Thursday, November 24, 2011

ਕੀ ਮੌਤ ਤੋਂ ਬਾਅਦ ਸਚਮੁਚ ਸਭ ਕੁਝ ਖਤਮ ਹੋ ਜਾਂਦਾ ਹੈ?

ਪੁਨਰ-ਜਨਮ-ਇੱਕ ਵਿਗਿਆਨਿਕ ਸੱਚਾਈ  ਪ੍ਰੋ. ਤਰਲੋਚਨ ਸਿੰਘ ਮਹਾਜਨ
(ਨੋਟ: ਇਹ ਲੇਖ ਅਖਬਾਰ ਪੰਜਾਬੀ ਟ੍ਰਿਬਿਊਨ ਵਿਚ ਦਿਨ ਐਤਵਾਰ, 30 ਦਸੰਬਰ, 2007 ਨੂੰ ਛਪਿਆ ਸੀ। ਪਡ਼੍ਹਨ ਉਪਰੰਤ ਪ੍ਰਭਾਵਿਤ ਹੋ ਕਿ ਮੈਂ ਇਸਨੂੰ ਅਖਬਾਰ ਵਿੱਚੋਂ ਕੱਟ ਕੇ ਰੱਖ ਲਿਆ ਸੀ। ਕਿੰਨੇ ਦਿਨਾਂ ਬਾਅਦ ਆਪਣੀਆਂ ਅਖਬਾਰ ਕਟਿੰਗ ਕੁਲੇਕਸ਼ਨ ਫ਼ਰੋਲ ਰਿਹਾ ਸੀ ਤਾਂ ਅਚਾਨਕ ਇਸਤੇ ਨਜ਼ਰ ਪਈ। ਲੇਖ ਦੁਬਾਰਾ ਪਡ਼੍ਹਿਆ। ਪਡ਼੍ਹਨ ਤੋਂ ਬਾਅਦ ਨਿਰਣਾ ਕੀਤਾ ਕਿ ਇਸਨੂੰ ਪੰਜਾਬੀ ਵਿੱਚ ਟਾਈਪ ਕਰਕੇ ਇੰਟਰਨੈੱਟ ‘ਤੇ ਪਾਵਾਂਗਾ ਤਾਂ ਜੋ ਹੋਰਾਂ ਨੂੰ ਇਸ ਸੱਚਾਈ ਬਾਰੇ ਜਾਗਰੂਕ ਕੀਤਾ ਜਾ ਸਕੇ, ਕਿਉਂਕਿ ਇਸ ਲੇਖ ਵਿੱਚ ਬਿਆਨ ਕੀਤੀਆਂ ਗਈਆਂ ਘਟਨਾਵਾਂ ਪੁਨਰ-ਜਨਮ ਅਤੇ ਆਤਮਾ ਦੀ ਹੋਂਦ ਨੂੰ ਵਿਗਿਆਨਿਕ ਤੱਥਾਂ ਰਾਹੀਂ ਸਾਬਤ ਕਰਦੀਆਂ ਹਨ।-
Modest  ਜਸਦੀਪ)
ਪੁਨਰ-ਜਨਮ ਸੱਚ ਹੈ ਜਾਂ ਮੌਤ ਤੋਂ ਬਾਅਦ ਸਭ ਕੁਝ ਖਤਮ ਹੋ ਜਾਂਦਾ ਹੈ? ਕੀ ਆਤਮਾ ਦਾ ਕੋਈ ਵਜੂਦ ਹੈ ਜਾਂ ਮਨੁੱਖ ਉਸ ਕੰਪਿੳਟਰ ਦੀ ਤਰ੍ਹਾਂ ਹੈ ਜਿਹਡ਼ਾ ਹਾਰਡ ਡਿਸਕ ਅਤੇ ਪਰੋਸੈਸਰ ਦੇ ਖਰਾਬ ਹੋ ਜਾਣ ‘ਤੇ ਖਤਮ ਹੋ ਜਾਂਦਾ ਹੈ? ਕੀ ਮਨੁੱਖੀ ਭਾਵਨਾਵਾਂ ਦਿਮਾਗ ਦੀ ੳਪਜ ਹਨ ਜਾਂ ਇਨ੍ਹਾਂ ਦਾ ਸਰੋਕਾਰ ਚੇਤਨਾ ਨਾਲ ਹੈ? ਇਹੋ ਜਿਹੇ ਅਣਸੁਲਝੇ ਸਵਾਲ ਪ੍ਰਸ਼ਨ-ਚਿੰਨ ਬਣ ਖੂਬ ਰੌਲਾ-ਰੱਪਾ ਪਾਉਂਦੇ ਹਨ ਅਤੇ ਸਾਨੂੰ ਅਸ਼ਾਂਤ ਕਰਦੇ ਰਹਿੰਦੇ ਹਨ। ਇਨ੍ਹਾ ਦਾ ਹੱਲ ਹੋਣਾ ਜ਼ਰੂਰੀ ਹੈ। 

ਅਸਲ ਵਿੱਚ ਪੁਨਰ-ਜਨਮ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਦਸ ਵੀਹ ਪੰਜਾਹ ਜਾਂ ਸੌ ਵੀ ਨਹੀਂ, ਲੱਖਾਂ ਕ੍ਰੋਡ਼ਾਂ ਵੀ ਨਹੀਂ ਬਲਕਿ ਅਸੰਖਾਂ ਤੇ ਸ਼ਾਇਦ ਇਸ ਤੋਂ ਵੀ ਵੱਧ ਹਨ ਜਿਨ੍ਹਾਂ ਨੂੰ ਕਲਮ ਨਾਲ ਜਾਂ ਸਿਆਹੀ ਨਾਲ ਲਿਖਿਆ ਨਹੀਂ ਜਾ ਸਕਦਾ।

ਪੁਨਰ-ਜਨਮ ਦੇ ਹਜ਼ਾਰਾਂ ਕਿੱਸੇ ਹਜ਼ਾਰਾਂ ਸਾਲਾਂ ਤੋਂ ਵੱਖ ਵੱਖ ਦੇਸ਼ਾਂ, ਵੱਖ ਵੱਖ ਸੂਬਿਆਂ, ਵੱਖ ਵੱਖ ਧਰਮਾਂ ਵਿੱਚ ਮਿਲਦੇ ਰਹੇ ਹਨ ਤੇ ਮਿਲ ਵੀ ਰਹੇ ਹਨ। ਉਨ੍ਹਾਂ ਵਿਚੋਂ ਕੁਝ ਕਿੱਸੇ ਬੇਹੱਦ ਚਰਚਿਤ ਹੋਏ। ਇਥੇ ਦੋ ਕਿੱਸਿਆਂ ਦਾ ਵਰਨਣ ਦਿੱਤਾ ਜਾ ਰਿਹਾ ਹੈ। ਇੱਕ ਕਿੱਸਾ ਸਾਡੇ ਸੂਬੇ ਨਾਲ ਸਬੰਧਿਤ ਹੈ ਜਿਹਡ਼ਾ ਕਿ ਤੱਥਾਂ ‘ਤੇ ਅਧਾਰਿਤ ਹੈ ਅਤੇ ਦੂਸਰਾ ਅਜਿਹਾ ਕਿੱਸਾ ਹੈ ਜਿਸ ਵਿੱਚ ਮਹਾਤਮਾ ਗਾਂਧੀ ਨੇ ਵੀ ਦਿਲਚਸਪੀ ਵਿਖਾਈ।

22 ਜੂਨ 2002 ਦੇ ਅੰਗ੍ਰੇਜ਼ੀ ਟ੍ਰਿਬਿਊਨ ਵਿੱਚ ਇੱਕ ਖ਼ਬਰ ਛਪੀ ਜਿਸ ਅਨੁਸਾਰ ਪੁਨਰ-ਜਨਮ ਨੂੰ ਪਹਿਲੀ ਵਾਰ ਪਟਿਆਲੇ ਦੇ ਫੋਰੈਂਸਿਕ ਸਾਇੰਸ ਦੇ ਇੱਕ ਮਾਹਿਰ ਵਿਕਰਮ ਰਾਜ ਸਿੰਘ ਚੌਹਾਨ ਵੱਲੋਂ ਵਿਗਿਆਨਕ ਢੰਗ ਨਾਲ ਹੱਲ ਕੀਤਾ ਗਿਆ। ਇਸ ਖੋਜ ਨੁੰ ਝਾਂਸੀ ਯੂਨੀਵਰਸਿਟੀ ਬੁੰਦੇਲਖੰਡ ਵਿਖੇ ਨੈਸ਼ਨਲ ਕਾਨਫਰੰਸ ਵਿਖੇ ਵਿਚਾਰਨ ਉਪਰੰਤ ਸਹੀ ਪਾਇਆ ਗਿਆ।

ਤਾਰਨਜੀਤ ਨਾਂ ਦਾ ਇੱਕ ਬੱਚਾ ਸਾਧਾਰਣ ਪਰਿਵਾਰ ਵਿੱਚ ਲੁਧਿਆਣਾ ਵਿਖੇ ਪਾਇਲ ਦੇ ਕੋਲ ਇੱਕ ਪਿੰਡ ਵਿੱਚ ਰਣਜੀਤ ਸਿੰਘ ਦੇ ਘਰ ਪੈਦਾ ਹੋਇਆ। ਰਣਜੀਤ ਸਿੰਘ ਦੇ ਮੁਤਾਬਕ ਜਦੋਂ ਉਸਨੇ ਬੋਲਣਾ ਸ਼ੁਰੂ ਹੀ ਕੀਤਾ(ਤਕਰੀਬਨ ਦੋ ਸਾਲਾਂ ਦਾ) ਤਾਂ ਸਾਨੂੰ ਉਸਦੀਆਂ ਗੱਲਾਂ ਅਜੀਬ ਲੱਗਦੀਆਂ ਸਨ। ਉਹ ਬੋਲਦਾ ਸੀ, “ਮੈਂ ਤਾਰਨਜੀਤ ਸਿੰਘ ਨਹੀਂ ਸਤਨਾਮ ਸਿੰਘ ਹਾਂ। ਮੇਰਾ ਪਿੰਡ ਚਕਚੈਲਾ ਹੈ। ਮੇਰੇ ਪਿਤਾ ਦਾ ਨਾਮ ਜੀਤ ਸਿੰਘ ਹੈ।“ ਤਾਰਨਜੀਤ ਸਿੰਘ ਜਦੋਂ ਵੱਡਾ ਹੋਣ ਲੱਗਾ ਤਾਂ ਉਹ ਅਪਣੇ ਪਹਿਲੇ ਜਨਮ ਵਾਲੇ ਪਿੰਡ ਨੂੰ ਜਾਣ ਲਈ ਕਾਹਲਾ ਪੈਣ ਲੱਗਾ। ਤਾਰਨਜੀਤ ਸਿੰਘ ਦੱਸਦਾ ਹੈ ਕਿ ਉਹ ਨਿਹਾਲਵਾਲਾ ਪਿੰਡ ਦੇ ਸਕੂਲ ਵਿੱਚ ਨੌਵੀਂ ਜਮਾਤ ਦਾ ਵਿਦਿਆਰਥੀ ਸੀ। 10 ਸਤੰਬਰ 1992 ਨੂੰ ਜਦੋਂ ਉਹ ਅਤੇ ਉਸਦਾ ਦੋਸਤ ਸੁਖਵਿੰਦਰ ਸਾਈਕਲ ‘ਤੇ ਸਕੂਲੋਂ ਘਰ ਵੱਲ ਜਾ ਰਹੇ ਸਨ ਤਾਂ ਜੋਗਾ ਸਿੰਘ ਨਾਂ ਦਾ ਸਕੂਟਰ ਚਾਲਕ ਬਡ਼ੀ ਤੇਜ਼ ਰਫਤਾਰ ਨਾਲ ਉਨ੍ਹਾਂ ਵਿੱਚ ਆ ਕੇ ਵੱਜਾ ਜਿਸ ਕਾਰਨ ਉਸਦੇ ਸਿਰ ਵਿੱਚ ਡੂੰਘੀ ਸੱਟ ਵੱਜੀ ਅਤੇ ਉਸੇ ਦਿਨ ਉਸਦੀ ਮੌਤ ਹੋ ਗਈ। ਪਰ ਉਸਦੇ ਮਾਪੇ ਆਪਣੀ  ਰੋਜ਼ੀ-ਰੋਟੀ ਦੇ ਚੱਕਰ ਵਿੱਚ ਉਸਦੀਆਂ ਇਨ੍ਹਾਂ ਗੱਲਾਂ ਨੂੰ ਅਣਸੁਣਿਆਂ ਕਰਦੇ ਰਹੇ। ਦਿਨ ਲੰਘਦੇ ਗਏ। ਇੱਕ ਵਾਰ ਉਸਨੇ ਘਰੋਂ ਭੱਜਣ ਦੀ ਕੋਸ਼ਿਸ਼ ਵੀ ਕੀਤੀ। ਜਦੋਂ ਉਹ 6 ਸਾਲਾਂ ਦਾ ਹੋਇਆ ਤਾਂ ਉਸ ਦੀ ਜ਼ਿਆਦਾ ਜ਼ਿੱਦ ਕਾਰਨ ਰਣਜੀਤ ਸਿੰਘ ਤੇ ਉਸਦੀ ਪਤਨੀ ਉਸਨੂੰ ਸੰਗਰੂਰ ਪਿੰਡ ਵਿਖੇ ਲੈ ਗਏ। ਉਥੇ ਉਹਨਾ ਨੂੰ ਜੀਤ ਸਿੰਘ ਨਾਂ ਦਾ ਕੋਈ ਅਜਿਹਾ ਘਰ ਨਾ ਲੱਭਾ। ਕਿਸੇ ਨੇ ਦੱਸਿਆ ਕਿ ਇਸ ਨਾਂ ਦਾ ਪਿੰਡ ਜਲੰਧਰ ਜ਼ਿਲ੍ਹੇ ਵਿੱਚ ਵੀ ਹੈ। ਉਸ ਦੇ ਪਿਤਾ ਰਣਜੀਤ ਸਿੰਘ ਤੇ ਉਨ੍ਹਾਂ ਦਾ ਦੋਸਤ ਰਾਜਿੰਦਰ ਸਿੰਘ ਉਸ ਸਕੂਲ ਵਿੱਚ ਗਏ ਜਿਸ ਦਾ ਹਵਾਲਾ ਤਾਰਨਜੀਤ ਦਿੰਦਾ ਸੀ। ਉਥੇ ਉਨ੍ਹਾਂ ਨੂੰ ਸਕੂਲ ਵਿੱਚ ਇੱਕ ਪੁਰਾਣਾ ਅਧਿਅਪਕ ਮਿਲਿਆ ਜਿਸ ਉਸ ਵਾਕਿਆ ਦੀ ਪੁਸ਼ਟੀ ਕੀਤੀ। ਅਧਿਆਪਕ ਨੇ ਦੱਸਿਆ ਕਿ ਇਹ ਬਿਲਕੁਲ ਠੀਕ ਹੈ ਕਿ ਇਸ ਸਕੂਲ ਵਿੱਚ ਸਤਨਾਮ ਸਿੰਘ ਨਾਂ ਦਾ ਇੱਕ ਵਿਦਿਆਰਥੀ ਨੌਂਵੀ ਜਮਾਤ ਵਿੱਚ ਸੀ ਜਿਸ ਦੀ ਮੌਤ ਇੱਕ ਐਕਸੀਡੈਂਟ ਵਿੱਚ ਹੋਈ ਸੀ॥ ਇਹ ਸੁਣਦੇ ਸਾਰ ਰਣਜੀਤ ਸਿੰਘ ਇੱਕ ਦਮ ਸੁੰਨ ਹੋ ਗਿਆ ਕਿ ਤਾਰਨਜੀਤ ਹੀ ਸਤਨਾਮ ਹੈ। ਫਿਰ ਉਹ ਚਕਚੈਲਾ ਪਿੰਡ ਗਏ ਉਥੇ ਉਹ ਜੀਤ ਸਿੰਘ ਨੂੰ ਮਿਲੇ ਤੇ ਸਾਰਾ ਵਾਕਿਆ ਦੱਸਿਆ। ਰਣਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਤਾਰਨਜੀਤ ਦਾ ਕਹਿਣਾ ਹੈ ਕਿ ਜਦੋਂ ਐਕਸੀਡੈਂਟ ਹੋਇਆ ਤਾਂ ਉਸ ਕੋਲ ਕਿਤਾਬਾਂ ਦੇ ਨਾਲ ਉਸ ਦੇ ਪਰਸ ਵਿੱਚ 30 ਰੁਪਏ ਵੀ ਸਨ ਤਾਂ ਇਹ ਸੁਣਦੇ ਸਾਰ ਜੀਤ ਸਿੰਘ ਦੀ ਪਤਨੀ ਦੇ ਹੰਝੂਆਂ ਦੀ ਨਦੀ ਵਹਿ ਤੁਰੀ। ਉਹ ਅੰਦਰੋਂ ਉਹ ਕਿਤਾਬਾਂ ਤੇ 30 ਰੁਪਏ ਜਿਹਡ਼ੇ ਖੂਨ ਨਾਲ ਭਰੇ ਹੋਏ ਸਨ, ਕੱਢ ਕੇ ਲਿਆਈ, ਜਿਹਡ਼ੇ ਉਸਨੇ ਆਪਣੇ ਪੁੱਤਰ ਦੀ ਆਖ਼ਰੀ ਨਿਸ਼ਾਨੀ ਦੇ ਤੌਰ ‘ਤੇ ਸੰਭਾਲ ਕੇ ਰੱਖੇ ਹੋਏ ਸਨ। ਫਿਰ ਜੀਤ ਸਿੰਘ ਦਾ ਪਰਿਵਾਰ ਰਣਜੀਤ ਸਿੰਘ ਦੇ ਘਰ ਗਿਆ। ਤਾਰਨਜੀਤ ਨੂੰ ਪਿਛਲੀਆਂ ਫ਼ੋਟੋਆਂ ਵੇਖ ਕੇ ਪਹਿਚਾਨਣ ਨੂੰ ਕਿਹਾ ਗਿਆ। ਉਸ ਦੀ ਪਹਿਚਾਣ ਬਿਲਕੁਲ ਠੀਕ ਨਿਕਲੀ। ਇਸ ਕਹਾਣੀ ਦਾ ਪਤਾ ਜਦੋਂ ਵਿਕਰਮ ਚੌਹਾਨ(ਜਿਸਨੂੰ ਪੁਨਰ-ਜਨਮ ‘ਤੇ ਬਿਲਕੁਲ ਕੋਈ ਵਿਸ਼ਵਾਸ ਨਹੀਂ ਸੀ) ਨੂੰ ਲੱਗਾ ਤਾਂ ਉਸਨੇ ਸੱਚਾਈ ਜਾਨਣ ਲਈ ਦੋਵਾਂ ਪਿੰਡਾਂ ਦਾ ਕਈ ਵਾਰ ਦੌਰਾ ਕੀਤਾ ਅਤੇ ਪਾਇਆ ਕਿ ਸਾਰੇ ਤੱਥ ਠੀਕ ਹਨ। ਇੱਕ ਹੋਰ ਤੱਥ ਜੋ ਇਸ ਵਾਕਿਆ ਨੂੰ ਹਕੀਕਤ ਬਣਾਉਂਦਾ ਹੈ ਉਹ ਇਹ ਕਿ ਵਿਕਰਮ ਤਾਰਨਜੀਤ ਸਿੰਘ ਦੇ ਪਹਿਲੇ ਪਿੰਡ ਦੇ ਇੱਕ ਅਜਿਹੇ ਦੁਕਾਨਦਾਰ ਨੂੰ ਵੀ ਮਿਲਿਆ ਜਿਸ ਨੇ ਦੱਸਿਆ ਕਿ ਮੌਤ ਤੋਂ ਕੁਝ ਦਿਨ ਪਹਿਲਾਂ ਸਤਨਾਮ ਨੇ ਉਸਤੋਂ 3 ਰੁਪਏ ਦੀ ਇੱਕ ਕਾਪੀ ਖਰੀਦੀ ਸੀ। ਵਿਕਰਮ ਉਸ ਦੁਕਾਨਦਾਰ ਨੂੰ ਰਣਜੀਤ ਸਿੰਘ ਦੇ ਘਰ ਲੈ ਗਿਆ ਤਾਂ ਤਾਰਨਜੀਤ ਨੇ ਉਸਨੂੰ ਝੱਟ ਪਹਿਚਾਣ ਲਿਆ ਕਿ ਮੌਤ ਤੋਂ ਕੁਝ ਦਿਨ ਪਹਿਲਾਂ ਉਸਤੋਂ ਦੋ ਰੁਪਏ ਦੀ ਇੱਕ ਕਾਪੀ ਖਰੀਦੀ ਸੀ ਤਾਂ ਦੁਕਾਨਦਾਰ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿਉਂਕਿ ਉਸਨੇ ਦੋ ਦੀ ਥਾਂ ਤਿੰਨ ਰੁਪਏ ਸੱਚਾਈ ਜਾਨਣ ਲਈ ਦੱਸੇ ਸਨ। ਅੰਤ ਵਿਕਰਮ ਨੇ ਤਾਰਨਜੀਤ ਤੇ ਸਤਨਾਮ ਦੀਆਂ ਲਿਖਤਾਂ ਨੂੰ ਮਿਲਾਇਆ ਤਾਂ ਅਚਨਚੇਤ ਹੀ ਉਸਦੇ ਮੂੰਹੋਂ ਨਿਕਲਿਆ “ਵਾਹ ਰੀ ਕੁਦਰਤ!” ਦੋਹਾਂ ਹੱਥ ਲਿਖਤਾਂ ਦੇ ਹਰਫਾਂ ਦਾ ਸਟਾਈਲ ਹੂ-ਬ-ਹੂ ਮੇਲ ਖਾ ਰਿਹਾ ਸੀ। ਕਾਨਫਰੰਸ ਵਿਖੇ ਹੋਰ ਮਾਹਰਾਂ ਨੇ ਇਸ ਦੀ ਜਾਂਚ ਕੀਤੀ ਅਤੇ ਪਾਏਆ ਕਿ ਦੋਵੇਂ ਲਿਖਤਾਂ ਦੇ ਹਰਫ਼ ਮੇਲ ਖਾਂਦੇ ਹਨ। ਇਸ ਤੋਂ ਸਿੱਧ ਹੁੰਦਾ ਹੈ ਕਿ ਪੁਨਰ-ਜਨਮ ਇੱਕ ਬੁਝਾਰਤ ਨਾ ਹੋ ਕੇ ਅਟੱਲ ਸੱਚਾਈ ਹੈ।

ਵਿਗਿਆਨੀ ਕੈਪਲਰ, ਨਿਊਟਨ ਅਤੇ ਆਈਨਸਟਾਈਨ ਨੇ ਇਹ ਜਾਣਿਆ ਕਿ ਕੁਦਰਤ ਦੇ ਭੌਤਿਕ ਸਿਧਾਂਤ ਜਿਵੇਂ ਸੂਖਸ਼ਮ ਜਿਹੇ ਅਣੂ ਵਿੱਚ ਵਰਤ ਰਹੇ ਹਨ ਓਵੇਂ ਹੀ ਇਹ ਬ੍ਰਹਿਮੰਡ ਦੀਆਂ ਤਾਰਿਕਾ-ਮੰਡਲੀਆਂ ਵਿੱਚ ਵੀ ਬਿਰਾਜਮਾਨ ਹਨ। ਹਰ ਰੋਜ਼ ਮਨੁੱਖ ਜਦੋਂ ਸੌਂਦਾ ਹੈ ਤਾਂ ਉਸ ਦਾ ਥੌਡ਼ੇ ਜਿਹੇ ਸਮੇਂ ਲਈ ਮਰਨਾ ਹੁੰਦਾ ਹੈ। ਨੀਂਦ ਵਿੱਚ ਉਹ ਇਸ ਭੌਤਿਕ ਸੰਸਾਰ ਤੋਂ ਕਟ ਜਾਂਦਾ ਹੈ। ਭੈਣ-ਭਰਾ, ਮਾਤਾ-ਪਿਤਾ ਅਤੇ ਪਤੀ-ਪਤਨੀ ਦੇ ਰਿਸ਼ਤੇ ਬਦਲ ਜਾਂਦੇ ਹਨ। ਉਹ ਕੁਝ ਪੁਰਾਣੇ ਅਤੇ ਨਵੇਂ ਰਿਸ਼ਤਿਆਂ ਅਤੇ ਘਟਨਾਵਾਂ ਵਿੱਚੋਂ ਲੰਘਦਾ ਹੈ। ਪਰ ਜਦੋਂ ਨੀਂਦ ਖੁੱਲ੍ਹਦੀ ਹੈ ਤਾਂ ਉਹ ਇਸਨੂੰ ਸੁਪਨੇ ਦਾ ਨਾਮ ਦਿੰਦਾ ਹੈ। ਇਹੋ ਸਿਧਾਂਤ ਓਦੋਂ ਵਾਪਰਦਾ ਹੈ ਜਦੋਂ ਉਹ ਅਸਲ ਵਿੱਚ ਮਰਦਾ ਹੈ। ਪਰ ਹੁਣ ਨੀਂਦ ਲੰਬੇ ਸਮੇਂ ਦੀ ਹੈ ਅਤੇ ਇਸ ਨੀਂਦ ਦੇ ਸੁਪਨੇ ਨਾ ਹੋ ਕਿ ਨਾ-ਬਿਆਨ ਕੀਤੀ ਜਾ ਸਕਣ ਵਾਲੀ ਸੱਚਾਈ ਹੁੰਦੀ ਹੈ।

ਜਦੋਂ ਇਨਸਾਨ ਮਰਦਾ ਹੈ ਤਾ ਅਸੀਂ ਸਮਝਦੇ ਹਾਂ ਕਿ ਉਹ ਖਤਮ ਹੋ ਗਿਆ। ਉਸ ਨੂੰ ਸੁਆਹ ਕਰ ਦਿੰਦੇ ਹਾਂ ਤਾਂ ਕੀ ਉਹ ਖਤਮ ਹੋ ਜਾਂਦਾ ਹੈ? ਜਦੋਂ ਪੈਦਾ ਹੋਇਆ ਸੀ ਤਾਂ ਉਹ ਕਿੰਨਾ ਕੁ ਸੀ? ਜਾਂ ਡਿਰ ਜਦੋਂ ਉਹ ਮਾਂ ਦੇ ਪੇਟ ਵਿੱਚ ਸੀ ਤਾਂ ਉਹ ਕਿੰਨਾ ਕੁ ਸੀ? ਇਸ ਤੋਂ ਵੀ ਪਹਿਲਾ ਜਦੋਂ ਉਹ ਬੀਜ ਸੀ ਤਾਂ ਉਹ ਕਿੰਨਾ ਕੁ ਸੀ? ਤਾਂ ਕੀ ਅਸਲ ਵਿੱਚ ਸ਼ੁਰੂ ਤੋਂ ਉਹ ਇੱਕ ਬੀਜ ਹੀ ਸੀ? ਨਹੀਂ ਉਹ ਬੀਜ ਨਹੀਂ ਸੀ। ਤਾਂ ਫ਼ਿਰ ਕੀ ਸੀ? ਜਿਵੇਂ-ਜਿਵੇਂ ਸਮਾਂ ਤੁਰਦਾ ਗਿਆ ਉਸ ਦੇ ਮਾਸ ਦਾ ਭਾਰ ਵੱਧਣ ਲੱਗਾ। ਇਹ ਮਾਸ ਕਿੱਥੋਂ ਆ ਰਿਹਾ ਸੀ? ਇਸ ਬ੍ਰਹਿਮੰਡ ਵਿਚੋਂ। ਹਾਂ, ਏਸੇ ਬ੍ਰਹਿਮੰਡ ਵਿੱਚੋ। ਜਦੋਂ ਉਹ ਮਰੇਗਾ ਤਾਂ ਕੀ ਉਹ ਖਤਮ ਹੋ ਜਾਏਗਾ? ਨਹੀਂ, ਉਹ ਖਤਮ ਵੀ ਨਹੀਂ ਹੋ ਸਕਦਾ। ਕਿਉਂਕਿ ਐਟਮਾ, ਈਲੈਕਟ੍ਰੋਨਾ ਪ੍ਰੋਟੋਨਾਂ ਅਤੇ ਕੁਆਰਕਸ, ਜਿੰਨ੍ਹਾਂ ਸਦਕਾ ਹਰ ਇੱਕ ਵਸਤੂ ਦਾ ਵਜੂਦ ਹੈ ਅਤੇ ਉਸਦੀ ਹੋਂਦ ਹੈ, ਓਨ੍ਹਾਂ ਨੂੰ ਕੋਈ ਮਾਰ ਨਹੀਂ ਸਕਦਾ ਕਿਉਂਕਿ ਉਹ ਊਰਜਾ ਦਾ ਸਰੋਤ ਹਨ ਅਤੇ ਆਈਨਸਟਾਈਨ ਦੇ ਫ਼ਾਰਮੂਲੇ ਮੁਤਾਬਕ ਊਰਜਾ ਅਤੇ ਪਦਾਰਥ ਇੱਕ ਦੂਜੇ ਵਿੱਚ ਰੂਪਾਂਤਰਿਤ ਹੁੰਦੇ ਰਹਿੰਦੇ ਹਨ। ਵੀਗੀਆਨ ਦੇ ਨਿਯਮ ਮੁਤਾਬਿਕ ਊਰਜਾ ਨੂੰ ਨਾ ਤਾਂ ਕੋਈ ਬਣਾ ਸਕਦਾ ਹੈ ਅਤੇ ਨਾ ਹੀ ਇਸਨੂੰ ਖਤਮ ਕੀਤਾ ਜਾ ਸਕਦਾ ਹੈ। ਹਾਂ ਇਸ ਦੀਆਂ ਸ਼ਕਲਾਂ ਨੂੰ ਬਦਲਿਆ ਜਾ ਸਕਦਾ ਹੈ ਅਤੇ ਕੁਝ ਊਰਜਾ ਇਸ ਬ੍ਰਹਿਮੰਡ ਵਿੱਚ ਇੱਕਸਾਰ ਰਹਿੰਦੀ ਹੈ(ਘਟਦੀ ਜਾਂ ਵਧਦੀ ਨਹੀਂ)। ਇਹ ਹੇ ਵਿਗਿਆਨ ਦਾ ਨਿਯਮ।

ਤਾਂ ਫ਼ਿਰ ਚੇਤਨਾ ਵੀ ਤਾਂ ਇੱਕ ਊਰਜਾ ਦਾ ਹੀ ਰੂਪ ਹੈ। ਇਸਨੂੰ ਵੀ ਨਾ ਤਾਂ ਬਣਾਇਆ ਜਾ ਸਕਦਾ ਹੈ ਅਤੇ ਨਾ ਹੀ ਖਤਮ ਕੀਤਾ ਜਾ ਸਕਦਾ ਹੈ। ਇਸਦਾ ਰੂਪਾਂਤਰਣ ਹੁੰਦਾ ਹੈ। ਹਾਂ, ਇਸਦਾ ਰੂਪਾਂਤਰਣ ਹੋਣਾ ਅਵੱਸ਼ ਹੈ ਕਿਉਂਕਿ ਇਹ ਸਮੇਂ ਦੇ ਅਧੀਨ ਹੈ। ਜੇ ਕੋਈ ਸਮੇਂ ਤੋਂ ਬਾਹਰ ਹੋ ਜਾਏ ਤਾਂ ਫ਼ਿਰ ਉਹ ਅਕਾਲ ਹੋ ਜਾਂਦਾ ਹੈ ਅਤੇ ਇਹ ਕੋਈ ਸੁਖਾਲਾ ਨਹੀਂ। ਇਸ ਅਵਸਥਾ ਵਿੱਚ ਪਹੁੰਚ ਕੇ ਜਿਸ ਮਰਨ ਤੋਂ ਜੱਗ ਡਰਦਾ ਹੈ, ਓਹੋ ਮਰਨਾ ਆਨੰਦ ਹੋ ਜਾਂਦਾ ਹੈ।

ਵਿਗਿਆਨੀ ਆਈਨਸਟਾਈਨ ਮੁਤਾਬਿਕ ਸਮੇਂ ਨੂੰ ਜਿਵੇਂ ਅਸੀਂ ਮਹਿਸੂਸ ਕਰਦੇ ਹਾਂ ਓਵੇਂ ਇਹ ਨਹੀਂ ਹੈ। ਜੇ ਧਰਤੀ ਦੇ ਇਨਸਾਨ ਦੀ ਉਮਰ ਜਿਹਡ਼ੀ ਕਿ ਔਸਤਨ 70 ਸਾਲ ਹੈ, ਕਿਸੇ ਹੋਰ ਗ੍ਰਹਿ ਤੋਂ ਨਾਪੋਗੇ ਤਾਂ ਇਹ ਹੋ ਸਕਦਾ ਹੈ 7 ਸਕਿੰਟਾਂ ਤੋਂ ਵੀ ਘੱਟ ਹੋਵੇ। ਜੇ ਕਿਸੇ ਹੋਰ ਗ੍ਰਹਿ ਤੋਂ ਨਾਪੋ ਤਾਂ ਹੋ ਸਕਦਾ ਹੈ ਇਹ 7000 ਸਾਲ ਬਣ ਜਾਵੇ। ਤਾਂ ਸਮੇਂ ਬਾਰੇ ਤੁਸੀਂ ਕੀ ਕਹਿ ਸਕਦੇ ਹੋ? ਕੁਝ ਵੀ ਨਹੀਂ। ਇਸ ਲਈ ਕ੍ਰੋਡ਼ਾਂ ਜਨਮ ਕਿੰਨੇ ਸਮੇਂ ਵਿੱਚ ਲੰਘ ਰਹੇ ਹਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਹੋ ਸਕਦਾ ਹੈ ਇਹ ਸਮਾਂ ਛਿਣ ਮਾਤਰ ਹੀ ਹੋਵੇ ਅਤੇ ਇਹ ਵੀ ਹੋ ਸਕਦਾ ਹੈ ਕਿ ਇਹ ਸਮਾਂ ਏਨਾ ਵੱਡਾ ਹੋਵੇ ਕਿ ਇਸ ਨੂੰ ਲਿਖਿਆ ਹੀ ਨਾ ਜਾ ਸਕਦਾ ਹੋਵੇ।

ਇੱਕ ਪੁਨਰ-ਜਨਮ ਦਾ ਹੋਰ ਸੱਚ ਇਸ ਤਰ੍ਹਾਂ ਹੈ। ਮਥੁਰਾ ਨਿਵਾਸੀ ਚਤੁਰਭੁਜ ਦੇ ਘਰ ਜਨਵਰੀ 18, 1902 ਨੂੰ ਇੱਕ ਲਡ਼ਕੀ ਨੇ ਜਨਮ ਲਿਆ, ਜਿਸਦਾ ਨਾਂਅ ਲੱਝੀ ਰੱਖਿਆ ਗਿਆ। ਉਸਦੀ ਸ਼ਾਦੀ 10 ਸਾਲ ਦੀ ਉਮਰ ਵਿੱਚ ਹੀ ਕੈਦਾਰਨਾਥ ਨਾਲ ਕਰ ਦਿੱਤੀ ਗਈ। ਕੈਦਾਰਨਾਥ ਦਾ ਇਹ ਦੂਜਾ ਵਿਆਹ ਸੀ। ਉਸਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁੱਕਾ ਸੀ। ਕੈਦਾਰਨਾਥ ਕੱਪਡ਼ੇ ਦਾ ਵਪਾਰੀ ਸੀ। ਉਸਦੀ ਦੁਕਾਨ ਮਥੁਰਾ ਅਤੇ ਹਰਿਦੁਆਰ ਵਿਖੇ ਸੀ। ਲੱਝੀ ਧਾਰਮਿਕ ਇਸਤਰੀ ਸੀ। ਆਗਰਾ ਦੇ ਇੱਕ ਸਰਕਾਰੀ ਹਸਪਤਾਲ ਵਿਖੇ ਸਤੰਬਰ 25, 1925 ਨੂੰ ਉਸਨੇ ਇੱਕ ਲਡ਼ਕੀ ਨੂੰ ਜਨਮ ਦਿੱਤਾ। ਉਹ ਆਪਣੀ ਮਮਤਾ ਇਸ ਲਾਲ ‘ਤੇ ਨਿਸ਼ਾਵਰ ਕਰ ਦੇਣਾ ਚਹੁੰਦੀ ਸੀ ਪਰ ਸ਼ਾਇਦ ਦਾਤੇ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਸਨੂੰ ਜੋਡ਼ਾਂ ਦੇ ਦਰਦ ਦੀ ਤਕਲੀਫ਼ ਪਹਿਲਾਂ ਤੋਂ ਹੀ ਸੀ। ਇਸ ਲਈ ਬੱਚਾ ਹੋਣ ਤੋਂ ਕੁਝ ਹੀ ਦਿਨਾਂ ਬਾਅਦ(4 ਅਕਤੂਬਰ ਨੂੰ) ਲੱਝੀ ਦੀ ਹਾਲਤ ਜ਼ਿਆਦਾ ਵਿਗਡ਼ ਜਾਣ ਕਾਰਨ ਸਵੇਰੇ ਦਸ ਵਜੇ ਮੌਤ ਹੋ ਗਈ।

ਦਸੰਬਰ 11, 1926 ਨੂੰ ਦਿੱਲੀ ਵਿਖੇ ਬਾਬੂ ਰੰਗ ਬਹਾਦੁਰ ਦੇ ਘਰ ਇੱਕ ਲਡ਼ਕੀ ਦਾ ਜਨਮ ਹੋਇਆ, ਜਿਸਦਾ ਨਾਮ ਸ਼ਾਂਤੀ ਦੇਵੀ ਰੱਖਿਆ ਗਿਆ। 4 ਸਾਲਾਂ ਦੀ ਉਮਰ ਤੱਕ ਉਹ ਆਮ ਲਡ਼ਕੀਆਂ ਦੀ ਤਰ੍ਹਾਂ ਹੀ ਸੀ। ਹਾਂ ਜ਼ਿਆਦਾ ਬੋਲਦੀ ਨਹੀਂ ਸੀ। ਪਰ ਜਦੋਂ ਉਸਨੇ ਬੋਲਣਾ ਸ਼ੁਰੂ ਕੀਤਾ ਤਾਂ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਹੁਣ ਉਹ ਹੋਰ ਬਣ ਚੁੱਕੀ ਸੀ। ਉਹ ਕਹੇ ਉਹ ਲੱਝੀ ਹੈ। ਉਸਦਾ ਪਤੀ ਹੈ, ਉਸਦਾ ਬੇਟਾ ਹੈ। ਪਹਿਲਾਂ ਤਾਂ ਘਰਦਿਆਂ ਨੇ ਕੋਈ ਧਿਆਨ ਨਾ ਦਿੱਤਾ, ਪਰ ਵਾਰ-ਵਾਰ ਕਹਿਣ ‘ਤੇ ਓਨ੍ਹਾਂ ਨੂੰ ਚਿੰਤਾ ਹੋਣ ਲੱਗੀ। ਜਦੋਂ ਉਹ ਰੋਟੀ ਖਾਣ ਬਹਿੰਦੇ ਤਾਂ ਉਹ ਦੱਸਦੀ ਮਥੁਰਾ ਵਿਖੇ ਉਹ ਕਿਹੋ ਜੇਹੀਆਂ ਮਠਿਆਈਆਂ ਖਾਂਦੀ ਸੀ। ਜਦੋਂ ਉਸਦੀ ਮਾਂ ਤਿਆਰ ਹੋਣ ਲੱਗਦੀ ਤਾਂ ਉਹ ਦੱਸਦੀ ਕਿ ਉਹ ਓਥੇ ਕਿਹੋ ਜਿਹੇ ਕੱਪਡ਼ੇ ਪਾਉਂਦੀ ਸੀ। ਉਹ ਦੱਸਦੀ ਕਿ ਉਸਦੇ ਪਤੀ ਦਾ ਰੰਗ ਸਾਫ਼ ਹੈ, ਉਸਦੀ ਖੱਬੀ ਗੱਲ੍ਹ ‘ਤੇ ਇੱਕ ਮਹੁਕਾ ਹੈ ਅਤੇ ਉਹ ਨਜ਼ਰ ਦੀ ਐਨਕ ਲਾਉਂਦੇ ਹਨ। ਉਹ ਮਥੁਰਾ ਵਿਖੇ ਦੁਕਾਨ ਦਾ ਪਤਾ ਵੀ ਦੱਸਦੀ। ਸ਼ਾਂਤੀ ਦੇਵੀ ਦੀ ਉਮਰ ਤਕਰੀਬਨ 8 ਵਰ੍ਹਿਆਂ ਦੀ ਸੀ ਪਰ ਉਹ ਆਪਣੇ ਪਤੀ ਦਾ ਨਾਂਅ ਨਹੀਂ ਸੀ ਲੈਂਦੀ। ਜਦੋਂ ਉਸਦੇ ਪਤੀ ਦਾ ਨਾਂਅ ਪੁੱਛਿਆ ਜਾਂਦਾ ਤਾਂ ਉਸਦਾ ਚਿਹਰਾ ਸ਼ਰਮ ਨਾਲ ਲਾਲ ਹੋ ਜਾਂਦਾ। ਉਹ ਕਹਿੰਦੀ ਕਿ ਉਹ ਓਨ੍ਹਾਂ ਨੂੰ ਪਹਿਚਾਣ ਲਵੇਗੀ। ਇੱਕ ਦਿਨ ਓਨ੍ਹਾਂ ਦੇ ਘਰ ਓਨ੍ਹਾਂ ਦੇ ਦੂਰ ਦੇ ਰਿਸ਼ਤੇਦਾਰਾਂ ਵਿੱਚੋਂ ਬਾਬੂ ਰਾਮ ਚੰਦ, ਜਿਹਡ਼ੇ ਰਾਮਦਾਸ ਹਾਈ ਸਕੂਲ ਦਰਿਆਗੰਜ, ਨਵੀਂ ਦਿੱਲੀ ਵਿਖੇ ਅਧਿਆਪਕ ਸਨ, ਮਿਲਣ ਲਈ ਆਏ। ਓਨ੍ਹਾਂ ਨੇ ਕਿਹਾ ਕਿ ਜੇ ਉਹ ਉਸਨੂੰ ਆਪਣੇ ਪਤੀ ਦਾ ਨਾਂਅ ਅਤੇ ਐਡਰੈੱਸ ਦੱਸੇਗੀ ਤਾਂ ਉਹ ਉਸਨੂੰ ਮਥੁਰਾ ਲੈ ਜਾਣਗੇ। ਮਥੁਰਾ ਜਾਣ ਦੀ ਸ਼ਰਤ ‘ਤੇ ਸ਼ਾਂਤੀ ਨੇ ਉਸਦੇ ਕੰਨ ਵਿੱਚ ਦੱਸਿਆ ਕਿ ਉਸਦੇ ਪਤੀ ਦਾ ਨਾਂਅ ਪੰਡਤ ਕੈਦਾਰਨਾਥ ਚੌਬੇ ਹੈ ਅਤੇ ਐਡਰੈੱਸ ਵੀ ਦੱਸਿਆ। ਬਾਬੂ ਰਾਮਚੰਦ ਨੇ ਇਸ ਐਡਰੈੱਸ ‘ਤੇ ਕੈਦਾਰਨਾਥ ਨੂੰ ਚਿੱਠੀ ਲਿਖੀ। ਉਹਨਾਂ ਨੂੰ ਜਵਾਬ ਦੀ ਆਸ ਨਹੀਂ ਸੀ ਪਰ ਉਦੋਂ ਹੈਰਾਨੀ ਦੀ ਹੱਦ ਨਾ ਰਹੀ ਜਦੋਂ ਚਿੱਠੀ ਦਾ ਜਵਾਬ ਆ ਗਿਆ। ਪੰਡਿਤ ਕੈਦਾਰਨਾਥ ਵੀ ਹੈਰਾਨ ਸੀ। ਉਸਨੇ ਲਿਖਿਆ ਸੀ ਕਿ ਜੋ ਕੁਝ ਉਸਨੂੰ ਪੁੱਛਿਆ ਗਿਆ ਹੈ, ਉਹ ਸਭ ਠੀਕ ਹੈ। ਉਸਨੇ ਆਪਣੇ ਇੱਕ ਰਿਸ਼ਤੇਦਾਰ ਪੰਡਿਤ ਕਾਂਜੀਮਲ ਦਾ ਐਡਰੈੱਸ ਦੱਸਿਆ ਜਿਹਡ਼ਾ ਦਿੱਲੀ ਵਿੱਚ ਹੀ ਸੀ ਤੇ ਉਸਨੂੰ ਸ਼ਾਂਤੀ ਦੇਵੀ ਨਾਲ ਮੁਲਾਕਾਤ ਕਰਾਉਣ ਦੀ ਬੇਨਤੀ ਕੀਤੀ।

ਜਦੋਂ ਸ਼ਾਂਤੀ ਦੇਵੀ ਨੁੰ ਪੰਡਿਤ ਕਾਂਜੀਮਲ ਨਾਲ ਮਿਲਾਇਆ ਗਿਆ ਤਾਂ ਸ਼ਾਂਤੀ ਦੇਵੀ ਨੇ ਉਸਨੂੰ ਵੇਖਦੇ ਹੀ ਪਹਿਚਾਣ ਲਿਆ ਕਿ ਉਹ ਉਸਦੇ ਪਤੀ ਦਾ ਰਿਸ਼ਤੇ ਵਿੱਚ ਭਰਾ ਹੈ। ਸ਼ਾਂਤੀ ਨੇ ਕਾਂਜੀਮਲ ਨੂੰ ਆਪਣੇ ਮਥੁਰਾ ਵਿਖੇ ਘਰ ਬਾਰੇ ਦੱਸਿਆ ਅਤੇ ਕੁਝ ਪੈਸਾ ਜ਼ਮੀਨ ਵਿੱਚ ਦਬਾਏ ਹੋਣ ਦੀ ਜਾਣਕਾਰੀ ਵੀ ਦਿੱਤੀ। ਕਾਂਜੀਮਲ ਸ਼ਾਂਤੀ ਵੱਲੋਂ ਦਿੱਤੀਆਂ ਜਾਣਕਾਰੀਆਂ ਤੋਂ ਬੇਹੱਦ ਪ੍ਰਭਾਵਿਤ ਹੋਇਆ ਅਤੇ ਕੈਦਾਰਨਾਥ ਨੂੰ ਦਿੱਲੀ ਆ ਕੇ ਸ਼ਾਂਤੀ ਦੇਵੀ ਨੂੰ ਮਿਲਣ ਲਈ ਕਿਹਾ ਅਤੇ ਦੱਸਿਆ ਕਿ ਇਹ ਤੇਰੀ ਲੱਝੀ ਹੈ। ਕੈਦਾਰਨਾਥ ਨਵੰਬਰ 12, 1935 ਨੂੰ ਦਿੱਲੀ ਆਇਆ। ਉਸ ਨਾਲ ਉਸਦਾ ਲਡ਼ਕਾ ਨਵਨੀਤ ਲਾਲ ਅਤੇ ਪਤਨੀ ਵੀ ਨਾਲ ਸੀ। ਉਹ ਅਗਲੇ ਦਿਨ ਰੰਗ ਬਹਾਦੁਰ ਦੇ ਘਰ ਗਏ। ਸ਼ਾਂਤੀ ਦੇਵੀ ਦੀ ਪ੍ਰੀਖਿਆ ਲੈਣ ਲਈ ਉਹਨਾਂ ਨੇ ਕੈਦਾਰਨਾਥ ਦੀ ਪਹਿਚਾਣ ਉਹਨਾਂ ਦੇ ਵੱਡੇ ਭਰਾ ਵਜੋਂ ਕਰਾਈ। ਸ਼ਾਂਤੀ ਦੇਵੀ ਸ਼ਰਮਾਅ ਕੇ ਇੱਕ ਪਾਸੇ ਖਡ਼ੀ ਹੋ ਗਈ। ਉਸਦਾ ਰੰਗ ਇੱਕਦਮ ਲਾਲ ਹੋ ਗਿਆ ਸੀ। ਕਿਸੇ ਪੁੱਛਿਆ “ਸ਼ਾਂਤੀ ਤੂੰ ਸ਼ਰਮਾਅ ਕਿਉਂ ਰਹੀ ਹੈਂ, ਇਹ ਤੇਰੇ ਪਤੀ ਥੋਡ਼੍ਹੋ ਹਨ ਇਹ ਤਾਂ ਉਹਨਾਂ ਦੇ ਵੱਡੇ ਭਰਾ ਹਨ।“ ਸ਼ਾਂਤੀ ਨੇ ਬਡ਼ੇ ਹੌਲੀ ਜਿਹੇ ਜਵਾਬ ਦਿੱਤਾ ਕਿ ਇਹ ਹੀ ਤਾਂ ਮੇਰੇ ਪਤੀ ਕੈਦਾਰਨਾਥ ਹਨ। ਫਿਰ ਉਹ ਆਪਣੀ ਮਾਂ ਨੂੰ ਕਹਿਣ  ਲੱਗੀ,” ਮੈਂ ਕਿਹਾ ਸੀ ਨਾ ਕਿ ਉਹਨਾਂ ਦਾ ਰੰਗ ਸਾਫ਼ ਹੈ ਅਤੇ ਉਹਨਾਂ ਦੀ ਖੱਬੀ ਗੱਲ੍ਹ ‘ਤੇ ਮਹੁਕਾ ਹੈ, ਵੇਖੋ ਇਹ ਉਹੀ ਹਨ।“ ਇਹ ਸੁਣਕੇ ਸਾਰੇ ਸੁੰਨ ਹੋ ਗਏ। ਕਿਸੇ ਤੋਂ ਅੱਗੇ ਕੁਝ ਬੋਲਿਆ ਨਹੀਂ ਜਾ ਰਿਹਾ ਸੀ। ਪ੍ਰਮਾਤਮਾ ਦਾ ਇਹ ਕਿਹੋ ਜਿਹਾ ਕ੍ਰਿਸ਼ਮਾ ਸੀ, ਕਿਸੇ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਸ਼ਾਂਤੀ ਨੇ ਆਪਣੀ ਹੁਣ ਦੀ ਮਾਂ ਨੂੰ ਖਾਣਾ ਬਣਾਉਣ ਲਈ ਕਿਹਾ ਤਾਂ ਉਸ ਦੀ ਮਾਂ ਨੇ ਪੁੱਛਿਆ ਕਿ ਉਹਨਾਂ ਨੂੰ ਕੀ ਪਸੰਦ ਹੈ ਤਾਂ ਸ਼ਾਂਤੀ ਨੇ ਦੱਸਿਆ ਕਿ ਇਨ੍ਹਾਂ ਨੂੰ ਆਲੂ ਵਾਲੇ ਸਟੱਫ ਕੀਤੇ ਹੋਏ ਪਰੌਂਠੇ ਅਤੇ ਕਰੀ ਵਾਲਾ ਪੇਠਾ ਬੇਹੱਦ ਪਸੰਦ ਹੈ। ਕੈਦਾਰਨਾਥ ਇੱਕ ਵਾਰ ਫੇਰ ਸੁੰਨ ਹੋ ਗਿਆ ਕਿਉਂਕਿ ਇਹ ਉਸਦਾ ਮਨਪਸੰਦ ਖਾਣਾ ਸੀ। ਹੁਣ ਉਸਨੂੰ ਸ਼ੱਕ ਦੀ ਕੋਈ ਗੁੰਜਾਇਸ਼ ਨਾ ਰਹੀ ਕਿ ਉਸਦੀ ਲੱਝੀ ਹੀ ਸ਼ਾਂਤੀ ਦੇ ਰੂਪ ਵਿੱਚ ਅਤੇ ਬਾਲ ਅਵਸਥਾ ਵਿੱਚ ਉਸਦੇ ਸਾਹਮਣੇ ਖਡ਼੍ਹੀ ਹੈ। ਫਿਰ ਸ਼ਾਂਤੀ ਨੇ ਨਵਨੀਤ ਵੱਲ ਵੇਖਿਆ ਅਤੇ ਆਪਣੀਆਂ ਨਿੱਕੀਆਂ-ਨਿੱਕੀਆਂ ਬਾਹਾਂ ਉਸ ਵੱਲ ਕਰ ਦਿੱਤੀਆਂ। ਦੋਹਾਂ ਨੇ ਇੱਕ ਦੂਜੇ ਨੂੰ ਗਲ੍ਹਘਵਕਡ਼ੀ ਵਿੱਚ ਲੈ ਲਿਆ। ਕੁਦਰਤ ਵੀ ਅੱਜ ਆਪਣੀ ਕਾਰਗੁਜ਼ਾਰੀ ‘ਤੇ ਹੈਰਾਨ ਹੋ ਰਹੀ ਸੀ ਕਿਉਂਕਿ ਅੱਜ ਅਜਿਹੇ ਮਾਂ ਅਤੇ ਪੁੱਤ ਦੀ ਮਿਲਣੀ ਹੋ ਰਹੀ ਸੀ ਜੋ ਤਕਰੀਬਨ ਹਮ-ਉਮਰ ਸਨ ਸ਼ਾਂਤੀ ਨੇ ਆਪਣੀ ਮਾਂ ਨੂੰ ਅਵਾਜ਼ ਦਿੱਤੀ ਕਿ ਉਹ ਉਸਦੇ ਸਾਰੇ ਖਿਡੌਣੇ ਲੈ ਆਵੇ। ਇਸ ਤੋਂ ਪਹਿਲਾਂ ਕਿ  ਉਸ ਦੀ ਮਾਂ ਖਿਡੌਣੇ ਲੈ ਕੇ ਆਉਂਦੀ ਉਹ ਦੌਡ਼ ਕੇ ਅੰਦਰ ਗਈ ਤੇ ਆਪਣੇ ਸਾਰੇ ਖਿਡੌਣੇ ਲੈ ਆਂਦੇ। ਨਵਨੀਤ ਨੂੰ ਕਿਹਾ ਕਿ ਹੁਣ ਇਹ ਤੇਰੇ ਹਨ। ਉਦੋਂ ਮੈਂ ਤੈਨੂੰ ਦੇ ਨਾ ਸਕੀ। ਸ਼ਾਇਦ ਇਸੇ ਲਈ ਕੁਦਰਤ ਨੇ ਮੇਰੀ ਪੁਰਾਣੀ ਯਾਦਾਸ਼ਤ ਮੇਰੇ ਤੋਂ ਨਹੀਂ ਖੋਹੀ ਕਿਉਂਕਿ ਮੈਂ ਇਹ ਤੈਨੂੰ ਦੇਣੇ ਸਨ। ਕੈਦਾਰਨਾਥ ਨੇ ਪੁੱਛਿਆ ਕਿ ਤੂੰ ਨਵਨੀਤ ਨੂੰ ਕਿਵੇਂ ਪਹਿਚਾਣਿਆ ਕਿ ਇਹ ਤੇਰਾ ਬੇਟਾ ਹੈ, ਕਿਉਂਕਿ ਤੂੰ ਸ਼ਾਇਦ ਇਸਦੇ ਜਨਮ ਤੋਂ ਬਾਅਦ ਇਸਨੂੰ ਇੱਕ ਵਾਰ ਹੀ ਵੇਖਿਆ ਸੀ ਤਾਂ ਸ਼ਾਂਤੀ ਨੇ ਜਵਾਬ ਦਿੱਤਾ ਕਿ ਵੇਖਣ ਲਈ ਕੇਵਲ ਅੱਖਾਂ ਹੀ ਕਾਫੀ ਨਹੀਂ ਹੁੰਦੀਆਂ, ਇਹ ਮੇਰੀ ਆਤਮਾ ਦਾ ਇੱਕ ਹਿੱਸਾ ਹੈ। ਇਸ ਦੀ ਪਹਿਚਾਣ ਮੈਨੂੰ ਕਿਉਂ ਨਹੀਂ ਹੋਵੇਗੀ।

ਰੋਟੀ ਖਾਣ ਤੋਂ ਬਾਅਦ ਸ਼ਾਂਤੀ ਨੇ ਕੈਦਾਰਨਾਥ ਨੂੰ ਉਸਦੀ ਪਤਨੀ ਵੱਲ ਇਸ਼ਾਰਾ ਕਰਦੇ ਹੋਏ ਪੁੱਛਿਆ ਕਿ ਉਸਨੇ ਫਿਰ ਹੋਰ ਵਿਆਹ ਕਿਉਂ ਕੀਤਾ ਜਦੋਂ ਕਿ ਅਸੀਂ ਉਦੋਂ ਫ਼ੈਸਲਾ ਕੀਤਾ ਸੀ ਕਿ ਤੁਸੀਂ ਦੁਬਾਰਾ ਵਿਆਹ ਨਹੀਂ ਕਰੋਗੇ ਤਾਂ ਕੈਦਾਰਨਾਥ ਇਸਦਾ ਕੋਈ ਉੱਤਰ ਨਾ ਦੇ ਸਕਿਆ। ਸ਼ਾਂਤੀ ਨੇ ਕੈਦਾਰਨਾਥ ਨੂੰ ਕੁਝ ਹੋਰ ਅਜਿਹੇ ਸਵਾਲ ਜਵਾਬ ਕੀਤੇ ਜੋ ਕੇਵਲ ਲੱਝੀ ਹੀ ਕਰ ਸਕਦੀ ਸੀ। ਜਦੋਂ ਕੈਦਾਰਨਾਥ ਤੇ ਨਵਨੀਤ ਹੋਰਾਂ ਨੇ ਵਿਦਾਈ ਲੈਣ ਲਈ ਮੂੰਹ ਬਾਹਰ ਵੱਲ ਕੀਤਾ ਤਾਂ ਸ਼ਾਂਤੀ ਦੀਆਂ ਭੁੱਬਾਂ ਨਿਕਲ ਗਈਆਂ। ਉਹ ਆਪਣੇ ਹੁਣ ਦੇ ਮਾਂ ਪਿਉ ਨੂੰ ਗਿਡ਼ਗਿਡ਼ਾ ਕੇ ਉਹਨਾਂ ਨਾਲ ਜਾਣ ਦੀ ਜ਼ਿਦ ਕਰਨ ਲੱਗੀ। ਪਰ ਉਸਦੇ ਮਾਤਾ ਪਿਤਾ ਨੇ ਇਸਦੀ ਇਜਾਜ਼ਤ ਨਾ ਦਿੱਤੀ। ਇਹ ਖਬਰ ਅੱਗ ਵਾਂਗੂੰ ਸਾਰੇ ਸ਼ਹਿਰ ਵਿੱਚ, ਫ਼ਿਰ ਸਾਰੇ ਦੇਸ਼ ਵਿੱਚ ਫ਼ੈਲ ਗਈ। ਹਰ ਇੱਕ ਦੀ ਜਗਿਆਸਾ ਸੀ ਸੱਚਾਈ ਜਾਨਣ ਦੀ, ਕਿਉਂਕਿ ਇਹ ਪੁਨਰ-ਜਨਮ ਦਾ ਸੱਚ ਸੀ। ਜਦੋਂ ਮਹਾਤਮਾ ਗਾਂਧੀ ਨੇ ਇਸ ਬਾਰੇ ਸੁਣਿਆ ਤਾਂ ਉਸ ਨੇ ਸ਼ਾਂਤੀ ਦੇਵੀ ਨੂੰ ਆਪਣੇ ਆਸ਼ਰਮ ਆਉਣ ਦਾ ਸੱਦਾ ਦਿੱਤਾ। ਗਾਂਧੀ ਜੀ ਨੇ ਸਲਾਹ ਦਿੱਤੀ ਕਿ ਇੱਕ ਕਮੇਟੀ ਦਾ ਗਠਨ ਕਤਾ ਜਾਵੇ ਤਾਂ ਜੋ ਇਸ ਸੱਚਾਈ ਦੀ ਹੋਰ ਘੋਖ ਹੋ ਸਕੇ। ਗਾਂਧੀ ਜੀ ਸਲਾਹ ਨਾਲ 15 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਚੋਟੀ ਦੇ ਵਿਦਵਾਨ ਜਗਿਆਸੂ ਅਤੇ ਆਗੂ ਸ਼ਾਮਲ ਸਨ। ਉਸ ਕਮੇਟੀ ਨੇ ਸ਼ਾਂਤੀ ਦੇ ਮਾਤਾ-ਪਿਤਾ ਨੂੰ ਸ਼ਾਂਤੀ ਦੇ ਮਥੁਰਾ ਜਾਣ ਲਈ ਮਨਾ ਲਿਆ। ਸ਼ਾਂਤੀ ਦੀ ਤਾਂ ਜਿਵੇਂ ਅਰਦਾਸ ਕਬੂਲ ਹੋ ਗਈ ਹੋਵੇ। ਉਸਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਇਸ ਤਰ੍ਹਾਂ ਉਹ 24 ਨਵੰਬਰ,1935 ਨੂੰ ਰੇਲ ਦੁਆਰਾ ਮਥੁਰਾ ਵੱਲ ਰਵਾਨਾ ਹੋਏ। ਕਮੇਟੀ ਨੇ ਪਰਤ ਕੇ ਆਪਣੀ ਰਿਪੋਰਟ ਪੇਸ਼ ਕੀਤੀ। ਇਸ ਰਿਪੋਰਟ ਅਨੁਸਾਰ ਪਹਿਲਾ ਵਾਕਿਆ ਜਿਸ ਤੋਂ ਕਮੇਟੀ ਬਹੁਤ ਪ੍ਰਭਾਵਿਤ ਹੋਈ, ਉਹ ਸੀ ਸ਼ਾਤੀ ਦੇਵੀ ਦਾ ਆਪਣੇ ਜੇਠ ਨਾਲ ਮਿਲਣ। ਸ਼ਟੇਸ਼ਨ ‘ਤੇ ਜਦੋਂ ਸ਼ਾਂਤੀ ਦੇਸ਼ਬੰਧੂ ਦੀ ਗੋਦ ਵਿੱਚ ਸੀ ਤਾਂ ਕਿਸੇ ਬਜ਼ੁਰਗ ਨੇ ਸ਼ਾਂਤੀ ਨੂੰ ਕਿਹਾ, “ਕੀ ਤੂੰ ਮੈਨੂੰ ਪਹਿਚਾਣਦੀ ਹੈਂ?” ਸ਼ਾਂਤੀ ਇੱਕਦਮ ਦੇਸ਼ਬੰਧੂ ਦੀ ਗੋਦ ਵਿਚੋਂ ਉਤਰੀ, ਉਸਦੇ ਪੈਰਾਂ ਨੂੰ ਛੂਹਿਆ ਅਤੇ ਇੱਕ ਪਾਸੇ ਖਡ਼੍ਹੀ ਹੋ ਗਈ ਅਤੇ ਆਹਿਸਤਾ ਜਿਹਾ ਕਿਹਾ ਕਿ ਇਹ ਬਜ਼ੁਰਗ ਉਸਦੇ ਜੇਠ ਜੀ ਹਨ। ਇਹ ਬਿਲਕੁਲ ਸੱਚ ਸੀ ਕਿਉਂਕਿ ਉਹ ਕੈਦਾਰਨਾਥ ਦੇ ਵੱਡੇ ਭਰਾਤਾ ਬਾਬੂ ਰਾਮ ਚੌਬੇ ਸਨ। ਕਮੇਟੀ ਨੇ ਟਾਂਗਾ ਕੀਤਾ ਤੇ ਸ਼ਾਂਤੀ ਦੇ ਦੱਸੇ ਰਸਤੇ ਚੱਲਣ ਲਈ ਕਿਹਾ। ਸ਼ਾਂਤੀ ਪਹਿਲੀ ਵਾਰ ਮਥੁਰਾ ਆਈ ਸੀ ਪਰ ਉਹ ਦੱਸ ਰਹੀ ਸੀ ਕਿ ਇਥੇ ਪਹਿਲਾਂ ਇਹ ਹੁੰਦਾ ਸੀ, ਉਥੇ ਇਹ ਹੁੰਦਾ ਸੀ ਅਤੇ ਉਹ ਜੋ ਵੀ ਦੱਸ ਰਹੀ ਸੀ ਬਿਲਕੁਲ ਠੀਕ ਸੀ। ਉਹਨੇ ਆਪਣੇ ਘਰ ਨੂੰ ਪਹਿਚਾਣ ਲਿਆ ਅਤੇ ਭੀਡ਼ ਵਿਚੋਂ ਆਪਣੇ ਸਹੁਰਾ ਸਾਹਿਬ ਨੂੰ ਪਹਿਚਾਣ ਕੇ ਉਹਨਾਂ ਦੇ ਪੈਰੀਂ-ਪੈਣਾ ਕੀਤਾ। ਉਸਦੀ ਇਹ ਪਹਿਚਾਣ ਵੀ ਠੀਕ ਸੀ। ਉਹ ਘਰ ਅੰਦਰ ਗਈ। ਆਪਣੇ ਸੌਣ ਵਾਲੇ ਕਮਰੇ ਨੂੰ ਪਹਿਚਾਣਿਆ। ਫਿਰ ਸ਼ਾਂਤੀ ਨੇ ਆਪਣੇ ਦੂਜੇ ਘਰ ਜਾਣ ਲਈ ਸਾਰਿਆਂ ਨੂੰ ਬੇਨਤੀ ਕੀਤੀ। ਬਡ਼ੀ ਅਸਾਨੀ ਨਾਲ ਉਸਨੇ ਆਪਣੇ ਦੂਜੇ ਘਰ ਨੂੰ ਵੀ ਪਹਿਚਾਣ ਲਿਆ। ਜਦੋਂ ਸਾਰੇ ਉਸ ਘਰ ਅੰਦਰ ਦਾਖਲ ਹੋਏ ਤਾਂ ਪੰਡਤ ਨੇਕੀ ਰਾਮ ਸ਼ਰਮਾ ਨੇ ਸ਼ਾਂਤੀ ਨੂੰ ਉਸ ਖੂਹ ਬਾਰੇ ਪੁੱਛਿਆ ਜਿਸ  ਖੂਹ ਦੀ ਗੱਲ ਉਸਨੇ ਪਹਿਲਾਂ ਦੱਸੀ ਸੀ। ਜਿੱਧਰ ਖੂਹ ਸੀ ਸ਼ਾਂਤੀ ਨੇ ਉਸ ਪਾਸੇ ਇਸ਼ਾਰਾ ਕੀਤਾ ਪਰ ਖੂਹ ਉਥੇ ਨਹੀਂ ਸੀ। ਉਹ ਹੈਰਾਨ ਹੋਈ ਕਿ ਖੂਹ ਕਿੱਥੇ ਗਿਆ। ਕੈਦਾਰਨਾਥ ਨੇ ਉਥੋਂ ਇੱਕ ਪੱਥਰ ਹਟਾਇਆ, ਉਸ ਪੱਥਰ ਦੇ ਹੇਠਾਂ ਉਹ ਖੂਹ ਮੌਜੂਦ ਸੀ। ਫਿਰ ਸ਼ਾਂਤੀ ਉਸ ਥਾਂ ਲੈ ਕੇ ਗਈ ਜਿੱਥੇ ਪੈਸੇ ਦੱਬੇ ਹੋਏ ਸਨ। ਕੈਦਾਰਨਾਥ ਦਾ ਕਹਿਣਾ ਸੀ ਕਿ ਸ਼ਾਂਤੀ ਦਾ ਕਹਿਣਾ ਠੀਕ ਹੈ, ਉਸਨੇ ਲੱਝੀ ਦੀ ਮੌਤ ਤੋਂ ਬਾਅਦ ਉਹ ਪੈਸੇ ਉਥੋਂ ਕੱਢ ਲਏ ਸਨ। ਹੁਣ ਕਮੇਟੀ ਮੈਂਬਰਾਂ ਕੋਲ ਕੁਝ ਹੋਰ ਪੁੱਛਣ ਦੀ ਗੁੰਜਾਇਸ਼ ਨਾ ਰਹੀ। ਉਹਨਾਂ ਨੇ ਰਿਪੋਰਟ ਵਿੱਚ ਦੱਸਿਆ ਕਿ ਸਾਰੇ ਸਬੂਤ ਸ਼ਾਂਤੀ ਦੇ ਲੱਝੀ ਹੋਣ ਦੀ ਗਵਾਹੀ ਭਰਦੇ ਹਨ। ਰਿਪੋਰਟ ਵਿੱਚ ਇਹ ਵੀ ਲਿਖਿਆ ਗਿਆ “ਪ੍ਰਮਾਤਮਾ ਦਾ ਸ਼ੁਕਰ ਹੈ ਕਿ ਇਨਸਾਨ ਨੂੰ ਪਿਛਲੇ ਜਨਮ ਦੀਆਂ ਯਾਦਾਂ ਨਹੀਂ ਰਹਿੰਦੀਆਂ।“ ਉਹਨਾਂ ਨੂੰ ਮਹਿਸੂਸ ਹੋ ਰਿਹਾ ਸੀ ਕਿ ਕਿੰਨਾ ਮੁਸ਼ਕਿਲ ਹੋਵੇਗਾ ਸ਼ਾਂਤੀ ਨੂੰ ਉਸਦੇ ਪਹਿਲੇ ਜਨਮ ਦੇ ਰਿਸ਼ਤੇਦਾਰਾਂ ਤੋਂ ਅਲੱਗ ਕਰਨਾ, ਜਿਨ੍ਹਾਂ ਦੀ ਯਾਦ ਉਸਦੇ ਦਿਲੋ-ਦਿਮਾਗ ਤੇ ਛਾਈ ਹੋਈ ਹੈ।

ਇਹ ਰਿਪੋਰਟ ਸਾਰੇ ਸੰਸਾਰ ਵਿੱਚ ਬੇਹੱਦ ਚਰਚਿਤ ਹੋਈ। ਸੰਤ, ਫਿਲਾਸਫਰ ਅਤੇ ਬੁੱਧੀਜੀਵੀ ਵਰਗ ਲਈ ਇਹ ਕੇਸ ਉਹਨਾਂ ਦੀ ਰੁਚੀ ਦਾ ਕੇਂਦਰ ਰਿਹਾ। ਪ੍ਰਸਿੱਧ ਲਿਖਾਰੀ ਸੰਤ ਨਿਹਾਲ ਸਿੰਘ ਦਾ ਨਾਂਅ ਵੀ  ਵਰਨਣਯੋਗ ਹੈ। ਪੁਨਰ-ਜਨਮ ਵਿੱਚ ਨਾ-ਵਿਸ਼ਵਾਸ ਰੱਖਣ ਵਾਲਿਆਂ ਲਈ ਇਹ ਇੱਕ ਭਖਦਾ ਮਸਲਾ ਬਣਿਆ ਰਿਹਾ। ਲੋਨਰਸਟਰੈਂਡ ਖਾਸ ਤੌਰ ‘ਤੇ ਸਵੀਡਨ ਤੋਂ ਦਿੱਲੀ ਆਏ ਇਹ ਸਾਬਤ ਕਰਨ ਲਈ ਕਿ ਪੁਨਰ-ਜਨਮ ਇੱਕ ਮਜ਼ੇਦਾਰ ਕਹਾਣੀ ਤੋਂ ਵੱਧਕੇ ਕੁਝ ਨਹੀਂ। ਪਰ ਜਦੋਂ ਉਹ ਇਸ ਕੇਸ ਦੀ ਤਹਿ ਤੱਕ ਗਏ ਤਾਂ ਉਹਨਾਂ ਦਾ ਬਿਆਨ ਸੀ, ”ਇਹੋ ਕੇਸ ਇੱਕ ਅਜਿਹਾ ਕੇਸ ਹੈ ਜੋ ਪੁਨਰ-ਜਨਮ ਨੂੰ ਸੱਚ ਸਾਬਤ ਕਰਦਾ ਹੈ।“ (Modest  ਜਸਦੀਪ ਦੇ ਬਲਾਗ ਚੋਂ ਧੰਨਵਾਦ ਸ਼ਹਿਤ)
ਲੇਖਕ - ਪ੍ਰੋ. ਤਰਲੋਚਨ ਸਿੰਘ ਮਹਾਜਨ 


No comments: