Sunday, September 18, 2011

ਅੰਮ੍ਰਿਤਸਰ ਵਿੱਚ ਵੋਟਾਂ ਅਮਨ ਅਮਾਨ ਨਾਲ ਪੋਲ ਹੋਈਆਂ-ਡੀਸੀ ਅੱਗਰਵਾਲ

ਅੰਮ੍ਰਤਿਸਰ - (ਗਜਿੰਦਰ ਸਿੰਘ ਕਿੰਗ) ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਬੋਰਡ)  ਦੇ 7 ਚੋਣ ਹਲਕਿਆਂ ਵਿੱਚ ਵੋਟਾਂ ਪਾਉਣ ਦਾ ਕੰਮ  ਅੱਜ ਪੂਰੇ ਅਮਨ ਅਮਾਨ ਨਾਲ ਸੰਪਨ ਹੋਇਆ।       ਇਹ ਜਾਣਕਾਰੀ ਸ੍ਰੀ ਰਜਤ ਅਗਰਵਾਲ, ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਅੱਜ ਇਥੇ ਦਿੱਤੀ। ਉਨ੍ਹਾਂ ਦੱਸਿਆ ਕਿ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਮੁਕੰਮਲ ਹੋ ਗਿਆ ਹੈ ਅਤੇ ਕਿਸੇ ਵੀ ਅਣਸੁਖਾਵੀ ਘਟਨਾਂ ਦੀ ਰਿਪੋਰਟ ਪ੍ਰਾਪਤ ਨਹੀਂ ਹੋਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਸਵੇਰੇ ਵੋਟਾਂ ਪਾਉਣ  ਦਾ ਕੰਮ ਧੀਮੀ ਗਤੀ ਨਾਲ ਸ਼ੁਰੂ ਹੋਇਆ ਪਰ ਬਾਅਦ ਦੁਪਹਿਰ 2 ਵਜੇ ਤੱਕ ਪੋਲਿੰਗ ਸਟੇਸ਼ਨਾਂ ਵਿੱਚ ਵੋਟਰਾਂ ਦੀਆਂ ਲੰਬੀਆਂ ਲਾਈਨਾਂ ਵੇਖਣ ਨੂੰ ਮਿਲੀਆਂ। ਉਨ੍ਹਾਂ ਦੱਸਿਆ ਕਿ ਸ਼ਾਮ 4:00 ਵਜੇ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਸਮੇਂ 87-ਬਾਬਾ ਬਕਾਲਾ ਬੋਰਡ ਚੋਣ ਹਲਕੇ ਵਿੱਚ 55 ਫੀਸਦੀ,  95- ਵੇਰਕਾ ਵਿੱਚ 52 ਫੀਸਦੀ, 98-ਅੰਮ੍ਰਿਤਸਰ ਪੱਛਮੀ ਸ਼ਹਿਰੀ ਵਿੱਚ 33 ਫੀਸਦੀ, 99-ਚੋਗਾਵਾਂ ਵਿੱਚ 54 ਫੀਸਦੀ, 100-ਅਜਨਾਲਾ ਵਿੱਚ 55 ਫੀਸਦੀ,  101-ਗੁਰੂ ਕਾ ਬਾਗ ਵਿੱਚ ਤਕਰੀਬਨ 54 ਫੀਸਦੀ, 102-ਜੰਡਿਆਲਾ ਵਿੱਚ ਤਕਰੀਬਨ 53 ਫੀਸਦੀ ਵੋਟਾਂ ਪੋਲ ਹੋਈਆਂ। ਇਸ ਤਰ੍ਹਾਂ ਜਿਲ੍ਹੇ ਵਿੱਚ ਔਸਤਨ 51 ਫੀਸਦੀ ਵੋਟਾਂ ਪੋਲ ਹੋਈਆਂ, ਜਿੰਨਾਂ ਵਿੱਚ ਸਭ ਤੋਂ ਜਿਆਦਾ ਬੋਰਡ ਚੋਣ ਹਲਕਾ  87-ਬਾਬਾ ਬਕਾਲਾ ਤੇ 100-ਅਜਨਾਲਾ  ਅਤੇ ਸਭ ਤੋਂ ਘੱਟ 98-ਅੰਮ੍ਰਿਤਸਰ ਪੱਛਮੀ ਸ਼ਹਿਰੀ ਹਲਕੇ ਵਿੱਚ ਪਈਆਂ।
ਅਮਨ ਤੇ ਕਾਨੂੰਨ ਦੀ ਸਥਿਤੀ ਬਾਰੇ ਸਪਸ਼ਟ ਕਰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਕਈ ਥਾਵਾਂ ਤੋਂ ਛੋਟੀਆਂ ਮੋਟੀਆਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਜਿੰਨਾ ਦਾ ਛਾਣਬੀਣ ਉਪਰੰਤ ਨਿਪਟਾਰਾ ਕਰ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਸ਼ਿਕਾਇਤ ਪ੍ਰਾਪਤ ਹੋਣ ਤੇ ਅਜਨਾਲਾ ਖੇਤਰ ਵਿੱਚੋਂ ਇਕ ਉਮੀਦਵਾਰ ਪਾਸੋਂ ਮੌਕੇ ਤੇ ਹਥਿਆਰ ਬਰਾਮਦ ਹੋਇਆ, ਜਿਸ ਨੂੰ ਜਬਤ ਕਰ ਲਿਆ ਗਿਆ। ਉਨ੍ਹਾਂ  ਦੱਸਿਆ ਕਿ ਗੁੰਮਟਾਲਾ ਖੇਤਰ ਦੇ ਪੋਲਿੰਗ ਸਟੇਸ਼ਨ ਸਬੰਧੀ ਕੁਝ ਸ਼ਿਕਾਇਤਾ ਪ੍ਰਾਪਤ ਹੋਈਆਂ ਸਨ ਜਿੰਨਾਂ ਦੇ ਮੱਦੇਨਜ਼ਰ ਪਾਰਦਰਸ਼ਤਾ ਬਣਾਏ ਰੱਖਣ ਲਈ ਉਸ ਪੋਲਿੰਗ ਸਟੇਸ਼ਨ ਦੀ ਸਮੁੱਚੀ ਪੋਲਿੰਗ ਪਾਰਟੀ ਬਦਲ ਦਿੱਤੀ ਗਈ।
              ਸ੍ਰੀ ਅਗਰਵਾਲ ਨੇ ਜਿਲ੍ਹਾ ਅੰਮ੍ਰਿਤਸਰ ਵਿੱਚ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਸਾਂਤੀ ਪੂਰਵਕ ਮੁਕੰਮਲ ਹੋਣ ਲਈ ਗੁਰਦਵਾਰਾ ਚੋਣ ਕਮਿਸ਼ਨਰ ਵੱਲੋਂ ਨਿਯੁਕਤ ਦੋਵੇਂ ਚੋਣ ਅਬਜਰਵਰਾਂ, ਪੋਲਿੰਗ ਸਟਾਫ, ਚੋਣ ਲੜ ਉਮੀਦਵਾਰਾਂ ਅਤੇ ਵਿਸੇਸ਼ ਕਰਕੇ ਵੋਟਰਾਂ ਦਾ ਧੰਨਵਾਦ ਕੀਤਾ ਜਿੰਨਾਂ ਨੇ ਵੋਟਾਂ ਪਾਉਣ ਦਾ ਕੰਮ ਸ਼ਾਂਤੀ ਪੂਰਵਕ ਮੁਕੰਮਲ ਕਰਨ ਵਿੱਚ ਆਪਣਾ ਪੂਰਨ ਸਹਿਯੋਗ ਦਿੱਤਾ।
              ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 7 ਬੋਰਡ ਚੋਣ ਹਲਕਿਆਂ ਲਈ ਹੋਈ ਪੋਲਿੰਗ ਦੌਰਾਨ ਬੈਲਟ ਪੇਪਰ ਦੀ ਵਰਤੋਂ ਕੀਤੀ ਗਈ ਅਤੇ ਵੋਟਿੰਗ ਮੁਕੰਮਲ ਹੋਣ ਉਪਰੰਤ ਪੋਲਿੰਗ ਪਾਰਟੀਆਂ ਵੱਲੋਂ ਬੈਲੇਟ ਬਕਸੇ ਸਬੰਧਤ ਰਿਟਰਨਿੰਗ ਅਫਸਰਾਂ ਪਾਸ ਨਿਸ਼ਚਤ ਥਾਵਾਂ ਤੇ ਸਖਤ ਸੁਰੱਖਿਆਂ ਪ੍ਰਬੰਧਾਂ ਹੇਠ ਜਮਾਂ ਕਰਵਾ ਦਿੱਤੇ ਗਏ। ਵੋਟਾਂ ਦੀ ਗਿਣਤੀ ਉਪਰੰਤ ਅੰਮ੍ਰਿਤਸਰ ਦੇ 7  ਚੋਣ ਹਲਕਿਆਂ ਦੇ ਨਤੀਜੇ 22 ਸਤੰਬਰ, 2011 ਨੂੰ ਐਲਾਨੇ ਜਾਣਗੇ।

No comments: