Saturday, August 30, 2014

ਲੁਧਿਆਣਾ ਪੁਲਿਸ ਨੇ ਸੁਲਝਾਏ ਕਈ ਹੋਰ ਉਲਝੇ ਹੋਏ ਮਾਮਲੇ

ਪੰਜਾਬ ਦੇ ਨਾਲ ਨਾਲ ਦਿੱਲੀ ਯੂਪੀ ਵਿੱਚ ਸਰਗਰਮ ਗੁੱਡੂ ਗਿਰੋਹ ਕਾਬੂ 
ਲੁਧਿਆਣਾ: 30 ਅਗਸਤ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):

ਲੁਧਿਆਣਾ ਪੁਲਿਸ ਨੇ ਅੰਤਰਰਾਜੀ ਖ਼ਤਰਨਾਕ ਲੁਟੇਰਾ ਗਰੋਹ ਦੇ ਗੁੱਡੂ ਗੈਂਗ ਦੇ 16 ਮੈਂਬਰਾਂ ਨੂੰ ਗਿ੍ਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਇਹ ਜਾਣਕਾਰੀ ਪੁਲਿਸ ਲਾਈਨ ਵਿੱਚ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।ਖਚਾਖਚ ਭਰੀ ਪ੍ਰੈਸ ਮੀਤ ਵਿੱਚ ਪੁਲਿਸ ਅਫਸਰਾਂ ਦੇ ਚਿਹਰਿਆਂ 'ਤੇ ਇਸ ਵੱਡੀ ਸਫਲਤਾ ਦੀ ਚਮਕ ਸਾਫ਼ ਦੇਖੀ ਜਾ ਸਕਦੀ ਸੀ। ਕਾਬਿਲੇ ਜ਼ਿਕਰ ਹੈ ਕਿ ਗਿ੍ਫ਼ਤਾਰ ਕੀਤੇ ਗਏ ਇਹਨਾਂ ਕਥਿਤ ਦੋਸ਼ੀਆਂ ਵਿਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਅਰਜੁਨ ਮੁੰਡੇ ਦੇ ਭਰਾ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ 'ਚ ਲੋੜੀਂਦਾ ਨੌਜਵਾਨ ਵੀ ਸ਼ਾਮਿਲ ਹੈ। ਇਹ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਸ੍ਰੀ ਪ੍ਰਮੋਦ ਬਾਨ ਨੇ ਦੱਸਿਆ ਕਿ ਪੁਲਿਸ ਵੱਲੋਂ ਇਹ ਕਾਰਵਾਈ ਏ. ਡੀ. ਸੀ. ਪੀ. ਪਰਮਜੀਤ ਸਿੰਘ ਦੀ ਅਗਵਾਈ ਹੇਠ ਅਮਲ 'ਚ ਲਿਆਂਦੀ ਗਈ ਹੈ ਤੇ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀਆਂ ਵਿਚ ਗਰੋਹ ਦਾ ਮੁਖੀ ਦਲੀਪ ਕੁਮਾਰ, ਰਾਮ ਪ੍ਰਸ਼ਾਦ, ਰਾਜ ਕੁਮਾਰ, ਵਿਨੈ ਕੁਮਾਰ, ਪਰਮਜੀਤ ਸਿੰਘ, ਸੂਰਜ ਗੁੱਡੂ, ਰੋਮੀ, ਰਵੀ, ਮਨੀ, ਵਿਸ਼ਾਲ, ਤਰਨ, ਦੀਪੂ, ਕੁਲਦੀਪ ਬਾੜੇਵਾਲ, ਕੁਲਦੀਪ ਥਰੀਕੇ ਤੇ ਮੁਕੇਸ਼ ਕੁਮਾਰ ਚੌਧਰੀ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤਾ ਗਿਆ ਚੌਧਰੀ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਸ੍ਰੀ ਅਰਜੁਨ ਮੁੰਡੇ ਦੇ ਭਰਾ ਸਸ਼ੀ ਬਾਲਣ 'ਤੇ ਕਾਤਲਾਨਾ ਹਮਲਾ ਕਰਨ ਦੇ ਦੋਸ਼ ਤਹਿਤ ਝਾਰਖੰਡ ਪੁਲਿਸ ਨੂੰ ਵੀ ਲੋੜੀਂਦਾ ਹੈ। 
ਉਨ੍ਹਾਂ ਦੱਸਿਆ ਕਿ ਝਾਰਖੰਡ ਦੀ ਅਦਾਲਤ ਵੱਲੋਂ ਉਸ ਨੂੰ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ ਜਿਸ ਕਾਰਨ ਇਹ ਪਿਛਲੇ 4 ਸਾਲ ਤੋਂ ਲੁਧਿਆਣਾ 'ਚ ਹੀ ਰਹਿ ਰਿਹਾ ਸੀ। ਇਥੇ ਇਹ ਗੁੱਡੂ ਗਰੋਹ ਦਾ ਸਰਗਰਮ ਮੈਂਬਰ ਸੀ ਤੇ ਲੁਧਿਆਣਾ ਅਤੇ ਹੋਰ ਸ਼ਹਿਰਾਂ ਵਿਚ ਦਰਜਨਾਂ ਲੁੱਟਖੋਹ ਤੇ ਹੋਰ ਸੰਗੀਨ ਵਾਰਦਾਤਾਂ ਨੂੰ ਅੰਜਾਮ ਦੇ ਚੁੱਕਿਆ ਸੀ। ਕਥਿਤ ਦੋਸ਼ੀਆਂ ਦੇ ਕਬਜ਼ੇ 'ਚੋਂ ਪੁਲਿਸ ਨੇ ਹਥਿਆਰ ਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਹੈ। ਇਨ੍ਹਾਂ ਪਾਸੋਂ ਪੁੱਛ ਪੜਤਾਲ ਦਾ ਸਿਲਸਿਲਾ ਅਜੇ ਜਾਰੀ ਹੈ।| ਸ੍ਰੀ ਬਾਨ ਨੇ ਦੱਸਿਆ ਕਿ ਚੌਧਰੀ ਨੇ ਹੀ ਸਸ਼ੀ ਬਾਲਣ ਨੂੰ ਸਾਲ 2007 'ਚ ਗੋਲੀਆਂ ਮਾਰਕੇ ਜ਼ਖ਼ਮੀ ਕਰ ਦਿੱਤਾ ਤੇ ਫਰਾਰ ਹੋ ਗਿਆ ਸੀ। ਘਟਨਾ ਤੋਂ ਬਾਅਦ ਕੁੱਝ ਸਮੇਂ ਤੋਂ ਉਹ ਦਿੱਲੀ ਵਿਚ ਰਹਿਣ ਲੱਗ ਪਿਆ ਤੇ ਬਾਅਦ 'ਚ ਲੁਧਿਆਣਾ ਵਿੱਚ ਆ ਗਿਆ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦਾ ਸਸ਼ੀ ਬਾਲਣ ਨਾਲ ਪ੍ਰਾਪਰਟੀ ਸਬੰਧੀ ਵਿਵਾਦ ਚੱਲ ਰਿਹਾ ਸੀ। 
ਇਸ ਖਤਰਨਾਕ ਗਿਰੋਹ ਦੇ ਇਸ ਮਾਸਟਰ ਮਾਇੰਡ ਦਲੀਪ ਕੁਮਾਰ ਨੂੰ 23 ਅਗਸਤ 2014 ਵਾਲੇ ਦਿਨ ਪੀ ਏ ਯੂ ਪੁਲਿਸ ਵੱਲੋਂ ਕਾਨਪੁਰ ਯੂਪੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਇਸਦੀ ਨਿਸ਼ਾਨਦੇਹੀ 'ਤੇ ਹੀ ਪੀ ਏ ਯੂ ਪੁਲਿਸ ਨੇ 315 ਬੋਰ ਦਾ ਇੱਕ ਪਿਸਟਲ ਅਤੇ ਕਾਰਤੂਸ ਵੀ ਬਰਾਮਦ ਕੀਤਾ। ਦਲੀਪ ਕੁਮਾਰ ਨੇ ਦਿੱਲੀ ਅਤੇ ਕਾਨਪੁਰ ਵਿੱਚ ਵੀ ਆਪਣੇ ਗਿਰੋਹ ਬਣਾਏ ਹੋਏ ਹਨ। ਦ੍ਲੇਪ ਦੇ ਨਵੇਂ ਅਤੇ ਪੁਰਾਣੇ ਗਿਰੋਹਾਂ ਦੇ 14 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜਾ ਚੁਕਿਆ ਹੈ ਅਤੇ ਹੁਣ ਇਸ ਗੈੰਗ ਦੇ ਕਿਸੇ ਵੀ ਮੈਂਬਰ ਦੀ ਗਿਰਫਤਾਰੀ ਬਾਕੀ ਨਹੀਂ ਹੈ। ਇਸ ਗੈੰਗ ਦੀਆਂ ਵਾਰਦਾਤਾਂ ਕਾਫੀ ਹਨ। 

No comments: