Wednesday, December 11, 2013

Gadvasu: ਏਡਜ਼ ਸਬੰਧੀ ਵਧਾਈ ਜਾਗਰੂਕਤਾ

ਵੈਟਨਰੀ ਯੂਨੀਵਰਸਿਟੀ ਦੇ NSS ਵਲੰਟੀਅਰਾਂ ਨੇ ਕੀਤਾ ਇੱਕ ਹੋਰ ਕਮਾਲ 
ਲੁਧਿਆਣਾ-10-ਦਸੰਬਰ-2013: (ਪੰਜਾਬ ਸਕਰੀਨ ਬਿਊਰੋ):
ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ  ਦੇ ਫ਼ਿਸ਼ਰੀਜ਼ ਕਾਲਜ ਅਤੇ ਡੇਅਰੀ ਸਾਇੰਸ ਅਤੇ ਤਕਨਾਲੋਜੀ ਕਾਲਜ ਦੇ ਕੌਮੀ ਸੇਵਾ ਯੋਜਨਾ (ਐਨ.ਐਸ. ਐਸ.) ਦੇ ਵਿਦਿਆਰਥੀਆਂ ਨੇ ਵਿਸ਼ਵ ਏਡਜ਼ ਦਿਵਸ ਦੇ ਸਬੰਧ ਵਿੱਚ ਇਕ ਵਿਸ਼ੇਸ਼ ਸੈਮੀਨਾਰ ਕੀਤਾ।ਜਿਸ ਵਿੱਚ ਏਡਜ਼ ਸਬੰਧੀ ਜਾਗਰੂਕਤਾ ਨੂੰ ਪ੍ਰਚਾਰਿਆ ਗਿਆ।ਯੂਨੀਵਰਸਿਟੀ ਦੇ ਐਨ.ਐਸ. ਐਸ. ਸੰਯੋਜਕ ਡਾ. ਸਯੱਦ ਹਸਨ ਨੇ ਦੱਸਿਆ ਕਿ ਸੈਮੀਨਾਰ ਮੌਕੇ ਵਿਦਿਆਰਥੀਆਂ ਨੇ ਏਡਜ਼ ਵਰਗੀ ਭਿਆਨਕ ਬਿਮਾਰੀ ਨਾਲ ਲੜਨ ਦਾ ਅਹਿਦ ਕੀਤਾ ਉੱਥੇ ਨਾਲ ਹੀ ਇਸ ਸਬੰਧੀ ਜਾਗਰੂਕਤਾ ਮਹਿੰਮ ਵੀ ਸ਼ੁਰੂ ਕੀਤੀ।ਇਹ ਸੈਮੀਨਾਰ ਫਲੋਰਾ ਐਂਡ ਫੋਨਾ ਸੋਸਾਇਟੀ ਜੋ ਕਿ ਵਾਤਾਵਰਣ ਸੰਭਾਲ ਲਈ ਕੰਮ ਕਰਦੀ ਹੈ ਉਸਦੇ ਸਹਿਯੋਗ ਨਾਲ ਕੀਤਾ ਗਿਆ।ਸੈਮੀਨਾਰ ਵਿੱਚ ਦੱਸਿਆ ਗਿਆ ਕਿ ਬਿਮਾਰੀ ਕਿਸ ਤਰ੍ਹਾਂ ਹੁੰਦੀ ਹੈ ਕਿਵੇਂ ਵੱਧਦੀ ਹੈ ਤੇ ਕਿਵੇਂ ਇਸ ਤੋਂ ਬਚਿਆ ਜਾ ਸਕਦਾ ਹੈ।ਡਾ. ਹਸਨ ਨੇ ਜਾਣਕਾਰੀ ਦਿੱਤੀ ਕਿ ਸਾਨੂੰ ਜਿੱਥੇ ਸਦਾਚਾਰੀ ਜੀਵਨ ਅਪਨਾਉਣ ਦੀ ਜਰੂਰਤ ਹੈ ਉੱਥੇ ਬਿਮਾਰੀ ਦੇ ਹੋਰ ਕਾਰਣ ਜਿਵੇਂ ਨਸ਼ਿਆਂ ਦੇ ਟੀਕੇ ਲਗਾਉਣੇ, ਅਸ਼ੁੱਧ ਟੀਕਾ ਸਰਿੰਜਾਂ ਦੀ ਵਰਤੋਂ ਕਰਨੀ ਆਦਿ ਕਾਰਣਾਂ ਤੋਂ ਬਚਣਾ ਚਾਹੀਦਾ ਹੈ।ਉਨ੍ਹਾਂ ਆਸ ਪ੍ਰਗਟਾਈ ਕਿ ਸਮਾਜ, ਸਿਹਤ, ਸਿੱਖਿਆ, ਰਾਜਨੀਤੀ, ਧਰਮ ਅਤੇ ਹੋਰ ਕਾਰਜਾਂ ਲਈ ਕੰਮ ਕਰਦੀਆਂ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ ਸਮਾਜ ਨੂੰ ਜਾਗਰੂਕ ਕਰਨ ਦੇ ਨਾਲ ਇਸ ਬਿਮਾਰੀ ਵਿੱਚ ਗ੍ਰਸੇ ਲੋਕਾਂ ਦੀ ਸਿਹਤਯਾਬੀ ਅਤੇ ਚੰਗੇ ਇਲਾਜ ਲਈ ਵੀ ਕੰਮ ਕੀਤਾ ਜਾਏ।ਡਾ.  ਹਸਨ ਨੇ ਐਨ.ਐਸ. ਐਸ. ਵਲੰਟੀਅਰਾਂ ਦੀ ਪ੍ਰਸੰਸਾ ਕੀਤੀ ਕਿ ਜਿੱਥੇ ਉਨ੍ਹਾਂ ਲੁਧਿਆਣਾ, ਜਲੰਧਰ, ਰੋਪੜ, ਅੰਮ੍ਰਿਤਸਰ, ਤਰਨਤਾਰਨ, ਪਟਿਆਲਾ, ਮੋਹਾਲੀ ਅਤੇ ਸੰਗਰੂਰ ਜ਼ਿਲਿਆਂ ਵਿੱਚ ਏਡਜ਼ ਦੇ ਖਿਲਾਫ ਜਾਗਰੂਕਤਾ ਮੁਹਿੰਮ ਚਲਾਈ ਉੱਥੇ ਨਾਲ ਲਗਦੇ ਸੂਬਿਆਂ ਵਿੱਚ ਵੀ ਰੈਲੀਆਂ ਕੱਢ ਕੇ ਲੋਕਾਂ ਨੂੰ ਸਿੱਖਿਅਤ ਕੀਤਾ।ਉਨ੍ਹਾਂ ਕਿਹਾ ਕਿ ਸਾਨੂੰ ਇਨ੍ਹਾਂ ਲੋਕਾਂ ਨਾਲ ਹਮਦਰਦੀ ਵਾਲਾ ਰਵਈਆ ਰੱਖਣਾ ਚਾਹੀਦਾ ਹੈ ਕਿਉਂਕਿ ਇਹ ਬਿਮਾਰੀ ਕਿਸੇ ਸਾਧਾਰਣ ਸੰਪਰਕ ਨਾਲ ਨਹੀਂ ਫੈਲਦੀ ਜਾਂ ਵੱਧਦੀ।ਸਿਹਤਮੰਦ ਸਮਾਜ ਲਈ ਸਿਹਤਮੰਦ ਲੋਕਾਂ ਦਾ ਹੋਣਾ ਬਹੁਤ ਜਰੂਰੀ ਹੈ ਇਸ ਲਈ ਲੋਕਾਂ ਦੀ ਸਿਹਤ ਨੂੰ ਸਮਾਜ ਦੀ ਸਿਹਤ ਮੰਨ ਕੇ ਵਿਚਾਰਨਾ ਚਾਹੀਦਾ ਹੈ।ਡੇਅਰੀ ਸਾਇੰਸ ਕਾਲਜ ਦੇ ਡਾ. ਅਮਿਤ ਕੁਮਾਰ ਅਤੇ ਫਲੋਰਾ ਅਤੇ ਫੋਨਾ ਸੋਸਾਇਟੀ ਦੇ ਨੁਮਾਇੰਦੇ ਵੀ ਇਸ ਮੌਕੇ ਤੇ ਮੌਜੂਦ ਸਨ।

No comments: