Wednesday, February 27, 2013

ਆਰੀਆ ਕਾਲਜ ਦੀ ਦੋ ਰੋਜ਼ਾ 66ਵੀਂ ਸਾਲਾਨਾ ਐਥਲੈਟਿਕ ਮੀਟ

ਕਾਲਜ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਕੀਤਾ ਐਲਾਨ
*ਚਰਨਜੀਤ ਸਿੰਘ ਅਟਵਾਲ ਨੇ ਕੀਤੀ ਅੰਤਿਮ ਦਿਨ ਸਮਾਗਮ 'ਚ ਸ਼ਿਰਕਤ
*ਵਿਦਿਆਰਥੀ ਪੰਜਾਬ ਦੇ ਅਮੀਰ ਸੱਭਿਆਚਾਰਕ ਵਿਰਸੇ ਨਾਲ ਜੁੜ ਕੇ ਇਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਅੱਗੇ ਆਉਣ
*ਸ੍ਰ. ਸੁਖਬੀਰ ਸਿੰਘ ਬਾਦਲ ਨੇ ਭੁੱਲੀ ਵਿਸਰੀ ਮਾਂ-ਖੇਡ ਕਬੱਡੀ ਨੂੰ ਅੰਤਰ-ਰਾਸ਼ਟਰੀ ਪੱਧਰ 'ਤੇ ਪਹੁੰਚਾਇਆ
ਲੁਧਿਆਣਾ 27 ਫ਼ਰਵਰੀ:(ਪੰਜਾਬ ਸਕਰੀਨ//ਐਸ ਕੇ ਗੋਗਨਾ): ਵਿਦਿਆਰਥੀਆਂ ਨੂੰ ਪੰਜਾਬ ਦੀ ਅਮੀਰ ਸੱਭਿਅਤਾ, ਇਤਿਹਾਸ ਅਤੇ ਸੱਭਿਆਚਾਰਕ ਵਿਰਸੇ ਨਾਲ ਜੁੜ ਕੇ ਇਸ ਨੂੰ ਹੋਰ ਪ੍ਰਫੁੱਲਤ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ ਤਾਂ ਜੋ  ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਸਦੀਵੀ ਯਾਦ ਰੱਖ ਸਕਣ।

 ਇਹ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਨੇ ਅੱਜ ਆਰੀਆ ਕਾਲਜ ਦੀ ਦੋ ਰੋਜ਼ਾ 66ਵੀਂ ਸਾਲਾਨਾ ਐਥਲੈਟਿਕ ਮੀਟ ਦੇ ਅੰਤਿਮ ਦਿਨ ਹੋਏ ਇੱਕ ਯਾਦਗਾਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।
 ਸ. ਅਟਵਾਲ ਨੇ ਕਿਹਾ ਕਿ ਵਿਦਿਆਰਥੀ-ਜੀਵਨ ਜ਼ਿੰਦਗੀ 'ਚ ਅਹਿਮ ਸਥਾਨ ਰੱਖਦਾ ਹੈ ਅਤੇ ਵਿਦਿਆਰਥੀ ਵਰਗ ਸਮਾਜ ਵਿੱਚ ਪਣਪ ਰਹੀਆਂ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਲਈ ਮਹੱਤਵ-ਪੂਰਣ ਰੋਲ ਅਦਾ ਕਰ ਸਕਦਾ ਹੈ। ਉਹਨਾਂ ਵਿਦਿਆਰਥੀਆਂ ਨੂੰ ਅਤੇ ਉਸਾਰੂ ਸੋਚ ਦੇ ਧਾਰਨੀ ਬਣਨ ਅਤੇ ਖੇਡਾਂ 'ਚ ਵਧੇਰੇ ਦਿਲਚਸਪੀ ਲੈਣ ਲਈ ਵੀ ਪ੍ਰੇਰਿਤ ਕੀਤਾ, ਤਾਂ ਜੋ ਉਹ ਖੇਡਾਂ ਦੇ ਖੇਤਰ ਵਿੱਚ ਵੱਡੀਆਂ ਮੱਲਾਂ ਮਾਰ ਕੇ ਸੂਬੇ ਅਤੇ ਦੇਸ਼ ਦਾ ਨਾਂ ਚਮਕਾ ਸਕਣ।ਉਹਨਾਂ ਕਿਹਾ ਕਿ ਦੇਸ਼ ਦੀ ਧਰਤੀ ਨੇ ਹਾਕੀ ਅਤੇ ਪਹਿਲਵਾਨੀ ਦੇ ਖੇਤਰ 'ਚ ਧਿਆਨ ਚੰਦ, ਬਲਵੀਰ ਸਿੰਘ, ਗਾਮੇ ਪਹਿਲਵਾਨ, ਕਿੱਕਰ ਸਿੰਘ ਤੇ ਦਾਰਾ ਸਿੰਘ ਵਰਗੇ ਅਨੇਕਾਂ ਖਿਡਾਰੀ ਪੈਦਾ ਕੀਤੇ, ਜਿੰਨਾਂ ਸਦਕਾ ਪੰਜਾਬ ਦੀ ਖੇਡਾਂ ਦੇ ਖੇਤਰ ਵਿੱਚ ਸਰਦਾਰੀ ਰਹੀ। ਉਹਨਾਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਕਿਸੇ ਕਾਰਣਾਂ ਕਰਕੇ  ਰਾਜ ਖੇਡਾਂ ਦੇ ਖੇਤਰ ਵਿੱਚ ਪਛੜ ਗਿਆ ਸੀ, ਪਰੰਤੂ ਉਪ ਮੁੱਖ ਮੰਤਰੀ ਪੰਜਾਬ ਸ੍ਰ. ਸੁਖਬੀਰ ਸਿੰਘ ਬਾਦਲ ਨੇ ਹਾਕੀ ਅਤੇ ਹੋਰ ਖੇਡਾਂ ਦੇ ਨਾਲ-ਨਾਲ ਭੁੱਲੀ ਵਿਸਰੀ ਮਾਂ-ਖੇਡ ਕਬੱਡੀ ਨੂੰ ਲਗਾਤਾਰ ਤਿੰਨ ਵਾਰ ਵਿਸ਼ਵ ਕਬੱਡੀ ਕੱਪ ਕਰਵਾ ਕੇ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਇਆ। 
 ਸ. ਅਟਵਾਲ ਨੇ ਕਿਹਾ ਕਿ ਪ੍ਰਾਇਮਰੀ ਸਿੱਖਿਆ ਦੀ ਮਜ਼ਬੂਤੀ ਤੋਂ ਬਗੈਰ ਕੋਈ ਵੀ ਸੂਬਾ ਜਾਂ ਦੇਸ਼ ਤਰੱਕੀ ਨਹੀਂ ਕਰ ਸਕਦਾ। ਉਹਨਾਂ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਪ੍ਰਾਇਮਰੀ ਸਿੱਖਿਆ ਦੀ ਮਜ਼ਬੂਤੀ ਲਈ ਕੰਮ ਕਰਨ ਦੀ ਅਪੀਲ ਕੀਤੀ, ਤਾਂ ਜੋ ਪੇਂਡੂ ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀ ਮਿਆਰੀ ਸਿੱਖਿਆ ਹਾਸਲ ਕਰਕੇ ਦੇਸ਼ ਦੇ ਚੰਗੇ ਨਾਗਰਿਕ ਬਣਨ ਦੇ ਯੋਗ ਹੋ ਸਕਣ।  
  ਇਸ ਮੌਕੇ 'ਤੇ ਸ. ਅਟਵਾਲ ਨੇ ਵੱਖ-ਵੱਖ ਖੇਡਾਂ ਵਿੱਚ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਤਮਗੇ ਭੇਂਟ ਕੀਤੇ ਅਤੇ ਕਾਲਜ ਪ੍ਰਬੰਧਕਾਂ ਵੱਲੋਂ ਸ. ਅਟਵਾਲ ਨੂੰ ਸਨਮਾਨਿਤ ਕੀਤਾ ਗਿਆ। 
 ਇਹਨਾਂ ਖੇਡ ਸਰਗਰਮੀਆਂ ਅਤੇ ਵਿਦਿਅਕ ਅਦਾਰਿਆਂ ਨੂੰ ਹੋਰ ਮਜਬੂਤ  ਕਰਨ ਲਈ ਸ. ਅਟਵਾਲ ਨੇ ਕਾਲਜ ਨੂੰ 2 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਵੀ ਕੀਤਾ। 
 ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸ. ਸੰਤਾ ਸਿੰਘ ਉਮੈਦਪੁਰੀ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ, ਪ੍ਰੋ: ਰਾਜਿੰਦਰ ਭੰਡਾਰੀ ਸਾਬਕਾ ਪ੍ਰਧਾਨ ਭਾਜਪਾ ਪੰਜਾਬ, ਸ੍ਰੀ ਜੀਵਨ ਮੋਹਨ ਧਵਨ, ਕਾਲਜ ਦੇ ਪ੍ਰਿੰਸੀਪਲ ਡਾ: ਆਰ.ਸੀ.ਤੇਜਪਾਲ, ਸਪੋਰਟਸ ਪ੍ਰਧਾਨ ਸ੍ਰੀ ਵੀ.ਕੇ.ਭਾਰਦਵਾਜ਼, ਸਪੋਰਟਸ ਸਕੱਤਰ ਡਾ: ਪਰਮਿੰਦਰ ਸਿੰਘ, ਸ੍ਰੀ ਸੁਦਰਸ਼ਨ ਸ਼ਰਮਾ ਅਤੇ ਕਾਲਜ ਦੇ ਅਧਿਆਪਕ ਤੇ ਵਿਦਿਆਰਥੀ ਹਾਜ਼ਰ ਸਨ। 
----------------

ਫ਼ੋਟੋ ਕੈਪਸ਼ਨ (1)- ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਆਰੀਆ ਕਾਲਜ ਦੀ ਦੋ ਰੋਜ਼ਾ 66ਵੀਂ ਸਾਲਾਨਾ ਐਥਲੈਟਿਕ ਮੀਟ ਦੇ ਜੇਤੂ ਵਿਦਿਆਰਥੀਆਂ ਨੂੰ ਤਮਗੇ ਭੇਂਟ ਕਰਦੇ ਹੋਏ।
ਫ਼ੋਟੋ ਕੈਪਸ਼ਨ (2)- ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਆਰੀਆ ਕਾਲਜ ਦੋ ਰੋਜ਼ਾ 66ਵੀਂ ਸਾਲਾਨਾ ਐਥਲੈਟਿਕ ਮੀਟ ਸਮਾਗਮ ਨੂੰ ਸੰਬੋਧਨ ਕਰਦੇ ਹੋਏ।

ਫ਼ੋਟੋ ਕੈਪਸ਼ਨ (3)- ਸ. ਚਰਨਜੀਤ ਸਿੰਘ ਅਟਵਾਲ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਆਰੀਆ ਕਾਲਜ ਦੇ ਪ੍ਰਬੰਧਕ ਸਨਮਾਨਿਤ ਕਰਦੇ ਹੋਏ।
------------------------------------

No comments: