Thursday, October 30, 2014

ਚਾਰ ਖੱਬੀਆਂ ਪਾਰਟੀਆਂ ਦਾ ਹੁਸੈਨੀਵਾਲਾ ਤੋਂ ਚੱਲਿਆ ਜੱਥਾ ਮਾਰਚ ਸਮਾਪਤ

ਕਾਮਰੇਡਾਂ ਨੇ ਦਲੀਲਾਂ ਨਾਲ ਕੀਤਾ ਸਰਕਾਰੀ ਨੀਤੀਆਂ ਨੂੰ ਬੇਨਕਾਬ 
ਲੁਧਿਆਣਾ: 30 ਅਕਤੂਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਨੇ ਵਿਰੋਧ ਵਿੱਚ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ. (ਐਮ.), ਸੀ.ਪੀ.ਐਮ. ਪੰਜਾਬ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵੱਲੋਂ ਪੰਜਾਬ ਭਰ ਵਿੱਚ ਚਾਰ ਵੱਖ-ਵੱਖ ਇਤਿਹਾਸਕ ਥਾਵਾਂ ਤੋਂ ਸ਼ੁਰੂ ਕੀਤੇ ਜੱਥਿਆਂ ਤਹਿਤ ਜੋ ਜੱਥਾ ਹੁਸੈਨੀਵਾਲਾ ਤੋਂ ਚੱਲਿਆ ਸੀ ਉਹ ਫਿਰੋਜ਼ਪੁਰ, ਮੁਕਤਸਰ, ਫਰੀਦਕੋਟ, ਮੋਗਾ ਅਤੇ ਲੁਧਿਆਣਾ ਜ਼ਿਲ੍ਹਿਆਂ ਵਿੱਚ ਦੀ ਹੁੰਦਾ ਹੋਇਆ ਅੱਜ ਲੁਧਿਆਣਾ ਸ਼ਹਿਰ ਅੰਦਰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਬੁੱਤ ਤੇ ਆ ਕੇ ਸਮਾਪਤ ਹੋਇਆ ਜਿੱਥੇ ਚੋਹਾਂ ਪਾਰਟੀਆਂ ਦੇ ਵੱਡੀ ਗਿਣਤੀ ਵਿੱਚ ਪੁੱਜੇ ਹਜ਼ਾਰਾਂ ਕਾਰਕੁਨਾਂ ਨੇ ਨਾਅਰਿਆਂ ਦੀ ਗੂੰਜ ਵਿੱਚ ਜੱਥੇ ਦਾ ਸਵਾਗਤ ਕੀਤਾ। ਇਹ ਨਾਅਰੇ ਜੋਸ਼ੀਲੇ ਸਨ ਪਰ ਰਸਤੇ ਚੋਂ ਲੰਘ ਰਹੇ ਲੋਕਾਂ ਦਾ ਕੰਨ ਪਾੜਨ ਵਾਲੇ ਨਹੀਂ ਸਨ। ਇਕਠ ਵਿਸ਼ਾਲ ਸੀ ਪਰ ਇਸ ਨੇ ਕਿਸੇ ਵੀ ਰਸਤੇ ਦਾ ਟ੍ਰੈਫਿਕ ਜਾਮ ਨਹੀਂ ਸੀ ਕੀਤਾ। ਸਿਆਸੀ ਅਤੇ ਸਿਧਾਂਤਕ ਵਿਰੋਧ ਬੜਾ ਤਿੱਖਾ ਸੀ ਪਰ ਇਸ ਵਿੱਚ ਗਾਹਲਾਂ ਵਾਲਾ ਰੁਝਾਣ ਨਹੀਂ ਸੀ। ਤਿੱਖੇ ਸੰਘਰਸ਼ ਦੀਆਂ ਚੇਤਾਵਨੀਆਂ ਸਨ ਪਰ ਕਿਸੇ ਵੀ ਭਾਸ਼ਣ ਵਿੱਚ ਧਮਕੀ ਵਾਲੀ ਕੋਈ ਸੁਰ ਨਹੀਂ ਸੀ। ਸਭ ਤੋਂ ਵੱਡੀ ਗੱਲ ਇਸ ਵਾਰ ਕਮਿਊਨਿਸਟ ਸ਼ਬਦਾਵਲੀ  ਦੇ ਗੂੜ੍ਹ ਗੰਭੀਰ ਭਰੇ ਭਰੇ ਸ਼ਬਦ ਨਹੀਂ ਬਲਕਿ ਆਮ ਲੋਕਾਂ ਨੂੰ ਸਮਝ ਆ ਸਕਣ ਵਾਲੀ ਬੋਲੀ ਅਤੇ ਸਾਦਾ ਜਹੇ ਅੰਦਾਜ਼ ਵਿੱਚ ਕੀਤੀਆਂ ਗਈਆਂ ਗੱਲਾਂ ਸਨ ਜਿਹੜੀਆਂ ਦਿਲ ਵਿਚ ਉਤਰਦੀਆਂ ਸਨ। 
ਰੈਲੀ ਨੂੰ ਸੰਬੋਧਨ ਕਰਦੇ ਹੋਏ ਕਾਮਰੇਡ ਰਘੂਨਾਥ ਸਿੰਘ, ਕਾਮਰੇਡ ਕਰਤਾਰ ਸਿੰਘ ਬੁਆਣੀ, ਕਾਮਰੇਡ ਗੁਰਨਾਮ ਸਿੰਘ ਦਾਊਦ ਨੇ ਜਿੱਥੇ ਪੰਜਾਬ ਦੀ ਮਾਫੀਆ ਵਾਲੀ ਬਾਦਲ ਸਰਕਾਰ ਨੂੰ ਪੰਜਾਬ ਅੰਦਰ ਵੱਧ ਰਹੀ ਨਸ਼ਿਆਂ ਦੀ ਤਸਕਰੀ ਅਤੇ ਰੇਤ, ਬਜ਼ਰੀ ਰਾਹੀਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਲਈ ਸਿੱਧੇ ਤੌਰ ਤੇ ਜ਼ੁੰਮੇਵਾਰ ਠਹਿਰਾਇਆ ਉੱਥੇ ਉਹਨਾਂ ਕੇਂਦਰ ਦੀ ਕਾਰਪੋਰੇਟ ਪੱਖੀ ਨੀਤੀਆਂ ਵਾਲੀ ਮੋਦੀ ਸਰਕਾਰ ਕੋਲੋਂ ਦੇਸ਼ ਵਿੱਚ ਫਿਰਕੂ ਜਹਿਰ ਫੈਲਾਉਣ, ਸਿੱਖਿਆ ਅਤੇ ਸੱਭਿਆਚਾਰ 'ਚ ਹਿੰਦੂਤਵ ਦਾ ਏਜੰਡਾ ਲਾਗੂ ਕਰਨ, ਕੇਂਦਰੀ ਯੋਜਨਾ ਕਮਿਸ਼ਨ ਨੂੰ ਭੰਗ ਕਰਨ, ਹਰ ਖੇਤਰ ਵਿੱਚ ਐਫ.ਡੀ.ਆਈ. ਲਾਗੂ ਕਰਨ, ਮਨਰੇਗਾ ਸਕੀਮ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਉਣ ਦੀ ਜੋਰਦਾਰ ਨਿਖੇਧੀ ਕੀਤੀ। ਉਹਨਾਂ ਅੱਗੇ ਕਿਹਾ ਕਿ ਜਿੱਥੇ ਪੱਬੀਆਂ ਪਾਰਟੀਆਂ ਦੇ ਇਸ ਏਕੇ ਤੇ ਸੰਘਰਸ਼ ਰਾਹੀਂ ਮੋਦੀ ਸਰਕਾਰ ਵੱਲੋਂ ਉਭਾਰੇ ਜਾ ਰਹੇ ਤਾਨਾਸ਼ਾਹੀ ਰੁਝਾਨਾਂ ਦਾ ਟਾਕਰਾ ਕੀਤਾ ਜਾਵੇਗ ਉਥੇ ਸੰਘਰਸ਼ 14 ਨੁਕਾਤੀ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਤੇ ਸੂਬੇ ਅੰਦਰ ਇੱਕ ਲੋਕ ਪੱਖੀ ਰਾਜਸੀ ਬਦਲ ਉਭਾਰਨ ਲਈ ਵੀ ਕੰਮ ਕਰੇਗਾ। ਉਹਨਾਂ ਕਿਹਾ ਖੱਬੀਆਂ ਪਾਰਟੀਆਂ ਦੇ ਇਸ ਸਾਂਝੇ ਐਕਸ਼ਨ ਕਰਕੇ ਵਰਕਰਾਂ ਵਿੱਚ ਭਾਰੀ ਜੋਸ਼ ਹੈ । ਉਹਨਾਂ ਇਹ ਵੀ ਕਿਹਾ ਕਿ ਸੰਘਰਸ਼ ਦੇ ਅਗਲੇ ਪੜਾਅ ਵਜੋਂ 28 ਨਵੰਬਰ ਨੂੰ ਲੁਧਿਆਣਾ ਦੀ ਗਿੱਲ ਰੋਡ ਸਥਿਤ ਦਾਣਾ ਮੰਡੀ ਵਿਖੇ ਸੂਬਾਈ ਰੈਲੀ ਕੀਤੀ ਜਾਵੇਗੀ ਜਿਸ ਵਿੱਚੋ ਸੂਬੇ ਭਰ ਦੇ ਸੰਘਰਸ਼ਸੀਲ ਲੋਕ ਭਾਰੀ ਗਿਣਤੀ ਵਿੱਚ ਸ਼ਾਮਲ ਹੋਣਗੇ ਤੇ ਇਹ ਰੈਲੀ ਇੱਕ ਇਤਿਹਾਸਕ ਰੈਲੀ ਹੋ ਨਿਬੜੇਗੀ । 
ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਕਾਮਰੇਡ ਪਰਮਜੀਤ ਸਿੰਘ, ਕਾਮਰੇਡ ਡੀ.ਪੀ. ਮੋੜ, ਡਾ. ਅਰੁਣ ਮਿੱਤਰਾ, ਅਮਰਜੀਤ ਮੱਟੂ ਅਤੇ ਮਹਿੰਦਰ ਸਿੰਘ ਸੀਲੋਂ ਨੇ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਅਤੇ ਨਿੱਜੀ ਜਾਇਦਾਦ ਦੀ ਭੰਨ ਤੋੜ ਰੋਕਣ ਦੀ ਆੜ ਵਿੱਚ ਜਿਹੜਾਂ ਬਿੱਲ ਪਾਸ ਕੀਤਾ ਗਿਆ ਹੈ ਉਹ ਦਰਅਸਲ ਮੇਹਨਤਕਸ਼ ਲੋਕਾਂ ਵੱਲੋਂ ਕੀਤੇ ਜਾਂਦੇ ਆਪਣੇ ਹੱਕੀ ਸੰਘਰਸਾਂ ਨੂੰ ਰੋਕਣ ਦੀ ਇੱਕ ਚਾਲ ਹੈ। ਇਸ ਲਈ ਜਿੱਥੇ ਇਹ ਸੰਘਰਸ਼ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਵਿਢਿਆ ਗਿਆ ਹੈ ਉਥੇ ਇਹ ਜਨਤਕ ਮੰਗਾਂ ਜਿਵੇਂ ਕਿ ਸ਼ਹਿਰੀ ਜਾਇਦਾਦਾਂ ਉੱਪਰ ਲਗਾਇਆ ਪ੍ਰਾਪਰਟੀ ਟੈਕਸ ਵਾਪਸ ਕਰਵਾਉਣ, ਵੱਖ-ਵੱਖ ਸਮੇਂ ਬਿਜਲੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਕਰਵਾਉਣ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੁਆਉਣ ਅਤੇ ਸਰਕਾਰੀ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਵਾਉਣ, ਵਿੱਦਿਆ ਅਤੇ ਸਿਹਤ ਸੇਵਾਵਾਂ ਨੂੰ ਸਰਕਾਰੀ ਖੇਤਰ ਵਿੱਚ ਰੱਖਵਾਉਣ, ਬੁੱਢਾਪਾ ਅਤੇ ਵਿਧਵਾ ਪੈਨਸ਼ਨ ਘੱਟੋ-ਘੱਟ 3,000/- ਰੁਪਏ ਪ੍ਰਤੀ ਮਹੀਨਾ ਕਰਵਾਉਣ, ਔਰਤਾਂ ਉੱਪਰ ਵੱਧ ਰਹੇ ਅੱਤਿਆਚਾਰਾਂ ਨੂੰ ਸਖਤੀ ਨਾਲ ਖਤਮ ਕਰਵਾਉਣ, ਗੈਰ-ਹੁਨਰਮੰਦ ਕਿਰਤੀਆਂ ਨੂੰ ਘੱਟੋ-ਘੱਟ 15,000/- ਰੁਪਏ ਪ੍ਰਤੀ ਮਹੀਨਾ ਉਜਰਤ ਦਿਵਾਉਣ, ਸਰਕਾਰੀ ਅਰਧ-ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਠੇਕੇਦਾਰੀ ਸਿਸਟਮ ਅਤੇ  ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਵਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾਉਣ, ਰੇਤ ਬਜ਼ਰੀ ਤੇ ਭੂਮੀ ਮਾਫੀਆ ਤੇ ਸਖਤੀ ਨਾਲ ਰੋਕ ਲਗਾਉਣ, ਸੜਕਾਂ ਤੇ ਲੱਗੇ ਟੋਲ ਪਲਾਜਿਆਂ ਨੂੰ ਮੁਕੰਮਲ ਤੌਰ ਤੇ ਖਤਮ ਕਰਵਾਉਣ, ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਅਨੁਸਾਰ ਭਾਅ ਦੁਆਉਣ, ਕਿਰਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ, ਮਨਰੇਗਾ ਮਜ਼ਦੂਰਾਂ ਦੀ ਦਿਹਾੜੀ 350/- ਰੁਪਏ ਮਿਥਨ ਅਤੇ ਪੂਰੇ ਸਾਲ ਦੇ ਰੋਜ਼ਗਾਰ ਦੀ ਗਰੰਟੀ ਕਰਵਾਉਣ ਲਈ ਵੀ ਹੈ ।
ਉਪਰੋਕਤ ਤੋਂ ਇਲਾਵਾ ਰੈਲੀ ਨੂੰ ਕਾਮਰੇਡ ਜਤਿੰਦਰ ਪਾਲ ਸਿੰਘ, ਕਾਮਰੇਡ ਮਹਿੰਦਰ ਸਿੰਘ ਅਚਰਵਾਲ, ਕਾਮਰੇਡ ਗੁਰਨਾਮ ਸਿੰਘ ਸਿੱਧੂ, ਕਾਮਰੇਡ ਰਮੇਸ਼ ਰਤਨ, ਕਾਮਰੇਡ ਗੁਰਦੀਪ ਕਲਸੀ, ਕਾਮਰੇਡ ਜਗਦੀਸ਼ ਚੰਦ, ਕਾਮਰੇਡ ਬਲਦੇਵ ਸਿੰਘ ਲਤਾਲਾ, ਕਾਮਰੇਡ ਬੂਟਾ ਸਿੰਘ, ਕਾਮਰੇਡ ਦੇਵ ਰਾਜ ਨੇ ਵੀ ਸੰਬੋਧਨ ਕੀਤਾ।  


No comments: