Friday, November 23, 2012

ਗ਼ਦਰ ਲਹਿਰ ਦੀ ਵੀਰਾਂਗਣ-ਗੁਲਾਬ ਕੌਰ

ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਪਰ ਪਾਰਟੀ ਭੇਦ ਨਹੀਂ ਦੱਸੇ
ਫਰੰਗੀਆਂ (ਅੰਗਰੇਜ਼ਾਂ) ਨੂੰ ਹਿੰਦੋਸਤਾਨ 'ਚੋਂ ਕੱਢਣ ਅਤੇ ਹਿੰਦੀਆਂ ਨੂੰ ਗੁਲਾਮਾਂ ਵਾਲੀ ਜ਼ਿੰਦਗੀ ਤੋਂ ਆਜ਼ਾਦ ਕਰਾਉਣ ਲਈ ਪਰਦੇਸੀ ਹਿੰਦੀਆਂ ਵੱਲੋਂ ਅਮਰੀਕਾ ਤੋਂ ਸ਼ੁਰੂ ਕੀਤੀ ਲਹਿਰ ਇਹਨਾਂ ਵੱਲੋਂ ਕੱਢੇ ਜਾ ਰਹੇ ਪਰਚੇ ਗਦਰ ਦੇ ਨਾਮ ਨਾਲ ਮਸ਼ਹੂਰ ਹੋ ਗਈ ਅਤੇ ਜਲਦੀ ਹੀ ਬਦੇਸ਼ਾਂ ਤੋਂ ਹਿੰੰਦੋਸਤਾਨ ਵਿੱਚ ਫੈਲ ਗਈ। ਇਸਦਾ ਪ੍ਰੋਗਰਾਮ ਇਨਕਲਾਬੀ ਅਤੇ ਧਰਮ-ਨਿਰੱਖ ਸੀ। ਇਸਦਾ ਮਨੋਰਥ ਆਜ਼ਾਦੀ ਤੇ ਬਰਾਬਰੀ ਦੀਆਂ ਬੁਨਿਆਦਾਂ 'ਤੇ ਲੋਕਾਂ ਦੇ ਜਮਹੂਰੀ ਰਾਜ ਦੀ ਸਥਾਪਨਾ ਕਰਨਾ ਸੀ ਅਤੇ ਧਰਮ ਨੂੰ ਨਿੱਜੀ ਮਸਲਾ ਗਰਦਾਨਿਆਂ ਗਿਆ ਸੀ। 
ਇਸ ਗਦਰ ਲਹਿਰ ਤੋਂ ਪ੍ਰਭਾਵਤ ਹੋ ਕੇ ਬਹੁਤ ਸਾਰੇ ਹਿੰਦੀ ਨੌਕਰੀਆਂ, ਪਡ਼੍ਹਾਈਆਂ ਅਤੇ ਹੋਰ ਕਿੱਤੇ ਆਦਿ ਛੱਡ ਕੇ ਇਸ ਲਹਿਰ 'ਚ ਕੁੱਦ ਪਏ ਅਤੇ ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ, ਫਾਂਸੀ ਦੇ ਰੱਸਿਆਂ ਨੂੰ ਹੱਸਦਿਆਂ ਗਲੇ 'ਚ ਪਾਇਆ। ਇਹਨਾਂ 'ਚੋਂ ਕਰਤਾਰ ਸਿੰਘ ਸਰਾਭਾ, ਲਾਲਾ ਹਰਦਿਆਲ, ਸੋਹਣ ਸਿੰਘ ਭਕਨਾ, ਹਰਨਾਮ ਦਾਸ ਟੁੰਡੀਲਾਟ, ਭਾਈ ਕੇਸਰ ਸਿੰਘ ਠਾਠਗਡ਼੍ਹ ਸਮੇਤ ਅਨੇਕਾਂ ਹੀ ਗਦਰ ਲਹਿਰ ਅਤੇ ਲੋਕਾਂ ਦੇ ਹੀਰੋ ਬਣੇ। ਗਦਰ ਲਹਿਰ 'ਚ ਔਰਤਾਂ ਨੇ ਵੀ ਵਡਮੁੱਲਾ ਹਿੱਸਾ ਪਾਇਆ, ਪੈਗਾਮ ਰਸਾਈ, ਗੁਪਤ ਅੱਡੇ ਬਨਾਉਣ ਲਈ ਇਨਕਲਾਬੀਆਂ ਦੀਆਂ ਝੂਠੀਆਂ ਭੈਣਾਂ, ਪਤਨੀਆਂ ਬਣ ਕੇ ਕਿਰਾਏ 'ਤੇ ਮਕਾਨ ਦਵਾਉਣੇ, ਪੁਲਸ ਤੇ ਸੀ. ਆਈ. ਡੀ. ਨੂੰ ਧੋਖਾ ਦੇਣ ਲਈ ਭੇਸ ਵਟਾ ਕੇ ਇਨਕਲਾਬੀਆਂ ਨਾਲ ਸਫਰ ਕਰਨਾ, ਜਖਮੀ ਤੇ ਬਿਮਾਰ ਇਨਕਲਾਬੀਆਂ ਦੀ ਦੇਖਭਾਲ ਕਰਨਾ, ਔਰਤਾਂ ਦੀਆਂ ਮੀਟਿੰਗਾਂ ਕਰਕੇ ਔਰਤਾਂ ਨੂੰ ਗਦਰ ਲਹਿਰ 'ਚ ਸਰਗਰਮ ਕਰਨਾ, ਹਥਿਆਰ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾਣਾ, ਅਜਿਹੇ ਢੰਗਾਂ ਨਾਲ ਗਦਰ ਲਹਿਰ 'ਚ ਹਿੱਸਾ ਪਾਉਂਦਿਆਂ ਕਈ ਔਰਤਾਂ ਵਰੰਟਡ ਹੋਈਆਂ, ਜੇਲ੍ਹਾਂ ਕੱਟੀਆਂ, ਤਸੀਹੇ ਝੱਲੇ ਪਰ ਪਾਰਟੀ ਭੇਦ ਨਹੀਂ ਦੱਸੇ। ਗਦਰ ਲਹਿਰ ਦੇ ਵੱਡਮੁੱਲੇ ਇਤਿਹਾਸ 'ਚ ਔਰਤਾਂ ਦੇ ਰੋਲ ਬਾਰੇ ਅਜੇ ਬਹੁਤ ਕੁੱਝ ਖੋਜ ਕਰਨ ਵਾਲਾ ਬਾਕੀ ਹੈ। ਗਦਰ ਲਹਿਰ ਦੇ ਇਤਿਹਾਸ ਵਿਚ ਗੁਲਾਬ ਕੌਰ ਦਾ ਉਭਰਵਾਂ ਜਿਕਰ ਆਉਂਦਾ ਹੈ। ਇਨਕਲਾਬ ਇਸ ਵੀਰਾਂਗਣਾ ਦੇ ਰੋਮ ਰੋਮ 'ਚ ਰਚਿਆ ਹੋਇਆ ਸੀ।
ਗੁਲਾਬ ਕੌਰ ਦਾ ਜਨਮ ਸੰਗਰੂਰ ਜਿਲ੍ਹੇ 'ਚ ਸੁਨਾਮ ਨੇਡ਼ੇ ਪੈਂਦੇ ਪਿੰਡ ਬਖਸ਼ੀਵਾਲਾ 'ਚ 1890 ਦੇ ਕਰੀਬ ਇਕ ਕਿਸਾਨ ਪਰਿਵਾਰ 'ਚ ਹੋਇਆ। ਉਸ ਦਾ ਵਿਆਹ ਗੁਆਂਢੀ ਪਿੰਡ ਜੱਖੋਵਾਲ ਦੇ ਨੌਜਵਾਨ ਬਚਿੱਤਰ ਸਿੰਘ ਨਾਲ (ਇਤਿਹਾਸ 'ਚ ਕਿਤੇ ਕਿਤੇ ਉਸ ਦੇ ਘਰ ਵਾਲੇ ਦਾ ਨਾਮ ਮਾਨ ਸਿੰਘ ਵੀ ਆਉਂਦਾ ਹੈ) ਹੋਇਆ। ਦੋਵੇਂ ਕੁੱਝ ਸਮਾਂ ਮਨੀਲਾ ਬਤੀਤ ਕਰਨ ਤੋਂ ਬਾਅਦ ਅਮਰੀਕਾ ਚਲੇ ਗਏ। ਉਥੇ ਉਹ ਗਦਰ ਪਾਰਟੀ ਦੇ ਸੰਪਰਕ ਵਿੱਚ ਆਏ ਅਤੇ ਦੋਵਾਂ ਨੇ ਫਰੰਗੀਆਂ ਨੂੰ ਹਿੰਦ 'ਚੋਂ ਕੱਢਣ ਲਈ ਵਤਨ ਵਾਪਸ ਆਕੇ ਗਦਰ ਲਹਿਰ 'ਚ ਸਰਗਰਮ ਹੋਣ ਦਾ ਫੈਸਲਾ ਕੀਤਾ। ਪਰ ਜਹਾਜ਼ ਚਡ਼੍ਹਨ ਤੋਂ ਪਹਿਲਾਂ ਬਚਿੱਤਰ ਸਿੰਘ ਦੋ-ਚਿੱਤੀ 'ਚ ਪੈ ਕੇ ਯਰਕ ਗਿਆ। ਪਰ ਦ੍ਰਿਡ਼੍ਹ ਇਰਾਦੇ ਵਾਲੀ ਗੁਲਾਬ ਕੌਰ ਨੇ ਆਪਣਾ ਇਰਾਦਾ ਨਾ ਬਦਲਿਆ। ਆਪਣੇ ਘਰ ਵਾਲੇ ਨੂੰ ਫਿੱਟਲਾਹਣਤਾਂ ਪਾਈਆਂ ਅਤੇ ਚੂਡ਼ੀਆਂ ਲਾਹ ਕੇ ਉਸਦੀ ਛਾਤੀ 'ਤੇ ਵਗਾਹ ਮਾਰੀਆਂ ਤੇ ਉਸ ਨਾਲੋਂ ਆਪਣਾ ਰਿਸ਼ਤਾ ਤੋਡ਼ ਦਿੱਤਾ ਅਤੇ ਦੂਜੇ ਇਨਕਲਾਬੀਆਂ ਬਾਬਾ ਜੁਆਲਾ ਸਿੰਘ, ਬਾਬਾ ਕੇਸਰ ਸਿੰਘ ਆਦਿ ਨਾਲ ''ਤੋਸ਼ਾਂ ਮਾਰੂ'' ਜਹਾਜ 'ਚ ਸਵਾਰ ਹੋ ਗਈ।
ਬਾਕੀ ਗਦਰੀਆਂ ਵਾਂਗ ਦੇਸ਼ ਵਾਪਸ ਮੁਡ਼ਦਿਆਂ ਉਸ ਨੇ ਹਾਂਗਕਾਂਗ, ਸਿੰਘਾਪੁਰ, ਪੀਨਾਂਗ ਤੇ ਰੰਗੂਨ ਦੇ ਗੁਰੂਦਵਾਰਿਆਂ ਵਿੱਚ ਹਿੰਦੀਆਂ ਨੂੰ ਦੇਸ਼ ਦੀ ਆਜਾਦੀ ਲਈ ਕੁਰਬਾਨੀਆਂ ਦੇਣ ਲਈ ਵੰਗਾਰਿਆ। ਉਸ ਨੇ ਗਦਰ ਦੀ ਗੂੰਜ ਦੀਆਂ ਕਈ ਕਵਿਤਾਵਾਂ ਚੇਤੇ ਕਰ ਲਈਆਂ ਅਤੇ ਗਾ-ਗਾ ਕੇ ਲੋਕਾਂ ਨੂੰ ਗਦਰ ਲਹਿਰ 'ਚ ਕੁੱਦਣ ਲਈ ਪ੍ਰੇਰਤ ਕੀਤਾ। ਜਹਾਜ 'ਚ ਸਫਰ ਕਰਦਿਆਂ ਵੀ ਉਹ ਮੁਸਾਫਰਾਂ ਨੂੰ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਲਈ ਉਭਾਰਦੀ ਰਹੀ ਅਤੇ 16 ਅਕਤੂਬਰ 1914 ਨੂੰ ਉਹਨਾਂ ਦਾ ਜਹਾਜ ਕਲਕੱਤੇ ਪਹੁੰੰਚ ਗਿਆ। 
ਕਲਕੱਤੇ 'ਚ ਸਰਕਾਰ ਨੇ ਬਿਦੇਸ਼ਾਂ 'ਚੋਂ ਆ ਰਹੇ ਗਦਰੀਆਂ ਨੂੰ ਫਡ਼ਨ ਲਈ ਤਲਾਸ਼ੀਆਂ ਦਾ ਖਾਸ ਪ੍ਰਬੰਧ ਕੀਤਾ ਹੋਇਆ ਸੀ। ਹਰੇਕ ਦੇ ਸਾਮਾਨ ਦੀ ਤਲਾਸ਼ੀ ਲਈ ਜਾਂਦੀ ਸੀ  ਅਤੇ ਘਰ ਬਾਰ ਬਾਰੇ ਪੁੱਛ ਪਡ਼ਤਾਲ ਕੀਤੀ ਜਾਂਦੀ ਸੀ। ਪੁਲਸ ਦੇ ਕਬਜੇ 'ਚ ਆਉਣ ਤੋਂ ਬਚਣ ਲਈ ਉਸਨੇ ਜੀਵਨ ਸਿੰਘ ਦੌਲੇ ਸਿੰਘ ਵਾਲਾ ਨੂੰ ਝੂਠਾ ਹੀ ਆਪਣਾ ਪਤੀ ਬਣਾ ਲਿਆ ਅਤੇ ਦੋਵੇਂ ਹੀ ਪੁਲਸ ਦੀਆਂ ਨਜ਼ਰਾਂ ਤੋਂ ਬਚ ਕੇ ਨਿਕਲ ਗਏ। ਇਸ ਤੋਂ ਬਾਅਦ ਗੁਲਾਬ ਕੌਰ ਲਾਹੌਰ ਚਲੀ ਗਈ। 
ਲਾਹੌਰ ਪਹੁੰਚਣ ਤੋਂ ਬਾਅਦ ਗੁਲਾਬ ਕੌਰ ਦੀ ਡਿਊਟੀ ਗਦਰ ਪਾਰਟੀ ਦੀ ਕੇਂਦਰੀ ਕਮੇਟੀ ਨਾਲ ਜੁਡ਼ ਕੇ ਕੰਮ ਕਰਨ ਦੀ ਲੱਗੀ। ਉਸ ਦੀ ਜੁੰਮੇਵਾਰੀ ਇਨਕਲਾਬੀਆਂ ਲਈ ਗੁਪਤ ਅੱਡੇ ਬਣਾਉਣ ਲਈ ਲਾਹੌਰ ਦੀਆਂ ਗਲੀਆਂ 'ਚ ਕਿਰਾਏ 'ਤੇ ਮਕਾਨ ਲੈ ਕੇ ਦੇਣਾ ਸੀ। ਕਿਉਂਕਿ ਉਹਨਾਂ ਦਿਨਾਂ 'ਚ  ਲਾਹੌਰ 'ਚ ਕਵਾਰਿਆਂ ਨੂੰ ਕੋਈ ਕਿਰਾਏ 'ਤੇ ਮਕਾਨ ਦੇ ਕੇ ਖੁਸ਼ ਨਹੀਂ ਸੀ ਹੁੰਦਾ। ਗੁਲਾਬ ਕੌਰ ਕਿਸੇ ਦੀ ਭੈਣ, ਕਿਸੇ ਦੀ ਭਰਜਾਈ, ਕਿਸੇ ਦੀ ਪਤਨੀ ਬਣ ਕੇ ਮਕਾਨ ਮਾਲਕ ਕੋਲ ਜਾਂਦੀ  ਅਤੇ ਮਕਾਨ ਦਵਾਉਣ 'ਚ ਸਹਾਈ ਹੁੰਦੀ। 
ਇਕ ਹੋਰ ਬਹੁਤ ਮਹੱਤਵਪੂਰਨ ਕੰਮ ਪਾਰਟੀ ਵੱਲੋਂ ਉਸਨੂੰ ਸੌਂਪਿਆ ਹੋਇਆ ਸੀ। ਉਹ ਸੀ ਇਨਕਲਾਬੀਆਂ ਦੇ ਇੱਕ ਦੂਜੇ ਕੋਲ ਸੁਨੇਹੇ ਪੁਚਾਉਣ ਦਾ, ਖਾਸ ਕਰਕੇ ਜਦੋਂ ਗਦਰ ਫੇਲ੍ਹ ਹੋ ਗਿਆ ਸੀ। ਸੀ. ਆਈ. ਡੀ. ਤੇ ਪੁਲਸ ਅੰਡਰ ਗਰਾਊਂਡ ਇਨਕਲਾਬੀਆਂ ਦੀਆਂ ਪੈਡ਼ਾਂ ਸੁੰਘਦੀ ਫਿਰਦੀ ਸੀ ਅਤੇ ਉਨ੍ਹਾਂ ਦੀ ਡਾਕ ਨੂੰ ਸੈਂਸਰ ਕੀਤਾ ਜਾਣ ਲੱਗ ਪਿਆ ਸੀ। ਗੁਲਾਬ ਕੌਰ ਨੇ ਅੰਡਰ ਗਰਾਊਂਡ ਹੋਣ ਦੇ ਬਾਅਦ ਵੀ ਆਪਣੀ ਡਿਊਟੀ ਬਡ਼ੀ ਖੂਬੀ ਨਾਲ ਨਿਭਾਈ। ਉਸ ਵੇਲੇ ਸਰਕਾਰ ਨੇ ਉਹਦੀ ਗ੍ਰਿਫਤਾਰੀ ਲਈ ਇਨਾਮ ਰੱਖਿਆ ਹੋਇਆ ਸੀ। ਉਸ ਨੇ ਭੇਸ ਬਦਲ ਕੇ ਪੁਲਸ ਦੀਆਂ ਨਜਰਾਂ ਤੋਂ ਬਚਦਿਆਂ-ਪੈਗਾਮ ਰਸਾਈ ਦਾ ਕੰਮ ਜਾਰੀ ਰੱਖਿਆ ਅਤੇ ਪੁਲਸ ਨੂੰ ਕਈ ਵਾਰ ਚਕਮਾ ਵੀ ਦਿੱਤਾ। ਇੱਕ ਵਾਰ ਪਿੰਡ ਸੰਗਵਾਲ 'ਚ ਗਦਰੀਆਂ ਦੀ ਮੀਟਿੰਗ ਹੋ ਰਹੀ ਸੀ। ਕਿਸੇ ਮੁਖਬਰ ਦੇ ਪੁਲਸ ਨੂੰ ਸੂਚਨਾ ਦੇਣ 'ਤੇ ਪੁਲਸ ਨੇ ਪਿੰਡ ਨੂੰ ਘੇਰ ਲਿਆ। ਗਦਰੀਆਂ ਨੂੰ ਪੁਲਸ ਬਾਰੇ ਪਤਾ ਲੱਗਣ 'ਤੇ ਉਹ ਭੱਜ ਗਏ। ਗੁਲਾਬ ਕੌਰ ਲੰਮਾ ਕੁਡ਼ਤਾ ਤੇ ਲਹਿੰਗਾ ਪਾ ਕੇ, ਲੰਮਾ ਘੁੰਡ ਕੱਢ ਕੇ, ਸਿਰ ਤੇ ਮਟਕੀ ਰੱਖ ਕੇ ਪੁਲਸ ਦੇ ਸਾਹਮਣੇ ਪਿੰਡ ਤੋਂ ਬਾਹਰ ਨਿਕਲ ਗਈ ਅਤੇ ਪੁਲਸ ਦੇ ਹੱਥ ਨਾ ਆਈ।
ਗੁਲਾਬ ਕੌਰ ਨੇ ਲਹੌਰ ਸਟੇਸ਼ਨ ਦੇ ਨੇਡ਼ੇ ਬੰਗੀ ਲਾਲ ਦੇ ਮੰਦਰ 'ਚ ਇੱਕ ਕਮਰਾ ਕਿਰਾਏ 'ਤੇ ਲੈ ਲਿਆ ਸੀ ਅਤੇ ਪੁਲਸ ਨੂੰ ਧੋਖਾ ਦੇਣ ਲਈ ਸਾਧਾਰਨ ਔਰਤਾਂ ਵਾਂਗ ਬੈਠੀ ਚਰਖਾ ਕੱਤਦੀ ਰਹਿੰਦੀ। ਇਨਕਲਾਬੀ ਸਟੇਸ਼ਨ ਤੋਂ ਉੱਤਰ ਕੇ ਉਸ ਕੋਲ ਆਉਂਦੇ ਅਤੇ ਦੂਜੇ ਇਨਕਲਾਬੀਆਂ ਬਾਰੇ ਜਾਣਕਾਰੀ ਹਾਸਲ ਕਰਕੇ ਚਲੇ ਜਾਂਦੇ ਅਤੇ ਕਿਸੇ ਨੂੰ ਸ਼ੱਕ ਵੀ ਨਹੀਂ ਸੀ ਹੁੰਦਾ। ਬਾਅਦ 'ਚ ਉਸ ਨੇ ਦਿਨ-ਰਾਤ ਗੱਡੀਆਂ, ਲਾਰੀਆਂ 'ਚ ਸਫਰ ਕਰਕੇ ਲੁਕੇ ਹੋਏ ਗਦਰੀਆਂ ਦੀਆਂ ਚਿੱਠੀਆਂ ਅਤੇ ਹਥਿਆਰਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਦਾ ਕੰਮ ਵੀ ਸੰਭਾਲਿਆ। 
ਪੁਲਸ ਨੇ ਉਸ ਨੂੰ ਪਿੰਡ ਕੋਟਲਾ ਨੌਧ ਸਿੰਘ (ਹੁਸਿਆਰਪੁਰ) ਤੋਂ ਗ੍ਰਿਫਤਾਰ ਕਰ ਲਿਆ ਅਤੇ ਪੁਲਸ ਅਫਸਰਾਂ ਵੱਲੋਂ ਖੁਦ ਉਸ ਨੂੰ ਬਡ਼ੇ ਤਸੀਹੇ ਦਿੱਤੇ ਗਏ ਕਿ ਉਹ  ਆਪਣੇ ਨਾਲ ਦੇ ਸਾਥੀਆਂ ਦੇ ਨਾਂ ਤੇ ਟਿਕਾਣੇ ਦੱਸ ਦੇਵੇ। ਪਰ ਗੁਲਾਬ ਕੌਰ ਨੇ ਦ੍ਰਿਡ਼੍ਹਤਾ ਨਾਲ ਤਸੀਹੇ ਝੱਲੇ ਤੇ ਆਖਰ ਤੱਕ ਖਾਮੋਸ਼ ਰਹੀ।

ਗੁਲਾਬ ਕੌਰ ਵਿਰੁੱਧ ਸਰਕਾਰ ਕੋਲ ਕੋਈ ਠੋਸ ਸਬੂਤ ਨਾ ਹੋਣ ਦੇ ਕਾਰਨ ਸਰਕਾਰ ਉਸ ਨੂੰ ਲਾਹੌਰ ਕੰਸਪੀਰੇਸੀ ਕੇਸ 'ਚ ਫਸਾ ਕੇ ਕਾਲੇ ਪਾਣੀ ਜਾਂ ਮੌਤ ਦੀ ਸਜਾ ਦੇਣ 'ਚ ਨਾ-ਕਾਮਯਾਬ ਰਹੀ। ਪਰ ਡੀਫੈਂਸ ਆਫ ਇੰਡੀਆ ਦੇ ਨਜ਼ਰਬੰਦੀ ਕਾਨੂੰਨ ਹੇਠ ਉਸਨੂੰ ਪੰਜ ਸਾਲਾਂ ਲਈ ਜੇਲ੍ਹ 'ਚ ਨਜ਼ਰਬੰਦ ਕਰ ਦਿਤਾ ਗਿਆ। ਗੁਲਾਬ ਕੌਰ ਆਖਰ ਤੱਕ ਗਦਰ ਲਹਿਰ 'ਚ ਸਰਗਰਮ ਰਹੀ ਅਤੇ ਫਰੰਗੀਆਂ ਵਿਰੁੱਧ ਜੂਝਦੀ ਰਹੀ। ਸ਼ਹੀਦਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਤੋਂ ਕੁੱਝ ਦਿਨਾਂ ਮਗਰੋਂ ਉਹ ਕਾਫਲੇ ਨਾਲੋਂ ਸਦਾ ਲਈ ਵਿਛਡ਼ ਗਈ।### (ਸੁਰਖ ਰੇਖਾ ਚੋਂ ਧੰਨਵਾਦ ਸਹਿਤ)

ਨਵਾਂ ਜ਼ਮਾਨਾ ਨੇ ਬੇਨਕਾਬ ਕੀਤੀਆਂ ਭੂਤ ਮੰਡਲੀ ਦੀਆਂ ਕਰਤੂਤਾਂ
No comments: