Friday, September 05, 2014

ਭਾਰੀ ਬਾਰਿਸ਼ ਦੇ ਬਾਵਜੂਦ ਬਰਕਰਾਰ ਰਿਹਾ ਲਾਲ ਝੰਡੇ ਦਾ ਜਲਵਾ

ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਨੂੰ ਕੀਤਾ ਬੇਨਕਾਬ
ਲੁਧਿਆਣਾ5 ਸਤੰਬਰ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਮੀਂਹ, ਹਨੇਰੀ, ਝੱਖੜ ਅਤੇ ਤੇਜ਼ ਬਾਰਿਸ਼--ਪਰ ਫਿਰ ਵੀ ਕਮਿਊਨਿਸਟ ਕਾਰਕੁੰਨਾਂ ਦੇ ਹੱਥਾਂ ਵਿੱਚ ਲਾਲ ਝੰਡਾ ਆਪਣੀ ਪੁਰਾਣੀ ਸ਼ਾਨ ਦੇ ਨਾਲ ਲਹਿਰਾ ਰੋਹ ਸੀ। ਬਰਸਾਤ ਨਾਲ ਕਾਮਰੇਡਾਂ ਦਾ ਜੋਸ਼ ਹੋਰ ਵਧ ਗਿਆ ਸੀ। ਸਿਰਫ ਵਰਕਰ ਹੀ ਨਹੀਂ ਉਹਨਾਂ ਦੇ ਆਗੂ ਵੀ ਉਹਾਂ ਦੀ ਤਰਾਂ ਭਿਜ ਰਹੇ ਸਨ ਪਰ ਅਡੋਲ ਸਨ। ਕਾਮਰੇਡ ਚਰਨ ਸਿੰਘ ਵਿਰਦੀ, ਕਾਮਰੇਡ ਸੁਖਵਿੰਦਰ ਸਿੰਘ ਸੇਖੋਂ, ਡਾਕਟਰ ਅਰੁਣ ਮਿੱਤਰਾ ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਬਾਰ ਬਾਰ ਵਰ੍ਹਦੇ ਮੀਂਹ ਵਿੱਚ ਆ ਜਾ ਰਹੇ ਸਨ। ਖੁਦ ਛਤਰੀਆਂ ਹੇਠ ਮੀਂਹ ਤੋਂ ਬਚਨ ਦੀ ਬਜਾਏ ਮੀਡੀਆ ਵਾਲੀਆਂ ਨੂੰ ਛਤਰੀਆਂ ਦਾ ਸ਼ੈਲਟਰ ਦੇ ਰਹੇ ਸਨ ਤਾਂ ਕਿ ਓਹ ਆਪਣੇ ਮਹਿੰਗੇ ਕੈਮਰੇ ਬਾਰਿਸ਼ ਤੋਂ ਬਚਾ ਕੇ ਇਸ ਸਾਂਝੀ ਕਮਿਊਨਿਸਟ ਰੈਲੀ ਦੀਆਂ ਤਸਵੀਰਾਂ ਪੂਰੀ ਦੁਨੀਆ ਤੱਕ ਪਹੁੰਚਾ ਸਕਣ। ਏਅਰ ਕੰਡੀਸ਼ੰਡ ਕੋਠੀਆਂ ਅਤੇ ਏਅਰ ਕੰਡੀਸ਼ੰਡ ਮੋਟਰਾਂ-ਕਾਰਾਂ ਚੋਂ ਚਲਦੀ ਸਿਆਸਤ ਅਤੇ ਸੱਤਾ ਦੇ ਮੂੰਹ ਤੇ ਇਹ ਇਕਠ ਇੱਕ ਕਰਾਰੀ ਚਪੇੜ ਸੀ। ਜਿਹਨਾਂ ਨੇ ਇਹ ਭਰਮ ਪਾਲਿਆ ਸੀ ਕਿ ਬਸ ਹੁਣ ਕਮਿਊਨਿਸਟ ਲਹਿਰ ਕਦੋਂ ਦੀ ਮੁੱਕ ਮੁਕਾ ਚੁੱਕੀ ਹੈ--ਇਹ ਰੈਲੀ ਇਹਨਾਂ ਨੂੰ ਵੀ ਇੱਕ ਤਕੜਾ ਜੁਆਬ ਸੀ।
ਪੰਜਾਬ ਦੀਆਂ ਚਾਰ ਖੱਬੀਆਂ ਪਾਰਟੀਆਂ ਸੀ.ਪੀ.ਆਈ., ਸੀ.ਪੀ.ਆਈ. (ਐਮ.), ਸੀ.ਪੀ.ਐਮ. ਪੰਜਾਬ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਵੱਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਅਤੇ ਕਾਲੇ ਕਾਨੂੰਨਾਂ ਦੀ ਵਾਪਸੀ ਦੀ ਮੰਗ ਨੂੰ ਲੈ ਕੇ ਸੂਬੇ ਭਰ ਵਿੱਚ ਆਰੰਭੇ ਗਏ ਸੰਘਰਸ਼ ਤਹਿਤ ਅੱਜ ਇਥੇ ਭਾਈ ਵਾਲਾ ਚੌਕ ਤੋਂ 
ਜਲੂਸ ਦੀ ਸ਼ਕਲ ਵਿੱਚ ਮਿੰਨੀ ਸਕੱਤਰੇਤ ਪਹੁੰਚ ਕੇ ਇੱਕ ਵਿਸ਼ਾਲ ਰੋਸ ਮੁਜਾਹਰਾ ਕੀਤਾ ਗਿਆ। ਜਿਸ ਵਿੱਚ ਚੋਹਾਂ ਪਾਰਟੀਆਂ ਦੇ ਕਾਰਕੂੰਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ। ਮਾਰਚ ਉਪਰੰਤ ਡਿਪਟੀ ਕਮਿਸ਼ਨਰ ਲੁਧਿਆਣਾ ਰਾਹੀਂ ਪੰਜਾਬ ਸਰਕਾਰ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਵੇਲੇ ਹੋਈ ਰੈਲੀ ਦੀ ਪ੍ਰਧਾਨਗੀ ਕਾਮਰੇਡ ਅਮਰਜੀਤ ਸਿੰਘ ਮੱਟੂ, ਕਾਮਰੇਡ ਪਰਮਜੀਤ ਸਿੰਘ ਅਤੇ ਐਡਵੋਕੇਟ ਓ.ਪੀ. ਮਹਿਤਾ ਤੇ ਅਧਾਰਿਤ ਪ੍ਰਧਾਨਗੀ ਮੰਡਲ ਨੇ ਕੀਤੀ।  ਰੈਲੀ ਵਿੱਚ ਇੱਕਠੇ ਹੋਏ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ. (ਐਮ.) ਦੇ ਸੂਬਾ ਸਕੱਤਰ ਕਾਮਰੇਡ ਚਰਨ ਸਿੰਘ ਵਿਰਦੀ, ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ  ਸੁਖਦਰਸ਼ਨ ਨੱਤ, ਸੀਪੀਆਈ ਦੇ ਜ਼ਿਲਾ ਸਕੱਤਰ ਕਾਮਰੇਡ ਕਰਤਾਰ ਸਿੰਘ ਬੁਆਣੀ ਨੇ ਜਿੱਥੇ ਪੰਜਾਬ ਦੀ ਮਾਫੀਆ ਰਾਜ ਵਾਲੀ ਬਾਦਲ ਸਰਕਾਰ ਨੂੰ ਪੰਜਾਬ ਅੰਦਰ ਵੱਧ ਰਹੀ ਨਸ਼ਿਆਂ ਦੀ ਸਮਗਲਿੰਗ ਅਤੇ ਰੇਤ, ਬਜਰੀ ਰਾਹੀਂ ਆਮ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਲਈ ਸਿੱਧੇ ਤੌਰ ਤੇ ਜ਼ੁੰਮੇਵਾਰ ਠਹਿਰਾਇਆ ਉੱਥੇ ਉਹਨਾਂ ਕੇਂਦਰ ਦੀ ਕਾਰਪੋਰੇਟ ਪੱਖੀ ਨੀਤੀਆ ਵਾਲੀ ਮੋਦੀ ਸਰਕਾਰ ਕੋਲੋਂ ਦੇਸ਼ ਵਿੱਚ ਫਿਰਕੂ ਜਹਿਰ ਫੈਲਾਉਣ, ਸਿੱਖਿਆ ਅਤੇ ਸੱਭਿਆਚਾਰ 'ਚ ਹਿੰਦੂਤਵ ਦਾ ਏਜੰਡਾ ਲਾਗੂ ਕਰਨ, ਕੇਂਦਰੀ ਯੋਜਨਾ ਕਮਿਸ਼ਨ ਨੂੰ ਭੰਗ ਕਰਨ, ਹਰ ਖੇਤਰ ਵਿੱਚ ਐਫ.ਡੀ.ਆਈ. ਲਾਗੂ ਕਰਨ, ਮਨਰੇਗਾ ਸਕੀਮ ਨੂੰ ਖਤਮ ਕਰਨ ਦੀਆਂ ਯੋਜਨਾਵਾਂ ਬਣਾਉਣ, ਸੁਪਰੀਮ ਕੋਰਟ ਦੇ ਜੱਜਾਂ ਦੀ ਨਿਯੁਕਤੀ ਵਿੱਚ ਦਖਲ ਅੰਦਾਜੀ ਕਰਨ ਵਾਸਤੇ ਨਵੇਂ ਕਾਨੂੰਨ ਬਣਾਉਣ ਦੀ ਜੋਰਦਾਰ ਨਿਖੇਧੀ ਕੀਤੀ। ਉਹਨਾਂ ਅੱਗੇ ਕਿਹਾ ਕਿ ਜਿੱਥੇ ਖੱਬੀਆਂ ਪਾਰਟੀਆਂ ਦੇ ਇਸ ਏਕੇ ਤੇ ਸੰਘਰਸ਼ ਰਾਹੀਂ ਮੋਦੀ ਸਰਕਾਰ ਵੱਲੋਂ ਉਭਾਰੇ ਜਾ ਰਹੇ ਤਾਨਾਸ਼ਾਹੀ ਰੁਝਾਨਾਂ ਦਾ ਟਾਕਰਾ ਕੀਤਾ ਜਾਵੇਗਾ ਉਥੇ ਸੰਘਰਸ਼ 14 ਨੁਕਾਤੀ ਮੰਗ ਪੱਤਰ ਵਿੱਚ ਦਰਜ ਮੰਗਾਂ ਦੀ ਪ੍ਰਾਪਤੀ ਤੱਕ ਜਾਰੀ ਰਹੇਗਾ ਅਤੇ ਸੂਬੇ ਅੰਦਰ ਇੱਕ ਲੋਕ ਪੱਖੀ ਰਾਜਸੀ ਬਦਲ ਉਭਾਰਨ ਲਈ ਵੀ ਕੰਮ ਕਰੇਗਾ। 
ਉਹਨਾਂ ਕਿਹਾ ਕਿ ਖੱਬੀਆਂ ਪਾਰਟੀਆਂ ਦੇ ਇਸ ਸਾਂਝੇ ਐਕਸ਼ਨ ਕਰਕੇ ਵਰਕਰਾਂ ਵਿੱਚ ਭਾਰੀ ਜੋਸ ਹੈ ਜੋ ਅੱਜ ਦੇ ਇਸ ਇਕੱਠ ਚੋਂ ਸਾਫ ਝਲਕ ਰਿਹਾ ਹੈ । ਜਲਦੀ ਹੀ ਖੱਬੀਆਂ ਪਾਰਟੀਆਂ ਅਗਲੀ ਮੀਟਿੰਗ ਕਰਕੇ ਆਪਣੇ ਅਗਲੇ ਵੱਡੇ ਐਕਸ਼ਨ ਦਾ ਐਲਾਨ ਕਰਨਗੀਆਂ। 
ਰੈਲੀ ਨੂੰ ਸੰਬੋਧਨ ਕਰਦਿਆਂ ਕਾਮਰੇਡ ਕਰਤਾਰ ਸਿੰਘ ਬੁਆਣੀ, ਸੁਖਵਿੰਦਰ ਸਿੰਘ ਸੇਖੋਂ, ਜਤਿੰਦਰ ਪਾਲ ਸਿੰਘ, ਡੀ.ਪੀ. ਮੌੜ, ਡਾ. ਅਰੁਣ ਮਿੱਤਰਾ, ਮਹਿੰਦਰ ਸਿੰਘ ਅਚਰਵਾਲ, ਜਗਦੇਵ ਸਿੰਘ ਕਲਸੀ, ਰੂਪ ਬਸੰਤ ਬੜੈਚ ਅਤੇ ਹਰਬੰਸ ਸਿੰਘ ਲੋਹਟਵਦੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਕ ਅਤੇ ਨਿੱਜੀ ਜਾਇਦਾਦ ਦੀ ਭੰਨ ਤੋੜ ਰੋਕਣ ਦੀ ਆੜ ਵਿੱਚ ਜਿਹੜਾ ਬਿੱਲ ਪਾਸ ਕੀਤਾ ਗਿਆ ਹੈ ਉਹ ਦਰਅਸਲ ਮੇਹਨਤਕਸ਼ ਲੋਕਾਂ ਵੱਲੋਂ ਕੀਤੇ ਜਾਂਦੇ ਆਪਣੇ ਹੱਕੀ ਸੰਘਰਸਾਂ ਨੂੰ ਰੋਕਣ ਦੀ ਇੱਕ ਚਾਲ ਹੈ। ਇਸ ਲਈ ਜਿੱਥੇ ਇਹ ਸੰਘਰਸ਼ ਕਾਲੇ ਕਾਨੂੰਨਾਂ ਦੀ ਵਾਪਸੀ ਲਈ ਵਿਢਿਆ ਗਿਆ ਹੈ ਉਥੇ ਇਹ ਜਨਤਕ ਮੰਗਾਂ ਜਿਵੇਂ ਕਿ ਸ਼ਹਿਰੀ ਜਾਇਦਾਦਾਂ ਉੱਪਰ ਲਗਾਇਆ ਪ੍ਰਾਪਰਟੀ ਟੈਕਸ ਵਾਪਸ ਕਰਵਾਉਣ, ਵੱਖ-ਵੱਖ ਸਮੇਂ ਬਿਜਲੀ ਦੀਆਂ ਦਰਾਂ ਵਿੱਚ ਕੀਤੇ ਵਾਧੇ ਨੂੰ ਵਾਪਸ ਕਰਵਾਉਣ, ਵੱਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਬੇਰੁਜਗਾਰਾਂ ਨੂੰ ਰੁਜਗਾਰ ਦੁਆਉਣ ਅਤੇ ਸਰਕਾਰੀ ਮਹਿਕਮਿਆਂ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਵਾਉਣ, ਵਿੱਦਿਆ ਅਤੇ ਸਿਹਤ ਸੇਵਾਵਾਂ ਨੂੰ ਸਰਕਾਰੀ ਖੇਤਰ ਵਿੱਚ ਰੱਖਵਾਉਣ, ਬੁੱਢਾਪਾ ਅਤੇ ਵਿਧਵਾ ਪੈਨਸ਼ਨ ਘੱਟੋ-ਘੱਟ 3000/- ਰੁਪਏ ਪ੍ਰਤੀ ਮਹੀਨਾ ਕਰਵਾਉਣ, ਔਰਤਾਂ ਉੱਪਰ ਵੱਧ ਰਹੇ ਅੱਤਿਆਚਾਰਾਂ ਨੂੰ ਸਖਤੀ ਨਾਲ ਖਤਮ ਕਰਵਾਉਣ, ਗੈਰ ਹੁਨਰਮੰਦ ਕਿਰਤੀਆਂ ਨੂੰ ਘੱਟੋ-ਘੱਟ 15,000/- ਰੁਪਏ ਪ੍ਰਤੀ ਮਹੀਨਾ ਉਜਰਤ ਦਿਵਾਉਣ, ਸਰਕਾਰੀ ਅਰਧ-ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਵਿੱਚ ਠੇਕੇਦਾਰੀ ਸਿਸਟਮ ਅਤੇ ਦਿਹਾੜੀਦਾਰ ਕਾਮਿਆਂ ਨੂੰ ਪੱਕੇ ਕਰਵਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਬਣਾਉਣ, ਨਸ਼ਿਆਂ ਦੇ ਕਾਲੇ ਕਾਰੋਬਾਰ ਨੂੰ ਬੰਦ ਕਰਵਾਉਣ, ਰੇਤ ਬਜਰੀ ਤੇ ਭੂਮੀ ਮਾਫੀਆ ਤੇ ਸਖਤੀ ਨਾਲ ਰੋਕ ਲਗਾਉਣ, ਸੜਕਾਂ ਤੇ ਲੱਗੇ ਟੋਲ ਪਲਾਜਿਆਂ ਨੂੰ ਮੁਕੰਮਲ ਤੌਰ ਤੇ ਖਤਮ ਕਰਵਾਉਣ, ਕਿਸਾਨਾਂ ਨੂੰ ਖੇਤੀ ਜਿਨਸਾਂ ਦੇ ਡਾਕਟਰ ਸਵਾਮੀਨਾਥਨ ਕਮਿਸ਼ਨ ਦੀਆਂ ਸ਼ਿਫਾਰਸ਼ਾਂ ਅਨੁਸਾਰ ਭਾਅ ਦੁਆਉਣ, ਕਿਰਤ ਕਾਨੂੰਨਾਂ ਦੀ ਸਖਤੀ ਨਾਲ ਪਾਲਣਾ ਕਰਵਾਉਣ, ਮਨਰੇਗਾ ਮਜਦੂਰਾਂ ਦੀ ਦਿਹਾੜੀ 350/- ਰੁਪਏ ਮਿਥਨ ਅਤੇ ਪੂਰੇ ਸਾਲ ਦੇ ਰੋਜਗਾਰ ਦੀ ਗਰੰਟੀ ਕਰਵਾਉਣ ਲਈ ਵੀ ਹੈ। ਇਹਨਾਂ ਤੋਂ ਇਲਾਵਾ ਰੈਲੀ ਨੂੰ ਕਾਮਰੇਡ ਗੁਲਜਾਰ ਗੋਰੀਆ, ਕਾ. ਜਗਦੀਸ਼ ਚੰਦ, ਕਾ. ਗੁਰਨਾਮ ਗਿੱਲ, ਸ਼ਿਵ ਰਤਨ ਨੇ ਵੀ ਸੰਬੋਧਨ ਕੀਤਾ।
ਇਸ ਰੈਲੀ ਵਿੱਚ ਮਰਦਾਂ ਦੇ ਨਾਲ ਨਾਲ ਔਰਤਾਂ ਵੀ ਵਧ ਚੜ੍ਹ ਕੇ ਸ਼ਾਮਿਲ ਹੋਈਆਂ। ਭਾਰੀ ਮੀਂਹ ਆਏ ਘਰੇਲੂ ਜ਼ਿਮੇਦਾਰੀਆਂ ਦੇ ਨਾਲ ਨਾਲ ਉਹਨਾਂ ਸਿਆਸੀ ਰਣ ਵਿੱਚ ਵੀ ਆਪਣੀ ਹਾਜ਼ਿਰੀ ਲਗਵਾਈ। ਕੀਆਂ ਨੇ ਆਪਣੇ ਛੋਟੇ ਬੱਚੇ ਕੁਛੱੜ ਚੁੱਕੇ ਹੋਏ ਸਨ। ਜਿਊਂ ਹੀ ਔਰਤਾਂ ਦਾ ਨਵਾਂ ਜੱਥਾ ਰੈਲੀ ਵਿੱਚ ਪਹੁੰਚਦਾ ਤਾਂ ਪਹਿਲਾਂ ਬੈਠੀਆਂ ਔਰਤਾਂ ਉਹਨਾਂ ਲਈ ਝੱਟ ਪੱਟ ਬਿਨਾ ਕਿਸੇ ਦੇ ਕਹੇ ਥਾਂ ਖਾਲੀ ਕਰਕੇ ਆਪੋ ਵਿੱਚ ਸੁੰਗੜ ਜਾਂਦੀਆਂ। ਮੈਂ ਸਮਝਿਆ ਇਹ ਸ਼ਾਇਦ ਆਪਸ ਵਿੱਚ ਰਿਸ਼ਤੇਦਾਰ, ਜਾਨ ਫੇਰ ਕਿਸੇ ਇੱਕ ਮੁਹ੍ਹਲੇ ਵਿੱਚ ਜਾਂ ਫੇਰ ਕਿਸੇ ਇੱਕ ਫੈਕਟਰੀ ਵਿੱਚ ਕੰਮ ਕਰਦਿਆਂ ਹੋਣਗੀਆਂ। ਅਖੀਰ ਮੇਰੇ ਕੋਲੋਂ ਰਹਿ ਨਾ ਹੋਇਆ ਤੇ ਮੈਂ ਅਲੱਗ ਅਲੱਗ ਥਾਵਾਂ ਤੇ ਜਾ ਕੇ ਉਹਨਾਂ ਵਿੱਚੋਂ ਕਈਆਂ ਨੂੰ  ਪੁਛਿਆ ਕਿ ਓਹ ਇੱਕ ਦੂਜੇ ਨੂੰ ਕਿਵੇਂ ਜਾਣਦੀਆਂ ਹਨ? ਜੁਆਬ ਸੀ ਸਾਡਾ ਦਰਦ ਦਾ ਰਿਸ਼ਤਾ ਹੈ।ਇੰਨਕ਼ਲਾਬ ਦਾ ਰਿਸ਼ਤਾ ਹੈ। ਲਾਲ ਝੰਡੇ ਦਾ ਰਿਸ਼ਤਾ ਹੈ। ਇਸ ਜੁਆਬ ਨੇ ਮੈਨੂੰ ਹੈਰਾਨ ਕਰ ਦਿੱਤਾ।  ਮੈਂ ਸਮਝ ਗਿਆ ਬਾਬਾ ਕਾਰਲ ਮਾਰਕਸ ਦੇ ਫਲਸਫੇ ਦਾ ਕ੍ਰਿਸ਼ਮਾ ਅੱਜ ਫੇਰ ਆਪਣਾ ਅਸਰ ਦਿਖਾ ਰਿਹਾ ਹੈ। ਗੋਰਕੀ ਦਾ ਨਾਵਲ ਮਾਂ ਅੱਜ ਇਸ ਰੈਲੀ ਵਿੱਚ ਮੌਜੂਦ ਮਹਿਸੂਸ ਹੋਇਆ। 
ਰੈਲੀ ਵਿੱਚ ਪ੍ਰਧਾਨ ਮੰਤਰੀ ਮੋਦੀ ਦੇ ਸਕੂਲਾਂ ਵਿੱਚ ਪ੍ਰਸਾਰਿਤ ਭਾਸ਼ਣ ਅਤੇ ਸਥਾਨਕ ਅਕਾਲੀ ਆਗੂ ਹਰੀਸ਼ ਰਾਏ ਢਾਂਡਾ ਵੱਲੋਂ ਅਕਾਲੀ ਦਲ ਤੋਂ ਦਿੱਤਾ ਗਿਆ ਅਸਤੀਫਾ ਵੀ ਚਰਚਾ ਦਾ ਕੇਂਦਰ ਬਣੇ। ਸਥਾਨਕ ਮਸਲਿਆਂ ਦੇ ਨਾਲ ਨਾਲ ਕੌਮੀ ਅਤੇ ਕੌਮਾਂਤਰੀ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਹੋਈ। 

No comments: