Thursday, May 21, 2015

ਫੌਜ 'ਚ ਭਰਤੀ ਹੋਣ ਲਈ ਸੈਮੀਨਾਰ ਦਾ ਆਯੋਜਨ

ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀ ਵਿਸਥਾਰ 'ਚ ਜਾਣਕਾਰੀ
ਲੁਧਿਆਣਾ, 21 ਮਈ 2015: (PRD//ਪੰਜਾਬ ਸਕਰੀਨ ਬਿਊਰੋ): 
ਜਿਸ ਪੰਜਾਬ ਬਾਰੇ ਕਾਂਗਰਸ ਪਾਰਟੀ ਦੇ ਇੱਕ ਕੇਂਦਰੀ ਲੀਡਰ ਨੇ ਆਖਿਆ ਸੀ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਨੇ ਖੋਖਲੇ ਕਰ ਦਿੱਤੇ ਹਨ ਇਸ ਲਈ ਹੁਣ ਇਹ ਫੌਜ ਵਿੱਚ ਭਰਤੀ ਹੋਣ ਦੇ ਕਾਬਲ ਹੀ ਨਹੀਂ ਰਹੇ। ਇਸ ਟਿੱਪਣੀ ਦੋ-ਚਾਰ ਸਾਲਾਂ ਮਗਰੋਂ ਹੀ ਪੰਜਾਬ ਦੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਣਾ ਦੇ ਵਿਸ਼ੇਸ਼ ਆਯੋਜਨ ਹੋਣ ਲੱਗ ਪਾਏ ਹਨ। ਪਹਿਲਾਂ ਗੁਰਦਸਪੂਰ ਵਿੱਚ ਫੌਜ ਦੀ ਪ੍ਰਦਰਸ਼ਨੀ ਲੱਗੀ ਅਤੇ ਹੁਣ ਲੁਧਿਆਣਾ ਵਿੱਚ ਇਸ ਮਕਸਦ ਲੈ ਇੱਕ ਸੈਮੀਨਾਰ ਕਰਾਇਆ ਗਿਆ। 
ਕਰਨਲ ਕੰਵਰਪ੍ਰੀਤ ਸਿੰਘ ਅਟਵਾਲ (ਰਿਟਾ:), ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਲੁਧਿਆਣਾ ਵੱਲੋਂ ਸੀਨੀਅਰ ਸੈਕੰਡਰੀ ਰੈਜੀਡੈਂਸੀਅਲ ਸਕੂਲ ਫਾਰ ਮੈਰੀਟੋਰੀਅਸ ਸਟੂਡੈਂਟਸ ਲੁਧਿਆਣਾ ਦੇ ਵਿਦਿਆਰਥੀਆਂ ਨੂੰ ਇੱਕ ਸੈਮੀਨਾਰ ਆਯੋਜਤ ਕਰਕੇ ਭਾਰਤੀ ਫੌਜ਼ ’ਚ ਭਰਤੀ ਹੋਣ ਲਈ ਉਤਸ਼ਾਹਿਤ ਕੀਤਾ ਗਿਆ। ਅੱਜ ਦੇ ਸੈਮੀਨਾਰ ’ਚ ਤਕਰੀਬਨ 300 ਤੋਂ ਵੱਧ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ।
ਕਰਨਲ ਕੰਵਰਪ੍ਰੀਤ ਸਿੰਘ ਅਟਵਾਲ (ਰਿਟਾ:), ਨੇ ਭਾਰਤੀ ਆਰਮਡ ਫੋਰਸ, ਭਾਰਤੀ ਏਅਰ ਫੋਰਸ ਅਤੇ ਭਾਰਤੀ ਨੇਵੀ ਫੋਰਸ ਦੇ ਕੰਮਾਂ ਅਤੇ ਡਿਊਟੀਆਂ ਸਬੰਧੀ ਵਿਸਥਾਰ ਨਾਲ ਦੱਸਿਆ। ਉਹਨਾਂ ਵਿਦਿਆਰਥੀਆਂ ਨੂੰ ਦੱਸਿਆ ਕਿ ਉਹ ਭਾਰਤੀ ਫੌਜ਼ ਵਿੱਚ ਡਿਊਟੀ ਕਰਕੇ ਜਿੱਥੇ ਦੇਸ਼ ਦੀ ਸੇਵਾ ਕਰ ਸਕਣਗੇ, ਉਥੇ ਉਹਨਾਂ ਨੂੰ ਵਧੀਆ ਰੋਜ਼ਗਾਰ ਵੀ ਪ੍ਰਾਪਤ ਹੋਵੇਗਾ ਅਤੇ ਫੌਜ਼ ਵਿੱਚ ਮਿਲਣ ਵਾਲੀਆਂ ਸਹੂਲਤਾਂ ਤੇ ਵੀ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਨੇ ਫੌਜ਼ ’ਚ ਭਰਤੀ ਹੋਣ ਨਾਲ ਸਬੰਧਤ ਕੁੱਝ ਸੁਆਲਾ ਦੇ ਜੁਆਬ ਵੀ ਪੁੱਛੇ  ਅਤੇ ਬਹੁਤ ਉਤਸਾਹਿਤ ਹੋਏ ਬੱਚਿਆਂ ਨੇ ਫੌਜ ਵਿੱਚ ਅਫ਼ਸਰ ਭਰਤੀ ਹੋਣ ਦੀ ਇੱਛਾ ਪ੍ਰਗਟ ਕੀਤੀ।
ਕਰਨਲ ਕੰਵਰਪ੍ਰੀਤ ਸਿੰਘ ਅਟਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਮੋਹਾਲੀ ਵਿਖੇ ਲੜਕੀਆਂ ਲਈ ਮਾਈ ਭਾਗੋ ਆਰਮਡ ਫੋਰਸ ਇੰਸਟੀਚਿਊਟ ਸਥਾਪਿਤ ਕਰ ਰਹੀ ਹੈ, ਜਿਸ ਵਿੱਚ ਹਰ ਸਾਲ 25 ਲੜਕੀਆਂ ਸਿੱਖਿਆ ਹਾਸਲ ਕਰ ਸਕਣਗੀਆਂ। ਉਹਨਾਂ ਦੱਸਿਆ ਕਿ ਇਸ ਇੰਸਟੀਚਿਊਟ ਵਿੱਚ ਲੜਕੀਆਂ ਨੂੰ ਗ੍ਰੈਜੂਏਸ਼ਨ ਤੱਕ ਦੀ ਮੁਫਤ ਸਿੱਖਿਆਂ ਦਿੱਤੀ ਜਾਵੇਗੀ ਅਤੇ ਇਸ ਦੇ ਨਾਲ ਹੀ ਫੌਜ਼ ਵਿੱਚ ਭਰਤੀ ਹੋਣ ਲਈ ਵੀ ਟ੍ਰੇਨਿੰਗ ਦਿੱਤੀ ਜਾਵੇਗੀ। 
ਸ੍ਰੀ ਅਨੂਪ ਪਾਸੀ ਪਿ੍ਰੰਸੀਪਲ ਮੈਰਟੋਰੀਅਸ ਸਕੂਲ ਲੁਧਿਆਣਾ ਨੇ ਸੈਮੀਨਾਰ ਨੂੰ ਸੰਬੋਧਨ ਕਰਦਿਆ ਕਿਹਾ ਕਿ ਬਹੁਤ ਸਾਰੇ ਵਿਦਿਆਰਥੀ ਭਾਰਤੀ ਫੌਂ ਵਿੱਚ ਭਰਤੀ ਹੋਣ ਦੇ ਚਾਹਵਾਨ ਹਨ, ਅਤੇ ਅਜਿਹੇ ਸੈਮੀਨਾਰ ਉਹਨਾਂ ਦੇ ਕੈਰੀਅਰ ਲਈ ਬਹੁਤ ਸਹਾਈ ਸਿੱਧ ਹੋਣਗੇ। 

No comments: