Wednesday, January 30, 2013

ਕਰੋੜਪਤੀ ਗੁਰਜਿੰਦਰ ਵੀ ਹਾਕੀ ਤੋਂ ਹੋਇਆ ਵਾਂਝਾ

ਇਹ ਖਿਡਾਰੀ ਆਈ ਓ ਸੀ ਹਾਕੀ ਟੂਰਨਾਮੈਟ ਤੱਕ ਵੀ ਅਪੜਿਆ                                                            
                                                                                 -ਰਣਜੀਤ ਸਿੰਘ ਪ੍ਰੀਤ
       ਚੰਡੀਗੜ ਕੋਮਿਟਸ ਵੱਲੋਂ ਵਿਸ਼ਵ ਸੀਰੀਜ਼ ਹਾਕੀ  ਵਿੱਚ ਲੋਹਾ ਮੰਨਵਾਉਣ ਵਾਲੇ ਗੁਰਜਿੰਦਰ ਨੂੰ ਹੁਣ ਉੱਕਾ ਹੀ ਬੇ-ਧਿਆਂਨਾ ਕੀਤਾ ਹੋਇਆ ਹੈ । ਕੁੱਝ ਹੋਰਨਾਂ ਖਿਡਾਰੀਆਂ ਵਾਂਗ ਹਾਕੀ ਲੀਗ ਲਈ ਉਸਨੂੰ ਵੀ ਕਿਸੇ ਨੇ ਯਾਦ ਨਹੀਂ ਕੀਤਾ। ਉਹਦੀ ਖੇਡ ਨੂੰ ਵੀ ਰਾਜਨੀਤੀ ਦਾ ਗ੍ਰਹਿਣ ਲੱਗ ਗਿਆ ਏ । ਵਿਸ਼ਵ ਸੀਰੀਜ਼ ਹਾਕੀ ਦੌਰਾਂਨ  ਸੁਰਖ਼ੀਆਂ ਦਾ ਸ਼ਿੰਗਾਰ ਬਣੇ ਚੰਡੀਗੜ ਕੋਮਿਟਸ ਵੱਲੋਂ ਖੇਡਣ ਵਾਲੇ ਇਸ ਹਾਕੀ ਖਿਡਾਰੀ ਗੁਰਜਿੰਦਰ ਸਿੰਘ ਦਾ ਜਨਮ ਪਹਿਲੀ ਅਪ੍ਰੈਲ 1994 ਨੂੰ ਪਿੰਡ ਸੰਗਤਪੁਰ ਜ਼ਿਲ ਗੁਰਦਾਸਪੁਰ ਵਿਖੇ ਪਿਤਾ ਸਰਵਣ ਸਿੰਘ ਦੇ ਘਰ ਹੋਇਆ। ਇਸ ਡਰੈਗ ਫਲਿੱਕਰ ਨੇ 10 ਸਾਲ ਦੀ ਉਮਰ ਵਿੱਚ ਬਟਾਲਾ ਦੀ ਚੀਮਾ ਅਕੈਡਮੀ ਵਿੱਚ ਪ੍ਰਵੇਸ਼ ਪਾਇਆ ਅਤੇ ਹਾਕੀ ਖੇਡਣੀ ਸ਼ੁਰੂ ਕੀਤੀ।।ਚੰਡੀਗੜ ਵਿਖੇ ਹਾਕੀ ਦੇ ਨਾਲ ਨਾਲ ਫੁੱਟਬਾਲ ਖੇਡਣਾਂ ਅਤੇ ਪੜਨਾ ਵੀ ਜਾਰੀ ਰੱਖਿਆ। ਚੰਡੀਗੜ ਦੇ ਸੈਕਟਰ 42 ਵਿਚਲੇ ਖੇਡ ਮੈਦਾਨ ਵਿੱਚ ਅਭਿਆਸ ਕਰਦੇ ਗੁਰਜਿੰਦਰ ਨੂੰ ਚੀਮਾਂ ਅਕੈਡਮੀ ਦਾ ਬਹੁਤ ਸਹਿਯੋਗ ਮਿਲਦਾ ਰਿਹਾ।। ਅਕੈਡਮੀ ਦੇ ਡਾਇਰੈਕਟਰ ਡਾਕਟਰ ਗੁਰਮੀਤ ਸਿੰਘ ਨੇ ਖੇਡਾਂ ਲਈ ਬਹੁਤ ਉਤਸ਼ਾਹਤ ਕੀਤਾ ।। ਸਮੇ ਸਮੇ ਉਹ ਗੁਰਜਿੰਦਰ ਨੂੰ ਖੇਡ ਦੇ ਦਾਅ-ਪੇਚ ਵੀ ਸਿਖਾਉਂਦੇ ਰਹੇ।। ਖੇਡ ਤਕਨੀਕ ਅਤੇ ਖੇਡ ਬਰੀਕੀਆਂ ਬਾਬਤ ਵੀ ਦਸਦੇ ਰਹੇ।।ਜਿਸ ਦੀ ਬਦੌਲਤ ਇਹ ਖਿਡਾਰੀ ਆਈ ਓ ਸੀ ਹਾਕੀ ਟੂਰਨਾਮੈਟ ਤੱਕ ਵੀ ਅਪੜਿਆ। 
                 ਗੁਰਜਿੰਦਰ ਦੇ ਕੋਚ ਰਣਜੀਤ ਸਿੰਘ ਨੇ ਵੀ ਆਪਣੀ ਪੂਰੀ ਵਾਹ ਲਾਈ ਰੱਖੀ। ਕੋਚ ਨੇ ਸਖ਼ਤ ਮਿਹਨਤ ਕਰਨ ਦੀ ਆਦਤ ਪਾਈ ਅਤੇ ਮੇਨ ਟਾਰਗਿਟ ਗੋਲ ਕਰਨਾ ਦੱਸਿਆ। ਇਸ ਬਾਰੇ ਵਧੇਰੀ ਪ੍ਰੈਕਟਿਸ ਵੀ ਕਰਵਾਈ। ਗੁਰਜਿੰਦਰ ਭਾਰਤੀ ਜੂਨੀਅਰ ਹਾਕੀ ਟੀਮ ਵੱਲੋਂ ਵੀ ਖੇਡਿਆ ,ਅਤੇ ਹੁਣ ਮੁੱਖ ਟੀਮ ਵਿੱਚ ਦਾਖ਼ਲਾ ਪਾਉਣ ਦਾ ਵੀ ਮੁੱਖ ਦਾਅਵੇਦਾਰ ਬਣ ਗਿਆ ਹੈ।। ਮਨਪਸੰਦ ਕੋਚ ਜੁਗਰਾਜ ਸਿੰਘ ਨੂੰ ਉਹ ਹਮੇਸ਼ਾਂ ਆਪਣੇ ਨਾਲ ਨਾਲ ਵਿਚਰਦਾ ਅਤੇ ਕੰਨਾਂ ਵਿੱਚ ਬੋਲਦਾ ਸੁਣਾਈ ਦਿਆ ਕਰਦਾ ਹੈ। ਪਰ ਇਹਦੀ ਖੇਡ ਜਥੇਬੰਦੀਆਂ ਦੀ ਖਹਿਬਾਜ਼ੀ ਦਾ ਸ਼ਿਕਾਰ ਹੋ ਗਈ । ਉਹੀ ਗੱਲ ਸੱਚ ਜਾਪੀ ਕਿ ਸਾਨ ਦੀ ਲੜਾਈ ਵਿੱਚ ਮਾਰੀ ਤਾਂ ਫ਼ਸਲ ਹੀ ਜਾਂਦੀ ਹੈ । 
              ਪਹਿਲੀ ਅਪ੍ਰੈਲ 2012 ਦਾ ਦਿਨ ਗੁਰਜਿੰਦਰ ਲਈ ਭੁਲਾਉਣਾ ਬਹੁਤ ਔਖਾ ਹੈ। ਜਿਸ ਦਿਨ ਉਹ ਆਪਣੇ 18 ਵੇਂ ਜਨਮ ਦਿਨ ਨੂੰ ਜਿੱਤ ਦੀ ਖੁਸ਼ੀ ਨਾਲ ਨਾ ਮਨਾ ਸਕਿਆ। ਸੈਮੀਫਾਈਨਲ ਵਿੱਚ ਉਹਦੀ ਟੀਮ ਪੂਨਾ ਸਟਰਾਈਕਰਜ਼  ਤੋਂ 4-1 ਨਾਲ ਅੱਗੇ ਸੀ।। ਪਰ ਪੂਨਾ ਨੇ ਵਾਪਸੀ ਕਰਦਿਆਂ ਮੈਚ 4-4 ਨਾਲ ਬਰਾਬਰ ਕਰ ਲਿਆ। ਵਾਧੂ ਸਮੇ ਪਿੱਛੋਂ ਪਨੈਲਟੀ ਸਟਰੌਕਸ ਜ਼ਰੀਏ ਪੂਨਾ ਸਟਰਾਈਕਰਜ਼3-2 ਨਾਲ ਜੇਤੂ ਬਣਕੇ ਫ਼ਾਈਨਲ ਵਿੱਚ ਪਹੁੰਚੀ। ਇਸ ਮੈਚ ਵਿੱਚ ਜਿੱਥੇ ਗੁਰਜਿੰਦਰ ਨੂੰ ਪੀਲੇ ਕਾਰਡ ਦੇ ਦਰਸ਼ਨ ਕਰਨੇ ਪਏ। ਉਥੇ ਉਸ ਨੇ ਦੋ ਗੋਲ ਵੀ ਕੀਤੇ। ਇਹਨਾਂ ਵਿੱਚੋਂ ਇੱਕ ਪਨੈਲਟੀ ਸਟਰੌਕ ਵਾਲਾ ਸੀ। 
               ਚੰਡੀਗੜ ਕੋਮਿਟਸ ਦੀ ਟੀਮ ਨੇ ਪਹਿਲਾ ਮੈਚ ਉਦਘਾਟਨੀ ਮੈਚ ਵਜੋਂ 29 ਫਰਵਰੀ ਨੂੰ ਭੂਪਾਲ ਬਾਦਸ਼ਾਹਸ ਵਿਰੁੱਧ 4-3 ਨਾਲ ਹਾਰਿਆ। ਭਾਵੇ ਇਸ ਮੈਚ ਵਿੱਚ ਗੁਰਜਿੰਦਰ ਦੇ ਦੋ ਗੋਲ ਸ਼ਾਮਲ ਸਨ। ਮੁੰਬਈ ਮਾਰਿਨਜ਼ ਵਿਰੁੱਧ 4 ਮਾਰਚ ਨੂੰ ਵੀ ਇਸ ਖਿਡਾਰੀ ਨੇ 2 ਗੋਲ ਕੀਤੇ। ਇੱਕ ਹਰੇ ਕਾਰਡ ਦੇ ਦਰਸ਼ਨ ਪਾਉਂਦਿਆਂ 8 ਮਾਰਚ ਨੂੰ ਸ਼ੇਰੇ-ਇ-ਪੰਜਾਬ ਵਿਰੁੱਧ ਵੀ ਦੋ ਗੋਲ ਕਰਨ ਵਿੱਚ ਸਫਲਤਾ ਹਾਸਲ ਕੀਤੀ। ਪੂਨਾ ਸਟਰਾਈਕਰਜ਼ ਖਿਲਾਫ 11 ਅਤੇ 19 ਮਾਰਚ ਨੂੰ, ਚੰਡੀਗੜ ਵਿਰੁੱਧ 14 ਮਾਰਚ ਨੂੰ,ਚੇਨੱਈ ਚੀਤਾਜ਼ ਖਿਲਾਫ 26 ਮਾਰਚ ਨੂੰ,ਮੁੰਬਈ ਵਿਰੁੱਧ 28 ਮਾਰਚ ਨੂੰ 1-1 ਗੋਲ ਕੀਤਾ। ਜਦੋਂ ਕਿ ਕਰਨਾਟਕਾ ਲਾਇਨਜ਼ ਵਿਰੁੱਧ 29 ਮਾਰਚ ਨੂੰ ਹਰਾ ਕਾਰਡ ਵੇਖਦਿਆਂ 4 ਗੋਲ ਕੀਤੇ। ਦਿੱਲੀ ਵਿਜ਼ਾਰਡਜ਼ ਖਿਲਾਫ 20 ਮਾਰਚ ਨੂੰ 2 ਗੋਲ ਕਰਦਿਆਂ 15 ਮੈਚਾਂ ਵਿੱਚ 19 ਗੋਲ ਕਰਨ ਦਾ ਰਿਕਾਰਡ ਬਣਾਉਂਦਿਆਂ, ਰਾਕ ਸਟਾਰ ਖਿਤਾਬ ਤੱਕ ਅਪੜਿਆ ਅਤੇ ਇੱਕ ਕਰੋੜ ਰੁਪਿਆ ਹਾਸਲ ਕੀਤਾ। ਇਮਰਾਨ ਵਾਰਸੀ ਨੇ ਵੀ ਏਨੇ ਹੀ ਗੋਲ ਕੀਤੇ ਅਤੇ ਉਹ ਗੁਰਜਿੰਦਰ ਦੇ ਨਾਲ ਗੋਲਡਨ ਸਟਿੱਕ ਐਵਾਰਡ ਹਾਸਲ ਕਰਨ ਵਿੱਚ ਸਫ਼ਲ ਹੋਇਆ। ।ਇਸ ਦੇ ਨਾਲ ਹੀ ਇਹਨਾਂ ਨੂੰ 25 ਲੱਖ ਰੁਪਏ ਵੀ ਮਿਲੇ।। ਗੁਰਜਿੰਦਰ ਪਹਿਲਾ ਅਜਿਹਾ ਹਾਕੀ ਖਿਡਾਰੀ ਹੈ ਜੋ ਏਨੀ ਛੋਟੀ ਉਮਰ ਵਿੱਚ ਕਰੋੜਪਤੀ ਬਣਿਆਂ ਹੈ। ਬਹੁਤ ਦੁਖਿਦ  ਗੱਲ ਹੈ ਕਿ ਅਜਿਹੇ ਧੜੱਲੇਦਾਰ ਖਿਡਰੀ ਵੀ ਰਾਜਨੀਤੀ ਦੀ ਭੇਟ ਚੜ ਕਿ ਖੇਡ ਮੈਦਾਨ ਵਿੱਚ ਖੇਡਣ ਤੋਂ ਵਾਂਝੇ ਰਹਿ ਜਾਂਦੇ ਹਨ । ਭਾਰਤੀ ਟੀਮ ਨੂੰ ਅਜਿਹੇ ਖਿਡਾਰੀਆਂ ਦੀ ਚੋਣ ਓਲੰਪਿਕ ਲਈ ਵੀ ਕਰਨੀ ਚਾਹੀਦੀ ਸੀ। ਪਰ ਇਹ ਹੋ ਨਹੀਂ ਸਕਿਆ । ਅਜਿਹੀ ਗੱਲ ਹੀ ਵਰਲਡ ਸੀਰੀਜ਼ ਹਾਕੀ ਦੀ ਜੇਤੂ ਟੀਮ ਸ਼ੇਰ-ਇ-ਪੰਜਾਬ ਦੇ ਕਪਤਾਨ ਪ੍ਰਭਜੋਤ ਸਿੰਘ ਨੇ ਆਖੀ ਸੀ। ਜਿਸ ਨਾਲ ਓਲੰਪਿਕ ਟੀਮ ਨੂੰ ਹੋਰ ਮਜ਼ਬੂਤੀ ਮਿਲ ਸਕਦੀ ਸੀ। ਨਿੱਜੀ ਹਿਤਾਂ ਤੋਂ ਪਹਿਲਾਂ ਕੌਮੀ ਹਿਤ ਵਿਚਾਰੇ ਜਾਣੇ ਜ਼ਰੂਰੀ ਹਨ।। ਪਰ ਇਸ ਬਾਰੇ ਤਾਂ ਸਮਾਂ ਹੀ ਦੱਸੇਗਾ ਕਿ ਖੇਡ ਭਾਵਨਾਂ ਦੀ ਜਿੱਤ ਹੁੰਦੀ ਹੈ,ਜਾਂ ਪਹਿਲਾਂ ਵਾਂਗ ਹੀ ਰਾਜਨੀਤੀ ਦੇ ਪਨੈਲਟੀ ਕਾਰਨਰ ਜਾਰੀ ਰਹਿੰਦੇ ਹਨ ?

  --ਰਣਜੀਤ ਸਿੰਘ ਪ੍ਰੀਤ
ਭਗਤਾ-151206 (ਬਠਿੰਡਾ)
ਮੁਬਾਇਲ ਸੰਪਰਕ;98157-07232

No comments: