Friday, August 02, 2013

ਕੈਲੇਫੋਰਨੀਆ ਵਿੱਚ ਗੁਰਦੁਆਰਾ ਸਾਹਿਬ ਤੇ ਹਮਲੇ ਦਾ ਮਾਮਲਾ ਗਰਮਾਇਆ

Fri, Aug 2, 2013 at 4:47 PM
ਜਥੇ:ਅਵਤਾਰ ਸਿੰਘ ਨੇ ਨਸਲੀ ਹਮਲੇ ਨੂੰ ਦੱਸਿਆ ਅਤਿਅੰਤ ਮੰਦਭਾਗਾ 
ਨਾਲ ਹੀ ਕੀਤੀ ਹਮਲਾਵਰਾਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ 
ਅੰਮ੍ਰਿਤਸਰ: 02 ਅਗਸਤ- ਅਮਰੀਕਾ ਦੇ ਸ਼ਹਿਰ ਕੈਲੇਫੋਰਨੀਆ 'ਚ ਗੁਰਦੁਆਰਾ ਸਾਹਿਬ ਉੱਪਰ ਹਮਲਾ ਕਰਕੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀ ਗਈ ਭੰਨਤੋੜ ਅਤੇ ਕੰਧਾਂ ਉੱਪਰ ਅੱਤਵਾਦੀ ਸ਼ਬਦ ਲਿਖੇ ਜਾਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਨਿੰਦਾ ਕਰਦਿਆਂ ਅਮਰੀਕੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਸ਼ਰਾਰਤੀ ਅਨਸਰਾਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਤੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਸਜਾ ਦਿੱਤੀ ਜਾਵੇ।
ਸ਼੍ਰੋਮਣੀ ਕਮੇਟੀ ਦੇ ਪਬਲੀਸਿਟੀ ਵਿਭਾਗ ਤੋਂ ਜਾਰੀ ਪ੍ਰੈੱਸ ਰਲੀਜ਼ 'ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੁਝ ਫਿਰਕੂ ਕਿਸਮ ਦੇ ਸ਼ਰਾਰਤੀ ਲੋਕ ਜਿਹਨਾਂ ਦਾ ਆਪਣਾ ਕੋਈ ਧਰਮ ਨਹੀਂ ਹੁੰਦਾ, ਉਹ ਅਜਿਹੇ ਨਸਲੀ ਹਮਲੇ ਕਰਦੇ ਹਨ ਅਜਿਹੇ ਲੋਕਾਂ ਦੀ ਕੇਵਲ ਇਹੀ ਮਨਸ਼ਾ ਹੁੰਦੀ ਹੈ ਕਿ ਸ਼ਾਂਤਮਈ ਮਾਹੌਲ ਨੂੰ ਲਾਂਬੂ ਲਾਇਆ ਜਾਵੇ ਤੇ ਫਿਰਕਿਆਂ 'ਚ ਆਪਸੀ ਕੁੜੱਤਣ ਪੈਦਾ ਕੀਤੀ ਜਾਵੇ। ਉਹਨਾਂ ਕਿਹਾ ਕਿ ਪਿਛਲੇ ਸਾਲ ਵੀ ਇਹਨਾਂ ਦਿਨਾਂ 'ਚ ਹੀ ਵਿਸਕਾਂਸਨ ਦੇ ਗੁਰਦੁਆਰਾ ਓਕਕਰੀਕ ਵਿੱਚ ਇੱਕ ਗੋਰੇ ਵਿਅਕਤੀ ਵੱਲੋਂ ਨਸਲੀ ਹਮਲਾ ਕਰਕੇ ਨਿੱਤਨੇਮ ਕਰਦੇ ਛੇ ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ 'ਤੇ ਬਹੁਤ ਸਾਰਿਆਂ ਨੂੰ ਜਖ਼ਮੀ ਕਰ ਦਿੱਤਾ ਗਿਆ ਸੀ 'ਤੇ ਹੁਣ ਫੇਰ ਤਕਰੀਬਨ ਉਹਨਾਂ ਦਿਨਾਂ 'ਚ ਹੀ ਗੁਰਦੁਆਰਾ ਸਾਹਿਬ 'ਚ ਭੰਨ-ਤੋੜ ਕਰਕੇ ਕੰਧ ਤੇ ਅੱਤਵਾਦੀ ਸ਼ਬਦ ਲਿਖਿਆ ਗਿਆ ਹੈ। ਉਹਨਾਂ ਕਿਹਾ ਕਿ ਇਸ ਦੀ ਇਨਕੁਆਰੀ ਹੋਣੀ ਚਾਹੀਦੀ ਹੈ ਤੇ ਇਸ ਪਿੱਛੇ ਕੰਮ ਕਰ ਰਹੀਆਂ ਤਾਕਤਾਂ ਦਾ ਪਰਦਾਫਾਸ਼ ਹੋਣਾ ਚਾਹੀਦਾ ਹੈ ਕਿ ਆਖਰ ਅਜਿਹੇ ਕੌਣ ਲੋਕ ਹਨ ਜਿਹਨਾਂ ਨੂੰ ਸਾਂਤੀ ਚੰਗੀ ਨਹੀਂ ਲੱਗਦੀ। ਉਹਨਾਂ ਕਿਹਾ ਕਿ ਸਿੱਖਾਂ ਦੀ ਮਿਹਨਤ ਤੇ ਸੁਭਾਅ ਬਾਰੇ ਹੁਣ ਜ਼ਿਆਦਾਤਰ ਅਮਰੀਕੀ ਲੋਕਾਂ ਨੂੰ ਪਤਾ ਹੈ ਕਿ ਇਹ ਆਪਸੀ ਮਿਲ ਵਰਤਣ ਤੇ ਭਾਈਚਾਰਕ ਸਾਂਝ ਦੇ ਹਾਮੀ ਹਨ।
ਉਹਨਾਂ ਕਿਹਾ ਕਿ ਸਾਰੇ ਧਰਮ ਸਤਿਕਾਰ ਯੋਗ ਹਨ ਕੋਈ ਵੀ ਧਰਮ ਨਫ਼ਰਤ ਫੈਲਾਉਣ ਦੀ ਆਗਿਆ ਨਹੀਂ ਦਿੰਦਾ। ਧਰਮ 'ਚ ਰਹਿ ਕੇ ਸਗੋਂ ਹਰ ਇਨਸਾਨ ਸੁਧਰਦਾ ਹੈ, ਪਰ ਕੁਝ ਗੈਰ ਧਰਮੀ ਲੋਕ ਗੁਰੂ ਘਰਾਂ ਦੀ ਨਿਰਾਦਰੀ ਕਰਨ 'ਚ ਆਪਣੀ ਵਡਿਆਈ ਸਮਝਦੇ ਹਨ। ਉਹਨਾਂ ਅਮਰੀਕੀ ਪ੍ਰਸਾਸ਼ਨ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਲੋਕਾਂ ਦਾ ਜਲਦੀ ਤੋਂ ਜਲਦੀ ਪਤਾ ਲਗਾਇਆ ਜਾਵੇ ਤੇ ਗੁਨਾਹਗਾਰਾਂ ਨੂੰ ਗ੍ਰਿਫਤਾਰ ਕਰਕੇ ਸਖ਼ਤ ਧਾਰਾਵਾਂ ਹੇਠ ਕੇਸ ਦਰਜ਼ ਕਰਕੇ ਸਜਾ ਦਿੱਤੀ ਜਾਵੇ।No comments: