Tuesday, July 23, 2013

ਪੰਥਕ ਚੇਤਨਾ ਲਹਿਰ ਦਾ ਅਰੰਭ

ਫਲਕ ਕੋ ਆਦਤ ਹੈ ਜਹਾਂ ਬਿਜਲੀਆਂ ਗਿਰਾਨੇ ਕੀ, ਹਮੇਂ  ਭੀ ਜ਼ਿੱਦ ਹੈ ਵਹਾਂ ਆਂਸ਼ਿਆਂ ਬਨਾਨੇ ਕੀ
ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਦੇ ਆਗੂਆਂ ਵਲੋਂ ਸ਼ੁਭ ਕਦਮ 
ਪਿੰਡ ਖੋਜੇਵਾਲੀ ਵਿਚ ਬਾਬਾ ਰਾਮ ਸਿੰਘ ਅਤੇ ਭਾਈ ਸਾਹਿਬ
ਭਾਈ ਬਖਸ਼ੀਸ਼ ਸਿੰਘ ਦਾ ਇਤਹਾਸਕ ਇਕੱਠ
ਅੱਜ ਦੇ ਸੰਕਟਮਈ ਸਮੇਂ ਵਿਚ ਜਦੋਂ ਕਿ ਤਲ ਚਟ ਰਾਜਨੀਤਕਾਂ ਨੇ ਖਾਲਸਾ ਪੰਥ ਦੀਆਂ ਗੌਰਵਮਈ ਕੀਮਤਾਂ ਨੂੰ ਨਸ਼ਟ ਕਰਨ ਦਾ ਤਹੱਈਆ ਕਰ ਲਿਆ ਹੈ ਤਾਂ ਇਸ ਸਮੇਂ ਦਮਦਮੀ ਟਕਸਾਲ ਦੇ ਆਗੂ ਬਾਬਾ ਰਾਮ ਸਿੰਘ ਜੀ ਅਤੇ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾਈ ਸਾਹਿਬ ਬਖਸ਼ੀਸ਼ ਸਿੰਘ ਨੇ ਇਸ ਸੰਕਟਮਈ ਸਮੇਂ ਵਿਚ ਇੱਕਠੇ ਹੋ ਕੇ ਖਾਲਸਾਈ ਮਾਨ ਸਨਮਾਨ ਨੂੰ ਬਹਾਲ ਕਰਨ ਅਤੇ ਕੌਮ ਵਿਚ ਨਵੇਂ ਸਿਰਿਓਂ ਖਾਲਸਾਈ ਰੂਹ ਲਿਬਰੇਜ਼ ਕਰਨ ਲਈ ਇੱਕ ਪ੍ਰੋਗ੍ਰਾਮ ਤਹਿ ਕੀਤਾ ਹੈ । ਇਹਨਾਂ ਆਗੂਆਂ ਦਾ ਇਸ ਸਬੰਧ ਵਿਚ ਇਤਹਾਸਕ ਇਕੱਠ ਪਿੰਡ ਖੋਜੇਵਲੀ ਵਿਚ ਹੋਇਆ ਜਿਸ ਨੂੰ ਸਰ-ਅੰਜਾਮ ਦੇਣ ਲਈ ਬ੍ਰਿਟਿਸ਼ ਸਿੱਖ ਕੌਂਸਲ ਦੇ ਪ੍ਰਧਾਨ ਭਾਈ ਕੁਲਵੰਤ ਸਿੰਘ ਢੇਸੀ, ਜਨਰਲ ਸਕੱਤਰ ਭਾਈ ਤਰਸੇਮ ਸਿੰਘ ਦਿਓਲ, ਭਾਈ ਰਛਪਾਲ ਸਿੰਘ ਫੌਜੀ ਅਤੇ ਅਕਾਲੀ ਦਲ ਪੰਚ ਪ੍ਰਧਾਨੀ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਮੋਹਰੀ ਰੋਲ ਅਦਾ ਕੀਤਾ । ਇਸ ਮੁਹਾਜ਼ ਤੇ ਪੰਥ ਦੇ ਇਹ ਆਗੂ ਚੇਤੰਨ ਅਤੇ ਪਹਿਰਾ ਦੇ ਰਹੇ ਬਾਕੀ ਦੇ ਪੰਥਕ ਦਲਾਂ ਨੂੰ ਵੀ ਇੱਕ ਮੰਚ ਤੇ ਇਕੱਠਿਆਂ ਕਰਨ ਲਈ ਪ੍ਰਮੁਖ ਭੂਮਿਕਾ ਤਹਿ ਕਰਨਗੇ । ਇਹਨਾਂ ਆਗੂਆਂ ਦੇ ਇਸ ਪ੍ਰੋਗ੍ਰਾਮ ਨਾਲ ਕੌਮ ਵਿਚ ਨਵੀਂ ਰੂਹ ਫੂਕਣ ਲਈ ਹੋਰ ਵੀ ਅਨੇਕਾਂ ਸਿੱਖਾਂ ਨੇ ਵੀ ਸਹੀ ਪਾਈ ।

ਚੇਤੇ ਰਹੇ ਕਿ ਪਿਛਲੇ ਦਿਨੀ ਬ੍ਰਿਟਿਸ਼ ਸਿੱਖ ਕੌਂਸਲ ਨੇ ਜਦੋਂ ਸਿਕਲੀਗਰ, ਵਣਜਾਰੇ ਅਤੇ ਸਤਨਾਮੀਏਂ ਸਿੱਖਾਂ ਦੀ ਪੰਥ ਵਾਪਸੀ ਲਈ ਮਹਾਂਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿਚ ਗੁਰਦੁਆਰਿਆਂ ਦੇ ਉਘਾਟਨ ਕੀਤੇ ਤਾਂ ਉਸ ਪ੍ਰੋਗ੍ਰਾਮ ਵਿਚ ਅਕਾਲ ਤਖਤ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਜੀ, ਦਮਦਮੀ ਟਕਸਾਲ ਦੇ ਬਾਬਾ ਰਾਮ ਸਿੰਘ ਜੀ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਬਲਦੇਵ ਸਿੰਘ ਸਮੂਹ ਆਗੂਆਂ ਨੇ ਹਿੱਸਾ ਲਿਆ ਅਤੇ ਇਸ ਲਹਿਰ ਨੂੰ ਦੇਸ਼ ਵਿਆਪੀ ਬਣਾਉਣ ਲਈ ਪੁਰਜ਼ੋਰ ਸਹਿਯੋਗ ਦੇਣ ਲਈ ਵਚਨ ਦਿੱਤਾ । ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਪੰਜਾਬ ਵਿਚ ਵੱਖ ਵੱਖ ਜਗ੍ਹਾ ਗੁਰਮਤ ਕੈਂਪ ਲਗਾਏ ਜਾ ਰਹੇ ਹਨ ਅਤੇ ਇਹਨਾਂ ਆਗੂਆਂ ਨੂੰ ਬੇਨਤੀ ਕੀਤੀ ਜਾ ਰਹੀ ਹੈ ਕਿ ਉਹ ਸਿੱਖ ਸਮੂਹ ਦਾ ਸਹੀ ਮਾਰਗ ਦਰਸ਼ਨ ਕਰਨ ਲਈ ਅਗਵਾਈ ਕਰਨ । ਕੌਂਸਲ ਵਲੋਂ ਪਿਛਲੇ ਕੁਝ ਅਰਸੇ ਤੋਂ ਪੰਥ ਤੋਂ ਵਿਛੜੇ ਸਿੱਖਾਂ ਲਈ ਮਹਾਂਰਾਸ਼ਟਰ ਵਿਚ ਛੇ ਗੁਰਦੁਆਰਿਆਂ ਅਤੇ ਮੱਧ ਪ੍ਰਦੇਸ਼ ਵਿਚ ਦੋ ਗੁਰਦੁਆਰਿਆਂ ਦੀ ਸੇਵਾ ਕੀਤੀ ਗਈ ਹੈ । ਵੱਡੀ ਗਿਣਤੀ ਵਿਚ ਇਹ ਸਿੱਖ ਸਮਾਜ ਭਾਰਤ ਭਰ ਵਿਚ ਝੁੱਗੀਆਂ ਝੌਂਪੜੀਆਂ ਵਿਚ ਅੱਤ ਗਰੀਬੀ ਦਾ ਜੀਵਨ ਬਸਰ ਕਰ ਰਹੇ ਹਨ ਅਤੇ ਅਨੇਕਾਂ ਥਾਵਾਂ ਤੇ ਸਵੱਛ ਪੀਣ ਵਾਲੇ ਪਾਣੀ ਦੀ ਸੁਵਿਧਾ ਵੀ ਹਾਸਲ ਨਹੀਂ ਹੈ । ਸਿੱਖ ਡੇਰੇਦਾਰਾਂ, ਅਖੌਤੀ ਬਾਬਿਆਂ ਅਤੇ ਕ੍ਰੋੜਪਤੀ ਪ੍ਰਚਾਰਕਾਂ ਦੀ ਇਹਨਾਂ ਗਰੀਬ ਸਿੱਖਾਂ ਪ੍ਰਤੀ ਉੱਕਾ ਬੇਰੁਖੀ ਹੈ ਅਤੇ ਸ਼੍ਰੋਮਣੀ ਕਮੇਟੀ ਵੀ ਕੋਈ ਖਾਸ ਉੱਦਮ ਨਹੀਂ ਕਰ ਰਹੀ । ਅੱਜ ਖਾਲਸਾ ਪੰਥ ਨੂੰ ਜਿਥੇ ਇਹਨਾਂ ਸਿਖਾਂ ਦੀ ਪੰਥ ਵਾਪਸੀ ਲਈ ਉੱਦਮ ਕਰਨ ਦੀ ਲੋੜ  ਹੈ ਉਥੇ ਪੰਜਾਬ ਦੀ ਰਸਾਤਲ ਵਿਚ ਜਾ ਰਹੀ ਜਵਾਨੀ ਨੂੰ ਸਾਂਭਣ ਦੀ ਵੀ ਅਤਿਅੰਤ ਲੋੜ ਹੈ ।

ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਅਤੇ ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਵਲੋਂ ਪੰਜਾਬ ਦੇ ਸਿੱਖਾਂ ਨੂੰ ਤੰਗ ਰਾਜਨੀਤਕ ਹਿੱਤਾਂ ਤੋਂ ਉਪਰ ਉੱਠ ਕੇ ਇੱਕਮੁੱਠ ਅਤੇ ਇੱਕਜੁੱਟ ਹੋ ਕੇ ਸੇਵਾ ਕਰਨ ਲਈ ਅਪੀਲ ਕੀਤੀ ਗਈ ਹੈ । ਇਥੇ ਇਹ ਜ਼ਿਕਰ ਕਰਨਾਂ ਵੀ ਜ਼ਰੂਰੀ ਹੈ ਕਿ ਪੰਚ ਪ੍ਰਧਾਨੀ ਦੇ ਆਗੂ ਭਾਈ ਬਲਦੇਵ ਸਿੰਘ ਸਿਰਸਾ ਨੇ ਆਰ ਐਸ ਐਸ ਵਲੋਂ ਘੁਸਪੈਠ ਕਰਕੇ ਸ਼੍ਰੋਮਣੀ ਕਮੇਟੀ ਰਾਹੀਂ ਜੋ ਗੁਰਮਤ ਵਿਰੋਧੀ ਸਾਹਿਤ ਛਪਵਾਇਆ ਜਾ ਰਿਹਾ ਹੈ ਉਸ ਸਬੰਧੀ ਜਿਥੇ ਸ਼੍ਰੋਮਣੀ ਕਮੇਟੀ ਨੂੰ ਜਵਾਬ ਦੇਹ ਬਣਾਇਆ ਹੈ ਉਥੇ ਇਸ ਸਬੰਧ ਵਿਚ ਸਿੱਖ ਸਮੂਹ ਨੂੰ ਚੇਤੰਨ ਕਰਨ ਲਈ ਕੌਮਾਂਤਰੀ ਪੱਧਰ ਤੇ ਪੁਰਜ਼ੋਰ ਉੱਦਮ ਕੀਤੇ ਗਏ ਹਨ । ਪੰਜਾਬ ਵਿਚ ਅੱਜ ਅਖੌਤੀ ਧਾਰਮਕ ਅਤੇ ਰਾਜਨੀਤਕ ਆਖੇ ਜਾਂਦੇ ਆਗੂ ਜਿਥੇ ਉਲਾਰ ਨਾਅਰੇਬਾਜੀ ਨਾਲ ਨੌਜਵਾਨਾਂ ਦਾ ਜਜ਼ਬਾਤੀ ਸ਼ੋਸ਼ਣ ਕਰ ਰਹੇ ਹਨ ਉਥੇ ਪਰਦੇ ਦੇ ਪਿੱਛੇ ਦੇਹਧਾਰੀ ਗੁਰੂ ਡੰਮ ਅਤੇ ਸਿੱਖ ਵਿਰੋਧੀ ਰਾਜਨੀਤਕ ਧਿਰਾਂ ਨਾਲ ਆਂਢਾ ਸਾਂਢਾ ਵੀ ਕਰ ਰਹੇ ਹਨ । ਇਹਨਾਂ ਆਗੂਆਂ ਦੀ ਦੋਗਲੀ ਅਤੇ ਦੰਭੀ ਨੀਤੀ ਕਾਰਨ ਪੰਜਾਬ ਦੀ ਨੌਜਵਾਨੀ ਭਾਵਨਾਤਮਕ ਉਦਰੇਵੇਂ ਅਤੇ ਗੁਰਮਤ ਵਿਰੋਧੀ ਸਰੋਕਾਰਾਂ ਵਲ ਸਰਕਦੀ ਜਾ ਰਹੀ ਹੈ । ਪੰਜਾਬ ਦੀ ਸਿੱਖ ਨੌਜਵਾਨੀ ਨੂੰ ਨਸ਼ੇ ਦੇ ਛੇਵੇਂ ਦਰਿਆ ਵਿਚ ਧੱਕਣ ਲਈ ਇਹਨਾਂ ਦੋਗਲੇ ਤੇ ਦੰਭੀ ਆਗੂਆਂ ਦਾ ਵੱਡਾ ਹੱਥ ਹੈ । ਇਹਨਾਂ ਹਾਲਾਤਾਂ ਦਾ ਸਾਹਮਣਾਂ ਕਰਨ ਲਈ ਸਿੰਘ ਸਭਾ ਲਹਿਰ ਵਾਂਗ ਹੀ ਗੁਰਮਤ ਚੇਤਨਾਂ ਲਹਿਰ ਦੀ ਅੱਜ ਅਤਿਅੰਤ ਲੋੜ ਹੈ । ਇਸ ਸਬੰਧੀ ਦੰਭੀ / ਦੋਗਲੀ ਅਤੇ ਖੁਦਗਰਜ਼ ਲੀਡਰਸ਼ਪ ਤੋਂ ਖਹਿੜਾ ਛੁਡਵਾਉਣ ਲਈ ਕੇਵਲ ਰਸਮੀ ਅਤੇ ਸਟੇਜ ਸ਼ੋ ਬਣੇ ਧਾਰਮਕ ਅਮਲਾਂ ਤੋਂ ਵੀ ਉਪਰ ਉੱਠਣਾਂ ਪਏਗਾ ।

ਪੰਜਾਬ ਵਿਚ ਅੱਜ ਹਰ ਵਰਗ ਦੇ ਲੋਕ ਗਰੀਬੀ ਦੀ ਦਲਦਲ ਵਿਚ ਧੱਸਦੇ ਜਾ ਰਹੇ ਹਨ ਅਤੇ ਸਰਕਾਰੀ ਮੁਲਾਜ਼ਮ ਨਿੱਤ ਸੜਕਾਂ ਤੇ ਹਾਹਾਕਾਰ ਮਚਾ ਰਹੇ ਹਨ । ਦੇਸ਼ ਭਰ ਵਿਚ ਹਰ ਪੱਖ ਤੋਂ ਅੱਵਲ ਰਹਿਣ ਵਾਲਾ ਪੰਜਾਬ ਅੱਜ ਆਰਥਕ, ਸਿਹਤ, ਸਾਖਰਤਾ ਅਤੇ ਜੀਵਨ ਦੇ ਹੋਰ ਪੱਖਾਂ ਵਿਚ ਲੁੜਕਦਾ ਜਾ ਰਿਹਾ ਹੈ । ਪੰਜਾਬ ਤੋਂ ਬਾਹਰ ਵਸਦਾ ਐਨ ਆਰ ਆਈ ਆਪਣੇ ਦੇਸ਼ ਪ੍ਰਤੀ ਹਮੇਸ਼ਾਂ ਹੀ ਫਿਕਰ ਮੰਦ ਰਿਹਾ ਹੈ ਆਪਣੇ ਵਿਰਸੇ ਨੂੰ ਪਛਾਣਦਿਆਂ  ਹੋਇਆਂ ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਪੰਜਾਬ ਵਿਚ ਦਿਆਨਤਦਾਰ ਅਤੇ ਸਮਰਪਤ ਪੰਥਕ ਧਿਰਾਂ ਨੂੰ ਇੱਕ ਨਿਸ਼ਾਨ ਅਤੇ ਇੱਕ ਵਿਧਾਨ ਥੱਲੇ ਇਕੱਤਰ ਕਰਨ ਲਈ ਪਿਛਲੇ ਦਿਨੀ ਭਰਪੂਰ ਯਤਨ ਕੀਤੇ ਗਏ ਹਨ । ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਵਲੋਂ ਬਾਦਲ ਸਰਕਾਰ ਵਲੋਂ ਨਜਾਇਜ਼ ਨਜ਼ਰਬੰਦ ਕੀਤੇ ਗਏ ਭਾਈ ਪਾਲ ਸਿੰਘ ਫਰਾਂਸ, ਭਾਈ ਨਰਾਇਣ ਸਿੰਘ ਚੌੜਾ, ਭਾਈ ਦਲਜੀਤ ਸਿੰਘ ਬਿੱਟੂ ਅਤੇ ਭਾਈ ਕੁਲਬੀਰ ਸਿੰਘ ਬੜਾ ਪਿੰਡ ਦੀ ਰਿਹਾਈ ਸਬੰਧੀ ਵੀ ਪੰਥਕ ਆਗੂਆਂ ਨਾਲ ਸਲਾਹ ਮਸ਼ਵਰਾ ਕੀਤਾ ਗਿਆ ।

ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਨੇ ਪੰਜਾਬ ਦੇ ਹਿੱਤਾਂ ਨੂੰ ਪਿੱਠ ਦੋ ਚੁੱਕੇ ਦੋ ਰਾਜਨੀਤਕ ਦਲਾਂ ਦੇ ਮੁਕਾਬਲੇ ਪੰਜਾਬ ਦੇ ਲੋਕਾਂ ਲਈ ਤੀਸਰੇ ਬਦਲ ਦੀ ਸੰਭਾਵਨਾਂ ਪ੍ਰਤੀ ਵੀ ਯਤਨ ਅਰੰਭੇ ਹਨ ਅਤੇ ਦਿਆਨਤਦਾਰ ਆਗੂਆਂ ਨਾਲ ਵਿਚਾਰ ਗੋਸ਼ਟੀਆਂ ਕੀਤੀਆਂ ਹਨ । ਭ੍ਰਿਸ਼ਟਾਚਾਰ ਅਤੇ ਭਾਈ ਭਤੀਜਾਵਾਦ ਦੇ ਗੰਧਲੇ ਵਾਤਾਵਰਨ ਵਿਚ ਅੱਜ ਪੰਜਾਬ ਦਾ ਕਿਰਤੀ ਵਰਗ ਬੁਰੀ ਤਰਾਂ ਪੀੜਤ ਹੈ । ਦਮਦਮੀ ਟਕਸਾਲ ਅਤੇ ਅਖੰਡ ਕੀਰਤਨੀ ਜਥੇ ਨੇ ਹਮੇਸ਼ਾਂ ਹੀ ਚਣੌਤੀਆਂ ਭਰੇ ਸਮੇਂ ਵਿਚ ਪੰਥਕ ਅਗਵਾਈ ਕੀਤੀ ਹੈ । ਅੱਜ ਜਦੋਂ ਅਨੇਕਾਂ ਧਾਰਮਕ ਅਤੇ ਰਾਜਨੀਤਕ ਸੂਰਤਾਂ ਦੇਹਧਾਰੀ ਗੁਰੂ ਡੰਮ ਅਤੇ ਭ੍ਰਿਸ਼ਟ ਰਾਜਨੀਤੀ ਨਾਲ ਬਗਲਗੀਰ  ਹੋ ਰਹੀਆਂ ਹਨ ਤਾਂ ਇਸ ਸਮੇਂ ਤੱਤ ਗੁਰਮਤ ਅਸੂਲਾਂ ਤੇ ਪਹਿਰਾ ਦੇਣ ਵਾਲੇ ਗੁਰਸਿੱਖਾਂ ਲਈ ਜ਼ਰੂਰੀ ਹੈ ਕਿ ਉਹ ਆਪਣੀ ਵਿਰਾਸਤ ਤੇ ਪਹਿਰਾ ਦਿੰਦੇ ਹੋਏ ਪੰਥ ਨੂੰ ਗੁਰਮਤ ਚੇਤਨਾ ਲਹਿਰ ਪ੍ਰਤੀ ਲਾਮਬੰਦ ਕਰਨ । ਬ੍ਰਿਟਿਸ਼ ਸਿੱਖ ਕੌਂਸਲ ਦੇ ਆਗੂਆਂ ਨੇ ਅੱਜ ਸਮੂਹ ਖਾਲਸਾ ਜੀ ਨੂੰ ਦਮਦਮੀ ਟਕਸਾਲ, ਅਖੰਡ ਕੀਰਤਨੀ ਜਥੇ ਅਤੇ ਅਕਾਲੀਦਲ ਪੰਚ ਪ੍ਰਧਾਨੀ ਦੇ ਨਾਲ ਲਾਮਬੰਦ ਹੋ ਰਹੇ ਸਮੂਹ ਪੰਥਕ ਦਲਾਂ ਦਾ ਸਾਥ ਦੇਣ ਲਈ ਅਪੀਲ ਕੀਤੀ ਹੈ ਅਤੇ ਮੌਕਾ ਪ੍ਰਸਤ ਅਤੇ ਦੋਗਲੀ ਦੰਭੀ ਰਾਜਨੀਤੀ ਤੋਂ ਖਹਿੜਾ ਛੁਡਵਾਉਣ ਦੀ ਅਪੀਲ ਕੀਤੀ ਹੈ । ਬ੍ਰਿਟਿਸ਼ ਸਿੱਖ ਕੌਂਸਲ ਵਲੋਂ ਉਹਨਾਂ ਸਿੱਖ ਸੰਗਤਾਂ ਦਾ ਧੰਨਵਾਦ ਵੀ ਕੀਤਾ ਹੈ ਜਿਹਨਾਂ ਨੇ ਕਿ ਕੌਂਸਲ ਵਲੋਂ ਅਰੰਭੀ ਸਿਕਲੀਗਰ ਵਣਜਾਰਾ ਮੁਹਿੰਮ ਦਾ ਆਰਥਕ ਅਤੇ ਇਖਲਾਕੀ ਸਹਿਯੋਗ ਦਿੱਤਾ ਹੈ ਅਤੇ ਕੌਸਲ ਦੇ ਪੰਥਕ ਏਜੰਡੇ ਵਿਚ ਵਿਸ਼ਵਾਸ ਕੀਤਾ ਹੈ। ਕੌਂਸਲ ਨੇ ਪਿਛਲੇ ਦਿਨੀਂ ਯੂ ਕੇ ਦੇ ਸ਼ਹਿਰ ਵਿਲਨਹਾਲ ਵਿਚ ਮਰਦੇ ਮੁਜਾਹਿਦ ਭਾਈ ਜਗਤਾਰ ਸਿੰਘ ਹਵਾਰਾ ਅਤੇ ਪ੍ਰੋ: ਦਵਿੰਦਰਪਾਲ ਸਿੰਘ ਭੁੱਲਰ ਦਾ ਜਨਮ ਦਿਨ ਮਨਾਉਂਦਿਆਂ ਪੰਥ ਦੇ ਸਮੂਹ ਹੀਰਿਆਂ ਦਾ ਸੁਨੇਹਾ ਕੌਮਾਂਤਰੀ ਪੱਧਰ ਤੇ ਪ੍ਰਚਾਰਨ ਲਈ ਪੁਰਜ਼ੋਰ ਯਤਨ ਕੀਤੇ ਹਨ ਅਤੇ ਭਾਰਤੀ ਸਰਕਾਰ ਦੇ ਸਿੱਖ ਵਿਰੋਧੀ ਪੈਂਤੜੇ ਨੂੰ ਦੁਨੀਆਂ ਭਰ ਵਿਚ ਨੰਗਿਆਂ ਕੀਤਾ ਹੈ । ਚੇਤੇ ਰਹੇ ਕਿ ਭਾਰਤ ਦੀ ਭੂਤਪੂਰਵ ਪ੍ਰਧਾਨ ਮੰਤ੍ਰੀ ਇੰਦਰਾਂਗਾਂਧੀ ਦੀ ਮੌਤ ਤੋਂ ਪਿਛੋਂ ਭਾਰਤ ਭਰ ਵਿਚ ਸਿੱਖਾਂ ਦੀ ਕੀਤੀ ਗਈ ਨਸਲਕੁਸ਼ੀ ਦੇ ਮੁਖ ਦੋਸ਼ੀਆਂ ਨੂੰ ਭਾਰਤੀ ਸਰਕਾਰ ਨੇ ਆਪਣੇ ਖੰਭਾਂ ਵਿਚ ਲੁਕੋਇਆ ਹੋਇਆ ਹੈ ਪਰ ਪ੍ਰੋ: ਭੁੱਲਰ ਅਤੇ ਸਾਥੀ ਸਿੰਘਾਂ ਨੂੰ ਫਾਂਸੀਆਂ ਤੇ ਚਾੜ੍ਹਨ ਲਈ ਬਜ਼ਿੱਦ ਹੈ । ਜਾਰੀ ਕਰਤਾ --ਕੁਲਵੰਤ ਸਿੰਘ ਢੇਸੀ, ਕਾਵੈਂਟਰੀ, ਯੂ ਕੇ

No comments: