Monday, July 07, 2014

ਗਡਵਾਸੂ ਅੰਦੋਲਨ ਹੋਇਆ ਹੋਰ ਤਿੱਖਾ

ਸਮੁੱਚੀਆਂ ਟਰੇਡ ਯੂਨੀਅਨਾਂ ਵੱਲੋਂ ਵਿਦਿਆਰਥੀ ਵਰਗ ਦੀ ਹਮਾਇਤ ਦਾ ਐਲਾਨ 
ਲੁਧਿਆਣਾ: 7 ਜੁਲਾਈ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਹਰ ਜੋਰ ਜ਼ੁਲਮ ਕੀ ਟੱਕਰ  ਮੇਂ ਹੜਤਾਲ ਹਮਾਰਾ ਨਾਅਰਾ ਹੈ---ਲੋਕ ਸ਼ਕਤੀ ਦਾ ਇਹ ਨਾਅਰਾ ਲੋਕਰਾਜੀ ਸਿਸਟਮ ਵਿੱਚ ਲੰਮੇ ਅਰਸੇ ਤੋਂ ਗੂੰਜਦਾ ਆ ਰਿਹਾ ਹੈ। ਧਰਨਿਆਂ ਅਤੇ ਰੈਲੀਆਂ ਉਹ ਮੀਟਰ ਹਨ ਜਿਸਤੋਂ ਪਤਾ ਲੱਗਦਾ ਹੈ ਕਿ ਸਰਕਾਰਾਂ ਰਾਜ ਨਹੀਂ ਸੇਵਾ ਵਾਲੇ ਵਾਅਦੇ 'ਤੇ ਕਾਇਮ ਹਨ ਜਾਂ ਇਸਤੋਂ ਪਿਛੇ ਹਟ ਰਹੀਆਂ ਹਨ। ਜਦੋਂ ਪਿਛਲੇ ਦਿਨੀ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਆਖਿਆ ਕਿ ਧਰਨਿਆਂ ਰੈਲੀਆਂ ਨਾਲ ਸਰਕਾਰਾਂ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਲੋਕ ਪੱਖੀ ਸੰਗਠਨਾਂ ਨੇ ਇਸ ਬਿਆਨ ਨੂੰ ਗੰਭੀਰਤਾ ਨਾਲ ਲਿਆ। ਇਸਦੇ ਨਾਲ ਹੀ ਸ਼ੁਰੂ ਹੋਇਆ ਸਰਕਾਰਾਂ ਦੇ ਬੋਲੇ ਕੰਨਾਂ ਤੱਕ ਇਸ ਲੋਕ ਸ਼ਕਤੀ ਦੀ ਆਵਾਜ਼ ਅਤੇ ਅਸਰ ਨੂੰ ਪਹੁੰਚਾਉਣ ਦਾ ਇੱਕ ਫੌਰੀ ਉਪਰਾਲਾ। ਬਹਾਨਾ ਬਣਿਆ ਗਾਡਵਾਸੂ ਦਾ ਵਿਦਿਆਰਥੀ ਅੰਦੋਲਨ। ਸਰਕਾਰਾਂ 'ਤੇ ਲੋਕਰਾਜੀ ਧਰਨਿਆਂ ਰੈਲੀਆਂ ਦੀ ਬਜਾਏ ਕਿਸ ਢੰਗ ਤਰੀਕੇ ਨਾਲ ਅਸਰ ਪੈਂਦਾ ਹੈ ਇਹ ਤਾਂ ਹੁਣ ਸੁਖਬੀਰ ਸਿੰਘ ਬਾਦਲ ਹੀ ਦੱਸ ਸਕਦੇ ਹਨ ਪਰ ਫਿਲਹਾਲ ਸਰਕਾਰ ਦੇ ਖਿਲਾਫ਼ ਗਾਡਵਾਸੂ ਅੰਦੋਲਨ ਹੋਰ ਤੇਜ਼ ਹੋ ਗਿਆ ਹੈ।
ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਦੋ ਜੂਨ ਤੋਂ ਚੱਲ ਰਹੀ ਹੜਤਾਲ ਨੇ ਅੱਜ ਉਸ ਵੇਲੇ ਇੱਕ ਨਵਾਂ ਮੋੜ ਲੈ ਲਿਆ ਜਦੋਂ ਲੁਧਿਆਣਾ ਸ਼ਹਿਰ ਦੀਆਂ ਸਮੁੱਚੀਆਂ ਟ੍ਰੇਡ ਯੂਨੀਅਨਾਂ  ਅਤੇ ਕਈ ਹੋਰ ਇਨਸਾਫ਼ ਪਸੰਦ ਜੱਥੇਬੰਦੀਆਂ ਖੁਲ੍ਹ ਕੇ ਇਸ ਸੰਘਰਸ਼ ਦੇ ਸਮਰਥਨ ਵਿੱਚ ਆ ਗਈਆਂ। ਕਾਬਿਲੇ ਜ਼ਿਕਰ ਹੈ ਕਿ ਪਿਛਲੇ ਦਿਨੀਂ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਇਹਨਾਂ ਵਿਦਿਆਰਥੀਆਂ ਦੇ ਇੱਕ ਵਫਦ ਨਾਲ ਗੱਲਬਾਤ ਕਰਦਿਆਂ ਸਾਫ਼ ਕਿਹਾ ਸੀ ਕਿ ਸਰਕਾਰ ਨੂੰ ਉਹਨਾਂ ਦੇ ਧਰਨਿਆਂ ਜਾਂ ਰੈਲੀਆਂ ਨਾਲ ਕੋਈ ਫਰਕ ਨਹੀਂ ਪੈਂਦਾ।
ਏਥੋਂ ਦੀਆਂ ਸਮੁੱਚੀਆਂ ਟ੍ਰੇਡ ਯੂਨੀਅਨਾਂ  ਅਤੇ ਕਈ ਹੋਰ ਇਨਸਾਫ਼ ਪਸੰਦ ਜੱਥੇਬੰਦੀਆਂ ਦੇ ਆਗੂਆਂ ਨੇ ਇਸ ਬਿਆਨ ਦੀ ਤਿੱਖੇ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਡੀਸੀ ਦਫਤਰ ਸਾਹਮਣੇ ਇੱਕ ਭਰਵੀਂ ਰੈਲੀ ਕੀਤੀ ਅਤੇ ਇਸ ਸੰਘਰਸ਼ ਨੂੰ ਮੁਕੰਮਲ ਸਰਗਰਮ ਸਹਿਯੋਗ ਦਾ ਐਲਾਨ ਵੀ ਕੀਤਾ। ਇਹਨਾਂ ਆਗੂਆਂ ਦੇ ਜੋਸ਼ੀਲੇ ਭਾਸ਼ਣਾਂ ਤੋਂ ਮਹਿਸੂਸ ਹੁੰਦਾ ਸੀ ਕੀ ਓਹ ਸਾਰੇ ਇਸ ਬਿਆਨ ਨੂੰ ਇੱਕ ਚੁਨੌਤੀ ਵਾਂਗ ਲੈਂਦਿਆਂ ਸਰਕਾਰ ਨੂੰ ਧਰਨਿਆਂ ਅਤੇ ਰੈਲੀਆਂ ਦੀ ਤਾਕਤ ਅਤੇ ਅਸਰ ਦਾ ਅਹਿਸਾਸ ਕਰਾਉਣਾ ਚਾਹੁੰਦੇ ਹਨ।  ਇਹਨਾਂ ਆਗੂਆਂ ਨੇ ਇਹਨਾਂ ਫਿਸ਼ਰੀਜ਼ ਗ੍ਰੈਜੂਏਟਸ ਨੂੰ ਤੁਰੰਤ ਨੌਕਰੀ ਦੇਣ ਦੀ ਮੰਗ ਵੀ ਦੁਹਰਾਈ ਅਤੇ ਨਾਲ ਹੀ ਸੰਘਰਸ਼ ਨੂੰ ਤਿੱਖਾ ਕਰਨ ਦਾ ਇਸ਼ਾਰਾ ਦੇਂਦੀਆਂ ਇਹ ਵੀ ਦੱਸਿਆ ਕਿ ਹੁਣ ਇਹ ਵਿਦਿਆਰਥਣਾਂ  ਇਕੱਲੀਆਂ ਨਹੀਂ ਰਹੀਆਂ ਹੁਣ ਇਹਨਾਂ ਦੇ ਨਾਲ ਲੁਧਿਆਣਾ ਦੀ ਟੈਕਸਟਾਈਲਜ਼, ਹੌਜ਼ਰੀ, ਸਾਈਕਲ ਇੰਡਸਟਰੀ ਵਰਗੇ ਵਿਸ਼ਾਲ ਖੇਤਰਾਂ ਦੇ ਕਾਮੇ ਵੀ ਆ ਖੜੋਤੇ ਹਨ ਅਤੇ ਬੈਂਕ, ਹਸਪਤਾਲ, ਕਾਰਪੋਰੇਸ਼ਨ, ਹਸਪਤਾਲ ਅਤੇ ਬਿਜਲੀ ਵਿਭਾਗ ਦੇ ਕਿਰਤੀ ਵੀ। ਸਾਬਕਾ ਐਮ ਐਲ ਏ ਕਾਮਰੇਡ ਤਰਸੇਮ ਜੋਧਾਂ, ਏਟਕ ਆਗੂ ਡੀਪੀ ਮੌੜ,ਇੰਨਕ਼ਲਾਬੀ ਕੇਂਦਰ ਪੰਜਾਬ ਵੱਲੋਂ ਕੰਵਲਜੀਤ ਖੰਨਾ, ਬਸਪਾ ਵੱਲੋਂ ਰਮਨਜੀਤ ਲਾਲੀ, ਜਮਹੂਰੀ ਅਧਿਕਾਰ ਸਭਾ ਵੱਲੋਂ ਪ੍ਰੋਫੈਸਰ ਏ ਕੇ ਮਲੇਰੀ, ਲੋਕ ਸਭਾ ਚੋਣਾਂ ਦੌਰਾਨ ਸੱਤਾ ਦਲ ਲਈ ਇੱਕ ਚੁਨੌਤੀ ਬਣ ਕੇ ਉਭਰੇ ਐਮ ਐਲ ਏ ਸਿਮਰਜੀਤ ਸਿੰਘ ਬੈਂਸ ਨੇ ਖੁਲ੍ਹ ਕੇ ਆਪਣਾ ਸਮਰਥਨ ਦਿੱਤਾ।
ਮੋਲ੍ਦਰ ਐਂਡ ਸਟੀਲ ਵਰਕਰਜ਼ ਯੂਨੀਅਨ ਵੱਲੋਂ ਵਿਜੈ ਨਾਰਾਇਣ, ਪੀ ਐਸ ਬੀ ਇੰਪਲਾਈਜ ਯੂਨੀਅਨ ਵੱਲੋਂ ਕੇਵਲ ਸਿੰਘ ਬਨਵੈਤ, ਰੋਡਵੇਜ਼ ਮੁਲਾਜ਼ਮਾਂ ਵੱਲੋਂ ਮਨਜੀਤ ਗਿੱਲ, ਉਸਾਰੀ ਮਜਦੂਰਾਂ ਵੱਲੋਂ ਰਾਮ ਚੰਦਰ ਯਾਦਵ, ਲੋਕ ਮੋਰਚਾ ਵੱਲੋਂ ਕਸਤੂਰੀ ਲਾਲ, ਸ਼ਹੀਦ ਭਗਤ ਸਿੰਘ ਵਿਚਾਰ ਮੰਚ ਵੱਲੋਂ ਨਵਦੀਪ ਜੋਧਾਂ, ਬੇਲਨ ਬ੍ਰਿਗੇਡ ਵੱਲੋਂ ਅਨੀਤਾ ਸ਼ਰਮਾ  ਅਤੇ ਪ੍ਰਮੁਖ ਸਮਾਜ ਸੇਵਿਕਾ ਸਵਿਤਾ ਕਾਲੜਾ ਸਮੇਤ ਕਈ ਉਘੀਆਂ ਸ਼ਖਸੀਅਤਾਂ ਨੇ ਵੀ ਸ਼ਿਰਕਤ ਕੀਤੀ।
ਇਸ ਮੌਕੇ ਤੇ ਮੌਜੂਦ ਤਿਆਰ ਬਰ ਤਿਆਰ ਭਾਰੀ ਪੁਲਿਸ ਫੋਰਸ ਦੱਸ ਰਹੀ ਸੀ ਕਿ ਸਰਕਾਰਾਂ 'ਤੇ ਧਰਨਿਆਂ ਰੈਲੀਆਂ ਦਾ ਅਸਰ ਹੁੰਦਾ ਹੈ ਜਾਂ ਨਹੀਂ ਅਤਯੂ ਨਾਲ ਹੀ ਹ ਵੀ ਦੱਸ ਰਹੀ ਸੀ ਲੋਕਾਂ ਦੇ ਜੋਸ਼ ਦਬਾਉਣ ਨਾਲ ਹੋਰ ਵਧਦੇ ਹਨ।
ਇਸ ਰੋਸ ਵਖਾਵੇ ਸਮੇਂ ਇਹਨਾਂ ਵਿਦਿਆਰਥਣਾਂ ਦੇ ਹੱਥ ਵਿੱਚ ਫੜੀਆਂ ਨਾਅਰਿਆਂ ਵਾਲੀਆਂ ਤਖਤੀਆਂ ਦੱਸ ਰਹੀਆਂ ਸਨ ਕਿ ਲੋਕਾਂ ਨੇ ਸਰਕਾਰ ਦੇ ਨਾਅਰਿਆਂ ਵਿਚਲੇ ਖੋਖਲੇਪਨ ਦਾ ਤਿੱਖਾ ਅਹਿਸਾਸ ਇਕੱ ਵਾਰ ਫੇਰ ਬੜੀ ਸ਼ਿਦੱਤ ਨਾਲ ਕਰ ਲਿਆ ਹੈ। 

No comments: