Saturday, May 23, 2015

ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਦਾ ਮਿਸਾਲੀ ਉੱਦਮ

Sat, May 23, 2015 at 1:02 PM
ਪੇਂਡੂ ਸਕੂਲ ਦੀ ਲਾਇਬ੍ਰੇਰੀ ਨੂੰ ਸਟੀਲ ਰੈਕ ਤੇ ਪੁਸਤਕਾਂ ਦੀ ਸੌਗਾਤ
ਲੁਧਿਆਣਾ: 23 ਮਈ 2015 (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਸਾਹਿਰ ਲੁਧਿਆਣਵੀ ਹੁਰਾਂ ਦੀ ਜ਼ਿੰਦਗੀ ਵਿੱਚ ਵੀ ਇਹ ਸਮੱਸਿਆ ਆਈ ਸੀ ਜਦੋਂ ਉਹਨਾਂ ਦੇਖਿਆ ਕਿ ਕਿਤਾਬ ਲਿਖਣ ਵਾਲੇ ਨੂੰ ਤਾਂ ਮਿੰਨਤਾਂ ਤਰਲਿਆਂ ਮਗਰੋਂ ਮਾਮੂਲੀ ਜਿਹੀ ਰਾਇਲਟੀ ਅਤੇ ਕਿਤਾਬ ਵੇਚਣ ਵਾਲੇ ਨੂੰ ਚੰਗੀ ਮੋਤੀ ਕਮਿਸ਼ਨ। ਸੋਚਣ ਵਾਲੀ ਗੱਲ ਸੀ ਕਿ ਕਿਤਾਬ ਲਿਖੀ ਜੇ ਜਾਂ ਕਿਤਾਬ ਵੇਚੀ ਜੇ। ਇਸ ਗੰਭੀਰ ਅਤੇ ਨਾਜ਼ੁਕ ਸਥਿਤੀ ਨੇ ਵੀ ਸਾਹਿਰ ਸਾਹਿਬ ਨੂੰ ਕਦੇ ਬਣੀਆ ਨਹੀਂ ਬਨਣ ਦਿੱਤਾ।  ਧੋਖਿਆਂ ਅਤੇ ਫਰੇਬਾਂ ਦੇ ਬਾਵਜੂਦ ਉਹ ਸਿਧੀ ਸਾਧੀ ਸਰਲ ਜਿੰਦਗੀ ਜਿਊਂਦੇ ਰਹੇ ਤੇ ਦੋਸਤਾਂ ਨੂੰ ਵੀ ਕਦੇ ਕੋਈ ਮੁਸ਼ਕਿਲ ਨਾ ਆਉਣ ਦਿੱਤੀ। ਇਸੇ ਦੌਰਾਨ ਬੜਾ ਤਕਨੀਕੀ ਵਿਕਾਸ ਹੋਇਆ ਪਰ ਸਾਡੇ ਬਹੁਤ ਸਾਰੇ ਕਲਮਕਾਰ ਵਪਾਰੀ ਬੰਦੇ ਚਲੇ ਗਏ।  ਓਹ ਸ਼ਰਾਬ ਦੀ ਬੋਤਲ ਪਿਆਉਣ ਨੂੰ ਤਾਂ ਤਿਆਰ ਹੋ ਜਾਂਦੇ ਪਰ ਕਦੇ ਕਿਸੇ ਲੋੜਵੰਦ ਸਾਹਿਤ ਰਸੀਏ ਨੂੰ ਆਪਣੀ ਕਿਤਾਬ  ਮੁਫਤ ਨਾ ਦੇਂਦੇ। 
ਕਾਰੋਬਾਰੀ ਅਤੇ ਵਪਾਰੀ ਸੋਚ ਵਾਲੇ ਇਹਨਾਂ ਕਲਮਕਾਰਾਂ ਦੀ ਭੀੜ ਵਿੱਚ ਕੁਝ ਗਿਣੇ ਚੁਣੇ ਸਾਹਿਤਕਾਰ ਅੱਜ ਦੇ ਕਮਰਸ਼ਲ ਯੁਗ ਵਿੱਚ ਵੀ ਮੌਜੂਦ ਹਨ ਜਿਹਨਾਂ ਵਿੱਚੋਂ ਇੱਕ ਦਾ ਨਾਮ ਹੈ ਸੁਰਿੰਦਰ ਕੈਲੇ। ਜਦੋਂ ਪੰਜਾਬ ਦੇ ਮਾੜੇ ਹਾਲਾਤ ਸਨ ਉਸ ਵੇਲੇ ਵੀ, ਜਦੋਂ ਪੰਜਾਬ ਵਿੱਚ ਹੰਗਾਮੀ ਹਾਲਤ ਸੀ ਉਸ ਵੇਲੇ ਵੀ ਅਤੇ ਜਦੋਂ ਪੰਜਾਬ ਵਿੱਚ ਬੰਬ ਅਤੇ ਗੋਲੀਆਂ ਦੀ ਅਵ੍ਵਾਜ਼ ਗੂੰਜਦੀ ਸੀ ਉਸ ਵੇਲੇ ਵੀ ਉਹ ਅਣੂ ਨੂੰ ਲਗਾਤਾਰ ਕਢਦੇ ਰਹੇ। 
ਬਾਣੀ ਦੇ ਗੁਟਕੇ ਵਰਗੀ ਛੋਟੀ ਜਿਹੀ ਦਿੱਖ ਵਾਲਾ ਅਣੂ ਹਮੇਸ਼ਾਂ ਯਾਦ ਕਰਾਉਂਦਾ ਚਿੰਤਾ ਨ ਕਰੋ ਇੱਕ ਚਿੰਗਾਰੀ ਸਾਰੇ ਜੰਗਲ ਨੂੰ ਸੁਆਹ ਕਰ ਸਕਦੀ ਹੈ। ਨਿਰਾਸ਼ਾ ਦੇ ਸੰਘਣੇ ਹਨੇਰਿਆਂ ਵਿੱਚ ਆਸਾਂ ਉਮੀਦਾਂ ਦੀਆਂ ਕਿਰਨਾਂ ਵਾਂਗ ਆਉਂਦਾ ਅਣੂ ਅੱਜ ਵੀ ਲਗਾਤਾਰ ਰੌਸ਼ਨੀ ਦਾ ਸੁਨੇਹਾ ਲੈ ਕੇ ਆਉਂਦਾ ਹੈ। 
ਇਸ ਅਣੂ ਦੇ ਸੰਪਾਦਕ ਸੁਰਿੰਦਰ ਕੈਲੇ ਨੇ ਹੁਣ ਇੱਕ ਹੋਰ ਮਿਸਾਲ ਕਾਇਮ ਕੀਤੀ ਹੈ। ਸਰਕਾਰੀ ਹਾਇਰ ਸੈਕੰਡਰੀ ਸਕੂਲ ਬੁਟਾਹਰੀ, ਲੁਧਿਆਣਾ ਦੀ ਲਾਇਬ੍ਰੇਰੀ ਲਈ ਅਣੂ ਦੇ ਸੰਪਾਦਕ ਸ੍ਰੀ ਸੁਰਿੰਦਰ ਕੈਲੇ ਵੱਲੋਂ ਕਿਤਾਬਾਂ ਰੱਖਣ ਲਈ ਸਟੀਲ ਰੈਕ ਅਤੇ 70 ਸਾਹਿਤਕ ਪੁਸਤਕਾਂ ਭੇਟ ਕੀਤੀਆਂ ਗਈਆਂ ਹਨ। ਲਾਇਬ੍ਰੇਰੀ ਦੇ ਇੰਚਾਰਜ ਸ੍ਰੀਮਤੀ ਸੁਖਬੀਰ ਕੌਰ ਨੇ ਕਿਹਾ ਕਿ ਕਿਤਾਬਾਂ ਰੱਖਣ ਲਈ ਭੇਟ ਕੀਤੇ ਗਏ ਸਟੀਲ ਰੈਕਾਂ ਨਾਲ ਹੁਣ ਕਿਤਾਬਾਂ ਨੂੰ ਚੰਗੇ ਢੰਗ ਅਤੇ ਸੁਰੱਖਿਅਤ ਤਰੀਕੇ ਨਾਲ ਸੰਭਾਲਿਆ ਜਾ ਸਕੇਗਾ। ਪਿੰਡ ਦੇ ਪਤਵੰਤੇ ਅਤੇ ਸੇਵਾਮੁਕਤ ਅਧਿਆਪਕ ਸ. ਫਤਿਹ ਸਿੰਘ ਨੇ ਬੋਲਦਿਆਂ ਕਿਹਾ ਕਿ ਸ੍ਰੀ ਸੁਰਿੰਦਰ ਕੈਲੇ ਪਹਿਲਾਂ ਆਪਣੇ ਸਰਪੰਚੀ ਸਮੇਂ ਦੌਰਾਨ ਸਮੁੱਚੇ ਸਕੂਲ ਦੀ ਬਿਹਤਰੀ ਲਈ ਵਿਸ਼ੇਸ਼ ਯੋਗਦਾਨ ਪਾਉਦੇ ਰਹੇ ਹਨ ਅਤੇ ਹੁਣ ਵੀ ਗਾਹੇ ਵਗਾਹੇ ਪੁਸਤਕਾਂ ਹੀ ਭੇਟ ਨਹੀਂ ਕਰਦੇ ਸਗੋਂ ਸਕੂਲ ਦੀ ਬਿਹਤਰੀ ਲਈ ਖਾਸ ਦਿਲਚਸਪੀ ਲੈਂਦੇ ਹਨ। ਸਕੂਲ ਦੀ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਰਣਜੀਤ ਕੌਰ ਨੇ ਧੰਨਵਾਦ ਕਰਦਿਆਂ ਕਿਹਾ ਕਿ ਸੁਰਿੰਦਰ ਕੈਲੇ ਹੋਰਾਂ ਵੱਲੋਂ ਸਮੇਂ ਸਮੇਂ ਭੇਟ ਕੀਤੀਆਂ ਜਾ ਰਹੀਆਂ ਪੁਸਤਕਾਂ ਨਾਲ ਇਸ ਲਾਇਬ੍ਰੇਰੀ ਵਿਚ ਗੁਣਤਮਕ ਤੇ ਗਿਣਾਤਮਕ ਵਾਧਾ ਹੋਇਆ ਹੈ। ਹੁਣ ਵਿਦਿਆਰਥੀ ਪਹਿਲਾਂ ਨਾਲੋਂ ਵੀ ਵਧੇਰੇ ਦਿਲਚਸਪੀ ਵਿਖਾ ਰਹੇ ਹਨ ਅਤੇ ਵਧੇਰੇ ਗਿਣਤੀ ਵਿਚ ਪੁਸਤਕਾਂ ਪੜ੍ਹਦੇ ਹਨ।
ਇਸ ਮੌਕੇ ਹੋਰਨਾਂ ਤੋਂ ਬਿਨਾਂ ਦਲਜੀਤ ਸਿੰਘ, ਰਾਜ ਕੁਮਾਰ, ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਹਰਦੇਵ ਸਿੰਘ ਪੰਨੂ, ਨਰਿੰਦਰ ਸਿੰਘ ਐਕਸੀਅਨ, ਬਖਤੌਰ ਸਿੰਘ ਹਾਜ਼ਰ ਸਨ। ਉਮੀਦ ਕਰਨੀ ਚਾਹੀਦੀ ਹੈ ਕਿ ਕਿਤਾਬਾਂ ਵਾਲਾ ਇਹ ਰਸਤਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਜੁਰਮਾਂ ਅਤੇ ਨਸ਼ਿਆਂ ਵੱਲ ਜਾਂਦੇ ਰਸਤਿਆਂ ਤੋਂ ਮੋੜ ਕੇ ਸਿਧੇ ਰਾਹੇ ਲੈ ਆਵੇਗਾ। 

No comments: