Friday, May 23, 2014

ਰਿਪੋਰਟਿੰਗ: ਕਾਮਾਗਾਟਾ ਮਾਰੂ ਦੀ 100ਵੀਂ ਵਰੇਗੰਢਮੌਕੇ ਸਮਾਗਮ

Fri, May 23, 2014 at 5:28 PM
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਦੀ ਪੂਰਵ-ਸੰਧਿਆ ’ਤੇ ਨਾਟਕ ਨੇ ਛੇੜਿਆ ਇਕ ਹੋਰ ਕਰਾਂਤੀ ਦਾ ਨਗ਼ਮਾ
‘ਜਿਥੇ ਕਵਿਤਾ ਖ਼ਤਮ ਹੁੰਦੀ ਹੈ’ ਦੇ ਮੰਚਨ ਨੇ  ਝੰਜੋੜੇ ਲੋਕਾਂ ਦੇ  ਅਤੇ ਦਿਮਾਗ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜਨਮ ਦਿਹਾੜੇ ਦੀ ਪੂਰਵ-ਸੰਧਿਆ ਦੇ ਮੌਕੇ ਅਤੇ ਇਤਿਹਾਸਕ ਕਾਮਾਗਾਟਾ ਮਾਰੂ ਜਹਾਜ਼ ਨੂੰ 23 ਮਈ 1914 ’ਚ ਵੈਨਕੂਵਰ ਕਨੇਡਾ ਦੇ ਪਾਣੀਆਂ ’ਚ ਰੋਕੇ ਜਾਣ ਦੀ 100ਵੀਂ ਵਰੇ ਗੰਢ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੁਆਰਾ ਯੁਵਾ ਥੀਏਟਰ ਜਲੰਧਰ ਦਾ ਨਵਾਂ ਨਾਟਕ ‘ਜਿਥੇ ਕਵਿਤਾ ਖ਼ਤਮ ਹੁੰਦੀ ਹੈ’ ਦਾ ਮੰਚਨ 23 ਮਈ ਨੂੰ ਦੇਸ਼ ਭਗਤ ਯਾਦਗਾਰ ਹਾਲ ਦੇ ਵਿਚ ਕਰਵਾਇਆ ਗਿਆ। ‘ਜਿੱਥੇ ਕਵਿਤਾ ਖ਼ਤਮ ਹੁੰਦੀ ਹੈ...’ ਨਾਟਕ ਪਾਸ਼ ਦੀ ਕਵਿਤਾ ਦੇ ਬੋਲਾਂ ਨਾਲ ਹੀ ਸਿਖ਼ਰ ’ਤੇ ਸੁਨੇਹਾ ਦਿੰਦਾ ਹੈ ਕਿ:
ਮਸਲਿਆਂ ਦਾ ਮਤਾ ਮੇਰੇ ਦੋਸਤੋ ਕੁਝ ਇਸ ਤਰਾਂ ਹੁੰਦੈ
ਕਿ ਕਵਿਤਾ ਉੱਕਾ ਹੀ ਨਾਕਾਫ਼ੀ ਹੁੰਦੀ ਹੈ
ਤੇ ਤੁਸੀਂ ਬੜੀ ਦੂਰ ਨਿਕਲ ਜਾਂਦੇ ਹੋ-
ਤਿੱਖੀਆਂ ਚੀਜ਼ਾਂ ਦੀ ਭਾਲ਼ ਵਿੱਚ
ਮਸਲਿਆਂ ਦਾ ਮਤਾ ਕੁਝ ਏਦਾਂ ਦਾ ਹੁੰਦਾ ਹੈ
ਕਿ ਤੁਹਾਡਾ ਸਬਰ ਥੱਪੜ ਮਾਰ ਦਿੰਦਾ ਹੈ
ਤੁਹਾਡੇ ਕਾਇਰ ਮੂੰਹ ਉੱਤੇ
ਅਤੇ ਤੁਸੀਂ ਉਸ ਜਗਾ ਤੋਂ ਸ਼ੁਰੂ ਕਰਦੇ ਹੋ
ਜਿੱਥੇ ਕਵਿਤਾ ਖ਼ਤਮ ਹੁੰਦੀ ਹੈ...

ਨਾਟਕ ਵਿਚ ਦਿਖਾਇਆ ਗਿਆ ਹੈ ਕਿ ਕਿਸ ਤਰਾਂ ਭਿ੍ਰਸ਼ਟਾਚਾਰ, ਸਵਾਰਥ ਅਤੇ ਭਾਵ-ਹੀਣਤਾ ਚਰਮ-ਸੀਮਾ ’ਤੇ ਪਹੁੰਚ ਚੁੱਕੇ ਹਨ। ਨੌਜਵਾਨ ਬੇਰੁਜ਼ਗਾਰ ਹਨ।  ਗੁੰਮਰਾਹ ਕਰਕੇ ਕੁਰਾਹੇ ਪਾਏ ਜਾ ਰਹੇ ਹਨ।  ਸਭਿਆਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਵਿਚ ਗਿਰਾਵਟ ਆ ਚੁੱਕੀ ਹੈ ਪਰ ਫਿਰ ਵੀ ਅਸੀਂ ਆਪ ਕੁਝ ਕਰਨ ਦੀ ਬਜਾਏ ਇਸ ਉਡੀਕ ਵਿਚ ਜਿਉਦੇ ਰਹਿੰਦੇ ਹਾਂ ਕਿ ਕੁਝ ਨਾ ਕੁਝ ਤਾਂ ਹੋਵੇਗਾ ਕੋਈ ਤੇ ਪਹਿਲ ਕਰੇਗਾ।  ਨਾਟਕ ਦਾ ਮੁੱਖ ਪਾਤਰ ਭਗਤ ਇਕ ਪੜਿਆ ਲਿਖਿਆ ਬੀ.ਟੈਕ., ਐਮ.ਟੈਕ. ਨੌਜਵਾਨ ਹੈ, ਜਿਹੜਾ ਸਹੀ ਨੌਕਰੀ ਮਿਲਣ ਨਾ ਕਰਕੇ ਆਪਣੇ ਹੀ ਕਾਲਜ ਸਾਹਮਣੇ ਚਾਹ ਦੀ ਦੁਕਾਨ ਲਾ ਲੈਂਦਾ ਹੈ, ਉਹ ਮੇਹਨਤੀ ਹੈ ਅਤੇ ਜੁਝਾਰੂ ਹੈ।  ਉਸ ਦੁਕਾਨ ’ਤੇ ਰੋਜ਼ ਕਈ ਤਰਾਂ ਦੇ ਲੋਕ ਚਾਹ ਪੀਣ ਆਉਦੇ ਹਨ, ਜਿਹੜੇ ਸਾਡੇ ਸਮਾਜ ਦੇ ਬਦਲਦੇ ਰੂਪ ਦਾ ਸ਼ੀਸ਼ਾ ਦਿਖਾਉਦੇ ਹਨ। ਭਗਤ ਖਾਲੀ ਸਮੇਂ ਵਿਚ ਆਪਣੀ ਦੁਕਾਨ ਵਿਚ ਹੀ ਇਤਿਹਾਸਕ ਕਿਤਾਬਾਂ ਪੜਦਾ ਹੈ। ਸਭ ਠੀਕ ਠਾਕ ਚੱਲ ਰਿਹਾ ਹੁੰਦਾ ਹੈ, ਪਰ ਅਚਾਨਕ ਇਹ ਖ਼ਬਰ ਆਉਂਦੀ ਹੈ ਕਿ ਕਾਲਜ ਅਤੇ ਉਸ ਦੇ ਆਲੇ ਦੁਆਲੇ ਦੀ ਜ਼ਮੀਨ ਵੇਚੀ ਜਾ ਰਹੀ ਹੈ ਬਹੁ-ਕੌਮੀ ਕੰਪਨੀਆਂ ਨੂੰ।  ਇਹ ਖਬਰ ਸਾਰੇ ਲੋਕਾਂ ਨੂੰ ਹਿਲਾ ਦਿੰਦੀ ਹੈ।  ਭਗਤ, ਇਹ ਫੈਸਲਾ ਲੈਂਦਾ ਹੈ ਕਿ ਉਹ ਆਪਣੀ ਦੁਕਾਨ ਅਤੇ ਥਾਂ ਨਹੀਂ ਛੱਡੇਗਾ। ਬਹੁਤ ਸਾਰੇ ਲੋਕ ਉਸਦੇ ਸਮਰਥਨ ਲਈ ਇਕੱਠੇ ਹੋ ਜਾਂਦੇ ਹਨ।  ਹੌਲੀ-ਹੌਲੀ ਇਹ ਇਕੱਠ ‘ਜਨ-ਅੰਦੋਲਨ’ ਦਾ ਰੂਪ ਧਾਰ ਲੈਂਦਾ ਹੈ।  ਬਹੁ-ਕੌਮੀ ਕੰਪਨੀਆਂ ਦੇ ਨਾਲ ਮਿਲੇ ਹੋਏ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੇ ਨੇਤਾ ਉਹਨਾਂ ਨੂੰ ਧਮਕੀਆਂ ਅਤੇ ਲਾਲਚ ਨਾਲ ਤੋੜਨ ਦਾ ਯਤਨ ਕਰਦੇ ਹਨ।  ਭਗਤ, ਉਦੋਂ ਨਿਰਾਸ਼ ਹੋ ਜਾਂਦਾ ਹੈ ਜਦੋਂ ਉਸਦੇ ਸਾਰੇ ਸਾਥੀ ਉਸ ਦਾ ਸਾਥ ਛੱਡਣ ਲੱਗਦੇ ਹਨ ਪਰ ਫਿਰ ਵੀ ਉਹ ਸਾਰਿਆਂ ਨੂੰ ਇਕੱਠਾ ਕਰਦਾ ਹੈ ਤੇ ਹਿੰਮਤ ਦਿੰਦਾ ਹੈ। ਉਹ ਸੋਸ਼ਲ ਨੈਟਵਰਕ ਸਾਈਟਸ ਦੇ ਰਾਹੀਂ ਨੌਜਵਾਨਾਂ ਤੱਕ ਪਹੁੰਚਣ ਦੀ ਯੋਜਨਾ ਬਣਾਉਦਾ ਹੈ। ਲੋਕ ਗੀਤਾਂ ਵਿਚ ਨਵੇਂ ਭਾਵ ਭਰਕੇ ਆਮ ਜਨਤਾ ਅਤੇ ਪਿੰਡ-ਪਿੰਡ ਵਿਚ ਪਹੁੰਚਣ ਦੀ ਜੁਗਤ ਬਣਾਉਦਾ ਹੈ।  ਉਹ ਆਪਣੇ ਖ਼ੂਨ ਦਾ ਤਿਲਕ ਲਗਾਉਣ ਲਈ ਇਕ ਸੰਗਰਾਮ ਆਰੰਭ ਕਰਨ ਦਾ ਐਲਾਨ ਕਰਦਾ ਹੈ।
ਨਾਟਕ ਅਜੇਹੀ ਸਿਖ਼ਰ ਛੋਹਦੇ ਸੁਆਲ ਉਭਾਰਦਾ ਹੈ ਕਿ ਇਸ ਮੌਕੇ ਸਮਾਜੀ ਉਲਝਣ ਦਾ ਹੱਲ ਇਸ ਬਣੇ ਬਣਾਏ ਪ੍ਰਬੰਧ ਦੇ ਅੰਦਰ ਨਹੀਂ ਹੋਣਾ ਸਗੋਂ ਇਸ ਪ੍ਰਬੰਧ ਦੇ ਕੋਹਜ ਨੂੰ ਰੂਪਮਾਨ ਕਰਦੀ ਕਵਿਤਾ ‘ਜਿਥੇ ਕਵਿਤਾ ਖ਼ਤਮ ਹੁੰਦੀ ਹੈ’ ਤੋਂ ਹੁਣ ਪਾਰ, ਅਗੇਰੇ ਹੋਰ ਅਗੇਰੇ ਜਾਣਾ ਪਏਗਾ।
ਇਹ ਨਾਟਕ, ਯੁਵਾ ਥੀਏਟਰ ਦੇ ਨਿਰਦੇਸ਼ਕ ਡਾ. ਅੰਕੁਰ ਸ਼ਰਮਾ ਦੁਆਰਾ ਲਗਾਈ 40 ਦਿਨਾਂ ਦੀ ਥੀਏਟਰ ਵਰਕਸ਼ਾਪ ਦੇ ਦੌਰਾਨ ਤਿਆਰ ਕੀਤਾ ਗਿਆ। ਇਸ ਵਿਚ 25 ਨੌਜਵਾਨ ਕਲਾਕਾਰਾਂ ਨੇ ਭਾਗ ਲਿਆ।  ਵਰਕਸ਼ਾਪ ਦਾ ਮਕਸਦ ਇਨਾਂ ਕਲਾਕਾਰਾਂ ਨੂੰ ਥੀਏਟਰ ਦੇ ਵੱਖ-ਵੱਖ ਰੂਪਾਂ ਨਾਲ  ਨਿਰਦੇਸ਼ਨ, ਅਭਿਨੈ, ਡਿਜ਼ਾਈਨ, ਸੰਗੀਤ ਅਤੇ ਰੌਸ਼ਨੀ ਆਦਿ ਤੋਂ ਜਾਣੂੰ ਕਰਵਾਉਣਾ ਸੀ। ਇਸ ਨਾਟਕ ਦੀ ਨਿਰਦੇਸ਼ਨਾ ਦੋ ਨੌਜਵਾਨਾ - ਵਿਸ਼ੇਸ਼ ਅਰੋੜਾ ਅਤੇ ਹਰੀਸ਼ ਡੋਗਰਾ ਨੇ ਕੀਤੀ ਹੈ। ਮੁੱਖ ਪਾਤਰ ਦੀ ਭੂਮਿਕਾ ਨਿਭਾਉਣ ਵਾਲੇ ਪ੍ਰਾਜਨੇ ਸੂਫ਼ੀ ਅਹਿਆ (  1) ਜੋ ਕਿ ਸ਼ਹਿਰ ਵਿਚ ਆਰ.ਜੇ. ਦੇ ਤੌਰ ’ਤੇ ਬਤੌਰ ਐਂਕਰ ਦੇ ਰੂਪ ਵਿਚ ਮਸ਼ਹੂਰ ਹੈ, ਪਹਿਲੀ ਵਾਰ ਰੰਗਮੰਚ ਦੀ ਦੁਨੀਆਂ ਨਾਲ ਜੁੜਿਆ ਹੈ। ਬਾਕੀ ਭੂਮਿਕਾਵਾਂ ਵਿਚ  ਧਰੁਵ, ਸੋਨੀਆ, ਜੀਵਨਜੋਤ, ਕੁਮਾਰ ਸੱਭਰਵਾਲ, ਮਰੀਦੁਅਲ, ਜਿੰਕੀ, ਹੇਮੰਤ, ਸ਼ੁਭਮ, ਗੌਰਵ, ਮਨਪ੍ਰੀਤ ਸਿੰਘ, ਵਿਕਾਸ, ਵਿਕਾਸ ਆਰੀਆ, ਅਮਿਤ, ਕਨਵ ਵਰਗੇ ਨਵੇਂ ਕਲਾਕਾਰ ਹਨ।  ਇਨਾਂ ਦਾ ਸਾਥ ਕੀਤਾ ਹੈ ਯੁਵਾ ਦੇ ਹਰਜੀਤ ਸਿੰਘ, ਵਿਕਾਰ ਆਨੰਦ, ਗੋਬਿੰਦ ਵਰਮਾ, ਹੀਨਾ ਸ਼ਰਮਾ ਅਤੇ ਮਨਦੀਪ ਕੌਰ ਨੇ।
ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ ਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਇਸ ਇਤਿਹਾਸਕ ਦਿਹਾੜੇ ’ਤੇ ਨਾਟਕ ਦੀ ਪ੍ਰਸੰਗਕਤਾ ਸਬੰਧੀ ਵਿਚਾਰ ਪੇਸ਼ ਕੀਤੇ।  ਇਸ ਮੌਕੇ ਕਮੇਟੀ ਦੇ ਮੀਤ ਪ੍ਰਧਾਨ ਕਾ. ਅਜਮੇਰ ਸਿੰਘ, ਖਜ਼ਾਨਚੀ ਸੀਤਲ ਸਿੰਘ ਸੰਘਾ, ਕਮੇਟੀ ਮੈਂਬਰ ਗੁਰਮੀਤ, ਗੁਰਮੀਤ ਢੱਡਾ, ਦੇਵਰਾਜ ਨਾਇਰ, ਡਾ. ਕਰਮਜੀਤ ਸਿੰਘ ਹਾਜ਼ਰ ਸਨ।
ਜਾਰੀ ਕਰਤਾ:
ਅਮੋਲਕ ਸਿੰਘ
ਕਨਵੀਨਰ, ਸਭਿਆਚਾਰਕ ਵਿੰਗ
94170 76735

No comments: