Monday, June 09, 2014

GADVASU:ਬੂਟ ਪਾਲਿਸ਼ ਤੋਂ ਬਾਅਦ ਹੁਣ ਕਾਰਾਂ ਸਾਫ਼ ਕੀਤੀਆਂ

ਹੜਤਾਲੀ ਵਿਦਿਆਰਥੀ ਤਿਆਰ ਹਨ ਲੰਮੇ ਸੰਘਰਸ਼ਾਂ ਲਈ 
ਲੁਧਿਆਣਾ: 9 ਜੂਨ 2014: (ਰੈਕਟਰ ਕਥੂਰੀਆ//ਪੰਜਾਬ ਸਕਰੀਨ):
ਕੋਈ ਦੇਸ਼ ਦੀ ਮਹਾਨਤਾ ਦੇ ਨਾਅਰੇ ਲਾਉਣਾ ਚਾਹੇ ਜਾਂ ਵਿਕਾਸ ਦੇ ਦਾਅਵੇ ਕਰੇ ਤਾਂ ਸ਼ਾਇਦ ਕਿਸੇ ਨੂੰ ਵੀ ਇਸਤੇ ਕੋਈ ਇਤਰਾਜ਼ ਨਾ ਹੋਵੇ। ਪਰ ਜਦੋਂ ਪੜ੍ਹਾਈ ਲਿਖਾਈ ਕਰਕੇ ਕਿਸੇ ਉੱਚੀ ਮੰਜ਼ਿਲ ਦੀ ਪ੍ਰਾਪਤੀ ਵੱਲ ਵਧ ਰਿਹਾ ਵਿਦਿਆਰਥੀ ਵਰਗ ਸਾਰਾ ਦਿਨ ਝੁਲਸਾ ਦੇਣ ਵਾਲੀ ਕਹਿਰੀ ਗਰਮੀ ਵਿੱਚ ਸੜਨ ਮਗਰੋਂ ਸੜਕਾਂ 'ਤੇ ਆ ਕੇ ਕਾਰਾਂ ਸਾਫ਼ ਕਰ ਰਿਹਾ ਸੀ ਉਸ ਵੇਲੇ ਇੰਝ ਲੱਗ ਰਿਹਾ ਸੀ ਜਿਵੇਂ ਮਹਾਨਤਾ ਦੇ ਨਾਅਰਿਆਂ ਅਤੇ ਵਿਕਾਸ ਦੇ ਦਾਅਵਿਆਂ ਦੀ ਪੋਲ ਸਰੇ ਆਮ ਖੁਲ੍ਹ ਗਈ ਹੋਵੇ। ਜ਼ਿਕਰਯੋਗ ਹੈ ਕੀ ਇਹਨਾਂ ਕੁੜੀਆਂ ਨੇ ਹੀ ਅਜੇ ਚਾਰ ਕੁ ਦਿਨ ਪਹਿਲਾਂ ਬੂਟ ਪਾਲਿਸ਼ ਵੀ ਕੀਤੇ ਸਨ।  
ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਲੁਧਿਆਣਾ ਦੇ ਫਿਸ਼ਰੀਜ਼ ਕਾਲਜ ਦੇ ਵਿਦਿਆਰਥੀਆਂ ਵੱਲੋਂ 2 ਜੂਨ ਤੋਂ ਅਰੰਭਿਆ ਸੰਘਰਸ਼ ਇੱਕ ਤਿੱਖਾ ਰੂਪ ਲੈ ਚੁੱਕਿਆ ਹੈ। ਭਰਾਤਰੀ ਸੰਸਥਾਵਾਂ ਇਸਦੇ ਸਮਰਥਨ ਲੈ ਅੱਗੇ ਵੀ ਆ ਰਹੀਆਂ ਹਨ।  ਇਹ ਸੰਘਰਸ਼ ਹੁਣ ਰੁਕਣ ਦੀ ਬਜਾਏ ਹੋਰ ਵੀ ਜਿਆਦਾ ਤਿੱਖਾ ਹੁੰਦਾ ਜਾ ਰਿਹਾ ਹੈ। ਇਹਨਾਂ ਵਿਦਿਆਰਥੀਆਂ ਨੇ ਅੱਜ ਸਾਰਾ ਦਿਨ ਭੁੱਖ ਹੜਤਾਲ ਕਰਨ ਤੋਂ ਬਾਅਦ ਸ਼ਾਮ ਸਵਾ ਕੁ ਪੰਜ ਵਜੇ ਗਡਵਾਸੂ ਤੋਂ ਲੈ ਕੇ ਯੂਨੀਵਰਸਿਟੀ ਦੇ ਗੇਟ ਨੰਬਰ 2 ਤੱਕ ਰੋਸ ਮਾਰਚ ਵੀ ਕੀਤਾ ਅਤੇ ਉੱਥੇ ਪਹੁੰਚ ਕੇ ਵਿਖੇ ਕਾਰਾਂ ਸਾਫ਼ ਕਰਕੇ ਵੀ ਆਪਣਾ ਰੋਸ ਜ਼ਾਹਰ ਕੀਤਾ। ਪੀ.ਏ.ਯੂ. ਦੇ ਗੇਟ ਨੰਬਰ 2 ਵਿਖੇ ਆਪਣੇ ਸੰਘਰਸ਼ ਨੂੰ ਆਮ ਲੋਕਾਂ ਦੇ ਦਿਲਾਂ ਅਤੇ ਦਿਮਾਗਾਂ ਤੱਕ ਲਿਜਾਂਦਿਆਂ ਇਹਨਾਂ ਨੇ ਕਾਰਣ ਸਾਫ਼ ਕੀਤੀਆਂ ਪਰ ਟ੍ਰੈਫਿਕ ਵਿੱਚ ਕੋਈ ਗੰਭੀਰ ਵਿਘਨ ਵੀ ਨਹੀਂ ਪੈਣ ਦਿੱਤਾ। ਕਾਰਾਂ ਸਾਫ਼ ਕਰਨ ਲਈ ਪੁੱਜੇ ਗਡਵਾਸੂ ਦੇ ਫਿਸ਼ਰੀਜ਼ ਕਾਲਜ ਦੇ ਇਹਨਾਂ ਵਿਦਿਆਰਥੀਆਂ ਨੂੰ ਪੰਜਾਬ ਖੇਤੀਬਾੜੀ  ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜਥੇਬੰਦੀ ਦੇ ਪ੍ਰਧਾਨ ਕਰਨਵੀਰ ਸਿੰਘ ਨੇ ਮੁਲਾਕਾਤ ਕਰਕੇ ਆਪਣੀ ਜਥੇਬੰਦੀ ਵੱਲੋਂ ਹਮਾਇਤ ਦੇਣ ਦਾ ਐਲਾਨ ਕਰਕੇ ਵਿਦਿਆਰਥੀਆਂ ਦੇ ਸੰਘਰਸ਼ ਨੂੰ ਹੋਰ ਤਾਕਤ ਪ੍ਰਦਾਨ ਕੀਤੀ। ਆਪਣੇ ਸੰਬੋਧਨ 'ਚ ਅਮਰਦੀਪ ਕੌਰ, ਖੁਸ਼ਵਿੰਦਰ ਸਿੰਘ, ਹਰਮਨਪ੍ਰੀਤ ਕੌਰ, ਜਗਦੀਪ ਕੌਰ, ਮਮਤਾ ਸ਼ਰਮਾ ਸਾਰੇ ਵਾਸੀ ਲੁਧਿਆਣਾ, ਗਿਤੀਕਾ ੳਬਰਾਏ ਅੰਮ੍ਰਿਤਸਰ, ਰਜਿੰਦਰ ਕੌਰ, ਰਵਿੰਦਰ ਕੌਰ, ਗੁਰਜੀਤ ਕੌਰ ਸਾਰੇ ਗੁਰਦਾਸਪੁਰ, ਬਲਵਿੰਦਰ ਸਿੰਘ ਕਪੂਰਥਲਾ, ਸਰਬਜੀਤ ਕੌਰ ਰੋਪਡ਼, ਨਵਜੋਤ ਕੌਰ ਫ਼ਰੀਦਕੋਟ, ਅਰਪਨਾ ਕੁਮਾਰੀ (ਪੱਛਮੀ ਬੰਗਾਲ) ਨੇ ਕਿਹਾ ਕਿ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੇ ਮਾਪਿਆਂ ਨੂੰ ਫ਼ੋਨ 'ਤੇ ਮੈਸਿਜ਼ ਕਰਕੇ 10 ਜੂਨ ਨੂੰ ਦੁਪਹਿਰ 12 ਵਜੇ ਯੂਨੀਵਰਸਿਟੀ ਵਿਖੇ ਆ ਕੇ ਪ੍ਰਬੰਧਕਾਂ ਨਾਲ ਮੀਟਿੰਗ ਕਰਨ ਦਾ ਸੱਦਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵੱਲੋਂ ਲਗਾਤਾਰ ਉਨ੍ਹਾਂ ਦੇ ਮਾਪਿਆਂ 'ਤੇ ਆਪਣੇ ਬੱਚਿਆਂ ਨੂੰ ਹੜਤਾਲ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਹੈ। ਵਿਦਿਆਰਥੀਆਂ ਨੇ ਪੂਰੀ ਤਰਾਂ ਸਪਸ਼ਟ ਕੀਤਾ ਕਿ ਉਨ੍ਹਾਂ ਨੇ ਯੂਨੀਵਰਸਿਟੀ ਦੇ ਖਿਲਾਫ਼ ਕੋਈ ਵੀ ਬੇਨਿਯਮੀ ਵਾਲੀ ਕਾਰਵਾਈ ਨਹੀਂ ਕੀਤੀ ਤੇ ਉਨ੍ਹਾਂ ਦੇ 85 ਪ੍ਰਤੀਸ਼ਤ ਲੈਕਚਰ ਵੀ ਪੂਰੇ ਹਨ, ਇਸ ਲਈ ਉਹ ਯੂਨੀਵਰਸਿਟੀ ਦੇ ਕਿਸੇ ਵੀ ਦਬਾਅ ਹੇਠ ਨਹੀਂ ਆਉਣਗੇ। ਉਨ੍ਹਾਂ ਕਿਹਾ ਕਿ ਉਹ ਆਪਣੇ ਸਾਥੀਆਂ ਦੇ ਨਾਲ 10 ਜੂਨ ਨੂੰ ਸਵੇਰੇ 9 ਵਜੇ ਲੋਕ ਨਿਰਮਾਣ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਦੀ ਕੋਠੀ ਦੇ ਬਾਹਰ ਆਪਣਾ ਰੋਸ ਪ੍ਰਗਟ ਕਰਨਗੇ। ਯੂਨੀਵਰਸਿਟੀ ਵੱਲੋਂ ਸੰਘਰਸ਼ ਕਰ ਰਹੇ ਵਿਦਿਆਰਥੀਆਂ ਦੀ ਹਰ ਪਾਲ ਦੀ ਖ਼ਬਰ ਰੱਖਣ ਲਈ ਯੂਨੀਵਰਸਿਟੀ ਦੇ ਗੇਟ 'ਤੇ ਸੀ.ਸੀ.ਟੀ.ਵੀ ਕੈਮਰਾ ਲਗਾਉਣ ਤੋਂ ਇਲਾਵਾ ਰਾਤ ਸਮੇਂ ਯੂਨੀਵਰਸਿਟੀ ਦੀਆਂ ਔਰਤ ਮੁਲਾਜ਼ਮਾਂ ਨੂੰ ਵੀ ਸੰਘਰਸ਼ ਵਾਲੀ ਥਾਂ 'ਤੇ ਪੱਕਾ ਤਾਇਨਾਤ ਕਰ ਦਿੱਤਾ ਗਿਆ ਹੈ।  ਹੁਣ ਦੇਖਣਾ ਹੈ ਕਿ ਚੋਣਾਂ ਦੌਰਾਨ ਨੌਜਵਾਨ ਵਰਗ ਦੀ ਭਲਾਈ ਲਈ  ਲੰਮੇ ਚੌੜੇ ਦਾਅਵੇ ਕਰਨ ਵਾਲੀਆਂ ਸਿਆਸੀ ਪਾਰਟੀਆਂ ਦੇ ਲੀਡਰ ਇਹਨਾਂ ਦੀ ਹਿਮਾਇਤ ਕਰਦੇ ਹਨ ਜਾਂ ਮੂਕ ਦਰਸ਼ਕ ਬਣ ਕੇ ਤਮਾਸ਼ਾ ਦੇਖਦੇ ਹਨ? ਇਹਨਾਂ ਵਿਦਿਆਰਥੀਆਂ ਨੇ ਲੰਮੇ ਸੰਘਰਸ਼ਾਂ ਦੇ ਪ੍ਰੋਗਰਾਮ ਪਹਿਲਾਂ ਹੀ ਉਲੀਕ ਲਏ ਹੋਏ ਹਨ। ਕਾਰਣ ਸਾਫ਼ ਕਰਨ ਵੇਲੇ ਜੇ ਇਹਨਾਂ ਦੇ ਡੋਨੇਸ਼ਨ ਬੋਕਸ ਨੂੰ ਦੇਖ ਕੇ ਨਾਂਹ ਕਰਨ ਵਾਲੇ ਲੋਕ ਸਨ ਤਾਂ ਉਸ ਬਾਕਸ ਵਿਚ ਆਪਣਾ ਯੋਗਦਾਨ ਪਾ ਕੇ ਆਪਣਾ ਮੂਕ ਸਮਰਥਨ ਦੇਣ ਵਾਲੇ ਲੋਕ ਵੀ ਬਹੁਤ ਸਨ। 

GADVASU: ਵਿਦਿਆਰਥਣਾਂ ਨੇ ਮਰਨ ਵਰਤ ਖੋਹਲਿਆ ਪਰ ਸੰਘਰਸ਼ ਰਹੇਗਾ ਜਾਰੀ

No comments: