Thursday, January 19, 2012

ਅਨੀਤਾ ਸ਼ਬਦੀਸ਼ ਦੀ ਪਰਵਾਜ਼

"ਨਾਟਕ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ"
ਦਵੀ ਦਵਿੰਦਰ ਕੌਰ ਦੀ ਕਲਮ ਤੋਂ ਅਨੀਤਾ ਸ਼ਬਦੀਸ਼ ਅਤੇ ਰੰਗਮੰਚ ਦੀ ਜਿੰਦਗੀ ਦੇ ਕਈ ਪਹਿਲੂ
ਰੰਗਮੰਚ ਦੀ ਦੁਨੀਆਂ ‘ਚ ਦਾਖਲਾ ਉਲਟੇ ਰੁੱਖ ਪਰਵਾਜ਼ ਭਰਨ ਦਾ ਕਰਮ ਹੈ। ਜਦੋਂ ਕੋਈ ਮੁਟਿਆਰ ਮੰਚ ‘ਤੇ ਕਦਮ ਧਰਦੀ ਹੈ ਤਾਂ ਇਹ ‘ਚਿਡ਼ੀ ਦੀ ਅੰਬਰ ਵੱਲ ਉਡਾਣ’ ਹੁੰਦੀ ਹੈ। ਇਹ ਅਨੀਤਾ ਸ਼ਬਦੀਸ਼ ਦੇ ਇਕ-ਪਾਤਰੀ ਨਾਟਕ ਦਾ ਸਿਰਲੇਖ ਹੈ ਤੇ ਉਸ ਨੇ ਸੱਚੀਂ-ਮੁੱਚੀਂ ਉੱਚੀ ਉਡਾਣ ਭਰੀ ਹੈ। ਇਹ ਉਸ ਦੀ ਉਡਾਣ ਦਾ ਹੀ ਫ਼ਲ ਹੈ ਕਿ ਉਸ ਨੂੰ ਸੰਗੀਤ ਨਾਟਕ ਅਕਾਦਮੀ ਨੇ ‘ਉਸਤਾਦ ਬਿਸਮਿਲਾ ਖ਼ਾਨ ਯੁਵਾ ਪੁਰਸਕਾਰ’ ਪ੍ਰਦਾਨ ਕੀਤਾ ਹੈ। ਇਹ ਅਦਾਕਾਰੀ ਲਈ ਮਿਲਣ ਵਾਲਾ ਕੌਮੀ ਸਨਮਾਨ ਹੈ। ਇਸ ਕੈਟੇਗਰੀ ਵਿਚ ਗੁਰਬਾਣੀ ਗਾਇਨ ਅਲੰਕਾਰ ਸਿੰਘ ਨੂੰ ਕੌਮੀ ਪਛਾਣ ਮਿਲੀ ਹੈ, ਜੋ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਥੀਏਟਰ ਤੇ ਟੀ.ਵੀ. ਵਿਭਾਗ ਤੋਂ ਸੇਵਾਮੁਕਤ ਡਾ. ਕਮਲੇਸ਼ ਉੱਪਲ ਦੇ ਸਪੁੱਤਰ ਹਨ।
ਅਨੀਤਾ ਸ਼ਬਦੀਸ਼ ਦੀ ਕਲਾ-ਜਗਤ ਨਾਲ ਸਾਂਝ ਸਕੂਲੀ ਦਿਨਾਂ ਤੋਂ ਚਲੀ  ਆ ਰਹੀ ਹੈ। ਉਹ ਸਕੂਲ ਵਿਚ ਹਿਮਾਚਲੀ ਤੇ ਹਰਿਆਣਵੀ ਡਾਂਸ ਦੀਆਂ ਰਿਹਰਸਲਾਂ ਕਰਦੀ ਜਾਂ ਕਿਸੇ ਮੋਨੋ ਐਕਟਿੰਗ ਮੁਕਾਬਲੇ ਦੀ ਤਿਆਰੀ ਕਰ ਰਹੀ ਹੁੰਦੀ, ਪਰ ਉਸ ਨੂੰ ਸਕੂਨ ਘੁੰਗਰੂਆਂ ਦੀ ਛਣਕਾਰ ‘ਤੇ ਤਾ ਤਾ ਥਈਆ ਕਰਦੇ ਪੈਰਾਂ ਦੀ ਥਾਪ ਸੁਣ ਕੇ ਮਿਲਦਾ ਸੀ। ਉਹ  ਘਰ ਆ ਕੇ ਸ਼ੀਸ਼ੇ ਸਾਹਮਣੇ ‘ਤਾ ਥਈ, ਥਈ ਤੱਤ, ਥਈ ਤੱਤ…’ ਦੇ ਬੋਲਾਂ ਨਾਲ ਡਾਂਸ ਕਰ ਰਹੀ ਹੁੰਦੀ । ਉਸ ਦਾ ਸੁਪਨਾ ਕੱਥਕ ਡਾਂਸਰ ਬਣਨ ਦਾ ਸੀ। ਉਹ ਦਸਵੀਂ ਕਲਾਸ ਵਿਚ ਸੀ, ਜਦੋਂ ਇਕ ਸਾਲ ਵੱਡੇ ਭਰਾ ਕੁਮਾਰ ਪਵਨਦੀਪ ਨੇ ਸਰਕਾਰੀ ਕਾਲਜ ਮੁਹਾਲੀ ਵਿਚ ਦਾਖਲਾ ਲਿਆ ਤੇ ਜਾਂਦੇ ਸਾਰ ਡਾ. ਆਤਮਜੀਤ ਦੇ ਰੰਗਮੰਚ ਨਾਲ ਜੁਡ਼ ਗਿਆ। ਉਹ ‘ਰਿਸ਼ਤਿਆਂ ਦਾ ਕੀ ਰੱਖੀਏ ਨਾਂ’ ਨਾਟਕ ਦੀ ਤਿਆਰੀ ਕਰ ਰਹੇ ਸਨ, ਜਦੋਂ ਆਤਮਜੀਤ ਘਰ ਆਏ ਤੇ ਉਸ ਨੂੰ ਪੁੱਛਿਆ, ”ਤੂੰ ਕਿਉਂ ਨਹੀਂ ਨਾਟਕ ਕਰਦੀ…?”
”ਸਕੂਲ ਵਿਚ ਕਰਦੀ ਹਾਂ ਸਰ!”
”ਠੀਕ ਹੈ, ਕੱਲ੍ਹ ਨੂੰ ਪਵਨ ਦੇ ਨਾਲ ਹੀ ਰਿਹਰਸਲ ਲਈ ਆ ਜਾਈਂ।”
ਇਸ ਤਰ੍ਹਾਂ ਅਨੀਤਾ ਰੰਗਮੰਚ ਨਾਲ ਜੁਡ਼ ਗਈ ਤੇ ਇਸ ਨਾਟਕ ਨਾਲ ਹੀ ‘ਗੁਬਾਰੇ’ ਦਾ ਸ਼ੋਅ ਕੀਤਾ। ਇਹ 1989 ਦੀ ਗੱਲ ਹੈ। ਉਹ ਇਸ ਤੋਂ ਪਹਿਲਾਂ ਐਚ.ਐਸ. ਭੱਟੀ ਦੀ ਪੰਜ ਸਟਾਰ ਟੀ.ਵੀ. ਫੈਕਟਰੀ ਦੇ ਓਪਨ ਏਅਰ ਥੀਏਟਰ ਵਿਚ ਗੁਰਸ਼ਰਨ ਸਿੰਘ, ਦੇਵਿੰਦਰ ਦਮਨ ਤੇ ਕਮਲ ਵਿਦਰੋਹੀ ਦੇ ਨਾਟਕ ਵੇਖਿਆ ਕਰਦੀ ਸੀ। ਇਹ ਉਨ੍ਹਾਂ ਦੇ ਸ਼ਾਇਰ ਪਿਤਾ ਧਰਮਪਾਲ ਉਪਾਸ਼ਕ ਦੀ ਬਦੌਲਤ ਸੀ, ਜੋ ਪੰਜਾਬ ਟਰੈਕਟਰਜ਼ ਵਿਚ ਕੰਮ ਕਰਦੇ ਸਨ ਤੇ ਨਾਟਕ ਵਾਲੀ ਸ਼ਾਮ ਛੁੱਟੀ ਲੈ ਕੇ ਦੋਵਾਂ ਭੈਣ-ਭਰਾਵਾਂ ਨੂੰ ਸਾਈਕਲ ‘ਤੇ ਬਿਠਾ ਕੇ ਨਾਲ ਲਿਜਾਂਦੇ ਸਨ। ਪਵਨ ਤੇ ਅਨੀਤਾ ਘਰ ਜਾਂ ਫਿਰ ਰਿਸ਼ਤੇਦਾਰੀ ਵਿਚ ਹੋਣ ਵਾਲੇ ਸਮਾਗਮਾਂ ਵਿਚ ਉਹ ਨਾਟਕਾਂ ਦੀ ਕਾਪੀ ਕਰਦੇ ਸਨ। ਇਸ ਤੋਂ ਬਾਅਦ ਸਰਘੀ ਕਲਾ ਕੇਂਦਰ ਮੁਹਾਲੀ ਨਾਲ ਅਨੀਤਾ ਨੇ ‘ਭਾਬੀ ਮੈਨਾ’, ਮੇਰਾ ਉਜਡ਼ਿਆ ਗੁਆਂਢੀ’ ਤੇ ‘ਡਾਇਣ’ ਵਰਗੇ ਨਾਟਕਾਂ ਵਿਚ ਕੰਮ ਕੀਤਾ। ਫਿਰ ਉਸ ਨੇ ਅੰਮ੍ਰਿਤਸਰ ਤੋਂ ਚੰਡੀਗਡ਼੍ਹ ਆ ਵਸੇ। ਸ. ਗੁਰਸ਼ਰਨ ਸਿੰਘ ਦੀ ਟੀਮ ਵਿਚ ਸ਼ਾਮਲ ਹੋ ਕੇ ਰੰਗਮੰਚ ਨੂੰ ਪੋ੍ਰਫੈਸ਼ਨਲ ਪੱਧਰ ‘ਤੇ ਅਪਣਾ ਲਿਆ। ਉਸ ਟੀਮ ਵਿਚ ਅਨੀਤਾ ਦਾ ਪਹਿਲਾ ਨਾਟਕ ਸਰਵਮੀਤ ਦੀ ਕਹਾਣੀ ‘ਕਲਾਵੇ’ ‘ਤੇ ਆਧਾਰਤ ‘ਨਵਾਂ ਜਨਮ’ ਸੀ।
”ਉਹ ਮੇਰਾ ਵੀ ‘ਨਵਾਂ ਜਨਮ’ ਸੀ” ਅਨੀਤਾ ਚੇਤੇ ਕਰਦੀ ਹੋਈ ਦੱਸਦੀ ਹੈ। ਉਹ ਆਖਦੀ ਹੈ, ”ਮੈਂ ਉਸ ਤੋਂ ਬਾਅਦ ਉਹ ਅਨੀਤਾ ਨਾ ਰਹੀ, ਜੋ ਉਸ ਤੋਂ ਪਹਿਲਾਂ ਹੁੰਦੀ ਸਾਂ। ਨਾਟਕ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਜੇ ਅੱਜ ਭਾਅ ਜੀ ਹੁੰਦੇ, ਮੈਂ ਭੱਜੀ ਜਾਂਦੀ ਤੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਦੱਸਦੀ-ਮੈਨੂੰ ਨੈਸ਼ਨਲ ਪੱਧਰ ਦਾ ਸਨਮਾਨ ਮਿਲਿਆ ਹੈ…।” ਉਹ ਸ. ਗੁਰਸ਼ਰਨ ਸਿੰਘ ਨੂੰ ਯਾਦ ਕਰਨ ਸਾਰ ਖਾਮੋਸ਼ ਹੋ ਜਾਂਦੀ ਹੈ। ਫਿਰ ਗੱਲ ਤੁਰਦੀ ਹੈ ਤਾਂ ਆਖਦੀ ਹੈ, ”ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਨੂੰ ਇਹ ਸਨਮਾਨ ਮਿਲ ਸਕਦਾ ਹੈ।”
ਅਨੀਤਾ ਸ਼ਬਦੀਸ਼ ਨੇ ਸ. ਗੁਰਸ਼ਰਨ ਸਿੰਘ ਤੋਂ ਇਲਾਵਾ ਕੁਮਾਰ ਪਵਨਦੀਪ, ਕੇਵਲ ਧਾਲੀਵਾਲ, ਸੁਦੇਸ਼ ਸ਼ਰਮਾ, ਪਾਲੀ ਭੁਪਿੰਦਰ ਸਿੰਘ ਤੇ ਤਰਲੋਚਨ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ਕੀਤੇ ਹਨ। ਉਹ ਮੁਹਾਲੀ ਤੋਂ ਚਮਕੌਰ ਸਾਹਿਬ, ਸਮਰਾਲਾ, ਮੰਡੀ ਮੁੱਲਾਂਪੁਰ ਤੋਂ ਮੋਗਾ ਤਕ ਰਿਹਰਸਲਾਂ ਕਰਨ ਜਾਂਦੀ ਰਹੀ ਹੈ ਅਤੇ ਅਦਾਕਾਰੀ ਲਈ ਬਿਹਤਰ ਨਾਟਕ ਮਿਲਣ ‘ਤੇ ਹੁਣ ਵੀ ਚਲੀ ਜਾਂਦੀ ਹੈ। ਪਾਲੀ ਭੁਪਿੰਦਰ ਸਿੰਘ ਦੇ ਨਾਟਕ ‘ਘਰ-ਘਰ’ ਤੇ ‘ਟੈਰੇਰਿਸਟ ਦੀ ਪ੍ਰੇਮਿਕਾ’ ਮੋਗਾ ਜਾ ਕੇ ਕੀਤੇ ਹਨ। ਚੋਂ ਧੰਨਵਾਦ ਸਹਿਤ 

ਚੋਂ ਧੰਨਵਾਦ ਸਹਿਤ 
ਉਹ ਦੱਸਦੀ ਹੈ, ”ਮੇਰੇ ਲਈ ਰੰਗਮੰਚ ਦਾ ਅਰਥ ਅਦਾਕਾਰੀ ਹੀ ਹੈ। ਮੈਨੂੰ ਨਿਰਦੇਸ਼ਕ ਬਣਨ ਦੀ ਲੋਡ਼ ਉਦੋਂ ਮਹਿਸੂਸ ਹੁੰਦੀ ਹੈ ਜਦੋਂ ਮੇਰੇ ਮਨ ਦੇ ਕਰੀਬ ਵੱਸਦੀ ਸਕ੍ਰਿਪਟ ਤਾਂ ਹੁੰਦੀ ਸੀ, ਪਰ ਉਸ ਲਈ ਨਿਰਦੇਸ਼ਕ ਕੋਈ ਨਹੀਂ ਸੀ ਹੁੰਦਾ। ਨਾਟਕ ਸਮਾਜ ਨਾਲ ਡਾਇਲਾਗ ਦੀ ਵਿਧਾ ਹੈ, ਅਸੀਂ ਕੋਈ ਗੱਲ ਕਰਨੀ ਚਾਹੁੰਦੇ ਹਾਂ, ਕੋਈ ਸੰਦੇਸ਼ ਦੇਣਾ ਚਾਹੁੰਦੇ ਹਾਂ। ਮੇਰੇ ਮਨ ਦੇ ਕਰੀਬ ਵਾਲੀ ਗੱਲ ਤਾਂ ਮੈਂ ਹੀ ਕਰਾਂਗੀ ਨਾ..ਬਾਕੀ ਨਿਰਦੇਸ਼ਕ ਆਪਣੇ ਮਨ ਦੇ ਮੇਚੇ ਆਉਂਦੀ ਸਕ੍ਰਿਪਟ ਚੁਣਦੇ ਹਨ ਤੇ ਮੈਂ ਉਨ੍ਹਾਂ ਵਿਚ ਅਦਾਕਾਰੀ ਕਰਦੀ ਹਾਂ। ਸੁਚੇਤਕ ਰੰਗਮੰਚ ਮੁਹਾਲੀ ਦੀ ਸਥਾਪਨਾ 1998 ਵਿਚ ਕੀਤੀ ਗਈ ਸੀ ਤੇ ਨਿਰਦੇਸ਼ਕ ਵਜੋਂ ਪਹਿਲਾ ਨਾਟਕ ਕੀਤਾ ‘ਏਨਾ ਦੀ ਆਵਾਜ਼’। ਇਹ ਨਾਟਕ ਹੁਕਮਰਾਨਾਂ ਦੀ ਸੱਤਾ ਦਾ ਭਾਈਵਾਲ ਬਣ ਕੇ ਗੀਤ ਭੁੱਲ ਜਾਣ ਵਾਲੇ ਕਲਾਕਾਰ ਦੀ ਕਥਾ ਹੈ। ਅਸਗਰ ਵਜਾਹਤ ਤੇ ਨਾਟਕ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਵੇਲੇ ਲਿਖਿਆ ਸੀ, ਪਰ ਉਹ ਕਲਾਕਾਰਾਂ ਦੀ ਕੁਮਿਟਮੈਂਟ ਦੇ ਪੱਖ ਤੋਂ ਅੱਜ ਵੀ ਅਹਿਮ ਨਾਟਕ ਹੈ। ਅਨੀਤਾ ਸ਼ਬਦੀਸ਼ ਨੇ ਸੁਚੇਤਕ ਰੰਗਮੰਚ ਵੱਲੋਂ 20 ਤੋਂ ਵੱਧ ਨਾਟਕ ਪੇਸ਼ ਕੀਤੇ ਹਨ, ਜਿਨ੍ਹਾਂ ਵਿੱਚੋਂ ‘ਚਿਡ਼ੀ ਦੀ ਅੰਬਰ ਵੱਲ ਉਡਾਣ’ ਇੰਗਲੈਂਡ ਵਿਚ ਵੀ ਖੇਡਿਆ ਹੈ ਤੇ ‘ਸੁਲਗਦੇ ਸੁਪਨੇ ਗ਼ਦਰ ਦੇ’ ਕੈਨੇਡਾ ਜਾ ਕੇ, ਉਥੋਂ ਦੇ ਕਲਾਕਾਰਾਂ ਨੂੰ ਤਿਆਰ ਕਰਵਾ ਕੇ ਖੇਡਿਆ ਹੈ। ਇਸ ਤੋਂ ਇਲਾਵਾ ‘ਕਥਾ ਰਿਡ਼੍ਹਦੇ ਪਰਿੰਦੇ ਦੀ’, ‘ਲਡ਼ਕੀ, ਜਿਸ ਨੂੰ ਰੋਣਾਂ ਨਹੀਂ ਆਉਂਦਾ’, ‘ਹਵਾ ਜੇ ਏਦਾਂ ਹੀ ਵਗਦੀ ਰਹੀ’, ‘ਜਿਸ ਪਿੰਡ ਦਾ ਕੋਈ ਨਾਂ ਨਹੀਂ’ ਤੇ ‘ਮੋਹਨ ਦਾਸ’ ਵਰਗੇ ਨਾਟਕ ਖੇਡੇ ਹਨ। ਉਸ ਦੇ ਤਾਜ਼ਾ ਨਾਟਕਾਂ ਵਿਚ ਪਾਕਿਸਤਾਨ ਵਿਚ ਮਨੁੱਖੀ ਹੱਕਾਂ ਲਈ ਲਡ਼ ਰਹੀ ਮੁਖਤਾਰਾਂ ਮਾਈ ਦੀ ਜੀਵਨੀ ‘ਤੇ ਆਧਾਰਤ ਨਾਟਕ ‘ਮਨ ਮਿੱਟੀ ਦਾ ਬੋਲਿਆ’ ਤੇ ਰਾਬਿੰਦਰ ਨਾਥ ਟੈਗੋਰ ਦੇ ਨਾਟਕ ‘ਲਾਲ ਕਨੇਰ’ ਦਾ ਪੰਜਾਬੀ ਰੂਪਾਂਤਰ ਸ਼ਾਮਲ ਹਨ। ਇਨ੍ਹਾਂ ਨਾਟਕਾਂ ਦੇ ਲੇਖਨ-ਰੂਪਾਂਤਰ ਵਿਚ ਸ਼ਬਦੀਸ਼ ਦਾ ਯੋਗਦਾਨ ਸੁਚੇਤਕ ਰੰਗਮੰਚ ਦੀ ਵਿਸ਼ੇਸ਼ ਪਛਾਣ ਬਣਾ ਰਿਹਾ ਹੈ। ਇਹ ਟੀਮ ਸਿਆਸੀ-ਸਮਾਜੀ ਸਰੋਕਾਰਾਂ ਪ੍ਰਤੀ ਸੁਚੇਤ ਬੌਧਿਕ ਦਰਸ਼ਕਾਂ ਲਈ ਨਾਟਕ ਕਰਦੀ ਹੈ। ਇਹਦੇ ਨਾਲ ਹੀ ਸ. ਗੁਰਸ਼ਰਨ ਸਿੰਘ ਦੀ ਪਰੰਪਰਾ ਦੇ ਨਾਟਕ ਦੂਰ-ਦੁਰੇਡੇ ਪਿੰਡਾਂ ਤਕ ਵੀ ਲਿਜਾਂਦੀ ਹੈ।
”ਉਹ ਅਕਸਰ ਆਖਦੀ ਹੈ” ਮੈਨੂੰ ਰੰਗਮੰਚ ਦੀ ਦੁਨੀਆ ਵਿਚ ਆਤਮਜੀਤ ਨੇ ਪੈਦਾ ਕੀਤਾ ਹੈ ਤੇ ਗੁਰਸ਼ਰਨ ਭਾਅ ਜੀ ਨੇ ਪਾਲ-ਪੋਸ ਕੇ ਜਵਾਨ ਕੀਤਾ। ਮੇਰੇ ਲਈ ਭਾਅ ਦੀ ਸਮਾਜਿਕ ਪ੍ਰਤੀਬੱਧਤਾ ਤੇ ਆਤਮਜੀਤ ਹੁਰਾਂ ਦੀ ਕਲਾਤਮਕਤਾ, ਦੋਵੇਂ ਮਹੱਤਵਪੂਰਨ ਹਨ। ਸ਼ਬਦੀਸ਼ ਦੀ ਨਾਟਕਕਾਰੀ ਦੀ ਆਪਣੀ ਸ਼ੈਲੀ ਹੈ, ਜਿਹਡ਼ੀ ਨਾ ਭਾਅ ਜੀ ਵਰਗੀ ਹੈ, ਨਾ ਡਾ. ਆਤਮਜੀਤ ਨਾਲ ਮੇਲ ਖਾਂਦੀ ਹੈ। ਮੈਂ ਇਸ ਨੂੰ ਦੋਵਾਂ ਗੁਰੂਆਂ ਤੇ ਹੋਰਨਾਂ ਨਿਰਦੇਸ਼ਕਾਂ ਤੋਂ ਮਿਲੇ ਰੰਗਮੰਚ ਦੇ ਗਿਆਨ ਦੀ ਮਦਦ ਨਾਲ ਡਿਜ਼ਾਈਨ ਕਰਦੀ ਹਾਂ। ਇਹ ਕਿਸੇ ਦੀ ਨਕਲ ਨਹੀਂ ਹੈ, ਸਗੋਂ ਰੰਗਮੰਚ ਦੀ  ਸੂਝ ਹੈ।
ਜਦੋਂ ਗੁਆਂਢ ਵੱਸਦੀ ਅਨੀਤਾ ਨਾਲ ਗੱਲ ਕਰਕੇ ਪਰਤ ਰਹੀ ਸਾਂ ਤਾਂ ਸੋਚ ਰਹੀ ਸਾਂ-’ਘਰ ਦਾ ਜੋਗੀ ਜੋਗਡ਼ਾ, ਬਾਹਰ ਦਾ ਜੋਗੀ ਸਿੱਧ’ ਅਖਾਣ ਨਹੀਂ ਹੈ, ਪੰਜਾਬੀ ਸਭਿਆਚਾਰਕ ਜੀਵਨ ਦੀ ਕੋਈ ਸਚਾਈ ਹੈ। ਇਹ ਪਹਿਲੀ ਵਾਰ ਹੈ, ਜਦੋਂ ਸੰਗੀਤ ਨਾਟਕ ਅਕਾਦਮੀ ਨੇ ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਲਈ ਦਸ ਪੰਜਾਬੀ ਕਲਾਕਾਰਾਂ ਨੂੰ ਕੌਮੀ ਪੁਰਸਕਾਰ ਨਾਲ ਸਨਮਾਨਿਤ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿਚ ਨੈਸ਼ਨਲ ਸਕੂਲ ਆਫ ਡਰਾਮਾ ਦੀ ਪਹਿਲੀ ਪੰਜਾਬਣ ਨੀਨਾ ਟਿਵਾਣਾ ਹੈ, ਪੰਜਾਬੀ ਔਰਤ ਦੀ ਸਭਿਆਚਾਰਕ ਹੂਕ ਨੂੰ ਹੇਕ ਨਾਲ ਦਿਲਾਂ ‘ਚ ਉਤਾਰ ਦੇਣ ਵਾਲੀ ਲਾਸਾਨੀ ਗਾਇਕਾ ਗੁਰਮੀਤ ਬਾਵਾ ਹੈ।
* ਮੋਬਾਈਲ: 98760-82982

No comments: