Saturday, May 10, 2014

ਲੁਧਿਆਣਾ ਪੁਲਿਸ ਨੇ ਕਾਬੂ ਕੀਤੀ ਦਸ ਲੱਖ ਰੁਪਏ ਦੀ ਸਮੈਕ

 Sat, May 10, 2014 at 2:43 PM
ਆਖਿਰ ਕੌਣ ਜਿੰਮੇਵਾਰ ਹੈ ਕਿਰਤੀਆਂ ਨੂੰ ਕੁਰਾਹੇ ਪਾਉਣ ਲਈ ?
ਲੁਧਿਆਣਾ: 10 ਮਈ 2014: (ਪੰਜਾਬ ਸਕਰੀਨ ਬਿਊਰੋ): 
ਗੁਰੂਆਂ ਪੀਰਾਂ ਦੀ ਧਰਤੀ ਕਿਸੇ ਵੇਲੇ ਕਿਰਤੀਆਂ ਦੀ ਧਰਤੀ ਸੀ। ਹੁਣ ਕਿਰਤੀ ਲੋਕ ਝੱਟ ਪੱਟ ਪੈਸਾ ਬਣਾਉਣ ਜਾਂ ਫੇਰ ਕਿਸੇ ਮਜਬੂਰੀ ਵੱਸ ਹੁਣ ਨਸ਼ੀਲੀਆਂ ਵਸਤਾਂ ਦੇ ਰਾਹਾਂ 'ਤੇ ਵੀ ਤੁਰ ਪਏ ਹਨ। ਇਸ ਕਿਸਮ ਦਾ ਨਵਾਂ ਚਿੰਤਾਜਨਕ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਕਾਬੂ ਕੀਤੇ ਗਏ ਵਿਕਰਮ ਸਿੰਘ ਦੇ ਰੂਪ ਵਿੱਚ ਜਿਹੜਾ ਚੰਗੀ ਭਲੀ ਕਿਰਤ ਕਰਦਾ ਕਰਦਾ ਨਸ਼ਿਆਂ ਦੀ ਸਮਗਲਿੰਗ ਦੇ ਕੁਰਾਹੇ ਪੈ ਗਿਆ। 
ਟੈਂਟ ਹਾਊਸ 'ਚ ਲੇਬਰ ਦਾ ਕੰਮ ਕਰਦੇ ਹੋਏ ਉਸ ਦੇ ਦਿਮਾਗ ਵਿੱਚ ਕੋਈ ਅਜਿਹਾ ਮਾਦਾ ਫੁਰਨਾ ਫੁਰਿਆ ਕਿ ਮੈਡੀਕਲ ਦਾ ਨਸ਼ਾ ਕਰਨ ਲੱਗ ਪਿਆ। ਇਸ ਨਸ਼ੇ ਦੀ ਉਸਨੂੰ ਅਜਿਹੀ ਆਦਤ ਪਈ ਕਿ ਇਸ ਦੀ ਪੂਰਤੀ ਦੀ ਖਾਤਰ 22 ਸਾਲ ਦਾ ਨੌਜਵਾਨ ਖੁਦ ਵੀ ਨਸ਼ਾ ਵੇਚਣ ਦਾ ਧੰਦਾ ਕਰਨ ਲੱਗ ਪਿਆ। ਇਸ ਨਾਲ ਉਸਦੀ ਨਸ਼ੇ ਦੀ ਪੂਰਤੀ ਵੀ ਹੁੰਦੀ ਸੀ ਅਤੇ ਪੈਸੇ ਵੀ ਬਚਦੇ ਸਨ। ਇਹ ਰਸਤਾ ਕਿਸੇ ਹਨੇਰੀ ਖੱਡ ਵੱਲ ਜਾਂਦਾ ਹੈ ਇਹ ਉਸਨੇ ਕਦੇ ਨਹੀਂ ਸੀ ਸੋਚਿਆ। ਉਸਦਾ ਇਹ ਧੰਦਾ ਵਧ ਫੁੱਲ ਰਿਹਾ ਸੀ ਇਹ ਸੋਚ ਕੇ ਉਹ ਮਸਤ ਸੀ। ਇੱਕ ਦਿਨ ਐਂਟੀ ਨਾਰਕੋਟਿਕਸ ਸੈੱਲ ਨੇ ਵਿਕਰਮ ਨੂੰ ਨਸ਼ਾ ਸਮਗਲਿੰਗ ਕਰਨ ਦੇ ਦੋਸ਼ ਵਿੱਚ ਕਾਬੂ ਕਰ ਲਿਆ। ਪੁਲਿਸ ਨੇ ਨਸ਼ੀਲੀਆਂ ਵਸਤਾਂ ਦੇ ਇਸ ਸਮੱਗਲਰ ਨੂੰ 40 ਗ੍ਰਾਮ ਸਮੈਕ ਸਮੇਤ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਜਿਸਦੀ ਕੀਮਤ  10 ਲੱਖ ਰੁਪੇ ਬਣਦੀ ਹੈ। ਇਸ ਸੈੱਲ ਦੇ ਇੰਚਾਰਜ ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਪੰਜਾਬ ਭਰ ਵਿਚ ਨਸ਼ਿਆਂ ਅਤੇ ਸ਼ਰਾਬ ਦੀ ਸਮੱਗਲਿੰਗ ਕਰਨ ਵਾਲਿਆਂ ਨੂੰ ਨਕੇਲ ਪਾਉਣ ਲਈ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਏ. ਐੱਸ. ਆਈ. ਨਰਿੰਦਰ ਕੁਮਾਰ ਦੀ ਅਗਵਾਈ ਵਿਚ ਪੁਲਸ ਪਾਰਟੀ ਨੇ ਢੋਲੇਵਾਲ ਪੁਲ 'ਤੇ ਬਾਕਾਇਦਾ ਜ਼ਬਰਦਸਤ ਨਾਕਾਬੰਦੀ ਕੀਤੀ ਹੋਈ ਸੀ। ਇਸ ਨਾਕਾਬੰਦੀ ਦੌਰਾਨ ਹੀ ਪੁਲਿਸ ਟੀਮ ਨੂੰ ਸ਼ੇਰਪੁਰ ਚੌਕ ਵਲ ਦੀ ਪੈਦਲ ਆ ਰਿਹਾ ਇਕ ਸ਼ੱਕੀ ਨੌਜਵਾਨ ਨੌਜਵਾਨ ਨਜ਼ਰੀਂ ਪਿਆ। ਜਦੋਂ ਉਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਖਤਰਨਾਕ ਅਤੇ ਤੇਜ਼ ਤਰਾਰ ਨਸ਼ੀਲਾ ਪਦਾਰਥ ਸਮੈਕ ਮਿਲਿਆ। ਇਸ 40 ਗ੍ਰਾਮ ਸਮੈਕ ਦੀ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸਦੀ ਕੀਮਤ ਲਗਭਗ 10 ਲੱਖ ਰੁਪਏ ਦੱਸੀ ਜਾਂਦੀ ਹੈ। ਸਬ ਇੰਸਪੈਕਟਰ ਹਰਬੰਸ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀ ਵਿਕਰਮ ਸਿੰਘ ਮੂਲ ਰੂਪ ਵਿਚ ਕਰਨਾਲ ਦੇ ਪਿੰਡ ਖੇੜੀ ਮੰਡਵਾ ਦਾ ਰਹਿਣ ਵਾਲਾ ਹੈ। ਇਸ ਦੇ ਖਿਲਾਫ ਐੱਨ. ਡੀ. ਪੀ. ਐੱਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਇਸ ਕਥਿਤ ਦੋਸ਼ੀ ਨੇ ਇਹ ਮੰਨਿਆ ਕਿ ਉਹ ਇਸ ਸਮੇਂ ਸ਼ਿਮਲਾਪੁਰੀ ਇਲਾਕੇ ਵਿਚ ਰਹਿੰਦਾ ਸੀ। ਉਹ ਲੇਬਰ ਦਾ ਕੰਮ ਕਰਨ ਦੇ ਨਾਲ ਹੀ ਪਿਛਲੇ ਤਿੰਨ-ਚਾਰ ਮਹੀਨਿਆਂ ਤੋਂ ਸਮੈਕ ਵੇਚਣ ਦਾ ਧੰਦਾ ਕਰਦਾ ਆ ਰਿਹਾ ਸੀ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਦਾ ਪੁਲਸ ਰਿਮਾਂਡ ਲੈ ਕੇ ਇਹ ਜਾਂਚ ਕੀਤੀ ਜਾਵੇਗੀ ਕਿ ਉਹ ਇਹ ਸਮੈਕ ਕਿਥੋਂ ਅਤੇ ਕਿਸ ਕੋਲੋਂ ਲੈ ਕੇ ਆਉਂਦਾ ਸੀ ਅਤੇ ਅੱਗੇ ਕਿਸ-ਕਿਸ ਨੂੰ ਸਪਲਾਈ ਕਰਦਾ ਸੀ। ਇਸਦੇ ਨਾਲ ਹੀ ਇਹ ਵੀ ਪਤਾ ਲਾਇਆ ਜਾਏਗਾ ਕਿ ਉਹ ਹੋਰ ਕਿਹੜੇ ਕਿਹੜੇ ਨਸ਼ੇ ਸਮਗਲ ਕਰਦਾ ਸੀ?  

No comments: