Monday, August 06, 2012

ਪੁਲਿਸ ਐਕਸ਼ਨ ਦਾ ਜਮਹੂਰੀ ਅਧਿਕਾਰ ਸਭਾ ਨੇ ਲਿਆ ਗੰਭੀਰ ਨੋਟਿਸ

 ਅਧਿਆਪਕ ਯੂਨੀਅਨ ਉੱਪਰ ਪੁਲਿਸ ਲਾਠੀਚਾਰਜ ਦੀ ਸਖ਼ਤ ਨਿਖੇਧੀ 
ਰੋਜ਼ਾਨਾ ਜਗ ਬਾਣੀ ਦੇ ਖਬਰਾਂ ਵਾਲੇ ਮੁੱਖ ਸਫੇ 'ਤੇ ਪ੍ਰਕਾਸ਼ਿਤ ਲਾਠੀਚਾਰਜ ਦੀ ਖਬਰ ਜਿਸ ਦੀ ਕਵਰੇਜ ਕੀਤੀ ਨੌਜਵਾਨ ਅਤੇ ਉਤਸ਼ਾਹੀ ਪੱਤਰਕਾਰ ਵਿੱਕੀ ਨੇ.
ਲੁਧਿਆਣਾ 6 ਅਗਸਤ,2012: ਇੱਥੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਜਮਹੂਰੀ ਅਧਿਕਾਰ ਸਭਾ ਦੇ ਜਨਰਲ ਸਕੱਤਰ ਪ੍ਰੋਫੈਸਰ ਜਗਮੋਹਣ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਪ੍ਰੋਫੈਸਰ ਏ ਕੇ ਮਲੇਰੀ ਨੇ ਲੁਧਿਆਣਾ 'ਚ ਈ ਐੱਸ ਐੱਸ, ਰਸਮਾ ਅਤੇ ਸੀ ਐੱਸ ਐੱਸ ਅਧਿਆਪਕ ਯੂਨੀਅਨ ਉੱਪਰ ਪੁਲਿਸ ਵਲੋਂ ਕੀਤੇ ਵਹਿਸ਼ੀਆਨਾ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਾਗਰਿਕਾਂ ਵਲੋਂ ਹਕੂਮਤ ਤੋਂ ਜਵਾਬਦੇਹੀ ਦੀ ਮੰਗ ਕਰਨਾ, ਆਪਣੀਆਂ ਮੰਗਾਂ-ਮਸਲਿਆਂ ਦੇ ਹੱਲ ਲਈ ਇਕੱਠੇ ਹੋਣਾ ਅਤੇ ਜਥੇਬੰਦੀ ਬਣਾਉਣਾ ਮੁਲਕ ਦੇ ਨਾਗਰਿਕਾਂ ਦਾ ਬੁਨਿਆਦੀ ਜਮਹੂਰੀ ਹੱਕ ਅਤੇ ਮੁੱਖ ਸ਼ਹਿਰੀ ਆਜ਼ਾਦੀ ਹੈ। ਪਰ ਹੁਕਮਰਾਨ ਧਿਰ ਵਲੋਂ ਕੀਤੇ ਵਾਅਦੇ ਯਾਦ ਦਿਵਾਉਣ ਲਈ ਮੁੱਖ ਮੰਤਰੀ ਨੂੰ ਯਾਦ-ਪੱਤਰ ਦੇਣਾ ਚਾਹੁੰਦੇ ਸੈਂਕੜੇ ਅਧਿਆਪਕਾਂ ਅਤੇ ਅਧਿਆਪਕਾਵਾਂ ਦੀ ਆਵਾਜ਼ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰਨਾ ਅਤੇ ਉਨ੍ਹਾਂ ਨੂੰ ਮੁੱਖ ਮੰਤਰੀ ਤੋਂ ਦੂਰ ਰੱਖਣ ਲਈ ਬਿਨਾ ਕਿਸੇ ਭੜਕਾਹਟ ਤੋਂ ਡਾਗਾਂ ਨਾਲ ਕੁੱਟਵਾਉਣਾ ਦਰਸਾਉਂਦਾ ਹੈ ਕਿ ਹੁਕਮਰਾਨ ਅਵਾਮ ਦੇ ਪੁਰਅਮਨ ਮੁਜ਼ਾਹਰਿਆਂ ਅਤੇ ਮੰਗਾਂ ਲਈ ਰੋਸ ਵਿਖਾਵਿਆਂ ਨੂੰ ਵੀ ਸਹਿਣ ਲਈ ਤਿਆਰ ਨਹੀਂ ਹਨ ਅਤੇ ਲੋਕਾਂ ਪ੍ਰਤੀ ਜਵਾਬਦੇਹ ਹੋਣ ਦੀ ਕੋਈ ਲੋੜ ਹੀ ਨਹੀਂ ਸਮਝਦੇ ਅਤੇ ਲੋਕਾਂ ਦੇ ਜਮਹੂਰੀ ਹੱਕ ਨੂੰ ਲਾਠੀ-ਗੋਲੀ ਨਾਲ ਕੁਚਲਣ ਲਈ ਬਜ਼ਿੱਦ ਹਨ। ਉਨ੍ਹਾਂ ਨੇ ਬੁੱਧੀਜੀਵੀਆਂ, ਲੇਖਕਾਂ, ਚਿੰਤਕਾਂ, ਪੱਤਰਕਾਰਾਂ ਸਮੇਤ ਸਭਨਾਂ ਜਮਹੂਰੀ ਤਾਕਤਾਂ ਨੂੰ ਹਕੂਮਤ ਦੇ ਫਾਸ਼ੀਵਾਦ ਦੇ ਰੁਝਾਨ ਨੂੰ ਗੰਭੀਰਤਾ ਨਾਲ ਅਤੇ ਇਸ ਵਿਰੁੱਧ ਆਵਾਜ਼ ਉਠਾਉਣ ਦੀ ਅਪੀਲ ਕੀਤੀ ਹੈ।  (ਮਿਤੀ : 6 ਅਗਸਤ 2012)

No comments: