Saturday, January 07, 2012

ਕਰਾਰੀ ਹਿੱਟ ਦਾ ਕਰਾਰਾ ਹਿੱਟਰ ਸੀ ਸੁਰਜੀਤ ਸਿੰਘ

7 ਜਨਵਰੀ ਬਰਸੀ’ਤੇ ਸੁਰਜੀਤ ਅਤੇ ਪ੍ਰਸ਼ੋਤਮ ਪਾਂਦੇ ਦੇ ਦੁਖਦਾਈ ਵਿਛੋੜੇ ਨੂੰ ਯਾਦ ਕਰਦਿਆਂ                                  ਰਣਜੀਤ ਸਿੰਘ ਪ੍ਰੀਤ
ਭਾਰਤੀ ਹਾਕੀ ਦਾ ਥੰਮ੍ਹ ਅਖਵਾਉਂਣ ਵਾਲੇ ਸੁਰਜੀਤ ਸਿੰਘ ਦਾ ਜਨਮ 10 ਅਕਤੂਬਰ 1951 ਨੂੰ ਪਿੰਡ ਦਾਖ਼ਲਾ (ਗੁਰਦਾਸਪੁਰ),ਵਿੱਚ ਸ ;ਮੱਘਰ ਸਿੰਘ ਦੇ ਘਰ ਹੋਇਆ।ਖ਼ਾਲਸਾ ਸਕੂਲ ਬਟਾਲਾ ਤੋਂ ਮੁੱਢਲੀ ਵਿਦਿਆ ਹਾਸਲ ਕਰਨ ਮਗਰੋਂ ਸਪੋਰਟਸ ਕਾਲਜ ਜਲੰਧਰ ‘ਚ ਦਾਖ਼ਲਾ ਲਿਆ ।
                                    ਹਾਕੀ ਦੇ ਖ਼ੇਤਰ ਵਿੱਚ 1967 ਨੂੰ ਸਕੂਲੀ ਖੇਡਾਂ ਤੋਂ ਉਸ ਨੇ ਪ੍ਰਵੇਸ਼ ਕੀਤਾ । ਇਸ ਤੋਂ ਕਰੀਬ ਇੱਕ ਸਾਲ ਬਾਅਦ 1968 ਵਿੱਚ ਪੰਜਾਬ ਯੂਨੀਵਰਸਿਟੀ ਦੀ ਟੀਮ ਵਿੱਚ ਸ਼ਾਮਲ ਹੋ ਕੇ ਉਹਨਾ ਨੇ ਕਈ ਅਹਿਮ ਮੈਚ ਖੇਡੇ । ਇਹਨਾਂ ਮੈਚਾਂ ਦੀ ਕਾਰਗੁਜ਼ਾਰੀ ਸਦਕਾ ਹੀ ਯੂਨੀਵਰਸਿਟੀ ਦੀ ਸਾਂਝੀ ਟੀਮ ਦੇ ਮੈਂਬਰ ਬਣੇ,ਆਸਟਰੇਲੀਆ ਦਾ ਦੌਰਾ ਵੀ ਕੀਤਾ । ਖਿਡਾਰੀ ਹੋਣ ਦੇ ਨਾਤੇ ਹੀ ਰੇਲਵੇ ਵਿੱਚ ਕਮਰਸ਼ੀਅਲ ਇੰਸਪੈਕਟਰ ਦੀ ਨੌਕਰੀ ਮਿਲੀ ।
                               ਸੁਰਜੀਤ ਸਿੰਘ ਨੇ ਓਲੰਪਿਕ,ਏਸ਼ੀਆਈ,ਅਤੇ ਵਿਸ਼ਵ ਕੱਪ ਵਿੱਚ 13 ਵਾਰੀ ਭਾਰਤੀ ਹਾਕੀ ਟੀਮ ਦੀ ਪ੍ਰਤੀਨਿਧਤਾ ਕੀਤੀ।1972 ਵਿੱਚ ਉਹ ਪੰਜਾਬ ਵੱਲੋਂ ਪਹਿਲੀ ਵਾਰੀ ਕੌਮੀ ਪੱਧਰ ‘ਤੇ ਖੇਡਿਆ ।ਇਸ ਪ੍ਰਫਾਰਮੈਂਸ ਦੇ ਅਧਾਰ ‘ਤੇ ਹੀ 1973 ਦੇ ਐਮਸਟਰਡਮ ਵਿਸ਼ਵ ਕੱਪ ਵਿੱਚ ਖੇਡਣ ਵਾਲੀ ਭਾਰਤੀ ਟੀਮ ਦਾ ਮੈਬਰ ਬਣਾਇਆ ਗਿਆ । ਉਹ 1972 ਦੀ ਮਿਊਨਿਖ਼ ਓਲੰਪਿਕ ਵਿੱਚ ਵੀ ਸ਼ਾਮਲ ਹੋਇਆ ।
                                         ਦੂਜੇ ਵਿਸ਼ਵ ਕੱਪ ਦਾ ਫ਼ਾਈਨਲ ਮੈਚ ਮੇਜ਼ਬਾਨ ਮੁਲਕ ਹਾਲੈਂਡ ਅਤੇ ਭਾਰਤ ਦਰਮਿਆਂਨ ਖੇਡਿਆ ਗਿਆ । ਇਸ ਫ਼ਾਈਨਲ ਦੇ ਪਹਿਲ;ੇ ਸੱਤ ਮਿੰਟਾਂ ਵਿੱਚ ਮਿਲੇ ਦੋ ਪਨੈਲਟੀ ਕਾਰਨਰਾਂ ਨੂੰ ਉੱਤੋ-ਡ਼ੁੱਤੀ ਜਦ ਸੁਰਜੀਤ ਨੇ ਕਰਾਰੇ ਸ਼ਾਟ ਲਾਉਂਦਿਆਂ ਗੋਲਾਂ ਵਿੱਚ ਬਦਲ ਦਿੱਤਾ ਤਾਂ ਭਾਰਤੀ ਹਾਕੀ ਪ੍ਰੇਮੀ ਜਿੱਤ ਨੂੰ ਯਕੀਨੀ ਸਮਝ ਪਟਾਖ਼ੇ ਚਲਾਉਣ ਅਤੇ ਖ਼ੁਸ਼ੀ ਦਾ ਰਿਜ਼ਹਾਰ ਕਰਨ ਲੱਗੇ । ਪਰ ਬਰਾਬਰੀ ‘ਤੇ ਖ਼ਤਮ ਹੋਏ, ਮੈਚ ਦਾ ਆਖ਼ਰੀ ਨਤੀਜਾ ਪਨੈਲਟੀ ਸਟਰੌਕ ਜ਼ਰੀਏ 4-2 ਨਾਲ ਹਾਲੈਂਡ ਦੇ ਹੱਕ ਵਿੱਚ ਰਿਹਾ ।  
                1974 ਤਹਿਰਾਨ ਏਸ਼ੀਆਈ ਖੇਡਾਂ,1975 ਕੁਆਲਾੰਪੁਰ ਵਿਸ਼ਵ ਹਾਕੀ ਕੱਪ,1976 ਮਾਂਟਰੀਆਲ ਓਲੰਪਿਕ,1978 ਬੈਂਗਕੌਕ ਏਸ਼ੀਆਈ ਖੇਡਾਂ, 1982 ਮੁਬਈ ਵਿਸ਼ਵ ਕੱਪ,ਖੇਡਦਿਆਂ ਸੁਰਜੀਤ ਨੇ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ । ਫੁੱਲ ਬੈਕ ਵਜੋਂ ਖੇਡਣ ‘ਤੇ “ਲੋਹੇ ਦੀ ਦੀਵਾਰ “ ਕਹਾਉਣ ਵਾਲੇ ਅਣਖ਼ੀ ਸੁਰਜੀਤ ਦਾ 1978 ਵਿੱਚ ਪ੍ਰਬੰਧਕਾਂ ਨਾਲ ਇੱਟ-ਖਡ਼ੱਕਾ ਵੀ ਹੋਇਆ । ਉਹ ਆਪਣੇ ਸਾਥੀਆਂ ਬਲਦੇਵ ਅਤੇ ਵਰਿੰਦਰ ਸਮੇਤ ਪਟਿਆਲੇ ਦੇ ਕੋਚਿੰਗ ਕੈਂਪ ਵਿੱਚੋਂ ਆਪਣਾ ਬਿਸਤਰਾ ਹੀ ਚੁੱਕ ਲਿਆਇਆ । ਪਰ ਕੋਚ ਵੱਲੋਂ ਕੀਤੀਆਂ ਟਿੱਪਣੀਆਂ ਦੀ ਤਾਂ ਚਿੰਤਾ ਕੀਤੀ । ਪਰ ਡਰਾਵਿਆਂ ਦੀ ਚਿੰਤਾ ਨਹੀਂ ਸੀ ਕੀਤੀ ।

ਸੁਰਜੀਤ ਨੇ 1975 ਦੇ ਨਿਊਜ਼ੀਲੈਂਡ ਟੂਰ ਸਮੇਂ 17 ਗੋਲ ਕੀਤੇ,1979 ਪ੍ਰੀ-ਓਲੰਪਿਕ ,1981 ਚੈਂਪੀਅਨਜ਼ ਟਰਾਫ਼ੀ, ਸਮੇ ਕਪਤਾਨ ਵਜੋਂ,1979 ਪਰਥ ਮੁਕਾਬਲਿਆਂ ਸਮੇ ਉਪ-ਕਪਤਾਨ ਵਜੋਂ ਖੇਡ ਚੁੱਕੇ ਸੁਰਜੀਤ ਨੂੰ 1980 ਮਾਸਕੋ ਓਲੰਪਿਕ ਸਮੇ ਵੀ ਕਪਤਾਨ ਬਣਾਇਆ ਗਿਆ ਸੀ ,ਪਰ ਇਸ ਮੌਕੇ ਇਹ ਕਪਤਾਨੀ ਫਿਰ ਵਿਵਾਦਾਂ ਵਿੱਚ ਘਿਰ ਗਈ ਅਤੇ ਇਹ ਫ਼ੈਸਲਾ ਵਾਪਸ ਲੈਂਦਿਆਂ ਕਪਤਾਨ ਦੀ ਬਦਲੀ ਕਰ ਦਿੱਤੀ ਗਈ । 1982 ਦੇ ਮੁੰਬਈ ਵਿਸ਼ਵ ਕੱਪ ਸਮੇ ਆਪ ਦੀ ਕਪਤਾਨੀ ਅਧੀਨ ਭਾਰਤੀ ਟੀਮ ਨੇ ਬਗੈਰ ਕਿਸੇ ਵਿਸ਼ੇਸ਼ ਪ੍ਰਾਪਤੀ ਤੋਂ ਹਿੱਸਾ ਲਿਆ । 
             ਬਹੁਤਾ ਸਮਾ ਰਾਕ ਰੋਵਰਜ਼ ਚੰਡੀਗਡ਼੍ਹ ਵੱਲੋਂ ਖੇਡਣ ਵਾਲੇ,ਸੁਰਜੀਤ ਸਿੰਘ ਨੇ ਇੰਡੀਅਨ ਏਅਰ ਲਾਈਨਜ਼ ਲਈ ਵੀ ਕਈ ਜਿੱਤਾਂ ਦਰਜ ਕੀਤੀਆਂ । ਫਿਰ ਪੀ ਏ ਪੀ ਵਿੱਚ ਇੰਸਪੈਕਟਰ ਬਣਿਆਂ ਅਤੇ ਪ੍ਰਸਿੱਧ ਹਾਕੀ ਖਿਡਾਰਨ ਚੰਚਲ ਕੋਹਲੀ ਦਾ ਜੀਵਨ ਸਾਥੀ। ਭਰ ਜੁਆਨੀ ਵਿੱਚ ਸਿਰਫ਼ 33 ਵਰ੍ਹਿਆਂ ਦਾ ਸੁਰਜੀਤ ਸਿੰਘ 7 ਜਨਵਰੀ 1983 ਨੂੰ ਜਲੰਧਰ ਦੇ ਨੇਡ਼ੇ ,ਪ੍ਰਸ਼ੋਤਮ ਪਾਂਦੇ,ਨਾਲ ਸਖ਼ਤ ਸਰਦੀ ਅਤੇ ਸੰਘਣੀ ਧੁੰਦ ਦੌਰਾਂਨ ਕਾਰ ਹਾਦਸੇ ਦਾ ਸ਼ਿਕਾਰ ਹੋ ਗਿਆ ,ਉਦੋਂ ਵੀ ਉਹ ਇੱਕ ਮੈਚ ਦੀ ਤਿਆਰੀ ਵਜੋਂ ਭੱਜ-ਨੱਠ ਕਰ ਰਹੇ ਸਨ । 

ਲੇਖਕ ਰਣਜੀਤ ਸਿੰਘ ਪ੍ਰੀਤ
ਉਹਨਾਂ ਦੀ ਯਾਦ ਵਿੱਚ ਹਰ ਸਾਲ “ਸੁਰਜੀਤ ਮੈਮੋਰੀਅਲ ਹਾਕੀ ਮੁਕਾਬਲਾ “ਕਰਵਾਇਆ ਜਾਂਦਾ ਹੈ । ਜਿਸ ਨੂੰ ਹੁਣ ਇੰਡੀਅਨ ਆਇਲ ਸਰਵੋਸੁਰਜੀਤ ਹਾਕੀ ਟੂਰਨਾਮੈਂਟ ਕਿਹਾ ਜਾਂਦਾ ਹੈ । ਜਿੱਥੇ ਬੀਤੇ ਵਰ੍ਹੇ ਇਸ ਮੁਕਾਬਲੇ ਦਾ ਪੋਸਟਰ ਮਿਸ ਪੂਜਾ ਨੇ ਜਾਰੀ ਕੀਤਾ , ਉਥੇ ਇਹ ਮੁਕਾਬਲਾ ਸੁਰਜੀਤ ਸਟੇਡੀਅਮ ਵਿੱਚ 28 ਵੀਂ ਵਾਰੀ ਹੋਇਆ ਅਤੇ ਏਅਰ ਇੰਡੀਆ ਮੁੰਬਈ ਨੇ ਇੰਡੀਅਨ ਆਇਲ ਮੁੰਬਈ ਨੂੰ 4-2 ਨਾਲ ਹਰਾ ਕੇ ਜਿਤਿਆ । ਇਸ ਮਹਾਂਨ ਖਿਡਾਰੀ ਦੇ ਨਾਂਅ ‘ਤੇ ਹਾਕੀ ਅਕੈਡਮੀ ਦਾ ਵੀ ਗਠਨ ਕੀਤਾ ਗਿਆ ਹੈ।ਜਿੱਥੇ ਵਧੀਆ ਖਿਡਾਰੀ ਤਿਆਰ ਕੀਤੇ ਜਾਂਦੇ ਹਨ । ਇਸ ਸਰਵਸ੍ਰੇਸ਼ਟ ਖਿਡਾਰੀ ਦੇ ਦਿਹਾਂਤ ਤੋਂ 15 ਸਾਲ ਮਗਰੋਂ  1998 ਵਿੱਚ ਅਰਜੁਨਾ ਐਵਾਰਡ ਦਿੱਤਾ ਗਿਆ । ਜਦ ਇਸ ਜਾਂਬਾਜ਼ ਖਿਡਾਰੀ ਦਾ ਅੰਤ ਹੋਇਆ ਤਾਂ ਗਿਆਂਨੀ ਜੈਲ ਸਿੰਘ ਜੀ ਨੇ ਇਹਨਾਂ ਸ਼ਬਦਾਂ ਨਾਲ ਸ਼ਰਧਾਂਜਲੀ ਭੇਂਟ ਕੀਤੀ। ਜੋ ਮਰਹੂਮ ਖਿਡਾਰੀ ਦੀ ਮਹਾਨਤਾ ਨੂੰ ਦਰਸਾਉਂਦੇ ਹਨ ”ਸੁਰਜੀਤ ਇੱਕ ਵਧੀਆ ਖਿਡਾਰੀ ਸੀ,ਜਿਸ ਨੇ ਭਾਰਤ ਦਾ ਨਾਂਅ ਰੌਸ਼ਨ ਕੀਤਾ “। 
ਲੇਖਕ ਨਾਲ ਡਾਕ ਸੰਪਰਕ:ਭਗਤਾ-151206 (ਬਠਿੰਡਾ)
ਮੋਬਾਇਲ ਨੰਬਰ: 98157-07232

No comments: