Tuesday, May 14, 2013

ਬੱਚਿਆਂ ਲਈ ਹਰ ਪਾਸੇ ਮੌਤ

ਆਫਤ ਵਿੱਚ ਬੱਚਿਆਂ ਦੀ ਜਾਨ--ਕੌਣ ਬਣੇਗਾ ਰਖਿਅਕ ?
ਅਸੀਂ ਸਚਮੁਚ ਬਹੁਤ ਹੀ ਦੋਗਲੇ ਹਾਂ। ਜਿਹਨਾਂ ਨੂੰ ਅਸੀਂ ਆਪਣਾ ਕਲ੍ਹ ਦਾ ਭਵਿੱਖ ਆਖਦੇ ਹਾਂ ਉਹਨਾਂ ਦੀ ਅਸੀਂ ਅਸਲ ਵਿੱਚ ਕਦੇ ਵੀ ਪ੍ਰਵਾਹ ਨਹੀਂ ਕਰਦੇ।  ਸਿਰਫ  ਦਿਖਾਵੇ ਲਈ ਹੀ ਆਖਦੇ ਹਾਂ ਅੱਜ ਦੇ ਬੱਚੇ ਕਲ੍ਹ ਦੇ ਨੇਤਾ ਪਰ ਉਹਨਾਂ ਦੀ ਹਿਫ਼ਾਜ਼ਤ ਲਈ ਕਦੇ ਕੁਝ ਨਹੀਂ ਕਰਦੇ। ਬੱਚਿਆਂ ਦੇ ਖੌਫਨਾਕ ਕਤਲਾਂ ਨੇ ਸੁਰੱਖਿਆ ਪ੍ਰਬੰਧਾਂ ਤੇ ਇੱਕ ਵਾਰ ਫ਼ੇਰ ਕਈ ਗੰਭੀਰ ਸੁਆਲ ਖੜੇ ਕਰ ਦਿੱਤੇ ਹਨ। ਆਮ ਦੇਖਣ ਵਿੱਚ ਆਉਂਦਾ ਹੈ ਕਿ ਕਦੇ ਉਹਨਾਂ ਨੂੰ ਮਾਂ ਜਾਂ ਪਿਓ ਆਪਸੀ ਲੜਾਈ ਵਿੱਚ ਦੁਖੀ ਹੋ ਕੇ ਜਾਨੋਂ ਮਾਰ ਦੇਂਦੇ ਹਨ, ਕਦੇ ਉਹਨਾਂ ਨੂੰ ਤਾੰਤ੍ਰਿਕ ਕਿਰਿਆ ਵਿੱਚ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ, ਕਦੇ ਓਹ ਕਿਸੇ ਰੇਲਵੇ ਫਾਟਕ ਤੇ ਮੌਤ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਕਦੇ ਕਿਸੇ ਨੂੰ ਫ਼ਿਰੌਤੀ ਪਿਛੇ ਅਗਵਾ ਕਰਕੇ ਮਾਰ ਦਿੱਤਾ ਜਾਂਦਾ ਹੈ। ਮਤਲਬ ਬੱਚਿਆਂ ਲਈ ਹਰ ਪਾਸੇ ਮੌਤ ਮੂੰਹ ਅੱਡੀ ਖੜੀ ਹੈ--ਕੋਈ ਉਹਨਾਂ ਦੀ ਸੁਰੱਖਿਆ ਯਕੀਨੀ ਨਹੀਂ ਬਣਾ ਰਿਹਾ ਨ ਮਾਤਾ-ਪਿਤਾ ਤੇ ਨਾ ਹੀ ਸਮਾਜ ਪ੍ਰਸ਼ਾਸਨ ਜਾਂ ਪੁਲਿਸ। ਤੁਸੀਂ ਪੁਲਿਸ ਦੇ ਨਾਮ ਤੋਂ ਹੈਰਾਨ ਨਾ ਹੋਵੋ---ਪੁਲਿਸ----ਪੁਲਿਸ ਨੂੰ ਤਾਂ ਕਈ ਕਈ ਦਿਨ ਆਲੇ ਦੁਆਲੇ ਪਈ ਲਾਸ਼ ਦਾ ਵੀ ਪਤਾ ਨਹੀਂ ਲੱਗਦਾ  ਕਾਤਲ ਆਲੇ ਦੁਆਲੇ ਘੁੰਮਦੇ ਰਹਿੰਦੇ ਹਨ, ਪੀੜਤ ਪਰਿਵਾਰ ਅਤੇ ਪੁਲਿਸ ਨੂੰ ਗੁੰਮਰਾਹ ਕਰਦੇ ਰਹਿੰਦੇ ਹਨ ਤੇ ਪੁਲਿਸ ਦੂਰ ਦੂਰ ਤੱਕ ਕਾਤਲਾਂ ਦਾ ਖ਼ੁਰਾ ਖੋਜ ਲਭਦੀ ਰਹਿੰਦੀ ਹੈ। ਮੀਡੀਆ ਵਿੱਚ ਦਬਾਅ ਵਧਣ ਤੋਂ ਬਾਅਦ ਪੁਲਿਸ ਬਿਆਨ ਦੇਂਦੀ ਹੈ ਹਾਂ ਜੀ ਕਾਤਿਲ ਇਹੀ ਸਨ। ਬਿਲਕੁਲ ਗੁਆਂਢ ਵਿੱਚ। ਅਸੀਂ ਤਾਂ ਬਸ ਜ਼ਰਾ ਡੁੰਘਾਈ ਤੱਕ ਪਤਾ ਕਰ ਰਹੇ ਸਾਂ। ਪੁਲਿਸ ਤਹਿ ਤੋਂ ਬਾਅਦ ਤਹਿ ਫਰੋਲ ਕੇ ਜਾਂਚ ਕਰਦਾ ਰਹਿੰਦਾ ਹੈ ਤੇ ਅਜਿਹੀਆਂ ਵਾਰਦਾਤਾਂ ਇੱਕ ਤੋਂ ਬਾਅਦ ਇੱਕ ਲਗਾਤਾਰ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦੀਆਂ ਰਹਿੰਦੀਆਂ ਹਨ। ਅਜਿਹੀਆਂ ਵਾਰਦਾਤਾਂ ਤੇ ਆਧਾਰਿਤ ਇਸ ਵਿਸ਼ੇਸ਼ ਰਿਪੋਰਟ ਲੜੀ ਨਾਲ ਅਸੀਂ ਤੁਹਾਡੇ ਤੱਕ ਲਿਆਵਾਂ ਗੇ ਹਰ ਵਾਰ ਇੱਕ ਅਜਿਹੀ ਵਾਰਦਾਤ ਦਾ ਵੇਰਵਾ।
ਇਸ ਵਾਰ ਅਸੀਂ ਤੁਹਾਡੇ ਸਾਹਮਣੇ ਰੱਖ ਰਹੇ ਹਾਂ ਇੱਕ ਅਜਿਹੇ ਬੱਚੇ ਦੀ ਦਰਦਨਾਕ ਮੌਤ ਦਾ ਵੇਰਵਾ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਸਦੀ ਬਲੀ ਦੇ ਦਿੱਤੀ ਗਈ। ਤਾੰਤ੍ਰਿਕ ਕਿਰਿਆ ਦੀ ਬਲੀ ਚੜ੍ਹਿਆ ਇਹ ਮਾਸੂਮ ਮੌਤ ਸਮੇਂ ਸਿਰਫ ਸਾਢ਼ੇ ਅਠ ਜਾਂ ਫੇਰ ਪੌਣੇ ਕੁ ਨੋ ਸਾਲਾਂ ਦਾ ਸੀ। ਗੱਲ ਲੁਧਿਆਣਾ ਦੀ ਹੈ। ਭੀੜ ਭੜੱਕੇ ਵਾਲੇ ਚੌੜੇ ਬਾਜ਼ਾਰ ਨੇੜੇ ਪੈਂਦੇ ਇੱਕ ਅਜਿਹੇ ਇਲਾਕੇ ਦੀ ਜਿਹੜਾ ਕਦੇ ਲੁਧਿਆਣਾ ਦੀ ਕਾਰੋਬਾਰੀ ਜਾਨ ਹੋਇਆ ਕਰਦਾ ਸੀ। ਧਰਮ ਕਰਮ ਦੇ ਨਾਲ ਨਾਲ ਇਸ ਇਲਾਕੇ ਦੀ ਵਪਾਰਕ ਰੀੜ੍ਹ ਵੀ ਬਹੁਤ ਮਜਬੂਤ ਸੀ। ਥਾਂ ਥਾਂ ਤੇ ਮੰਦਿਰ ਅਤੇ ਇਹਨਾਂ ਵਿੱਚ ਖੜਕਦੀਆਂ ਘੰਟੀਆਂ ਇਸਦੇ ਸਾਰੇ ਵਾਤਾਵਰਨ ਨੂੰ ਕਿਸੇ ਅਧਿਆਤਮਿਕ ਰੰਗ ਵਿੱਚ ਰੰਗ ਦੇਂਦੇ। ਧੂਫ ਅਤੇ ਅਗਰਬੱਤੀਆਂ ਦੀ ਸੁਗੰਧੀ ਏਥੋਂ ਲੰਘਣ ਵਾਲੇ ਤਕਰੀਬਨ ਹਰ ਵਿਅਕਤੀ ਨੂੰ ਕਿਸੇ ਅਲੌਕਿਕ ਜਹੇ ਮਾਹੌਲ ਵਿੱਚ ਲੈ ਜਾਂਦੀ। ਹੋਲੀਆਂ ਆਈਆਂ ਤਾਂ ਹਮੇਸ਼ਾਂ ਦੀ ਤਰ੍ਹਾਂ ਇਸ ਵਾਰ ਵੀ ਹਰ ਪਾਸੇ ਰੰਗਾਂ ਦੀ ਬੌਛਾਰ ਸੀ। ਇੰਝ ਲੱਗਦਾ ਸੀ ਜਿਵੇਂ ਹਰ ਕੋਈ ਰੰਗਿਆ ਗਿਆ। ਸਿਰਫ ਤਨੋ ਹੀ ਨਹੀਂ ਮਨੋ ਵੀ। ਦਿਲ ਦਿਮਾਗ ਵਿੱਚ ਰੰਗ ਹੀ ਰੰਗ ਹੁੰਦੇ। ਪਰ ਕੌਣ ਜਾਣਦਾ ਸੀ ਇਸ ਵਾਰ ਦੀ ਹੋਲੀ ਕਿਸੇ ਪਰਿਵਾਰ ਨੂੰ ਹਮੇਸ਼ਾਂ ਲੈ ਉਦਾਸੀ ਦਾ ਰੰਗ ਦੇ ਕੇ ਜਾਣ ਵਾਲੀ ਹੈ। ਅਚਾਨਕ ਇੱਕ ਦਿਨ ਅਖਬਾਰਾਂ ਵਿੱਚ ਖਬਰ ਆਈ ਇੱਕ ਬੱਚੇ ਦੀ। ਬੱਚੇ ਦਾ ਨਾਮ ਵਿਸ਼ਾਲ ਉਰਫ ਕਾਲੂ ਸੀ। ਉਸਦੀ ਲਾਸ਼ ਮਿਲੀ ਸੀ ਇੱਕ ਪ੍ਰਸਿਧ ਮੰਦਿਰ ਵਿੱਚੋਂ ਬਹੁਤ ਹੀ ਭੈੜੀ ਅਤੇ ਬਦਬੂਦਾਰ ਹਾਲਤ ਵਿੱਚ। ਲੱਗਦਾ ਸੀ ਕਿਸੇ ਨੇ ਬੇਰਹਿਮੀ ਨਾਲ ਉਸਦਾ ਕਤਲ ਕੀਤਾ ਸੀ। ਰੰਜਿਸ਼ ਬਿਨਾ ਅਜਿਹਾ ਕਤਲ ਸੰਭਵ ਹੀ ਨਹੀਂ ਹੁੰਦਾ  ਤੇ ਮਿਰਤਕ ਦੇ ਇਵਾਰ ਦੀ ਕਿਸੇ ਨਾਲ ਰੰਜਿਸ਼ ਨਹੀਂ ਸੀ।। ਉਸਦੇ ਪਿਤਾ ਭੁਪਿੰਦਰ ਕੁਮਾਰ ਦਾ ਕਹਿਣਾ ਹੈ ਕਿ ਉਸਦੇ ਸਿਰ ਵਿੱਚ ਕਿਲ ਠੋਕੇ ਗਏ ਸਨ ਅਤੇ ਵੱਖੀ ਵਿੱਚ ਗਰਿੱਲ ਕਰਨ ਵਾਲੀ ਮਸ਼ੀਨ ਨਾਲ ਮੋਰੀ ਕੀਤੀ ਗਈ ਸੀ। ਕਾਲੂ 22 ਮਾਰਚ 1997 ਦੀ ਸ਼ਾਮ ਨੂੰ ਸਾਢ਼ੇ ਕੁ ਪੰਜ ਵਜੇ  ਘਰੋਂ ਗਿਆ ਅਤੇ ਹਫਤੇ ਕੁ ਮਗਰੋਂ 29 ਮਾਰਚ 1997 ਨੂੰ ਉਸਦੀ ਲਾਸ਼ ਨੇੜੇ ਹੀ ਇੱਕ ਮੰਦਿਰ ਚੋਂ ਮਿਲੀ। ਘਟਨਾ ਤੋਂ ਬਾਅਦ ਪੁਲਿਸ ਨੇ ਇਸਦੀ ਐਫ ਆਈ ਵੀ ਆਰ ਦਰਜ ਕੀਤੀ, ਕਾਰਵਾਈ ਵੀ ਸ਼ੁਰੂ ਹੋਈ, ਜਾਂਚ ਪੜਤਾਲ ਵੀ ਹੋਈ ਅਤੇ ਕਾਰਵਾਈ ਦੇ ਭਰੋਸੇ ਵੀ ਦਿੱਤੇ ਗਏ ਪਰ ਪੀੜਿਤ ਪਰਿਵਾਰ ਨੂੰ ਇਨਸਾਫ਼ ਅੱਜ ਤੱਕ ਨਹੀਂ ਮਿਲਿਆ। ਕਤਲ ਕੀਤੇ ਗਏ ਬੱਚੇ ਦੇ ਪਿਤਾ ਨੇ ਇਨਸਾਫ਼ ਲਈ ਕੋਈ ਡਰ ਨਹੀਂ ਛੱਡਿਆ। ਕੋਈ ਰਾਜਨੀਤਿਕ ਪਾਰਟੀ ਨਹੀਂ ਛੱਡੀ, ਕੋਈ ਲੀਡਰ ਨਹੀਂ ਛੱਡਿਆ ਪਰ ਇਨਸਾਫ਼ ਅਜੇ ਤੱਕ ਦੂਰ ਹੈ। ਭੁਪਿੰਦਰ ਕੁਮਾਰ ਨੂੰ ਡਿਸਕ ਦੀ ਪ੍ਰੋਬਲਮ ਹੋ ਗਈ ਅਤੇ ਉਸਦੀ ਪਤਨੀ ਨੂੰ ਇਸ ਸਦਮੇ ਮਗਰੋਂ ਅਧਰੰਗ ਦੀ ਸਮਸਿਆ ਨੇ ਆ ਘੇਰਿਆ। ਚਾਹ ਦੀ ਦੁਕਾਨ ਤੋਂ ਹੋਣ ਵਾਲੀ ਥੋਹੜੀ ਬਹੁਤ ਆਮਦਨੀ ਨਾਲ ਚੱਲਦਾ ਹੈ ਖਿਚ ਧੂਹ ਕੇ ਘਰ ਦਾ ਗੁਜ਼ਾਰਾ ਅਤੇ ਦਵਾਈਆਂ ਦਾ ਖਰਚਾ। ਪਰ ਹਰ ਪਲ ਯਾਦ ਆਉਂਦੀ ਹੈ ਉਸਨੂੰ ਆਪਣੇ ਹਮੇਸ਼ਾਂ ਲਈ ਵਿਛੜ ਚੁੱਕੇ ਬੇਟੇ ਦੀ ਯਾਦ। ਉਸਦੇ ਸਿਰ 'ਚ ਠੋਕੇ ਗਏ ਕਿੱਲਾਂ ਦੀ ਉਹ ਵਹਿਸ਼ੀਆਨਾ ਘਟਨਾ ਦੀ ਯਾਦ ਉਸਨੂੰ ਸੋਣ ਨਹੀਂ ਦੇਂਦੀ। ਉਸਨੂੰ ਇੰਝ ਲੱਗਦਾ ਹੈ ਜਿਵੇਂ ਕੋਈ ਉਸਦੇ ਸਿਰ ਵਿੱਚ ਕਿਲ ਠੋਕ ਰਿਹਾ ਹੋਵੇ। ਵੱਖੀ 'ਚ ਗਰਿੱਲ  ਨਾਲ ਕੀਤੀ ਗਈ ਮੋਰੀ ਉਸਨੂੰ ਅੱਜ ਵੀ ਆਪਣੀ ਵੱਖੀ 'ਚ ਹੁੰਦੀ ਮੋਰੀ ਮਹਿਸੂਸ ਹੁੰਦੀ ਹੈ। ਕਿਸੇ ਵੀ ਥਾਂ ਕੋਈ ਕਿਲ ਠੋਕਦਾ ਹੋਵੇ ਜਾਂ  ਗਰਿੱਲ ਕਰਦਾ ਹੋਵੇ ਤਾਂ ਉਸਨੂੰ ਲੱਗਦਾ ਹੈ ਜਿਵੇਂ ਇਹ ਸਭ ਉਸਦੇ ਬੇਟੇ ਨਾਲ ਹੋ ਰਿਹਾ ਹੈ। ਉਸਦੀ ਗਲੀ ਸੜੀ ਲਾਸ਼ ਦਾ ਖਿਆਲ ਆਉਂਦਿਆਂ ਹੀ ਉਹ ਤ੍ਰਭਕ ਉਠਦਾ ਹੈ ਤੇ ਫਿਰ ਪੂਰੀ ਪੂਰੀ ਰਾਤ ਸੋਂ ਨਹੀਂ। ਦਿਨ ਚੜਦਾ ਹੈ ਤਾਂ ਉਹ ਫਿਰ ਬਾਵਰਿਆਂ ਵਾਂਗ ਕਦੇ ਕਿਸੇ ਕੋਲ ਜਾਂਦਾ ਹੈ ਤੇ ਕਦੇ ਕਿਸੇ ਕੋਲ। ਕਦੇ ਕਿਸੇ ਲੀਡਰ ਦੇ ਦਰਵਾਜ਼ੇ ਤੇ ਕਦੇ ਕਿਸੇ ਅਫਸਰ ਦੇ ਦਫਤਰ। ਉਸਦੀ ਪਤਨੀ ਆਪਣੇ ਬੇਟੇ ਦੀ ਯਾਦ ਵਿੱਚ ਉਠਨ ਦੀ ਕੋਸ਼ਿਸ਼ ਕਰਦੀ ਹੈ ਪਰ ਉਠ ਨਹੀਂ ਸਕਦੀ। ਇੱਕ ਡੂੰਘੀ ਉਦਾਸੀ ਉਸਦੇ ਚੇਹਰੇ ਤੇ ਹਮੇਸ਼ਾਂ ਲਈ ਉਕਰੀ ਗਈ ਹੈ। ਪਿਛਲੇ ਸੋਲਾਂ ਸਤਾਰਾਂ ਸਾਲਾਂ ਤੋਂ ਇਸ ਮਾਮਲੇ 'ਚ ਕੁਝ ਵੀ ਨਵਾਂ ਨਹੀਂ ਹੋਇਆ। ਇਸਦੇ ਬਾਵਜੂਦ ਉਸਦਾ ਸੰਘਰਸ਼ ਜਾਰੀ ਹੈ ਆਪਣੇ ਬੇਟੇ ਦੇ ਕਾਤਲਾਂ ਦਾ ਪਤਾ ਲਾਉਣ ਲਈ , ਉਹਨਾਂ ਨੂੰ ਕਟਹਿਰੇ 'ਚ ਲਿਆਉਣ ਲਈ। ਹੁਣ ਜਦੋਂ ਸਚਿਨ ਗੁਪਤਾ ਦਾ ਕਤਲ ਹੋਇਆ ਤਾਂ ਉਹ ਰੋ ਪਿਆ। ਕਹਿਣ ਲੱਗਿਆ ਜਿਵੇਂ ਇੱਕ ਵਾਰ ਫੇਰ ਉਸਦਾ ਬੇਟਾ ਹੀ ਕਤਲ ਹੋਇਆ ਹੋਵੇ। ਜਦ ਵੀ ਅਖਬਾਰ 'ਚ ਕਿਸੇ ਬੱਚੇ ਦੇ ਕਤਲ ਦੀ ਖਬਰ ਛਪਦੀ ਹੈ ਤਾਂ ਉਸਦੇ ਜ਼ਖਮ ਹਰੇ ਹੋ ਜਾਂਦੇ ਹਨ। ਪਰ ਸਮਾਜ ਅਤੇ ਸਰਕਾਰ ਨੂੰ ਸ਼ਾਇਦ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਇਹਨਾਂ ਜਜ਼ਬਾਤੀ ਗੱਲਾਂ ਲਈ ਹੁਣ ਕਿਸੇ ਕੋਈ ਟਾਈਮ ਨਹੀਂ ਰਿਹਾ। ਕਈ ਲੋਕ ਤਾਂ ਇਹ ਵੀ ਆਖਦੇ ਹਨ ਜੀ ਛੱਡੋ ਹੁਣ। ਸੋਲਾਂ ਸਤਾਰਾਂ ਸਾਲ ਪੁਰਾਨੀ ਗੱਲ ਵਿੱਚ ਰੱਖਿਆ ਹੀ ਕੀ ਹੈ? ਹੈ ਵੀ ਸ਼ਾਇਦ ਠੀਕ। ਉਸਤੋਂ ਬਾਅਦ ਏਨੀਆਂ ਵਾਰਦਾਤਾਂ ਹੋ ਚੁੱਕੀਆਂ ਹਨ, ਏਨੇ ਹੋਰ ਬੱਚੇ ਮੌਤ ਵਿੱਚ ਜਾ ਚੁੱਕੇ ਹਨ। ਕੌਣ ਯਾਦ ਰੱਖੇ ਉਸ ਪੁਰਾਣੀ ਗੱਲ ਨੂੰ। ਪਰ ਗੱਲ ਦਾ ਸਾਰ ਵੀ ਇਹੀ ਹੈ। ਜੇ ਉਦੋਂ ਹੀ ਇਸਨੂੰ ਗੰਭੀਰਤਾ ਨਾਲ ਲਿਆ ਗਿਆ ਹੁੰਦਾ ਤਾਂ ਸ਼ਾਇਦ ਏਨੇ ਬੱਚੇ ਬਚ ਜਾਂਦੇ। ਏਥੋਂ ਹੀ ਉਠਦਾ ਹੈ ਸੁਆਲ ਕਿ ਆਖਿਰਕਾਰ ਕਿਓਂ ਲੱਗਿਆ ਕਿਸੇ ਪਰਿਵਾਰ ਨੂੰ ਕਿ ਉਸਦੇ ਬੇਟੇ ਦੇ ਕਤਲ ਦਾ ਮਾਮਲਾ ਰਫ਼ਾਦਫ਼ਾ ਦਿੱਤਾ ਗਿਆ ਹੈ। ਕਿਓਂ ਕਿਸੇ ਨੂੰ ਮਹਿਸੂਸ ਹੋਇਆ ਕਿ ਉਸਦੀ ਸੁਣਵਾਈ ਨਹੀਂ ਹੋ ਰਹੀ? ਅੱਜ ਇਹ ਸੁਆਲ ਕਿਓਂ ਖੜਾ ਹੋ ਰਿਹਾ ਹੈ ਕਿ ਜੇ ਮੇਰੇ ਕੋਲ ਵੀ ਪੈਸੇ ਹੁੰਦੇ ਤਾਂ ਮੇਰੇ ਬੇਟੇ ਦੇ ਕਾਤਿਲ ਵੀ ਸਲਾਖਾਂ ਪਿਛ੍ਹੇ ਹੁੰਦੇ। ਕੀ ਪੁਲਿਸ ਅਤੇ ਪ੍ਰਸ਼ਾਸਨ ਭੁਪਿੰਦਰ ਕੁਮਾਰ  ਲਈ ਕੁਝ ਅਜਿਹਾ ਕਰੇਗਾ ਜਿਸ ਨਾਲ ਭੁਪਿੰਦਰ ਕੁਮਾਰ ਨੂੰ ਵੀ ਇਹ ਲੱਗੇ ਕੀ ਹਾਂ ਉਸ ਨਾਲ ਇਨਸਾਫ਼ ਹੋਇਆ ਹੈ। ਉਸਨੂੰ ਇਹ ਤੱਸਲੀ ਹੋਵੇ ਕਿ ਉਸਦੇ ਬੇਟੇ ਦੇ ਕਾਤਲਾਂ ਦਾ ਪਤਾ ਲੱਗ ਗਿਆ ਹੈ ਅਤੇ ਉਹਨਾਂ ਨੂੰ ਸਜ਼ਾਵਾਂ ਮਿਲ ਜਾਣਗੀਆਂ।
ਮਥੁਰਾ ਨੇੜੇ ਇੱਕ ਬੱਚੀ ਦੀ ਬਲੀ 
ਮਥੁਰਾ ਨੇੜੇ ਪੈਂਦੇ ਪਿੰਡ ਮੁਸਤਫਾਬਾਦ ਪਰਖਮ  ਵਿੱਚ ਚਾਰ ਸਾਲਾਂ ਦੀ ਇੱਕ ਬੱਚੀ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ ਜੋ ਸੋਲਾਂ ਸਤਾਰਾਂ ਸਾਲ ਪਹਿਲਾਂ ਲੁਧਿਆਣਾ ਦੇ ਸਾਢ਼ੇ ਅਠ ਸਾਲਾਂ ਦੇ ਵਿਸ਼ਾਲ ਉਰਫ ਕਾਲੂ ਨਾਲ  ਹੋਇਆ ਸੀ। ਥਾਣਾ ਫਰਹਾ ਅਧੀਨ ਪੈਂਦੇ ਇਸ ਇਆਲਕੇ ਦੇ ਰਹਿਣ ਵਾਲੇ ਰਾਮੂ ਦੇ ਘਰ ਮੰਗਣੀ ਦਾ ਪ੍ਰੋਗਰਾਮ ਸੀ। ਏਸ ਪ੍ਰੋਗਰਾਮ ਦੇ ਦੌਰਾਨ ਹੀ ਉਸਦੀ ਚਾਰ ਸਾਲਾਂ ਦੀ ਮਾਸੂਮ ਕੁੜੀ ਭੂਰੀ ਗਾਇਬ ਹੋ ਗਈ। ਕੁੜੀ ਗੁਮ ਹੋਣ ਤੇ ਉਸਦੀ ਰਿਪੋਰਟ ਦਰਜ ਕਰਾਈ ਗਈ। ਦੋ ਕੁ ਦਿਨਾਂ ਮਗਰੋਂ ਸ਼ੁਕਰਵਾਰ ਦਸ ਮਈ ਨੂੰ ਸ਼ਾਮ ਪੰਜ ਵਜੇ ਉਸਦੀ ਲਾਸ਼ ਸੁਰਿੰਦਰ ਸਿੰਘ ਦੀ ਬਿਲਡਿੰਗ ਮੈਟੀਰੀਅਲ ਵਾਲੀ ਦੁਕਾਨ ਨੇੜਿਓਂ ਝਾੜੀਆਂ ਕੋਲੋਂ ਪੱਥਰਾਂ ਹੇਠਾਂ ਦੱਬੀ ਮਿਲੀ। ਉਸਦੇ ਹਥ ਅਤੇ ਪੈਰ ਸੜੇ ਹੋਏ ਸਨ। ਇਹਨਾਂ ਉੱਤੇ ਰਗੜ ਦੇ ਨਿਸ਼ਾਨ ਵੀ ਸਨ। ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਕਿਸੇ ਤਾੰਤ੍ਰਿਕ ਨੇ ਉਸਦੀ ਬਲੀ ਦਿੱਤੀ ਹੈ। ਕਾਬਿਲੇ ਜ਼ਿਕਰ ਹੈ ਕਿ ਪਿੰਡ ਵਾਲੀਆਂ ਦੇ ਦੱਸਣ ਮੁਤਾਬਿਕ ਇਸ ਪਿੰਡ ਵਿੱਚ ਕਰੀਬ ਇੱਕ ਦਰਜਨ ਤਾੰਤ੍ਰਿਕ ਅਤੇ ਗੁਆਚੀਆਂ ਚੀਜ਼ਾਂ ਦੀ ਦੱਸ ਪਾਉਣ ਵਾਲੇ ਕਈ ਬੂਝਾ ਰਹਿੰਦੇ ਹਨ। ਰਾਤ ਦੇ ਹਨੇਰੇ ਵਿੱਚ ਓਹ ਪੂਜਾ ਅਰਚਨਾ ਅਤੇ ਤਾੰਤ੍ਰਿਕ ਕਿਰਿਆਵਾਂ ਅਕਸਰ ਕਰਦੇ ਹਨ। ਦੂਜੇ ਪਾਸੇ ਥਾਣਾ ਮੁਖੀ ਸੀਪੀ ਸਿੰਘ ਦਾ ਕਹਿਣਾ ਹੈ ਕਿ ਮਿਰਤਕਾ  ਦੇ ਪਿਤਾ ਸੁਰੇਸ਼ ਚੰਦਰ ਦੀ ਕਿਸੇ ਨਾਲ ਵੀ ਕੋਈ ਰੰਜਿਸ਼ ਨਹੀਂ ਹੈ। ਇਸ ਮਾਮਲੇ ਦੀ ਜਾਂਚ ਲਈ ਪੁਲਿਸ ਟੀਮ ਦੀ ਡਿਊਟੀ ਲਗਾ ਦਿੱਤੀ ਗਈ ਹੈ। ਥਾਣਾ ਮੁਖੀ ਨੇ ਬਲੀ ਦੀ ਸੰਭਾਵਨਾ ਨੂੰ ਵੀ ਖਾਰਿਜ ਕੀਤਾ। ਬੱਚੀ ਨਾਲ ਕੁਕਰਮ ਵਰਗੀ ਵੀ ਕੋਈ ਗੱਲ ਨਹੀਂ ਹੋਈ। 
--------------
ਟੋਟਕਿਆਂ ਆਸਰੇ ਚਲਦੀ (ਰਾਜ) ਨੀਤੀ 
ਆਖਦੇ ਨੇ ਯਥਾ ਰਾਜਾ ਤਥਾ ਪਰਜਾ। ਜਿਸ ਦੇਸ਼ ਵਿੱਚ ਐਮ ਐਲ ਏ, ਐਮ ਪੀ, ਮੰਤਰੀ ਅਤੇ ਹੋਰ ਵੀ ਵੀ ਆਈ ਪੀ ਵਿਅਕਤੀ ਆਪਣੀ ਵਿਗੜੀ ਸੰਵਾਰਨ ਲਈ ਬੱਕਰਿਆਂ ਦੀਆਂ ਬਲੀਆਂ ਦੇਂਦੇ ਹੋਣ, ਨਜ਼ਰਾਂ ਉਤਾਰਦੇ ਹੋਣ, ਦਫਤਰਾਂ ਨੂੰ ਜਾਣ ਲੱਗਿਆਂ ਬੱਕਰਿਆਂ ਨੂੰ ਟਿੱਕੇ ਲਾਉਂਦੇ ਹੋਣ, ਤਰ੍ਹਾਂ ਤਰ੍ਹਾਂ ਦੇ ਉਪਾਅ ਕਰਦੇ ਹੋਣ, ਉਥੇ ਕਿਸੇ ਇੰਨਸਾਨੀ ਬੱਚੇ ਦੀ ਬਲੀ ਵੀ ਕੋਈ ਅਨਹੋਨੀ ਨਹੀਂ ਕਹੀ ਜਾ ਸਕਦੀ। ਕ੍ਰਮ ਦਾ ਉਪਦੇਸ਼ ਦੇਣ ਵਾਲੇ ਗੀਤਾ ਦੇ ਮਹਾਂ ਗਿਆਨ ਨੂੰ ਛੱਡ ਕੇ ਆਪਣੇ ਦਿਨ ਦੀ ਸ਼ੁਰੁਆਤ ਰਾਸ਼ੀਫਲ ਪੜ੍ਹਕੇ ਕਰਨ ਵਾਲੇ ਸਮਾਜ ਵਿੱਚ ਹੋਰ ਹੋ ਵੀ ਕੀ ਸਕਦਾ ਹੈ।   ਜਦੋਂ ਸਾਰੀ ਦੁਨੀਆ ਚੰਦ੍ਰਮਾ, ਮੰਗਲ, ਸ਼ੁੱਕਰ ਅਤੇ ਬ੍ਰਿਹਸਤਪਤੀ ਤੇ ਵੱਸੋਂ ਕਰਨ ਦੀਆਂ ਜੁਗਤਾਂ ਲਭ ਰਹੀ ਹੈ ਉਸ ਵੇਲੇ ਸਾਡੇ ਦੇਸ਼ ਅਤੇ ਸਮਾਜ ਦੇ ਮੰਤਰੀ ਆਪੋ ਆਪਣੀਆਂ ਕੁਰਸੀਆਂ ਬਚਾਉਣ ਲਈ ਟੋਟਕਿਆਂ ਦੇ ਆਸਰੇ ਲਭਣ ਲੱਗੇ ਹੋਏ ਹਨ। ਇਸ ਲੈ ਜੇ ਪੁਲਿਸ ਕਿਸੇ ਤਾੰਤ੍ਰਿਕ ਦੇ ਖਿਲਾਫ਼ ਕੋਈ ਕਾਰਵਾਈ ਨਾ ਕਰੇ ਤਾਂ ਬੁਰਾ ਮਨਾਉਣ ਵਾਲੀ ਗੱਲ ਨਹੀਂ ਕਿਓਂਕਿ ਯਥਾ ਰਾਜਾ ਤਥਾ ਪਰਜਾ। ਅਸਲ ਵਿੱਚ ਕਾਨੂੰਨਾਂ ਨੂੰ ਬਦਲ ਕੇ ਟੋਟਕੇ ਬਾਜ਼ੀ ਅਤੇ ਬਲੀ ਨੂੰ ਬਾਕਾਇਦਾ ਪ੍ਰਵਾਨਗੀ ਦੇ ਦੇਣੀ ਚਾਹੀਦੀ ਹੈ।ਕਿਓਂਕਿ ਇਹ ਸਿਲਸਿਲਾ ਕੋਈ ਨਵਾਂ ਨਹੀਂ ਬਹੁਤ ਪੁਰਾਣਾ ਹੈ। ਆਖਦੇ ਨੇ ਇਸ ਦੇਸ਼ ਨੂੰ ਅੰਗ੍ਰੇਜ਼ਾਂ ਵੱਲੋਂ ਆਜ਼ਾਦੀ ਮਿਲ ਗਈ ਸੀ 14 ਅਗਸਤ 1947 ਨੂੰ ਪਰ ਇਸ ਦੇਸ਼ ਦੇ ਉਸ ਵੇਲੇ ਦੇ ਕੁਝ ਪ੍ਰਮੁਖ ਆਗੂ ਆਖ ਲੱਗੇ ਅਜੇ ਨਹੀਂ ਅਸੀਂ ਗੁਲਾਮੀ ਅੱਜ ਨਹੀਂ ਛੱਡਣੀ ਕਲ੍ਹ ਛੱਡਾਂਗੇ ਕਿਓਂਕਿ ਕਲ੍ਹ ਮਹੂਰਤ ਬਹੁਤ ਵਧਿਆ ਹੈ। ਇਸ ਤਰ੍ਹਾ ਦੇਸ਼ ਦਾ ਆਜ਼ਾਦੀ ਦਿਵਸ ਬਣਿਆ 15 ਅਗਸਤ 1947। ਇਸਲਈ ਜੇ ਹੁਣ ਵੀ ਮਹੂਰਤ ਦੇਖ ਕੇ ਸੰਹੁ ਚੁੱਕੀ ਜਾਂਦੀ ਹੈ, ਜੋਤਿਸ਼ੀ ਨੂੰ ਪੁਛ ਕੇ ਫੈਸਲੇ ਕੀਤੇ ਜਾਂਦੇ ਹਨ ਅਤੇ ਟੋਟਕਿਆਂ ਨਾਲ ਕਿਸਮਤ ਬਦਲਣ ਦੇ ਭਰਮ ਪਾਲੇ ਜਾਂਦੇ ਹਨ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ ਰੱਬ ਰਾਖਾ। 
------------------------

No comments: