Sunday, September 28, 2014

ਜਮਾਲਪੁਰ ਸ਼ੂਟਆਊਟ: ਦੇਖੋ ਕਦ ਮਿਲਦੈ ਇਨਸਾਫ਼

CBI ਕੋਲੋਂ ਜਾਂਚ ਕਰਾਉਣ ਦੀ ਮੰਗ ਨੇ ਫੜਿਆ ਹੋਰ ਜੋਰ 
ਲੁਧਿਆਣਾ: 28 ਸਤੰਬਰ 2014: (ਪੰਜਾਬ ਸਕਰੀਨ ਬਿਊਰੋ): 
ਗੈਂਗਸਟਰ ਦੱਸ ਕੇ ਜਮਾਲਪੁਰ ਵਿੱਚ ਦਿਨ ਦਿਹਾੜੇ ਬੜੀ ਹੀ ਬੇਰਹਿਮੀ ਨਾਲ ਗੋਲੀ ਦਾ ਨਿਸ਼ਾਨਾ  ਬਣਾਏ ਗਏ  ਦੋ ਨੌਜਵਾਨਾਂ ਦਾ ਮਾਮਲਾਨਿਜੀ ਰੰਜਿਸ਼ ਵਾਲਾ ਸੀ, ਰਾਜਨੀਤਿਕ ਰੰਜਿਸ਼ ਜਾਂ ਕੋਈ ਤੀਜਾ ਕਾਰਨ? ਪੁਲਿਸ ਨੇ ਜਿਸ ਬੇਸ਼ਰਮੀ ਨਾਲ ਕਾਤਲ ਤੋਲੇ ਦੀ ਮਦਦ ਕੀਤੀ ਅਤੇ ਜਿਸ ਤਰਾਂ ਇਸ ਮਾਮਲੇ ਤੇ ਪਰਦਾਪੋਸ਼ੀ ਦਾ ਨਾਕਾਮ ਜਤਨ ਕੀਤਾ ਉਸ ਨਾਲ ਆਉਣ ਵਾਲੇ ਮਾੜੇ ਭਵਿੱਖ ਦੀ ਇੱਕ ਝਲਕ ਮਿਲ ਰਹੀ ਹੈ। ਕਿਸੇ ਵੀ ਸਰਪੰਚ ਜਾਂ ਕਿਸੇ ਵੀ ਥਾਣੇ ਵਿੱਚ ਇਹ ਹਿੰਮਤ ਰਾਤੋਰਾਤ ਪੈਦਾ ਨਹੀਂ ਹੁੰਦੀ। ਇਸ ਦੀ ਨਿਰਪੱਖ ਜਾਂਚ ਹੋਵੇ ਤਾਂ ਸ਼ਾਇਦ ਕਾਫੀ ਕੁਝ ਬਾਹਰ ਨਿਕਲੇ। ਇਹ ਮਾਮਲਾ ਅਮੀਰ-ਗਰੀਬ ਦੋਸਤਾਂ ਦੇ ਆਰਥਿਕ ਪਾੜ੍ਹੇ ਚੋਂ ਪੈਦਾ ਹੋਇਆ ਜਾਂ ਫਿਰ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਮਦਦ ਕਰਨ ਵਾਲੀ ਗੱਲ ਸਹੀ ਹੈ।? ਜਦੋਂ ਕਲ੍ਹ ਇਸ ਸਰਪੰਚ ਗੁਰਜੀਤ ਸਿੰਘ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸੀ ਤਾਂ ਉਹ ਇੰਝ ਤੁਰ ਰਿਹਾ ਸੀ ਜਿਵੇਂ ਉਸਨੇ ਬਹੁਤ ਹੀ ਮਾਅਰਕੇ ਵਾਲਾ ਕੰਮ ਕੀਤਾ ਹੋਵੇ। ਉਸਦੇ ਚੇਹਰੇ ਉੱਪਰ ਨਾ ਕੀਤੇ ਦਾ ਕੋਈ ਪਛਤਾਵਾ ਸੀ ਤੇ ਨਾ ਹੀ ਪੁਲਿਸ ਜਾਂ ਕਾਨੂੰਨ ਦਾ ਕੋਈ ਖੌਫ਼। ਜਦੋਂ ਮੀਡੀਆ ਦੇ ਕੈਮਰੇ ਜ਼ਿਆਦਾ ਹੀ ਕਲਿੱਕ ਹੋ ਰਹੇ ਸਨ ਤਾਂ ਉਸਨੇ ਨੀਵੀਂ ਪਾ ਲਈ ਅਤੇ ਆਪਣੇ ਚੇਹਰੇ ਨੂੰ ਲੁਕਾਉਣ ਦਾ ਨਾਕਾਮ ਯਤਨ ਵੀ ਕੀਤਾ। ਚੇਤੇ ਰਹੇ ਕਿ ਜਦੋਂ ਇੱਕ ਪਾਸੇ ਮਿਰਤਕ ਨੌਜਵਾਨਾਂ ਦਾ ਪੋਸਟ ਮਾਰਟਮ ਅਤੇ ਉਹਨਾਂ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਉਦੋਂ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਕਾਨੂੰਨ ਆਪਣੀ ਚਾਲੇ ਚਲ ਰਿਹਾ ਸੀ।  ਐਤਵਾਰ ਹੋਣ ਕਰਕੇ ਅਦਾਲਤਾਂ ਵਿੱਚ ਛੁੱਟੀ ਸੀ ਪਰ ਡਿਊਟੀ ਮੈਜਸਟਰੇਟ ਦੇ ਆਉਣ ਤੋਂ ਪਹਿਲਾਂ ਹੀ ਅਦਾਲਤ ਦੇ ਬਾਹਰ ਮੀਡੀਆ ਵਾਲੇ ਇਕੱਤਰ ਹੋ ਚੁੱਕੇ ਸਨ। ਇਸ ਕਾਰਣ ਛੁੱਟੀ ਦੇ ਬਾਵਜੂਦ ਆਵਾਜਾਈ ਜਾਰੀ ਸੀ। 
ਬਾਅਦ ਦੁਪਹਿਰ ਪੋਣੇ ਕੁ ਤਿੰਨ ਵਜੇ ਇਸ ਮਾਮਲੇ 'ਚ ਗ੍ਰਿਫਤਾਰ ਦੋਸ਼ੀ ਮਾਛੀਵਾੜਾ ਐਸ.ਐਚ.ਓ. ਦੇ ਰੀਡਰ ਕਾਂਸਟੇਬਲ ਯਾਦਵਿੰਦਰ ਸਿੰਘ, ਪੰਜਾਬ ਹੋਮਗਾਰਡ ਦੇ ਜਵਾਨ ਬਲਦੇਵ ਅਤੇ ਅਜੀਤ ਸਿੰਘ ਦੇ ਨਾਲ-ਨਾਲ ਸਰਪੰਚ ਪਤੀ ਗੁਰਜੀਤ ਸਿੰਘ ਨੂੰ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਸਾਰਿਆਂ ਨੂੰ ਪਹਿਲੀ ਅਕੂਤਬਰ ਤੱਕ ਪੁਲਸ ਰਿਮਾਂਡ 'ਚ ਭੇਜ ਦਿੱਤਾ ਗਿਆ।ਮੁਲਜ਼ਮਾਂ ਕੋਲੋਂ ਅਜੇ ਕੋਈ ਵੀ ਹਥਿਆਰ ਬਰਾਮਦ ਨਹੀਂ ਹੋਇਆ ਹੈ। ਪੁਲੀਸ ਨੇ ਘਟਨਾ ਵਾਲੀ ਥਾਂ ਤੋਂ ਖੋਲ ਬਰਾਮਦ ਕੀਤੇ ਹਨ। ਮੁਲਜ਼ਮਾਂ ਤੋਂ ਪੁੱਛਗਿਛ ਅਜੇ ਜਾਰੀ ਹੈ। 
ਦੂਜੇ ਪਾਸੇ ਜਦੋਂ ਗੋਲੀਆਂ ਨਾਲ ਮਾਰੇ ਪਿੰਡ ਬੋਹਾਪੁਰ ਦੇ ਇਹਨਾਂ ਦੋਹਾਂ ਸੱਕੇ ਭਰਾਵਾਂ ਜਤਿੰਦਰ ਸਿੰਘ ਤੇ ਹਰਿੰਦਰ ਸਿੰਘ ਦੀਆਂ ਲਾਸ਼ਾਂ  ਪੋਸਟਮਾਰਟਮ ਮਗਰੋਂ ਪਿੰਡ ਲਿਆਂਦੀਆਂ ਗਈਆਂ ਤਾਂ ਸਥਿਤੀ ਪੂਰੀ ਤਰਾਂ ਤਣਾਅ ਪੂਰਨ ਹੋ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਪੁਲੀਸ ਤੇ ਸਰਕਾਰ ਖ਼ਿਲਾਫ਼ ਨਾਅਰੇ ਲਾਉਂਦੇ ਹੋਏ ਇਹਨਾਂ ਲਾਸ਼ਾਂ ਨੂੰ ਚੰਡੀਗੜ੍ਹ-ਲੁਧਿਆਣਾ ਹਾਈਵੇਅ ’ਤੇ ਲੈ ਗਏ ਤੇ ਨੀਲੋਂ ਪੁਲ ਕੋਲ ਜਾ ਕੇ ਲਾਸ਼ਾਂ ਸੜਕ ’ਤੇ ਰੱਖ ਕੇ ਜਾਮ ਲਾਇਆ। ਇਸ ਜਾਮ ਮੌਕੇ ਲੋਕ ਰੋਹ ਵਿੱਚ ਸਨ। ਨਾਅਰੇਬਾਜ਼ੀ ਦੌਰਾਨ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਐਸਐਚਓ ਮਾਛੀਵਾੜਾ ਮਨਜਿੰਦਰ ਸਿੰਘ ਤੇ ਉਨ੍ਹਾਂ ਨੂੰ ਧਮਕੀਆਂ ਦੇਣ ਵਾਲਿਆਂ  ਖ਼ਿਲਾਫ਼ ਕਤਲ ਕੇਸ ਦਰਜ ਕੀਤਾ ਜਾਵੇ। ਉਹਨਾਂ ਸਪਸ਼ਟ ਕਿਹਾ ਕਿਆਜੇ ਵੀ ਕੁਝ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹਨਾਂ ਰੋਹ ਭਰੇ ਧਰਨਾਕਾਰੀਆਂ ਨੇ ਸਾਫ਼ ਸਾਫ਼ ਕਿਹਾ ਕਿ ਜਮਾਲਪੁਰ ਵਿੱਚ ਪੁਲੀਸ ਮੁਕਾਬਲਾ ਨਹੀਂ ਹੋਇਆ, ਬਲਕਿ ਨੌਜਵਾਨਾਂ ਦਾ ਅਕਾਲੀ ਆਗੂ ਤੇ ਪੁਲੀਸ ਵੱਲੋਂ ਨੰਗਾ ਚਿੱਟਾ ਕਤਲ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਇਸ ਮਾਮਲੇ ਵਿੱਚ ਬੇਸ਼ੱਕ ਪੁਲੀਸ ਨੇ ਅੱਖਾਂ ਪੂੰਝਣ ਤਿੰਨ ਪੁਲੀਸ ਕਰਮਚਾਰੀਆਂ ਤੇ ਅਕਾਲੀ ਆਗੂ ਗੁਰਜੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਪਰ ਇਸ ਵਿੱਚ ਮਾਛੀਵਾੜੇ ਦੇ ਐਸਐਚਓ ਤੇ ਕੁਝ ਹੋਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਜਦੋਂ ਨੌਜਵਾਨਾਂ ਨੂੰ ਪੁਲੀਸ ਤੇ ਗੁਰਜੀਤ ਸਿੰਘ ਨੇ ਗੋਲੀਆਂ ਮਾਰੀਆਂ ਤਾਂ ਉਨ੍ਹਾਂ ਨਾਲ ਬੋਹਾਪੁਰ ਦੇ ਦੋ ਨੌਜਵਾਨ ਪੀਟਰ ਤੇ ਜੋਰਜੀਆ ਵੀ ਸਨ। ਉਹ ਮੌਕੇ ਤੋਂ ਫ਼ਰਾਰ ਹੋ ਗਏ। ਉਨ੍ਹਾਂ ਖ਼ਿਲਾਫ਼ ਵੀ ਕੇਸ ਦਰਜ ਕੀਤਾ ਜਾਵੇ, ਕਿਉਂਕਿ ਇਹ ਦੋਵੇਂ ਨੌਜਵਾਨ ਵੀ ਪੁਲੀਸ ਦੇ ਨਾਲ ਸਨ।  ਉਨ੍ਹਾਂ ਮਾਮਲੇ ਦੀ ਜੁਡੀਸ਼ੀਲ ਜਾਂਚ ਤੋਂ ਇਲਾਵਾ ਸੀਬੀਆਈ ਜਾਂਚ ਦੀ ਮੰਗ ਕੀਤੀ। ਇਸ ਵਾਰਦਾਤ ਨੇ ਲੋਕਾਂ ਦੀ ਰਾਖੀ ਆਖੀ ਜਾਣ ਵਾਲੀ ਪੁਲਿਸ ਦੇ ਕਿਰਦਾਰ 'ਤੇ ਕਈ ਸੁਆਲ ਖੜ੍ਹੇ ਕੀਤੇ ਹਨ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਮ੍ਰਿਤਕਾਂ ਦੀ ਭੈਣ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਪਰਿਵਾਰ ਨੂੰ ਇਕ ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾਵੇ।
ਇਸ ਦੁੱਖਦਾਈ ਮੌਕੇ ਤੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੁਹਰਾਇਆ ਕਿ ਉਨ੍ਹਾਂ ਦੇ ਪੁੱਤਰਾਂ ਦੀ ਪਿੰਡ ਖੋਖਰਾਂ ਦੇ ਅਕਾਲੀ ਆਗੂ ਨਾਲ ਪੁਰਾਣੀ ਰੰਜਿਸ਼ ਸੀ। ਇਸ ਕਾਰਨ ਅਕਾਲੀ ਆਗੂ ਨੇ ਪੁਲੀਸ ਨਾਲ ਮਿਲ ਕੇ ਉਨ੍ਹਾਂ ਦੇ ਪੁੱਤਰਾਂ ਦਾ ਕਤਲ ਕਰ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਉਹ ਜਦੋਂ ਲਾਸ਼ਾਂ ਲੈ ਕੇ ਪਿੰਡ ਜਾ ਰਹੇ ਸਨ ਤਾਂ ਗੁਰਜੀਤ ਸਿੰਘ ਦੇ ਭਰਾ ਨੇ ਉਨ੍ਹਾਂ ਨੂੰ ਪਿੰਡ ਵਿੱਚ ਸਸਕਾਰ ਕਰਨ ਤੇ ਸਸਕਾਰ ਵਿੱਚ ਸ਼ਾਮਲ ਹੋਣ ਵਾਲੇ ਵਿਅਕਤੀਆਂ ਨੂੰ ਗੋਲੀਆਂ ਮਾਰਨ ਦੀ ਧਮਕੀ ਦਿੱਤੀ।  ਧਰਨਾਕਾਰੀਆਂ ਨੇ ਢਾਈ ਘੰਟੇ ਜਾਮ ਲਾਇਆ। ਇਸ ਮਗਰੋਂ ਐਸਪੀ (ਡੀ) ਸਤਿੰਦਰਪਾਲ ਸਿੰਘ ਤੇ ਨਾਇਬ ਤਹਿਸੀਲਦਾਰ ਵਿਵੇਕ ਨਿਰਮੋਹੀ ਵੱਲੋਂ ਧਰਨਾਕਾਰੀਆਂ ਨੂੰ ਸਮਝਾਉਣ ਤੇ ਮੰਗ ਪੱਤਰ ਲੈਣ ਮਗਰੋਂ ਉਹ ਸਸਕਾਰ ਲਈ ਮੰਨ ਗਏ। ਇਸ ਅੰਤਿਮ ਸਸਕਾਰ ਦੇ ਨਾਲ ਹੀ ਭੜਕੀ ਹੈ ਇੱਕ ਅਜਿਹੀ ਚਿੰਗਾਰੀ ਜਿਹੜੀ ਇਹਨਾਂ ਨੌਜਵਾਨਾਂ ਦੇ ਭੋਗ ਮੌਕੇ ਹੋਰ ਭੜਕੇਗੀ ਅਤੇ ਇਹ ਮਾਮਲਾ ਵਿਧਾਨ ਸਭਾ ਵਿਚ ਵੀ ਜੋਰ ਫੜੇਗਾ। 
ਨਿਖੇਧੀਆਂ ਦਾ ਜੋਰ--ਐਸ.ਸੀ. ਕਮਿਸ਼ਨ ਨੇ ਲਿਆ ਸਖ਼ਤ ਨੋਟਿਸ
ਜਮਾਲਪੁਰ ਵਿੱਚ ਮਾਰੇ ਗਏ ਦੋ ਦਲਿਤ ਨੌਜਵਾਨਾਂ ਦੇ ਕਤਲ ਦਾ ਕੌਮੀ ਐਸ.ਸੀ. ਕਮਿਸ਼ਨ ਦੇ ਚੇਅਰਮੈਨ ਡਾ. ਰਾਜ ਕੁਮਾਰ ਵੇਰਕਾ ਨੇ ਸਖ਼ਤ ਨੋਟਿਸ ਲੈਂਦਿਆਂ ਜਲੰਧਰ ਜ਼ੋਨ ਦੇ ਆਈਜੀ,  ਲੁਧਿਆਣਾ ਦੇ ਡਿਪਟੀ ਕਮਿਸ਼ਨਰ ਤੇ ਖੰਨਾ ਦੇ ਐਸਐਸਪੀ ਨੂੰ ਤਲਬ ਕੀਤਾ ਹੈ  ਉਹ ਸਮਰਾਲਾ ਦੇ ਰੈਸਟ ਹਾਊਸ ਵਿੱਚ ਭਲਕੇ ਉਚ ਅਧਿਕਾਰੀਆਂ ਤੇ ਪੀੜਤ ਪਰਿਵਾਰ ਨੂੰ ਮਿਲਣਗੇ ਤਾਂ ਜੋ ਇਸ ਮਾਮਲੇ ਦੀ ਤਹਿ ਤੱਕ ਜਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਸੂਰਵਾਰ ਪੁਲੀਸ ਕਰਮੀਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਜੇਕਰ ਕਿਸੇ ਵੀ ਉਚ ਪੁਲੀਸ ਅਧਿਕਾਰੀ ਨੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਖ਼ਿਲਾਫ਼ ਵੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹੁਣ ਦੇਖਣਾ ਹੈ ਕਿ ਇਹ ਵਾਅਦੇ ਕਦੋਂ ਪੂਰੇ ਹੁੰਦੇ ਹਨ ਅਤੇ ਕਦੋਂ ਮਿਲਦਾ ਹੈ ਇਨਸਾਫ਼। 

No comments: