Saturday, October 05, 2013

PAU ਖਬਰਨਾਮਾ//ਸਥਾਈ ਖੇਤੀ ਸੰਬੰਧੀ ਮੁਹਿੰਮ///ਪੰਜਾਬ ਸਕਰੀਨ

ਆਸਟਰੇਲੀਆ ਦੇ ਸਹਿਯੋਗ ਨਾਲ PAU ਵੱਲੋਂ  ਪ੍ਰੋਗਰਾਮ ਜਾਰੀ--ਪੰਜਾਬ ਸਕਰੀਨ ਵਿਸ਼ੇਸ਼ 
ਲੁਧਿਆਣਾ  4 ਅਕਤੂਬਰ: (ਵਿਸ਼ਾਲ//ਪੰਜਾਬ ਸਕਰੀਨ): ਆਸਟਰੇਲੀਆ ਦੇ ਅੰਤਰਰਾਸ਼ਟਰੀ ਖੇਤੀਬਾੜੀ ਖੋਜ ਕੇਂਦਰ (ਏ ਸੀ ਆਈ ਏ ਆਰ) ਵੱਲੋਂ ਬਿਨਾਂ ਵਹਾਈ ਝੋਨੇ ਨੂੰ ਉਤਸ਼ਾਹਿਤ ਕਰਨ ਲਈ ਇਕ ਪ੍ਰੋਗਰਾਮ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਐਗਰੋਨੌਮੀ ਡਿਪਾਰਟਮੈਂਟ ਦੇ ਸਹਿਯੋਗ ਨਾਲ ਚਲਾਇਆ ਜਾ ਰਿਹਾ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਵਿਗਿਆਨੀ ਡਾ: ਮੱਖਣ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਪੰਜਾਬ ਅਤੇ ਹਰਿਆਣਾ ਵਿੱਚ ਸਿੱਧੀ ਬੀਜਾਈ ਨੂੰ ਉਤਸ਼ਾਹਿਤ ਕਰਨ ਲਈ ਸਥਾਨਿਕ ਕਿਸਾਨਾਂ ਨੂੰ ਇਸ ਵਿਧੀ ਨੂੰ ਅਪਣਾਉਣ ਲਈ ਪ੍ਰੇਰਿਆ  ਜਾਵੇਗਾ। ਉਨਾਂ ਕਿਹਾ ਕਿ ਇਸ ਸਬੰਧ ਵਿੱਚ ਆਸਟਰੇਲੀਆ ਵਿੱਚ ਇੱਕ ਦਸ ਰੋਜ਼ਾ ਵਰਕਸ਼ਾਪ ਦਾ ਵੀ ਆਯੋਜਨ ਕੀਤਾ ਗਿਆ। ਆਸਟਰੇਲੀਆ ਤੋਂ ਵਿਗਿਆਨੀ ਅਤੇ ਪ੍ਰੋਜੈਕਟ ਲੀਡਰ ਡਾ: ਗੁਰਜੀਤ ਸਿੰਘ ਨੇ ਦੱਸਿਆ ਕਿ ਭਾਰਤ ਦੇ ਵੱਖ ਵੱਖ ਸੂਬਿਆਂ ਤੋਂ ਵਿਗਿਆਨੀਆਂ ਨੂੰ ਇਸ ਵਰਕਸ਼ਾਪ ਦੌਰਾਨ ਸਿੱਧੀ ਬੀਜਾਈ ਸੰਬੰਧੀ ਤਕਨੀਕੀ ਜਾਣਕਾਰੀ ਪ੍ਰਦਾਨ ਕੀਤੀ ਗਈ। ਉਨਾਂ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਕੁਝ ਕਿਸਾਨਾਂ ਨੂੰ ਇਸ ਵਿਧੀ ਬਾਰੇ ਜਾਣਕਾਰੀ ਦਿੱਤੀ ਜਾਂਦੀ ਅਤੇ ਬਾਅਦ ਵਿੱਚ ਇਹ ਚੁਣੇ ਹੋਏ ਕਿਸਾਨ ਦੂਜਿਆਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਇਨਾਂ ਚੁਣੇ ਗਏ ਕਿਸਾਨਾਂ ਨੂੰ ਚੈਪੀਅਨ ਕਿਸਾਨਾਂ ਦਾ ਨਾਂ ਦਿੱਤਾ ਗਿਆ ਹੈ। ਉਨਾਂ ਕਈ ਕਿਸਾਨਾਂ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਇਸ ਵਿਧੀ ਨੂੰ ਅਪਣਾਅ ਕੇ ਬਹੁਤ ਸਾਰੇ ਕਿਸਾਨ ਚੌਖਾ ਲਾਹਾ ਲੈ ਰਹੇ ਹਨ ਅਤੇ ਇਹ ਵਿਧੀ ਕੁਦਰਤੀ ਸੋਮਿਆਂ ਦੇ ਰੱਖ ਰਖਾਓ ਵੱਲ ਚੰਗੇਰਾ ਯੋਗਦਾਨ ਪਾ ਰਹੀ ਹੈ। ਇਸ ਪ੍ਰੋਜੈਕਟ ਤਹਿਤ ਚੈਪੀਅਨ ਕਿਸਾਨਾਂ ਦੇ ਖੇਤਾਂ ਵਿੱਚ ਵੱਖ ਵੱਖ ਖੇਤ ਦਿਵਸਾਂ ਦਾ ਆਯੋਜਨ ਵੀ ਕੀਤਾ ਗਿਆ।
ਸੂਖ਼ਮ ਖੇਤੀ ਵੱਲ ਵਧਣਾ ਸਮੇਂ ਦੀ ਮੁੱਖ ਮੰਗ-ਡਾ: ਸੰਧੂ
ਲੁਧਿਆਣਾ: 4 ਅਕਤੂਬਰ (ਵਿਸ਼ਾਲ//ਪੰਜਾਬ ਸਕਰੀਨ):ਖੇਤੀਬਾੜੀ ਕਮਿਸ਼ਨਰ ਭਾਰਤ ਸਰਕਾਰ ਡਾ: ਜੀਤ ਸਿੰਘ ਸੰਧੂ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ। ਆਪਣੇ ਸੰਖੇਪ ਜਿਹੇ ਦੌਰੇ ਦੌਰਾਨ ਉਨਾਂ ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦਾ ਮੁਆਇਨਾ ਕੀਤਾ। ਵਿਸ਼ੇਸ਼ ਤੌਰ ਤੇ ਇਸ ਦੌਰੇ ਦੌਰਾਨ ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਸਤਬੀਰ ਸਿੰਘ ਗੋੋਸਲ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਹਰਜੀਤ ਸਿੰਘ ਧਾਲੀਵਾਲ ਅਤੇ ਯੂਨੀਵਰਸਿਟੀ ਦੇ ਵਿਗਿਆਨੀ ਵੀ ਹਾਜ਼ਰ ਸਨ। ਯੂਨੀਵਰਸਿਟੀ ਵੱਲੋਂ ਕੀਤੇ ਜਾ ਰਹੇ ਖੋਜ ਕਾਰਜਾਂ ਦੀ ਡਾ: ਸੰਧੂ ਨੇ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਭਵਿੱਖ ਵਿੱਚ ਆਰਥਿਕ ਪੱਖੋਂ ਕਟੌਤੀ ਕਰਨ ਵਾਲੀਆਂ ਵਿਧੀਆਂ ਦਾ ਇਜਾਦ ਕਰਨਾ ਸਮੇਂ ਦੀ ਮੁੱਖ ਮੰਗ ਹੈ। ਅਦਾਰਿਆਂ ਵੱਲੋਂ ਵਿਕਸਤ ਤਕਨਾਲੋਜੀ ਅਤੇ ਨਵੀਆਂ ਵਿਧੀਆਂ ਵਾਤਾਵਰਨ ਹਿਤੈਸ਼ੀ ਹੋਣੀਆਂ ਚਾਹੀਦੀਆਂ ਹਨ। ਉਨਾਂ ਕਿਹਾ ਕਿ ਸਾਨੂੰ ਵਿਸ਼ੇਸ਼ ਤੌਰ ਤੇ ਭਵਿੱਖ ਵਿੱਚ ਸੂਖ਼ਮ ਖੇਤੀ ਵੱਲ ਵਧਣਾ ਚਾਹੀਦਾ ਹੈ ਕਿਉਂਕਿ ਇਹ ਸਮੇਂ ਦੀ ਮੁੱਖ ਮੰਗ ਹੈ। ਉਨਾਂ ਕਿਹਾ ਕਿ ਇਸ ਨਾਲ ਅਸੀਂ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰ ਸਕਦੇ ਹਾਂ ਅਤੇ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾ ਸਕਦੇ ਹਾਂ। ਉਨਾਂ ਕਿਹਾ ਕਿ ਸੂਖ਼ਮ ਖੇਤੀ ਨਾਲ ਅਸੀਂ ਘੱਟ ਖਰਚਿਆਂ ਨਾਲ ਵੱਧ ਝਾੜ ਵੀ ਪ੍ਰਾਪਤ ਕਰਦੇ ਹਾਂ।
ਡਾ: ਸੰਧੂ ਨੂੰ ਵਿਸੇਸ਼ ਤੌਰ ਤੇ ਵੱਖ ਵੱਖ ਫ਼ਸਲਾਂ ਦੇ ਕੀਤੇ ਜਾ ਤਜਰਬਿਆਂ ਦੇ ਪਲਾਟਾਂ ਦਾ ਦੌਰਾ ਵੀ ਕਰਵਾਇਆ ਗਿਆ। 

No comments: