Friday, September 02, 2011

25 ਦਿਨਾਂ ਵਿੱਚ ਛੇ ਜਾਨਾਂ ਬਚਾਈਆਂ ਅੰਮ੍ਰਿਤਸਰ ਦੀ ਪੰਘੂੜਾ ਸਕੀਮ ਨੇ

ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ 
ਜਿਲ੍ਹਾ ਰੈਡ ਕਰਾਸ ਸੁਸਾਇਟੀ ਦੇ  ਕੰਪਲੈਕਸ ਵਿੱਚ ਸਥਾਪਤ  ਪੰਘੂੜੇ ਵਿੱਚ ਅੱਜ 43ਵੇਂ ਬੱਚੇ ਦੀ ਆਮਦ ਹੋਈ। ਇਹ ਜਾਣਕਾਰੀ ਦਿੰਦਿਆਂ ਸ੍ਰੀ ਰਜਤ ਅਗਰਵਾਲ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਜਿਲ੍ਹਾ ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੇ ਦੱਸਿਆ ਕਿ ਪਿਛਲੇ 25 ਦਿਨਾਂ ਦੇ ਸਮੇਂ ਵਿੱਚ ਪੰਘੂੜਾ ਸਕੀਮ ਤਹਿਤ 6 ਬੱਚਿਆਂ ਦੀ ਜਾਨ ਬਚਾਉਣ ਵਿੱਚ ਰੈਡ ਕਰਾਸ ਸੁਸਾਇਟੀ ਨੂੰ ਸਫਲਤਾ ਮਿਲੀ ਹੈ। ਉਨ੍ਹਾਂ ਦੱਸਿਆ ਕਿ ਰਾਤ ਨੂੰ  11:00 ਵਜੇ ਇਕ ਬੱਚੀ ਜਿਸ ਦੀ ਉਮਰ ਤਕਰੀਬਨ 2 ਦਿਨ ਦੀ ਲੱਗਦੀ ਹੈ, ਨੂੰ ਕੋਈ ਪੰਘੂੜੇ ਵਿੱਚ ਛੱਡ ਗਿਆ।  ਇਸ ਬੱਚੀ ਨੂੰ ਮੁੱਢਲੀ ਡਾਕਟਰੀ ਸਹਾਇਤਾ  ਲਈ ਈ:ਐਮ:ਸੀ ਹਸਪਤਾਲ ਰਣਜੀਤ ਐਵੀਨਿਊ ਵਿਖੇ ਦਾਖਲ ਕਰਵਾਇਆ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਬਿੱਚੀ ਬਿਲਕੁਲ ਤੰਦਰੁਸਤ ਹੈ ਅਤੇ ਉਸ ਨੂੰ ਪਾਲਣ ਪੋਸ਼ਣ ਤੇ ਕਾਨੂੰਨੀ ਅਡਾਪਸ਼ਨ ਹਿੱਤ ਸਰਕਾਰ ਵੱਲੋਂ ਘੋਸ਼ਿਤ ਸੰਸਥਾ  ਵਿੱਚ ਪਰਵਰਿਸ਼ ਲਈ ਤਬਦੀਲ ਕਰ ਦਿੱਤਾ ਜਾਵੇਗਾ। ਸ੍ਰੀ ਅਗਰਵਾਲ ਨੇ ਕਿਹਾ ਕਿ ਨਿਰਧਾਰਤ ਪ੍ਰਕਿਰਿਆ ਪੂਰੀ ਕਰਨ ਉਪਰੰਤ ਉਕਤ ਸੰਸਥਾ ਵੱਲੋਂ ਬੱਚੀ ਦੀ ਅਡਾਪਸ਼ਨ ਕਰਵਾਈ ਜਾਵੇਗੀ। ਇਸ ਮੌਕੇ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਸ੍ਰੀ ਅਗਰਵਾਲ ਨੇ ਦੱਸਿਆ ਕਿ ਸਾਲ 2008 ਦੌਰਾਨ ਜਿਲ੍ਹਾ ਪ੍ਰਸਾਸ਼ਨ ਵੱਲੋਂ ਰੈਡ ਕਰਾਸ ਦੇ ਸਹਿਯੋਗ ਨਾਲ ਲਵਾਰਸ ਅਤੇ ਪਾਲਣ ਪੋਸ਼ਣ ਤੋਂ ਅਸਮਰਥ ਮਾਪਿਆਂ ਲਈ ਪੰਘੂੜਾ ਸਕੀਮ ਸ਼ੁਰੂ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਮੰਤਵ ਬੇਸਹਾਰਾ ਅਤੇ ਲਵਾਰਸ ਬੱਚਿਆਂ ਦੀ ਪਰਵਰਿਸ਼ ਚੰਗੇ ਢੰਗ ਨਾਲ ਅਤੇ ਵਧੀਆ ਵਾਤਾਵਰਣ ਵਿੱਚ ਕਰਨ ਲਈ ਉਨ੍ਹਾਂ ਨੂੰ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਅਡਾਪਸ਼ਨ ਕੇਂਦਰਾਂ ਵਿੱਚ ਤਬਦੀਲ ਕਰਨਾ ਹੈ ਤਾਂ ਜੋ ਇਛੁੱਕ ਜੋੜੇ ਉਥੋ ਇਨ੍ਹਾਂ ਬੱਚਿਆਂ ਨੂੰ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਉਪਰੰਤ ਗੋਦ ਲੈ ਸਕਣ।  
ਇਕ ਹੋਰ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਦੱਸਿਆ ਕਿ ਸਾਲ 2008 ਦੌਰਾਨ 8 ਬੱਚੇ, 2009 ਦੌਰਾਨ 6,   2010 ਦੌਰਾਨ 16 ਅਤੇ ਚਾਲੂ ਸਾਲ ਦੇ 8 ਮਹੀਨਿਆਂ ਦੇ ਅੰਦਰ ਅੰਦਰ 13 ਬੱਚਿਆਂ ਦੀ ਜਾਨ ਬਚਾਉਣ ਵਿੱਚ ਸਫਲਤਾ ਮਿਲੀ ਹੈ। ਸ੍ਰੀ ਅਗਰਵਾਲ ਨੇ ਕਿਹਾ ਕਿ ਬਿਨਾਂ ਸ਼ੱਕ ਕੋਈ ਵੀ ਮਾਂ-ਬਾਪ ਆਪਣੇ ਬੱਚੇ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ ਚਾਹੁੰਦੇ ਪਰ ਜਦ ਮਮਤਾ 'ਤੇ ਮਜਬੂਰੀ ਹਾਵੀ ਹੋ ਜਾਂਦੀ ਹੈ ਤਾਂ ਹੀ ਕੋਈ  ਵਿਅਕਤੀ ਅਜਿਹਾ ਰਾਹ ਅਖਤਿਆਰ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡਾ ਸਮਾਜਿਕ ਤਾਣਾ-ਬਾਣਾ ਕੁਝ ਇਸ ਕਦਰ ਉਲਝ ਗਿਆ ਹੈ ਕਿ ਅਜੇ ਵੀ ਲੜਕੀਆਂ ਨੂੰ ਬੋਝ ਸਮਝਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਲੋੜ ਹੈ ਕਿ ਵਿਦਿਆ ਦਾ ਚਾਨਣ ਫੈਲਾਅ ਕੇ ਸਦੀਆਂ ਪੁਰਾਣੀ ਰੂੜੀਵਾਦੀ ਮਾਨਸਿਕਤਾ ਨੂੰ ਬਦਲਿਆ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ, ਪ੍ਰਸਾਸ਼ਨ ਅਤੇ ਵੱਖ ਵੱਖ ਸੰਸਥਾਵਾਂ ਇਸ ਮੰਤਵ ਲਈ ਉਪਰਾਲੇ ਕਰ ਰਹੀਆਂ ਹਨ ਪਰ ਲੋੜ ਹੈ ਕਿ ਧੀਆਂ ਬਚਾਉਣ ਲਈ ਲੋਕ ਲਹਿਰ ਪੈਦਾ ਕੀਤੀ ਜਾਵੇ।
ਇਸ ਮੌਕੇ ਸ੍ਰੀ ਅਗਰਵਾਲ ਨੇ ਦੱਸਿਆ ਕਿ ਹੁਣ ਤੱਕ ਪੰਘੂੜੇ ਵਿੱਚ ਪ੍ਰਾਪਤ ਬੱਚਿਆਂ ਨੂੰ ਜਲੰਧਰ ਜਾਂ ਲੁਧਿਆਣਾ ਦੇ ਅਡਾਪਸ਼ਨ ਕੇਂਦਰਾਂ ਵਿੱਚ ਭੇਜਿਆ ਜਾਂਦਾ ਸੀ ਪਰ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਪਿੰਗਲਵਾੜਾ ਸੁਸਾਇਟੀ ਅੰਮ੍ਰਿਤਸਰ ਨੂੰ ਵੀ ਇਸ ਮੰਤਵ ਲਈ ਅਧਿਕਾਰਤ ਕਰ ਦਿੱਤਾ ਗਿਆ ਹੈ ਅਤੇ ਉਕਤ ਸੰਸਥਾ ਵੱਲੋਂ ਇਸ ਕੰਮ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਹਨ ਜਿੰਨਾਂ ਦੇ ਚਲਦਿਆਂ ਜਲਦੀ ਹੀ ਇਕ ਹੋਰ ਲੀਗਲ ਅਡਾਪਸ਼ਨ ਸੈਂਟਰ ਉਪਲਬੱਧ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ 'ਤੇ ਮਾਣ ਹੈ ਕਿ ਉਹ ਇਕ ਅਜਿਹੀ ਮੁਹਿੰਮ ਦਾ ਹਿੱਸਾ ਹਨ, ਜਿਸ ਦੇ ਤਹਿਤ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਉਣ ਵਿੱਚ ਸਫਲਤਾ ਹਾਸਲ ਹੋਈ ਹੈ।

No comments: