Sunday, January 08, 2012

‘ਸਿਵਲ ਸੁਸਾਇਟੀ ਅਗੇਂਸਟ ਡਰੱਗਜ਼’ ਨੇ ਫੇਰ ਕੀਤੀ ਪਹਿਲਕਦਮੀ

ਚੋਣ ਪਿਡ਼ ਨਸ਼ਾ-ਮੁਕਤ ਬਣਾਉਣ ਲਈ ਖੋਲ੍ਹਿਆ ਮੋਰਚਾ
‘ਸਿਵਲ ਸੁਸਾਇਟੀ ਅਗੇਂਸਟ ਡਰੱਗਜ਼’ ਦੇ ਕਾਰਕੁੰਨ ਸ੍ਰੀ ਐਚ.ਐਸ.ਫੂਲਕਾ ਦੀ ਅਗਵਾਈ ਹੇਠ ਵੋਟਰਾਂ ਨੂੰ ਨਸ਼ਿਆਂ ਵਿਰੁਧ ਜਾਗਰੂਕ ਕਰਦਿਆਂ (ਫੋਟੋ:ਰਾਜੇਸ਼ ਸੱਚਰ)
‘ਨਸ਼ੇ ਵੰਡਣ ਵਾਲੇ ਨੂੰ ਹਰਾਓ’
ਰਵੇਲ ਸਿੰਘ ਭਿੰਡਰ
ਪਟਿਆਲਾ, 7 ਜਨਵਰੀ
ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਨਸ਼ੇ ਵੰਡਣ ਦੀ ਪਿਰਤ ਖ਼ਤਮ ਕਰਨ ਲਈ ‘ਸਿਵਲ ਸੁਸਾਇਟੀ ਅਗੇਂਸਟ ਡਰੱਗਜ਼’ ਨੇ ਪੂਰੀ ਤਰ੍ਹਾਂ ਮੋਰਚਾ ਸੰਭਾਲ ਲਿਆ ਹੈ। ਸੁਸਾਇਟੀ ਨੇ ‘ਨਸ਼ੇ ਵੰਡਣ ਵਾਲੇ ਨੂੰ ਹਰਾਓ’ ਦੇ ਅੰਕਿਤ ਨਾਅਰੇ ਹੇਠ ਅੱਜ  ਆਪਣਾ ‘ਸਟਿੱਕਰ’ ਰਿਲੀਜ਼ ਕੀਤਾ। ਇਸ ਦੌਰਾਨ ਸੁਸਾਇਟੀ ਆਗੂਆਂ ਨੇ ਵੋਟਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਹਲਕਿਆਂ ਵਿੱਚ ਨਸ਼ੇ ਵੰਡਣ ਵਾਲਿਆਂ ’ਤੇ ਨਜ਼ਰ ਰੱਖਣ। ਸੁਸਾਇਟੀ ਨੇ ਇਹ  ਐਲਾਨ ਵੀ ਕੀਤਾ ਕਿ ਚੋਣ ਕਮਿਸ਼ਨ ਦੇ ਦਾਇਰੇ ਅਧੀਨ ਵੋਟਰਾਂ ਨੂੰ ਨਸ਼ੇ ਦੇ ਕੇ ਲੁਭਾਉਣ ਵਾਲੇ ਉਮੀਦਵਾਰਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸੁਪਰੀਮ ਕੋਰਟ ਦੇ ਉੱਘੇ ਵਕੀਲ ਐਚ.ਐਸ. ਫੂਲਕਾ ਤੇ ਸਰਬਜੀਤ ਸਿੰਘ ਲੁਧਿਆਣਾ ਦੀ ਅਗਵਾਈ ਵਿੱਚ ਜਾਗਰੂਕਤਾ ਮੁਹਿੰਮ ਕਰਨ ਵਾਲੀਆਂ  ਸ਼ਖ਼ਸੀਅਤਾਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗੁਰਦੁਆਰਾ ਕਮੇਟੀ ਚੋਣਾਂ ਦੌਰਾਨ ਨਸ਼ਿਆਂ ਖ਼ਿਲਾਫ਼ ਜੋ ਮੁਹਿੰਮ ਛੇਡ਼ੀ ਸੀ, ਉਹ ਸੌ ਫੀਸਦੀ ਸਫਲ ਰਹੀ ਸੀ। ਹੁਣ ਉਨ੍ਹਾਂ ਦਾ ਨਿਸ਼ਾਨਾ ਵਿਧਾਨ ਸਭਾ ਚੋਣਾਂ ਨੂੰ ਨਸ਼ੇ ਮੁਕਤ ਕਰਾਉਣਾ ਹੈ।
ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਰੁਝਾਨ ਨੂੰ ਠੱਲ੍ਹ ਪਾਉਣ ਲਈ ‘ਸਿਵਲ ਸੁਸਾਇਟੀ ਅਗੇਂਸਟ ਡਰੱਗਜ਼’ ਨਾਮੀ ਸਮੂਹ ਕਾਇਮ ਕੀਤਾ ਹੈ। ਇਸ ਸੁਸਾਇਟੀ ਵਿੱਚ ਹੁਣ ਤੱਕ 40 ਦੇ ਕਰੀਬ ਵੱਖ-ਵੱਖ ਐਨ.ਜੀ.ਓਜ਼. ਸ਼ਾਮਲ ਹੋ ਚੁੱਕੇ ਹਨ ਜਦੋਂਕਿ ਵੱਡੀ ਗਿਣਤੀ ਲੋਕ ਵੀ ਸੁਸਾਇਟੀ ਨਾਲ ਜੁਡ਼ ਰਹੇ ਹਨ। ਸੁਸਾਇਟੀ ਦੇ ਫੇਸ ਬੁੱਕ ‘ਸੀਏਡੀ ਪੰਜਾਬ’ ਨਾਲ ਵੀ ਹੁਣ ਤੱਕ ਇੱਕ ਹਜ਼ਾਰ ਨਵੇਂ ਵੋਟਰ ਜੁਡ਼ ਗਏ ਹਨ।
ਸੁਸਾਇਟੀ ਦੀ ਕਾਰਜ ਕੁਸ਼ਲਤਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸੁਸਾਇਟੀ ਵੱਲੋਂ ਦੋ ਮੋਬਾਈਲ ਨੰਬਰ 09779747474 ਤੇ 09872959595 ਸ਼ਿਕਾਇਤ ਨੰਬਰਾਂ ਵਜੋਂ ਵੀ ਜਾਰੀ ਕੀਤੇ ਗਏ। ਇਨ੍ਹਾਂ ’ਤੇ ਫੋਨ ਕਰਕੇ ਕੋਈ ਵੀ ਵੋਟਰ ਸੁਸਾਇਟੀ ਨੂੰ ਦੱਸ ਸਕੇਗਾ ਕਿ ਕਿਸ ਇਲਾਕੇ ਵਿੱਚ ਵੋਟਰਾਂ ਨੂੰ ਨਸ਼ਿਆਂ ਨਾਲ ਭਰਮਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਅਜਿਹੀ ਸ਼ਿਕਾਇਤ ਐਸਐਮਐਸ ਜ਼ਰੀਏ ‘‘ਸੀਏਡੀ ਲਿਖ ਕੇ 09230002323  ’ਤੇ ਵੀ ਕੀਤੀ ਜਾ ਸਕਦੀ ਹੈ।  ਸ਼ਿਕਾਇਤ ਆਉਣ ‘ਤੇ  ਸੁਸਾਇਟੀ ਦੇ ਮੈਂਬਰ ਤੁਰੰਤ ਹਰਕਤ ‘ਚ ਆਉਂਦਿਆਂ ਪਹਿਲਾਂ ਸ਼ਿਕਾਇਤ ਦੀ  ਸਬੂਤਾਂ ਨਾਲ ਪਡ਼ਤਾਲ ਕਰਨਗੇ ਤੇ ਫਿਰ ਸਬੰਧਿਤ ਚੋਣ ਅਬਜ਼ਰਵਰ ਦੀ ਨਿਗਰਾਨੀ ਹੇਠ ਕਾਰਵਾਈ ਕਰਨਗੇ।
ਸੁਸਾਇਟੀ ਆਗੂਆਂ ਨੇ ਸਮੁੱਚੇ ਵੋਟਰਾਂ ਨੂੰ ਸੱਦਾ ਦਿੱਤਾ ਹੈ ਕਿ ਚੋਣਾਂ ਦੌਰਾਨ ਨਸ਼ਿਆਂ ਨੂੰ ਰੋਕਣ ਲਈ ਕੋਈ ਕਸਰ ਬਾਕੀ ਨਾ ਛੱਡਣ। ਸਟਿੰਗ ਅਪਰੇਸ਼ਨ ਦੌਰਾਨ ਮੋਬਾਈਲ ਫੋਨ ਜ਼ਰੀਏ ਸਬੂਤ ਵਜੋਂ ਫੋਟੋਆਂ ਤੇ ਆਵਾਜ਼ ਰਿਕਾਰਡ ਕਰਨ ਨੂੰ ਪਹਿਲ ਦੇਣ। ਆਗੂਆਂ ਨੇ ਇਹ ਵੀ ਆਖਿਆ ਕਿ ਨਸ਼ਿਆਂ ਖ਼ਿਲਾਫ਼ ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।
ਇਸ ਮਿਸ਼ਨ ਦੇ ਮੋਢੀ ਐਡਵੋਕੇਟ ਐਚ.ਐਸ. ਫੂਲਕਾ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਕਾਇਦੇ ਕਾਨੂੰਨ ਵਿੱਚ ਮੱਦ ਹੈ ਕਿ ਜਿਹਡ਼ਾ ਉਮੀਦਵਾਰ ਵੋਟਰਾਂ ਨੂੰ ਨਸ਼ੇ ਵੰਡਦਾ ਰੰਗੇ ਹੱਥੀਂ ਫਡ਼੍ਹਿਆ ਗਿਆ ਤਾਂ ਸਜ਼ਾ ਵਜੋਂ ਉਸ ਖ਼ਿਲਾਫ਼ ਅਗਲੇ ਛੇ ਸਾਲ ਲਈ ਚੋਣ ਲਡ਼ਣ ਦੀ ਪਾਬੰਦੀ ਲਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੁਸਾਇਟੀ ਨੇ ਇਸ ਮਿਸ਼ਨ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬਕਾਇਦਾ ਚੋਣ ਕਮਿਸ਼ਨ ਭਾਰਤ ਸਰਕਾਰ ਤੋਂ ਵੀ ਰਜ਼ਾਮੰਦੀ ਲਈ ਹੈ ਤੇ ਆਪਣੇ ਯਤਨਾਂ ਬਾਰੇ ਮੁੱਖ ਚੋਣ ਅਧਿਕਾਰੀ ਪੰਜਾਬ ਨੂੰ ਵੀ ਜਾਣੂ ਕਰਾਇਆ ਹੈ। ਦੋਵੇਂ ਚੋਣ ਅਥਾਰਟੀਆਂ ਨੇ ਸੁਸਾਇਟੀ ਨੂੰ ਹਰ ਮਦਦ ਦੇਣ ਦਾ ਵੀ ਭਰੋਸਾ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਮਿਸ਼ਨ ਨੂੰ ਸਫਲ ਬਣਾਉਣ ਲਈ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਦੋ ਮੈਂਬਰੀ ਇਕਾਈਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਭਾਵੇਂ ਮੁੱਖ ਦਫਤਰ ਦਿੱਲੀ ਰੱਖਿਆ ਜਾਵੇਗਾ ਪਰ ਪੰਜਾਬ ‘ਚ ਚੰਡੀਗਡ਼੍ਹ ਤੇ ਲੁਧਿਆਣਾ ‘ਚ ਦੋ ਸਬ ਆਫਿਸ ਵੀ ਖੋਲ੍ਹੇ ਗਏ ਹਨ। ਇਸ ਮੌਕੇ ਸੁਸਇਟੀ ਨਾਲ ਜੁਡ਼ੀਆਂ ਕਈ ਨਾਮਵਰ ਸਖ਼ਸ਼ੀਅਤਾਂ ਵੀ ਮੌਜੂਦ ਸਨ। ਰੋਜ਼ਾਨਾ ਪੰਜਾਬੀ ਟ੍ਰਿਬਿਊਨ ਚੋਂ ਧੰਨਵਾਦ ਸਹਿਤ

No comments: