Monday, May 20, 2013

ਥੈਲੇਸੀਮੀਆ: ਜ਼ਿੰਦਗੀ ਹਰ ਕਦਮ ਇੱਕ ਨਈ ਜੰਗ ਹੈ---

ਖੂਨ ਦੀ ਇੱਕ ਇੱਕ ਬੂੰਦ ਆਸਰੇ ਜ਼ਿੰਦਗੀ ਜਿਊਣ ਵਾਲਿਆਂ ਦੱਸੀ ਜ਼ਿੰਦਗੀ ਦੀ ਜਾਚ 
ਸ਼ਮ੍ਹਾ ਰੌਸ਼ਨ ਕਰਦਿਆਂ 25 ਸਾਲਾਂ ਦਾ ਨੌਜਵਾਨ ਸੁੱਖ ਸੋਹਿਤ 
ਲੁਧਿਆਣਾ। ਐਤਵਾਰ 19 ਮਈ, 2013. ਥਾਂ ਸੀ ਪੰਜਾਬੀ ਭਵਨ ਦੇ ਐਨ ਨਾਲ ਲੱਗਦਾ ਗੁਰੂਨਾਨਕ ਭਵਨ। ਅੰਦਰ ਜਾਣ ਵਾਲੇ ਮੁੱਖ ਦਰਵਾਜ਼ੇ ਤੇ ਆਓ-ਭਗਤ ਲਈ ਖੜੇ ਜ਼ਿੰਦਗੀ ਲਾਈਵ ਸੰਸਥਾ ਦੇ ਮੈਂਬਰ ਅਤੇ ਅਹੁਦੇਦਾਰ ਬੜੀ ਹੀ ਨਿਮਰਤਾ ਅਤੇ  ਪ੍ਰੇਮ ਨਾਲ ਸਭਨੂੰ ਜੀ ਆਇਆਂ  ਆਖਦਿਆਂ ਜਲਦੀ ਜਲਦੀ ਆਪੋ ਆਪਣੀ ਸੀਟ ਤੇ ਪੁੱਜਣ ਲਈ ਆਖ ਰਹੇ ਸਨ। ਹਾਲ ਵਿੱਚ ਗੱਲ ਹੋਣੀ ਸੀ ਜ਼ਿੰਦਗੀ ਦੀ, ਜ਼ਿੰਦਗੀ ਦੇ ਖਤਰਨਾਕ ਰਸਤਿਆਂ ਦੀ, ਜ਼ਿੰਦਗੀ ਦੇ ਮੌਤ ਵਰਗੇ ਰੰਗਾਂ ਦੀ ਅਤੇ ਇਹਨਾਂ ਰੰਗਾਂ ਵਿੱਚ ਰੰਗੇ ਹੋਏ ਉਹਨਾਂ ਦੀਵਾਨਿਆਂ ਦੀ ਜਿਹੜੇ ਮੌਤ ਦੇ ਮੂੰਹ ਕੋਲ ਖੜੋ ਕੇ ਵੀ ਹੇਠ ਵਧਾ ਰਹੇ ਸਨ ਆਬ-ਏ-ਹਯਾਤ ਵੱਲ, ਸੰਜੀਵਨੀ ਵੱਲ---ਸਦੀਵੀ ਅੰਮ੍ਰਿਤ ਵੱਲ। । ਇਹ ਲੋਕ ਨਾ ਕਿਸੇ ਪਾਰਟੀ ਦੇ ਜਲਸੇ ਜਲੂਸ ਵਿੱਚ ਆਏ ਸਨ ਤੇ ਨਾ ਹੀ ਕਿਸੇ ਸ਼ੋਭਾ ਯਾਤਰਾ, ਰਥ ਯਾਤਰਾ ਜਾਂ ਨਗਰ ਕੀਰਤਨ ਵਿੱਚ। ਅਸਲ ਵਿੱਚ ਇਹ ਮਾਸੂਮ ਯੋਧਿਆਂ ਦਾ ਸਮਾਗਮ ਸੀ। ਕਈ ਤਾਂ ਇਹਨਾਂ ਚੋਂ ਬਿਲਕੁਲ ਨਨ੍ਹੇ ਮੁੰਨੇ ਵੀ ਕਹੇ ਜਾ ਸਕਦੇ ਹਨ।  ਪਰ ਇੱਕ ਜੰਗ ਉਹਨਾਂ ਦੇ ਗਲ ਆ ਪਈ ਸੀ। ਜ਼ਿੰਦਗੀ ਅਤੇ ਮੌਤ ਦੀ ਜੰਗ। ਉਘੇ ਸ਼ਾਇਰ ਡਾਕਟਰ ਜਗਤਾਰ ਦੇ ਸ਼ਬਦਾਂ ਮੁਤਾਬਿਕ---
ਹਰ ਮੋੜ ਤੇ ਸਲੀਬਾਂ, ਹਰ ਪੈਰ ਤੇ ਹਨੇਰਾ; 
ਫਿਰ ਵੀ ਅਸੀਂ ਰੁਕੇ ਨਾ, ਸਾਡਾ ਵੀ ਦੇਖ ਜੇਰਾ ! 
ਤੇ ਇਹ ਗੱਲ ਬਿਲਕੁਲ ਸਚ ਸੀ--ਹਰ ਸਾਹ ਤੇ ਮੂੰਹ ਅੱਡੀ ਖੜੀ ਮੌਤ। ਹਰ ਸਾਹ ਦਰਦ ਨਾਲ ਭਰਿਆ ਹੋਇਆ । ਹਰ ਸਾਹ ਇੱਕ ਚੁਨੌਤੀ। ਇਹ ਸਭ ਕੁਝ ਵਾਪਰ ਰਿਹਾ ਸੀ ਮਾਸੂਮ ਜਿੰਦਾਂ ਨਾਲ--ਉਹਨਾਂ ਨਾਲ ਜਿਹਨਾਂ ਬਾਰੇ ਕਿਹਾ ਜਾਂਦਾ ਹੈ---ਯੇ ਵੋ ਨਨ੍ਹੇ ਫੂਲ ਹੈਂ ਜੋ ਭਗਵਾਨ ਕੋ ਲਗਤੇ ਪਿਆਰੇ---ਪਰ ਜੇ ਕੋਈ ਰੱਬ ਹੈ ਤਾਂ ਪਤਾ ਨਹੀਂ ਇਹਨਾਂ  ਨੂੰ ਕਿਸ ਜੁਰਮ ਦੀ ਸਜ਼ਾ ਦੇ ਰਿਹਾ ਹੈ? ਖੂਨ ਦੀ ਇੱਕ ਇੱਕ ਬੂੰਦ ਨੂੰ ਤਰਸਦੀਆਂ ਏਹ ਰੱਬ ਵਰਗੀਆਂ ਜਿੰਦੜੀਆਂ ਹਰ ਰੋਜ਼ ਇੱਕ ਨਵੇਂ ਇਮਤਿਹਾਨ ਵਿੱਚੋਂ ਲੰਘਦੀਆਂ ਹਨ---ਪਰ ਨਾ ਕੋਈ ਸ਼ਿਕਵਾ, ਨਾ ਕੋਈ ਗਿਲਾ ਤੇ ਨਾ ਕੋਈ ਨਿਰਾਸ਼ਾ---ਚਿਹਰੇ ਤੇ ਹੁੰਦੀ ਹੈ ਇੱਕ ਨਵੀਂ ਦ੍ਰਿੜਤਾ---ਇੱਕ ਨਵਾਂ ਉਤਸ਼ਾਹ---ਮੌਤ ਨੂੰ ਮਖੌਲਾਂ ਕਰਨ ਦੀ ਹਿੰਮਤ---ਤੇ ਇੱਕ ਨਵੀਂ ਜਿੱਤ ਦੀ ਚਾਹਤ ਵਾਲੀ ਚਮਕ---ਪ੍ਰਸਿਧ ਸ਼ਾਇਰ ਜਨਾਬ ਕ੍ਰਿਸ਼ਨ ਬਿਹਾਰੀ ਨੂਰ ਹੁਰਾਂ ਨੇ ਤਾਂ ਕਿਹਾ ਸੀ---
ਜ਼ਿੰਦਗੀ ਸੇ ਬੜੀ ਸਜ਼ਾ ਹੀ ਨਹੀਂ; 
ਔਰ ਕਿਆ ਜੁਰਮ ਹੈ ਪਤਾ ਹੀ ਨਹੀਂ !
ਪਰ ਇਹਨਾਂ ਬੱਚਿਆਂ ਦੀ ਜ਼ੁਬਾਨ ਤੇ ਹੁੰਦੇ ਹਨ ਬੜੀ ਹਿੰਮਤ ਅਤੇ ਉਤਸ਼ਾਹ ਵਾਲੇ ਬੋਲ-----
ਜ਼ਿੰਦਗੀ ਹਰ ਕਦਮ--ਇੱਕ ਨਈ ਜੰਗ ਹੈ। 
ਇੱਕ ਦੂਜੇ ਦੀਆਂ ਬਾਹਵਾਂ 'ਚ ਬਾਹਵਾਂ ਪਾਈ ਇਹ ਬੜੇ ਹੀ ਯਕੀਨ ਨਾਲ ਗੀਤ ਦੀ ਅਗਲੀ ਲਾਈਨ ਬੋਲਦੇ ਹਨ-----
ਜੀਤ ਜਾਏਂਗੇ ਹਮ--ਤੂੰ ਅਗਰ ਸੰਗ ਹੈ--! 
ਜ਼ਿੰਦਗੀ ਦੇ ਹੱਕ ਵਿੱਚ ਮੌਤ ਨਾਲ ਮੱਥਾ ਲਾ ਕੇ ਲਗਾਤਾਰ ਥੈਲੇਸੀਮੀਆ ਨਾਲ ਸੰਘਰਸ਼ ਕਰ ਰਹੇ ਇਹਨਾਂ ਯੋਧਿਆਂ ਨੂੰ ਨਾ ਕਦੇ ਕੋਈ ਵੀਰ ਚੱਕਰ ਮਿਲਿਆ ਹੈ ਤੇ ਨਾ ਹੀ ਨਿੱਤ ਨਵੀਂ ਖੋਜ ਦੇ ਤਜਰਬਿਆਂ ਚੋਂ ਲੰਘਦਿਆਂ ਕੋਈ ਨੋਬਲ ਪ੍ਰਾਈਜ਼। ਇਹਨਾਂ ਬਹਾਦਰ ਬੱਚਿਆਂ ਨੂੰ ਲੋਕਾਂ ਸਾਹਮਣੇ ਲਿਆਉਣ ਵਾਲੀ ਸੰਸਥਾ ਜ਼ਿੰਦਗੀ ਲਾਈਵ ਟੀਮ ਦੇ ਮੈਂਬਰ ਵੀ ਇਹਨਾਂ ਵਾਂਗ ਕਿਸੇ ਉੱਚੀ ਸੁੱਚੀ ਸੋਚ ਦੇ ਰੰਗ ਵਿੱਚ ਰੱਤੇ ਹੋਏ ਹਨ। ਸਿਰਫ 18 ਮਹੀਨਿਆਂ ਦਾ ਛੋਟਾ ਜਿਹਾ ਸਮਾਂ ਤੇ ਕਾਫ਼ਿਲਾ ਤੁਰ ਪਿਆ ਥੈਲੇਸੀਮੀਆ ਨੂੰ ਹਰਾਉਣ। ਏਹ ਲੋਕ ਜਿਵੇਂ ਆਖ ਰਹੇ ਹੋਣ-ਹਮ  ਤੇਰੀ ਬੰਦਗੀ ਕਰੇਂ ਨ ਕਰੇਂ---ਤੇਰੇ ਬੰਦੋਂ ਸੇ ਪਿਆਰ ਕਰਤੇ ਹੈਂ---! 
ਕਿਸੇ ਵੇਲੇ ਨਿਦਾ ਫ਼ਾਜਲੀ ਨੇ ਕਿਹਾ ਸੀ--
ਘਰ ਸੇ ਮਸਜਿਦ ਹੈ ਅਗਰ ਦੂਰ ਚਲੋ ਯੂੰ ਕਰਲੇਂ-- 
ਕਿਸੀ ਰੋਤੇ ਹੁਏ ਬੱਚੇ ਕੋ ਹੰਸਾਇਆ ਜਾਏ !  ---ਬੜਾ ਹੰਗਾਮਾ ਹੋਇਆ ਸੀ ਇਸ ਸ਼ਿਅਰ ਤੇ ਪਰ ਇਥੇ ਸਾਰੇ ਹੀ ਮਗਨ ਸਨ ਇਹਨਾਂ ਬੱਚਿਆਂ ਦੀ ਮੁਸਕਾਨ ਨੂੰ ਸਦੀਵੀ ਬਣਾਉਣ ਲਈ।ਇਥੇ ਸਭ ਦਾ ਪੂਜਾ ਪਾਠ ਇਹੀ ਸੀ। ਸਭਦਾ ਮੰਦਿਰ ਗੁਰਦਵਾਰਾ ਵੀ ਇਹੀ ਸੀ--ਸਭਦਾ ਜਰੂਰੀ ਕੰਮ ਵੀ ਇਹੀ ਸੀ। ਇੱਕ ਦਿਨ ਲਈ ਨਹੀਂ ਹਰ ਰੋਜ਼।  
ਸਮਾਗਮ ਦੀ ਰਸਮੀ ਸ਼ੁਰੂਆਤ ਹੋਈ ਗਾਇਤਰੀ ਮੰਤਰ ਦੇ ਗਾਇਨ ਨਾਲ ਤੇ ਰੰਗਾਰੰਗ ਪ੍ਰੋਗਰਾਮ ਦੀ ਸ਼ੁਰੂਆਤ ਹੋਈ ਇਹਨਾਂ ਛੋਟੇ ਛੋਟੇ ਬੱਚਿਆਂ ਦੇ ਉਮੀਦਾਂ ਭਰੇ ਗੀਤ ਨਾਲ ਜਿਸ ਵਿੱਚ ਆਏ ਹੋਏ ਮਹਿਮਾਨਾਂ ਨੂੰ ਬਹੁਤ ਹੀ ਸਲੀਕੇ ਅਤੇ ਮਿਠਾਸ ਨਾਲ ਜੀ ਆਇਆਂ ਆਖਿਆ ਗਿਆ ਸੀ। 
ਇਸਤੋਂ ਬਾਅਦ ਸੀ ਐਮ ਸੀ ਦੇ ਡਾਕਟਰ ਐਮ ਜੋਸੇਫ਼ ਜੋਨ੍ਹ ਨੇ ਥੈਲੇਸੀਮੀਆ ਦੀਆਂ ਬਾਰੀਕੀਆਂ ਬਾਰੇ ਬੜੇ ਹੀ ਸਾਦਾ ਜਹੇ ਸ਼ਬਦਾਂ ਵਿੱਚ ਸਲਾਈਡ ਸ਼ੋ ਦੀ ਮਦਦ ਨਾਲ ਸਮਝਾਇਆ। ਸਟੇਜ ਤੋਂ ਬਾਰ ਬਾਰ ਦੱਸਿਆ ਗਿਆ ਕਿ ਜੇ ਇਹ ਗੰਭੀਰ ਬਿਮਾਰੀ ਹੋ ਜਾਏ ਤਾਂ ਲਗਾਤਾਰ 15 ਕੁ ਦਿਨਾਂ ਮਗਰੋਂ ਸਬੰਧਿਤ ਬੱਚੇ ਨੂੰ ਖੂਨ ਚੜ੍ਹਾਉਣਾ ਪੈਂਦਾ ਹੈ। ਇਸ ਖੂਨ ਨਾਲ ਹੀ ਮਿਲਦੀ ਹੈ ਉਸਨੂੰ ਇੱਕ ਨਵੀਂ ਜ਼ਿੰਦਗੀ। ਪਰ ਹਰ ਵਾਰ ਹਫਤੇ ਦੋ ਹਫਤੇ ਮਗਰੋਂ ਖੂਨ ਮਿਲਣਾ ਆਸਾਨ ਤਾਂ ਨਹੀਂ ਹੁੰਦਾ। ਖੂਨ ਮਿਲ ਵੀ ਜਾਏ ਤਾਂ ਕਈ ਹੋਰ ਸਾਈਡ ਇਫੈਕਟ। ਖੂਨ ਦੇ ਨਾਲ ਅੰਦਰ ਜਾਨ ਵਾਲਾ ਆਇਰਨ ਜਮਾ ਹੁੰਦਾ ਹੁੰਦਾ ਖਤਰਨਾਕ ਸਟੇਜ ਤੱਕ ਪੁੱਜ ਜਾਂਦਾ ਹੈ। ਇਸ ਜਮਾ ਹੋਏ ਆਇਰਨ ਨੂੰ ਕਢਣਾ ਇੱਕ ਵੱਖਰੀ ਸਮਸਿਆ। ਬਾਰ ਬਾਰ ਖੂਨ ਚੜ੍ਹਾਉਣ ਤੋਂ ਬਚਨ ਲਈ ਬੀ ਐਮ ਟੀ ਅਰਥਾਤ ਬੋਨ ਮੈਰੋ ਟ੍ਰਾਂਸਪਲਾਂਟ ਦੇ ਕੁਲ 15 ਕੇਸ ਡਾਕਟਰ ਜੋਨ੍ਹ ਦੀ ਅਗਵਾਈ ਹੇਠ ਹੋਏ ਤੇ ਇਹਨਾਂ ਵਿੱਚੋਂ 14 ਕਾਮਯਾਬ ਰਹੇ। ਇਹਨਾਂ ਬੱਚਿਆਂ ਨੂੰ ਹੁਣ ਬਾਰ ਬਾਰ ਬਲੱਡ ਟਰਾਂਸਫਿਊਜ਼ਨ ਦੀ ਕੋਈ ਲੋੜ ਨਹੀਂ ਰਹੀ। 
ਇਸੇ ਵਿਸ਼ੇ ਤੇ ਬੋਲਦਿਆਂ ਡਾਕਟਰ ਪਰਵੀਨ ਸੋਬਤੀ ਨੇ ਵੀ ਏਸ ਵਿਸ਼ੇ ਤੇ ਬਹੁਤ ਹੀ ਵਿਸਥਾਰ ਨਾਲ ਦੱਸਿਆ। ਇਸਦੇ ਨਾਲ ਹੀ ਬੀ ਐਮ ਟੀ ਦੇ ਮਾਮਲੇ 'ਚ ਆ ਰਹੀਆਂ ਔਕੜਾਂ ਬਾਰੇ ਵੀ ਗੱਲ ਕੀਤੀ। 
ਪੰਜਾਬ ਬੀਜੇਪੀ ਦੇ ਪ੍ਰਧਾਨ ਕਮਲ ਸ਼ਰਮਾ ਅਤੇ ਜ਼ਿਲਾ ਭਾਜਪਾ ਦੇ ਪ੍ਰਧਾਨ ਪ੍ਰਵੀਨ ਬਾਂਸਲ ਆਖਿਰ ਤੱਕ ਬੈਠੇ। ਸਿਰਫ ਬੈਠੇ ਹੀ ਨਹੀਂ ਇੱਕ ਗੱਲ ਨੂੰ ਪੂਰੇ ਧੀਆਂ ਨਾਲ ਸੁਣਦੇ ਰਹੇ---ਬੱਚਿਆਂ ਨੂੰ ਹੋਂਸਲਾ ਦੇਂਦੇ ਰਹੇ। ਸਿਆਸਤ ,ਚ ਸਰਗਰਮ ਉਘੇ ਆਗੂ ਮਦਨ ਲਾਲ ਬੱਗਾ ਨੇ ਵੀ ਹਰ ਸੰਭਵ ਸਹਿਯੋਗ ਦਾ ਭਰੋਸਾ ਦਿੱਤਾ। ਐਮ ਐਲ ਏ ਸਿਮਰਜੀਤ ਸਿੰਘ ਬੈਂਸ ਨੇ ਇਸ ਸ਼ੁਭ ਕੰਮ ਲਈ 51 ਹਜ਼ਾਰ ਰੁਪੇ ਦੇਣ ਦਾ ਐਲਾਨ ਵੀ ਕੀਤਾ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕਮਲ ਸ਼ਰਮਾ ਨੇ ਦੁਸ਼ਿਅੰਤ ਕੁਮਾਰ ਦੀ ਸ਼ਾਇਰੀ ਚੋਂ ਦੋ ਸਤਰਾਂ ਸੁਣਾਈਆਂ---
ਸਿਰਫ ਹੰਗਾਮਾ ਖੜਾ ਕਰਨਾ ਮੇਰਾ ਮਕਸਦ ਨਹੀਂ;
ਮੇਰਾ ਮਕਸਦ ਤੋ ਹੈ ਯੇਹ ਸੂਰਤ ਬਦਲਨੀ ਚਾਹੀਏ!
ਮੇਰੇ ਸੀਨੇ ਮੇਂ ਨਹੀਂ ਤੋ ਤੇਰੇ ਸੀਨੇ ਮੇਂ ਸਹੀ; 
ਹੋ ਕਹੀਂ ਭੀ ਆਗ ਲੇਕਿਨ ਆਗ ਜਲਨੀ ਚਾਹੀਏ!
ਦਿਲਚਸਪ ਗੱਲ ਹੈ ਕਿ ਇਸ ਸੂਰਤ ਨੂੰ ਬਦਲਣ ਲਈ ਜ਼ਿੰਦਗੀ ਲਾਈਵ ਦੀ ਟੀਮ ਤਾਂ ਇੱਕ ਕਾਫ਼ਿਲਾ ਬਣਾ ਕੇ ਤੁਰ ਹੀ ਪਈ ਹੈ--ਲੋਕ ਵੀ ਨਾਲ ਆ ਰਹੇ ਹਨ---ਕਿੰਨਾ ਚੰਗਾ ਹੋਵੇ ਜੇ ਹਜ਼ਾਰਾਂ ਤਰ੍ਹਾਂ ਦੇ ਹੋਰ ਖਰਚੇ ਕਰਨ ਵਾਲੀ ਸਰਕਾਰ ਵੀ ਏਸ ਪਾਸੇ ਤੁਰੇ----ਹਰ ਦੋ ਹਫਤਿਆਂ ਮਗਰੋਂ ਜ਼ਿੰਦਗੀ ਨੂੰ ਖੂਨ ਦੇ ਆਸਰੇ ਅੱਗੇ ਤੋਰਨ ਵਾਲੇ ਇਸ ਸਿਲਸਿਲੇ ਨੂੰ ਬੀ ਐਮ ਟੀ ਰਾਹੀਂ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ। ਇਸ ਮਕਸਦ ਲਈ ਬਹੁਤ ਸਾਰੇ ਟੈਸਟ ਹੁੰਦੇ ਹਨ--ਇੱਕ ਥਾਂ ਤੋਂ ਦੂਜੀ ਥਾਂ ਜਾਣ ਦੇ ਖਰਚੇ ਹੁੰਦੇ ਹਨ-ਕਈ ਮਹਿੰਗੀਆਂ ਦਵਾਈਆਂ ਹੁੰਦੀਆਂ ਹਨ--ਅਤੇ ਇਸਦੇ ਨਾਲ ਨਾਲ ਕਈ ਹੋਰ ਖਰਚੇ---ਇਸ ਜੰਗ 'ਚ ਟੁੱਟ ਚੁੱਕੇ ਪਰਿਵਾਰਾਂ ਦੇ ਮੁੜ ਵਸੇਬੇ ਦਾ ਖਰਚਾ ਵੀ ਬਹੁਤ ਜ਼ਰੂਰੀ ਹੈ--ਅਜਿਹੇ ਕਈ ਕਦਮ ਚੁੱਕ ਕੇ ਅਸੀਂ ਪੈਦਾ ਕਰ ਸਕਦੇ ਹਾਂ ਕਈ ਸੁੱਖ ਸੋਹਿਤ। ਉਹੀ ਸੁੱਖ ਸੋਹਿਤ ਜਿਹੜਾ ਥੈਲੇਸੀਮੀਆ ਤੋਂ ਪੀੜਿਤ ਹੋਣ ਦੇ ਨਾਲ ਨਾਲ ਅੱਜ ਦੇਸ਼ ਦੇ ਰੱਖਿਆ ਵਿਭਾਗ ਵਿੱਚ ਇੱਕ ਸੀਨੀਅਰ ਅਹੁਦੇ ਤੇ ਕੰਮ ਕਰ ਰਿਹਾ ਹੈ। ਸੁੱਖ ਸੋਹਿਤ ਨੇ ਸਾਬਿਤ ਕੀਤਾ ਹੈ ਕਿ ਕਰਿਸ਼ਮੇ ਵੀ ਹੁੰਦੇ ਹਨ। ਹਿੰਮਤ ਕਰੇ ਇਨਸਾਨ ਤੋ ਕਿਆ ਕਾਮ ਹੈ ਮੁਸ਼ਕਿਲ। ਜਿੰਦਗੀ ਲਾਈਵ ਨੇ ਆਪਣੇ ਫੰਕਸ਼ਨ ਵਿੱਚ  ਮਿਸਾਲ ਬਣ ਕੇ ਉਭਰੇ ਇਸ ਨੌਜਵਾਨ ਨੂੰ ਸਨਮਾਨਿਤ ਵੀ ਕੀਤਾ। ਇਹੀ ਨਹੀਂ ਉਸਨੂੰ ਸ਼ਮ੍ਹਾ ਰੌਸ਼ਨ ਕਰਨ ਵਾਲਿਆਂ ਵਿੱਚ ਵੀ ਸ਼ਾਮਿਲ ਕੀਤਾ ਗਿਆ। ਸੁੱਖ ਸੋਹਿਤ ਦੇ ਬਹਾਦਰੀ ਭਰੇ ਸੰਘਰਸ਼ ਦੀ ਕਹਾਣੀ ਕਿਸੇ ਵੱਖਰੀ ਪੋਸਟ ਵਿੱਚ ਸ਼ੇਅਰ ਕੀਤੀ ਜਾ ਰਹੀ ਹੈ। --ਰੈਕਟਰ ਕਥੂਰੀਆ (ਸਹਿਯੋਗ-ਅਮਨ ਕੁਮਾਰ ਮਲਹੋਤਰਾ)ਪੰਜਾਬ ਸਕਰੀਨ 

No comments: