Sunday, March 03, 2013

ਜਗਜੀਤ ਸਿੰਘ ਆਨੰਦ ਅਭਿਨੰਦਨ ਗ੍ਰੰਥ ਲੋਕ ਅਰਪਨ

ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਕਰਾਇਆ ਗਿਆ ਵਿਸ਼ੇਸ਼ ਸਮਾਗਮ
                                                                                                             Photos: Rector Kathuria
ਲੁਧਿਆਣਾ : 03 ਮਾਰਚ (ਪੰਜਾਬ ਸਕਰੀਨ//ਡਾ. ਗੁਲਜ਼ਾਰ ਸਿੰਘ ਪੰਧੇਰ):ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਲੋਂ ਉਘੇ ਲੇਖਕ, ਪੰਤਰਕਾਰ, ਅਤੇ ਰਾਜਨੀਤੀਵੇਤਾ ਸ੍ਰ. ਜਗਜੀਤ ਸਿੰਘ ਅਨੰਦ ਸਾਬਕਾ ਐਮ. ਪੀ. ਬਾਰੇ ਪ੍ਰਕਾਸ਼ਤ ਅਭਿਅਨੰਦਨ ਗ੍ਰੰਥ ਦੀ ਪਹਿਲੀ ਕਾਪੀ ਜਲੰਧਰ ਵਿਖੇ ਸ. ਜਗਜੀਤ ਸਿੰਘ ਆਨੰਦ ਨੂੰ ਅਕਾਡਮੀ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ, ਇਸ ਅਭਿਅਨੰਦਨ ਗ੍ਰੰਥ ਦੇ ਸੁਪਨਕਾਰ ਅਮਰੀਕਾ ਨਿਵਾਸੀ ਸ. ਰੂਪ ਸਿੰਘ ਰੂਪਾ, ਅਕਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਨੂਪ ਸਿੰਘ ਬਟਾਲਾ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਸੁਰਿੰਦਰ ਕੈਲੇ ਕਾਰਜਕਾਰੀ ਮੈਂਬਰ ਜਨਮੇਜਾ ਸਿੰਘ ਜੌਹਲ, ਮੈਂਬਰ ਸ੍ਰ. ਸੁਖਦੇਵ ਸਿੰਘ ਪ੍ਰੇਮੀ ਅਤੇ ਮਨਜਿੰਦਰ ਸਿੰਘ ਧਨੋਆ ਨੇ ਭੇਂਟ ਕੀਤੀ। ਸ੍ਰ. ਜਗਜੀਤ ਸਿੰਘ ਆਨੰਦ ਸਰੀਰਕ ਤੌਰ ਤੇ ਤੰਦਰੁਸਤ ਨਾ ਹੋਣ ਕਾਰਨ ਲੁਧਿਆਣਾ ਪਹੁੰਚਣ ਤੋਂ ਅਸਮਰੱਥ ਸਨ।
ਅਭਿਨੰਦਨ ਗ੍ਰੰਥ ਦੇ ਸੰਪਾਦਕ ਡਾ ਰਜਨੀਸ਼ ਬਹਾਦਰ ਸਿੰਘ, ਜਗਜੀਤ ਸਿੰਘ ਆਨੰਦ ਜੀ ਦੀ ਧਰਮ ਪਤਨੀ ਸ਼੍ਰੀ ਮਤੀ ਉਰਮਿਲਾ ਆਨੰਦ, ਨਵਾਂ ਜ਼ਮਾਨਾ ਦੇ ਟਰੱਸਟੀ ਅਤੇ ਲੇਖਕ ਜਸ ਮੰਡ ਅਤੇ ਆਨੰਦ ਜੀ ਦੇ ਸਪੁੱਤਰ ਸ਼੍ਰੀ ਸੁਕੀਰਤ ਵੀ ਹਾਜ਼ਰ ਸਨ। ਸ ਆਨੰਦ ਨੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਕੀਤੇ ਇਸ ਉਦਮ ਨੂੰ ਅਸ਼ੀਰਵਾਦ ਦਿੰਦਿਆਂ ਕਿਹਾ ਕਿ ਅਗੇ ਤੋਂ ਅੱਗੇ ਵਧੀ ਚੱਲੋ।
ਲੁਧਿਆਣਾ ਵਿਖੇ ਅੱਜ ਪੰਜਾਬੀ ਸਾਹਿਤ ਅਕਾਡਮੀ ਵੱਲੋਂ ਇਹ ਅਭਿਨੰਦਨ ਗ੍ਰੰਥ ਬਾਅਦ ਦੁਪਹਿਰ ਲੋਕ-ਅਰਪਣ ਕੀਤਾ ਗਿਆ, ਜਿਸ ਦੀ ਪ੍ਰਧਾਨਗੀ ਸੈਂਟਰਲ ਯੂਨੀਵਰਸਟੀ ਆਫ਼ ਪੰਜਾਬ ਦੇ ਚਾਂਸਲਰ ਡਾ ਸਰਦਾਰਾ ਸਿੰਘ ਜੌਹਲ, ਲੁਧਿਆਣਾ ਨਗਰ ਨਿਗਮ ਦੇ ਮੇਅਰ ਸ ਹਰਚਰਨ ਸਿੰਘ ਗੋਲਵਡ਼ੀਆ, ਸ ਰੂਪ ਸਿੰਘ ਰੂਪਾ, ਅਕਾਡਮੀ ਦੇ ਪ੍ਰਧਾਨ ਗੁਰਭਜਨ ਸਿੰਘ ਗਿੱਲ ਅਤੇ ਹੋਰ ਅਹੁਦੇਦਾਰਾਂ ਨੇ ਕੀਤੀ। 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਸੁਆਗਤੀ ਸ਼ਬਦ ਬੋਲਦਿਆਂ ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਸ ਰੂਪ ਸਿੰਘ ਰੂਪਾ ਦੀ ਪ੍ਰੇਰਨਾ ਅਤੇ ਦਿੱਤੀ ਧਨ ਰਾਸ਼ੀ ਨਾਲ ਸਰਦਾਰ ਜਗਜੀਤ ਸਿੰਘ ਆਨੰਦ ਬਾਰੇ ਇਹ ਅਭਿਨੰਦਨ ਗ੍ਰੰਥ ਪ੍ਰਕਾਸ਼ਿਤ ਹੋਣਾ ਭਵਿੱਖ ਦੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣੇਗਾ। ਉਹਨਾਂ ਆਖਿਆ ਕਿ ਆਨੰਦ ਜੀ ਹਮੇਸ਼ਾ ਸਾਡੇ ਸਾਰਿਆਂ ਲਈ ਪ੍ਰੇਰਕ ਸ਼ਕਤੀ ਰਹੇ ਹਨ ਅਤੇ ਅਕਾਡਮੀ ਲਈ ਵੀ ਉਹਨਾਂ ਦਾ ਯੋਗਦਾਨ ਭੁਲਾਉਣ ਯੋਗ ਨਹੀਂ। ਆਪਣੀ ਵਿਸ਼ਲੇਸ਼ਣੀ ਅੰਦਾਜ਼ ਵਾਲੀ ਵਾਰਤਕ ਵਿਚ ਸਿਆਸੀ ਪੁਣ-ਛਾਣ ਕਰਕੇ ਨਿਖੇੜ ਨਤੀਜੇ ਪੇਸ਼ ਕਰਨੇ ਉਨਾਂ ਦੀ ਵਿਸ਼ੇਸ਼ ਕਾਬਲੀਅਤ ਸੀ। ਅਗਲੇ ਸਾਲ ਤੋਂ ਅਕਾਡਮੀ ਵੱਲੋਂ ਇਕ ਪ੍ਰਮੁੱਖ ਵਾਰਤਕਕਾਰ ਨੂੰ ਸ ਜਗਜੀਤ ਸਿੰਘ ਆਨੰਦ ਪੁਰਸਕਾਰ ਹਰ ਵਰ੍ਹੇ ਦਿੱਤਾ ਜਾਵੇਗਾ, ਜਿਸ ਲਈ ਸ ਰੂਪ ਸਿੰਘ ਰੂਪਾ ਨੇ ਢਾਈ ਲੱਖ ਰੁਪਏ ਦੀ ਧਨ ਰਾਸ਼ੀ ਅੱਜ ਅਕਾਡਮੀ ਨੂੰ ਸੌਂਪ ਦਿੱਤੀ ਹੈ। ਇਸ ਦੇ ਵਿਆਜ ਨਾਲ ਹਰ ਵਰ੍ਹੇ  ਇਹ ਪੁਰਸਕਾਰ ਦਿੱਤਾ ਜਾਵੇਗਾ।
ਸ ਹਰਚਰਨ ਸਿੰਘ ਗੋਹਲਵੜੀਆ  ਨੇ ਸੰਬੋਧਨ ਕਰਦਿਆਂ ਆਖਿਆ ਕਿ ਤਰਨਤਾਰਨ ਦੀ ਧਰਤੀ ਵਿਚ ਪੈਦਾ ਹੋਏ ਸ ਆਨੰਦ ਵਿਸ਼ਵ ਵਿਆਪੀ ਪਛਾਣ ਦੇ ਹੱਕਦਾਰ ਬਣੇ ਅਤੇ ਉਹਨਾਂ ਦੀਆਂ ਘਾਲਣਾਵਾਂ ਨੂੰ ਸਨਮਾਨਿਤ ਕਰਕੇ ਅਕਾਡਮੀ ਨੇ ਚੰਗੇਰਾ ਕਾਰਜ ਕੀਤਾ ਹੈ। ਸੈਂਟਰਲ ਯੂਨੀਵਰਸਟੀ ਆਫ਼ ਪੰਜਾਬ ਬਠਿੰਡਾ ਦੇ ਚਾਂਸਲਰ ਡਾ ਸ਼ਰਦਾਰਾ ਸਿੰਘ ਜੌਹਲ ਨੇ ਆਖਿਆ ਕਿ ਆਨੰਦ ਜੀ ਦੀਆਂ ਲਿਖਤਾਂ ਸਮਾਂ ਕਾਲ ਦਾ ਅਹਿਮ ਦਸਤਾਵੇਜ਼ ਹੈ ਅਤੇ ਉਹਨਾਂ ਦੀ ਚੋਣਵੀਂ ਵਾਰਤਕ ਦਾ ਪ੍ਰਕਾਸ਼ਨ ਕਰਕੇ ਨਵੀਂ ਪੀੜ੍ਹੀ ਨੂੰ ਨਿਵੇਕਲੀ ਸ਼ਬਦ ਭੰਡਾਰ ਨਾਲ ਜੋੜਿਆ ਜਾ ਸਕਦਾ ਹੈ। 
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਜਨਰਲ ਸਕੱਤਰ ਡਾ ਸੁਖਦੇਵ ਸਿੰਘ ਸਿਰਸਾ ਨੇ ਮੰਚ ਸੰਚਾਲਣ ਕਰਦਿਆਂ ਆਖਿਆ ਕਿ ਸ ਆਨੰਦ ਸਿਰਫ਼ ਪੰਜਾਬ ਵਿਚ ਹੀ ਨਹੀਂ ਸਗੋਂ ਬਾਕੀ ਰਾਜਾਂ ਵਿਚ ਵੀ ਸਿਰਕੱਢ ਪੱਤਰਕਾਰ ਅਤੇ ਕਮਿਊਨਿਸਟ ਆਗੂ ਵੱਜੋਂ ਨਵੇਕਲੀ ਪਛਾਣ ਰੱਖਦੇ ਹਨ। ਨਵਾਂ ਜ਼ਮਾਨਾ ਦੇ ਕਾਰਜਕਾਰੀ ਸੰਪਾਦਕ ਸ਼੍ਰੀ ਜਤਿੰਦਰ ਪੰਨੂ ਨੇ ਆਖਿਆ ਕਿ ਆਨੰਦ ਜੀ ਸਾਡੇ ਲਈ ਅਥਾਹ ਊਰਜਾ ਵਾਂਗ ਹਨ ਅਤੇ ਉਹਨਾਂ ਦੀ ਨੇੜਤਾ ਕਾਰਨ ਹੀ ਸਾਡੀ ਸਿਰਜਣਾਤਮਕ ਪ੍ਰਤਿਭਾ ਵਿਕਸਤ ਹੋਈ ਹੈ।
ਡਾ ਰਜਨੀਸ਼ ਬਹਾਦਰ ਸਿੰਘ ਨੇ ਆਖਿਆ ਕਿ ਆਨੰਦ ਜੀ ਦੀ ਬਹੁ-ਦਿਸ਼ਾਵੀ ਸ਼ਖ਼ਸੀਅਤ ਨੂੰ ਇਸ ਗ੍ਰੰਥ ਵਿਚ ਸਮੇਟਨਾ ਬਡ਼ਾ ਮੁਸ਼ਕਲ ਕਾਰਜ ਸੀ, ਪਰ ਲੇਖਕਾਂ ਦੇ ਸਹਿਯੋਗ ਨਾਲ ਇਹ ਸੰਪੂਰਨ ਹੋ ਸਕਿਆ ਹੈ। ਇਸ ਕਾਰਜ ਲਈ ਪੰਜਾਬੀ ਸਾਹਿਤ ਅਕਾਡਮੀ ਅਤੇ ਰੂਪ ਸਿੰਘ ਰੂਪਾ ਮੁਬਾਰਕ ਦੇ ਹੱਕਦਾਰ ਹਨ। ਜਗਜੀਤ ਸਿੰਘ ਆਨੰਦ ਜੀ ਦੇ ਸਪੁੱਤਰ ਸ਼੍ਰੀ ਸੁਕੀਰਤ ਨੇ ਆਖਿਆ ਕਿ ਉਹਨਾਂ ਦਾ ਆਪਣੇ ਬਾਪ ਨਾਲ ਫ਼ਾਸਲੇ ਅਤੇ ਨੇੜਤਾ ਦਾ ਰਿਸ਼ਤਾ ਰਿਹਾ ਹੈ, ਪਰ ਪਿਛਲੇ ਕੁਝ ਸਮੇਂ ਤੋਂ ਉਹ ਮਹਿਸੂਸ ਕਰਦੇ ਹਨ ਕਿ ਉਹਨਾਂ ਨੇ ਪਰਿਵਾਰਕ ਗਰਜ਼ਾਂ ਦੀ ਥਾਂ ਸਮਾਜਕ ਫ਼ਰਜ਼ਾਂ ਨੂੰ ਪਹਿਲ ਦੇ ਕੇ ਆਪਣਾ ਆਪ ਨਿਰਲੇਪ ਰੱਖਿਆ ਹੈ। ਸ ਰੂਪ ਸਿੰਘ ਰੂਪਾ ਨੇ ਸੰਬੋਧਨ ਕਰਦਿਆਂ ਆਖਿਆ ਕਿ ਮੈਂ ਮਾਸਟਰ ਬਾਬੂ ਸਿੰਘ ਰਾਮਪੁਰਾ ਫੂਲ ਦੀ ਉਂਗਲ ਫੜ ਕੇ ਟਰੇਡ ਯੂਨੀਅਨ ਲਹਿਰ ਵਿਚ ਉਤਰਿਆ ਸੀ, ਪਰ ਕੌਮੀ ਪਛਾਣ ਸ ਜਗਜੀਤ ਸਿੰਘ ਆਨੰਦ ਨੇ ਦਿਵਾਈ। ਉਹ ਇੱਕੋ ਵੇਲੇ ਮੇਰੇ ਆਗੂ, ਸ਼ਕਤੀ ਅਤੇ ਰਾਹ-ਦਸੇਰਾ ਸਨ। ਉਹਨਾਂ ਦੇ ਆਦਰ ਵਿਚ ਇਹ ਸਮਾਗਮ ਬਹੁਤ ਨਿਮਾਣਾ ਯਤਨ ਹੈ। ਨਾਮਧਾਰੀ ਦਰਬਾਰ ਸ਼੍ਰੀ ਭੈਣੀ ਸਾਹਬ ਵੱਲੋਂ ਸ ਹਰਪਾਲ ਸਿੰਘ ਸੇਵਕ ਨੇ ਆਖਿਆ ਕਿ ਸਤਿਗੁਰੂ ਜਗਜੀਤ ਸਿੰਘ ਜੀ ਨਾਲ ਸ ਜਗਜੀਤ ਸਿੰਘ ਆਨੰਦ ਦੇ ਵਿਸ਼ਵ ਸ਼ਾਂਤੀ ਅਤੇ ਸਾਂਝੀਵਾਲਤਾ ਦੇ ਹਵਾਲੇ ਨਾਲ ਬਹੁਤ ਨੇੜਲੇ ਸੰਬੰਧ ਸਨ। ਵਰਤਮਾਨ ਸਤਿਗੁਰੂ ਉਦੈ ਸਿੰਘ ਜੀ ਵੀ ਸ ਆਨੰਦ ਦੇ ਲਈ ਸ਼ੁਭ ਚਿੰਤਨ ਰੱਖਦੇ ਹਨ, ਇਸੇ ਕਰਕੇ ਅੱਜ ਸ ਅਜੀਤ ਸਿੰਘ ਲਾਇਲ, ਸ ਰਛਪਾਲ ਸਿੰਘ ਸੇਵਕ ਅਤੇ ਉਨਾਂ ਦੀਅ ਅਗੁਵਾਈ ਵਿਚ ਨਾਮਧਾਰੀ ਦਰਬਾਰ ਵੀ ਪੰਜਾਬੀ ਭਵਨ ਵਿਚ ਹਾਜ਼ਰ ਹੋਇਆ ਹੈ।
ਇਸ ਮੌਕੇ ਉਘੇ ਲੇਖਕ ਪ੍ਰੋ ਰਵਿੰਦਰ ਭੱਠਲ, ਅਕਾਡਮੀ ਦੇ ਮੀਤ ਪ੍ਰਧਾਨ ਡਾ ਗੁਰਇਕਬਾਲ ਸਿੰਘ, ਡਾ ਜੁਗਿੰਦਰ ਸਿੰਘ ਨਿਰਾਲਾ, ਸਕੱਤਰ ਸੁਰਿੰਦਰ ਕੈਲੇ, ਡਾ ਗੁਲਜ਼ਾਰ ਪੰਧੇਰ, ਕਾਰਜਕਾਰਨੀ ਮੈਂਬਰ ਤਰਸੇਮ ਬਰਨਾਲਾ, ਖੁਸ਼ਵੰਤ ਬਰਗਾੜੀ, ਅਮਰਜੀਤ ਸੂਫ਼ੀ, ਮੇਜਰ ਸਿੰਘ ਗਿੱਲ ਬਰਨਾਲਾ, ਤਰਲੋਚਨ ਝਾਡੇ, ਜਸਵੰਤ ਸਿੰਘ ਪੀ ਏ ਯੂ, ਗਿਆਨੀ ਗੁਰਦੇਵ ਸਿੰਘ ਨਿਹਾਲ ਸਿੰਘ ਵਾਲਾ, ਡਾ ਲਾਭ ਸਿੰਘ ਖੀਵਾ, ਸ ਚਰਨਜੀਤ ਸਿੰਘ ਯੂ ਐਸ ਏ, ਸ ਸਰੂਪ ਸਿੰਘ ਅਲੱਗ, ਸ ਹਕੀਕਤ ਸਿੰਘ ਮਾਂਗਟ, ਡਾ ਸਰਦਾਰ ਸਿੰਘ ਪੁਆਰ, ਸ ਵਿਸਾਖਾ ਸਿੰਘ, ਸਰਵਣ ਸਿੰਘ ਜ਼ਫ਼ਰ, ਹਰੀ ਕ੍ਰਿਸ਼ਨ ਮਾਇਰ, ਡਾ ਅਮਰਜੀਤ ਸਿੰਘ ਗੋਰਕੀ, ਜਸਵੰਤ ਸਿੰਘ ਅਮਨ, ਭਗਵੰਤ ਰਸੂਲਪੁਰੀ, ਡਾ ਜਗਵਿੰਦਰ ਜੋਧਾ, ਸ਼ਿੰਗਾਰਾ ਸਿੰਘ, ਭਗਵਾਨ ਢਿੱਲੋਂ, ਹਰਮੀਤ ਵਿਦਿਆਰਥੀ, ਗਿਆਨ ਸੈਦਪੁਰੀ, ਕੇਵਲ ਦੀਵਾਨਾ, ਦੀਪ ਜਗਦੀਪ, ਅੰਮ੍ਰਿਤਬੀਰ ਕੌਰ, ਸਵਰਨ ਸਿੰਘ ਸਨੇਹੀ, ਦਰਸ਼ਨ ਸਿੰਘ ਓਬਰਾਏ, ਹਰਕੇਸ਼ ਸਿੰਘ ਕਹਿਲ, ਗੁਰਦੀਸ਼ ਕੌਰ ਗਰੇਵਾਲ, ਬਲਵਿੰਦਰ ਸਿੰਘ ਅੋਲਖ, ਦਲਬੀਰ ਲੁਧਿਆਣਵੀ, ਤਰਸੇਮ ਨੂਰ, ਅਮਰਜੀਤ ਸ਼ੇਰਪੁਰੀ, ਰਿਤੂ ਕਲਸੀ, ਜੀਤ ਕੁਮਾਰੀ, ਸਤੀਸ਼ ਗੁਲਾਟੀ, ਪਵਨ ਗੁਲਾਟੀ, ਬੁੱਧ ਸਿੰਘ ਨੀਲੋਂ, ਜਸਬੀਰ ਸਿੰਘ ਮਾਂਹਪੁਰ, ਇੰਦਰਜੀਤਪਾਲ ਕੌਰ ਭਿੰਡਰ ਸਮੇਤ ਕਈ ਹੋਰ ਸਿਰਕੱਢ ਲੇਖਕ ਸ਼ਖ਼ਸੀਅਤਾਂ ਹਾਜ਼ਰ ਸਨ।

ਡਾ. ਗੁਲਜ਼ਾਰ ਸਿੰਘ ਪੰਧੇਰ 

ਪ੍ਰੈੱਸ ਸਕੱਤਰ, 
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ
ਇਸ ਗੱਲ ਨੂੰ ਭੁੱਲ ਜਾਓ ਕਿ ਮੈਂ ਇੱਕ ਪੱਤਰਕਾਰ ਹਾਂ-ਜਤਿੰਦਰ ਪਨੂੰ
No comments: