Friday, October 24, 2014

ਅੰਮ੍ਰਿਤਸਰ; ਨਿਹੰਗ ਸਿੰਘਾਂ ਦਰਮਿਆਨ ਫਾਇਰਿੰਗ:ਘਟੋਘੱਟ ਪੰਜ ਜ਼ਖਮੀ

 ਪੁਲਿਸ ਨੇ ਫੁਰਤੀ ਦਿਖਾ ਕੇ ਹਮਲਾਵਰਾਂ ਨੂੰ ਕੀਤਾ ਕਾਬੂ 
ਅੰਮ੍ਰਿਤਸਰ:24 ਅਕਤੂਬਰ 2014:(ਪੰਜਾਬ ਸਕਰੀਨ ਬਿਊਰੋ):
ਜਿਸ ਸਿੱਖ ਕੌਮ ਦੇ ਵੱਡੇ ਵਡੇਰਿਆਂ ਨੇ ਆਪਣੇ ਗੁਰੂ ਦੇ ਇੱਕ ਹੁਕਮ ਉੱਤੇ ਸਾਰੀ ਦੁਨੀਆ ਛੱਡ ਕੇ ਆਪਣਾ ਸੀਸ ਕੁਰਬਾਨੀ ਲਈ ਹਾਜਰ ਕਰ ਦਿੱਤਾ ਸੀ ਓਸੇ ਗੁਰੂ ਦੀਆਂ ਲਾਡਲੀਆਂ ਫੌਜਾਂ ਵੀ ਹੁਣ ਸਿਆਸੀ ਆਗੂਆਂ ਵਾਂਗ ਚੌਧਰ ਪਿਛੇ ਇੱਕ ਦੂਜੇ ਦੇ ਸਾਹਮਣੇ ਡਟਣ ਤੋਂ ਨਹੀਂ ਝਿਜਕਦੀਆਂ। ਇਹ ਦੁੱਖਦਾਈ ਹਕੀਕਤ ਇੱਕ ਵਾਰ ਫੇਰ ਅੱਜ ਅੰਮ੍ਰਿਤਸਰ ਵਿਖੇ ਸੰਗਤਾਂ ਸਾਹਮਣੇ ਆਈ। ਸਿੱਖਾਂ ਦੇ ਛੇਵੇਂ ਗੁਰੂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਬੰਦੀ ਛੋੜ ਦਿਵਸ ਦੇ ਸਬੰਧ 'ਚ ਨਿਹੰਗ ਸਿੰਘ ਜੱਥੇਬੰਦੀਆਂ ਵਲੋਂ ਸ਼ੁੱਕਰਵਾਰ ਨੂੰ ਇਕ ਮੁਹੱਲਾ ਕੱਢਿਆ ਗਿਆ। ਇਸ ਮੁਹੱਲੇ ਵਿਚ ਘੋੜਸਵਾਰ ਨਿਹੰਗ ਸਿੰਘਾਂ 'ਚ ਇਕ ਨਿਹੰਗ ਸਿੰਘ ਜਥੇਬੰਦੀ ਦੇ ਮੈਂਬਰ ਨੂੰ ਜਦੋਂ ਉੱਤਰਾਧਿਕਾਰੀ ਅਰਥਾਤ ਨਵਾਂ ਮੁਖੀ ਐਲਾਨਿਆ ਗਿਆ ਤਾ ਇਸ ਨਵੀਂ ਨਿਯੁਕਤੀ ਨੂੰ ਲੈ ਕੇ ਇਹ ਨਿਹੰਗ ਸਿੰਘ ਆਪਸ ਵਿਚ ਭਿੜ ਗਏ ਜਿਸ ਵਿਚ ਇਕ ਦਲ ਨੇ ਦੂਸਰੇ ਦਲ 'ਤੇ ਸਿੱਧੀ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ। ਕੀਆਂ ਨੇ ਇਸਦਾ ਕਾਰਣ ਜਮੀਨ ਦਾ ਝਗੜਾ ਵੀ ਦੱਸਿਆ ਹੈ।  ਦੋਵੇਂ ਗੁੱਟ ਇਸ ਜਮੀਨ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦੇ ਸਨ। ਤਕਰੀਬਨ 5000 ਦੇ ਕਰੀਬ ਲੋਕਾਂ ਨਾਲ ਭਰੇ ਹੋਏ ਇਸ  ਖੁਲ੍ਹੇ ਮੈਦਾਨ ਵਿਚ ਅਚਾਨਕ ਹੋਈ ਫਾਈਰਿੰਗ ਨਾਲ ਅਫਰਾ-ਤਫਰੀ ਮਚ ਗਈ ਜਿਸ ਤੋਂ ਬਾਅਦ ਪੁਲਸ ਨੇ ਮੌਕੇ 'ਤੇ ਆ ਕੇ ਗੋਲੀ ਚਲਾਉਣ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਆ। ਉਸ ਸਮੇਂ ਮਾਹੌਲ ਇਨਾ ਗਰਮਾ ਗਿਆ ਕਿ ਹਰ ਕੋਈ ਆਪਣਾ ਬਚਾਅ ਲਈ ਇਧਰ ਉਧਰ ਭੱਜਣ ਲੱਗਾ। ਇਸ ਤਰਾਂ ਗੁਰਪੂਰਬ ਦਾ ਸਾਰਾ ਉਤਸ਼ਾਹ ਇੱਕ ਦਹਿਸ਼ਤ ਵਾਲੇ ਮਾਹੌਲ ਵਿੱਚ ਬਦਲ ਗਿਆ। 
ਇਸ ਬਾਰ ਮਿਲੀਆਂ ਮੁਢਲੀਆਂ ਰਿਪੋਰਟਾਂ ਵਿੱਚ ਦੱਸਿਆ ਦੱਸਿਆ ਗਿਆ ਹੈ ਕਿ ਨਿਹੰਗ ਸਿੰਘਾਂ ਵਲੋਂ ਆਪਸੀ ਗੋਲੀਬਾਰੀ ਵਿਚ ਘਟੋਘੱਟ 5 ਨਿਹੰਗ ਸਿੰਘ ਜ਼ਖਮੀ ਹੋਏ ਹਨ। ਇੱਕ ਬੱਚੇ ਦੇ ਜਖਮੀ ਹੋਣ ਦਾ ਵੀ ਪਤਾ ਲੱਗਿਆ ਹੈ। ਇਹਨਾਂ ਵਿਚੋਂ ਇਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦਰਅਸਲ ਇਹ ਨਗਰ ਕੀਰਤਨ ਹਰ ਸਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੇ ਇਕ ਦਿਨ ਬਾਅਦ ਕੱਢਿਆ ਜਾਂਦਾ ਹੈ ਜਿਸ ਵਿਚ ਪੂਰੇ ਦੇਸ਼ ਦੀਆਂ ਨਿਹੰਗ ਸਿੰਘ ਜਥੇਬੰਦੀਆਂ ਆ ਕੇ ਆਪਣੀ ਜੰਗੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ ਅਤੇ ਘੋੜ ਸਵਾਰੀ ਦੇ ਕਰਤਬ ਵੀ ਹੁੰਦੇ ਹਨ। ਇਸ ਮੌਕੇ ਜਦੋਂ ਪੁਲਸ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਅੱਗੇ ਆਈ ਤਾਂ ਦੋਸ਼ੀ ਪੁਲਸ ਦੀਆਂ ਅੱਖਾਂ 'ਚ ਧੂੜ ਪਾ ਕੇ ਫਰਾਰ ਹੋ ਗਏ, ਜਿਸ ਤੋਂ ਪੁਲਸ ਨੇ ਚੁਸਤੀ ਦਿਖਾਉਂਦਿਆਂ ਹਮਲਾਵਰਾਂ ਨੂੰ ਗ੍ਰਿਫਤਾਰ ਕਰ ਲਿਆ। ਜਿਸ ਗੁਰੂ ਨੇ ਆਪਣਾ ਸਰਬੰਸ ਕੌਮ ਅਤੇ ਮਨੁੱਖਤਾ ਦੇ ਭਲੇ ਲੈ ਵਾਰ ਦਿੱਤਾ, ਆਪਣੇ ਆਪ ਨੂੰ ਉਸ ਗੁਰੂ ਦੀਆਂ ਲਾਡਲੀਆਂ ਫੌਜਾਂ ਆਖਣ ਵਾਲੇ ਨਿਹੰਗ ਸਿੰਘ ਗੁਰਪੂਰਬ ਮੌਕੇ ਅਜਿਹਾ ਕਰਨਗੇ ਇਹ ਸ਼ਾਇਦ ਕਿਸੇ ਨਹੀਂ ਸੋਚਿਆ ਹੋਣਾ। ਹੁਣ ਦੇਖਣਾ ਇਹ ਹੈ ਕਿ ਗੁਰਪੂਰਬਾਂ ਮੌਕੇ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਦੀ ਰੋਕਥਾਮ ਲਈ ਸਿੰਘ ਸਾਹਿਬਾਨ ਕੀ ਕਦਮ ਚੁੱਕਦੇ ਹਨ ਅਤੇ ਸ਼੍ਰੋਮਣੀ ਕਮੇਟੀ ਕੀ ਐਕਸ਼ਨ ਲੈਂਦੀ ਹੈ?

No comments: