕਬੂਲ ਹੁੰਦੀਆਂ ਸਨ। ਇਸ ਤੋਂ ਇਲਾਵਾ ਉਹ ਇੱਕ ਵਧੀਆ ਲੇਖਕ, ਪੱਤਰਕਾਰ, ਚਿੱਤਰਕਾਰ, ਫੋਟੋ ਕਲਾਕਾਰ, ਰੰਗਕਰਮੀ, ਖੇਡ ਪ੍ਰਮੋਟਰ ਅਤੇ ਸਮਾਜ ਸੇਵੀ ਸਨ। ਫੋਟੋ ਕਲਾਕਾਰੀ ਵਿੱਚ ਉਨ੍ਹਾਂ ਨੂੰ 130 ਦੇ ਕਰੀਬ ਅੰਤਰਰਾਸ਼ਟਰੀ ਪੁਰਸਕਾਰ ਮਿਲੇ। ਉਹ ਪਿਛਲੇ ਲੰਮੇ ਸਮੇਂ ਤੋਂ ਪ੍ਰਸਿੱਧ ਜਰਖ਼ੜ ਖੇਡਾਂ ਨਾਲ ਇੱਕ ਖੇਡ ਪ੍ਰਮੋਟਰ ਵਜੋਂ ਜੁੜੇ ਹੋਏ ਸਨ। ਇਸ ਤੋਂ ਇਲਾਵਾ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿੱਚ ਇਲੈਕਟਰੋਨਿਕਸ ਵਿਭਾਗ ਦੇ ਪ੍ਰੋਫੈਸਰ ਅਤੇ ਮੁੱਖੀ ਵਜੋਂ ਸੇਵਾਵਾਂ ਦੇ ਰਹੇ ਸਨ। ਉਨ੍ਹਾਂ ਦੀ ਬੇਵਕਤੀ ਮੌਤ ਨਾਲ ਢੁੱਡੀਕੇ ਪਰਿਵਾਰ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ। ਉਨ੍ਹਾਂ ਦੇ ਪਰਿਵਾਰ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਦੇ ਸਮੂਹ ਸਟਾਫ਼ ਵੱਲੋਂ ਉਨ੍ਹਾਂ ਦੀ ਪਹਿਲੀ ਬਰਸੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਜਾ ਰਹੀ ਹੈ। 

No comments: