Sunday, August 28, 2011

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵਿਸ਼ਾਲ ਤਿੰਨ ਰੋਜ਼ਾ ਨਗਰ-ਕੀਰਤਨ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਤ ਸਮਾਗਮ 
ਸੰਗਤਾਂ ਵੱਲੋਂ ਥਾਂ-ਥਾਂ 'ਤੇ ਨਿੱਘਾ ਸਵਾਗਤ 
ਅੰਮ੍ਰਿਤਸਰ (ਗਜਿੰਦਰ ਸਿੰਘ):  ਜੁੱਗੋ-ਜੁੱਗ ਅਟੱਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਤ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਤਿੰਨ ਰੋਜ਼ਾ ਵਿਸ਼ਾਲ ਨਗਰ ਕੀਰਤਨ ਖਾਲਸਾਈ ਜਾਹੋ ਜਲਾਲ ਨਾਲ ਆਰੰਭ ਹੋਇਆ। ਇਹ ਨਗਰ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਖਾਲਸਈ ਰਵਾਇਤਾਂ ਅਤੇ ਮਰਿਯਾਦਾ ਮੁਤਾਬਿਕ ਤਿੰਨ ਰੋਜ਼ਾ ਵਿਸ਼ਾਲ ਨਗਰ ਕੀਰਤਨ ਜੈਕਾਰਿਆਂ ਦੀ ਗੂੰਜ 'ਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਲਈ ਰਵਾਨਾ ਹੋਇਆ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਅਰਦਾਸ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਆਪਣੇ ਸਿਰ 'ਤੇ ਉਠਾ ਕੇ ਪੰਜ ਪਿਆਰਿਆਂ ਦੀ ਅਗਵਾਈ 'ਚ ਘੰਟਾ ਘਰ ਵਿਖੇ ਲਿਆਏ ਅਤੇ ਇਥੇ ਖੜੀ ਫੁੱਲਾਂ ਨਾਲ ਸਜੀ ਹੋਈ ਬੱਸ 'ਚ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕੀਤਾ। ਇਸ ਮੌਕੇ ਇਲੈਕਟ੍ਰੋਨਿਕ ਮੀਡੀਏ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਅਸਥਾਨ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਆਦਿ ਬੀੜ ਵਿਚ ਨੌਂਵੇਂ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਣੀ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੰਪੂਰਨਤਾ ਬਖਸ਼ਿਸ਼ ਕੀਤੀ ਅਤੇ ਆਪਣੇ ਪ੍ਰਲੋਕ-ਗਮਨ ਤੋਂ ਪਹਿਲਾਂ ਨੰਦੇੜ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ-ਗੱਦੀ ਬਖਸ਼ਿਸ਼ ਕਰਕੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣ ਦਾ ਆਦੇਸ਼ ਕੀਤਾ। ਉਨ੍ਹਾਂ ਕਿਹਾ ਕਿ ਸਿੱਖ ਜਗਤ ਦੀ ਪ੍ਰਤੀਨਿਧ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 
ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮਿਸ਼ਨ ਨੂੰ ਸਮੁੱਚੇ ਸੰਸਾਰ 'ਚ ਉਜਾਗਰ ਕਰਨ ਲਈ 305ਵੇਂ ਸੰਪੂਰਨਤਾ ਦਿਵਸ ਨੂੰ ਸਮਰਪਤ 30 ਅਗਸਤ ਨੂੰ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮਹਾਨ ਗੁਰਮਤਿ ਸਮਾਗਮ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅੱਜ ਆਰੰਭ ਹੋਏ ਨਗਰ-ਕੀਰਤਨ ਪ੍ਰਤੀ ਸੰਗਤਾਂ 'ਚ ਭਾਰੀ ਉਤਸ਼ਾਹ ਹੈ ਅਤੇ ਥਾਂ-ਥਾਂ ਸਵਾਗਤ ਤੇ ਨਗਰ ਕੀਰਤਨ 'ਚ ਸ਼ਾਮਿਲ ਸੰਗਤਾਂ ਦੀ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਸਮੂਹ ਗੁਰੂ ਨਾਨਕ ਨਾਮ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੀਰਤਨ ਅਤੇ ਗੁਰਮਤਿ ਸਮਾਗਮਾਂ 'ਚ ਸ਼ਮੂਲੀਅਤ ਕਰਕੇ ਸਤਿਗੁਰਾਂ ਦੀ ਬਖਸ਼ਿਸ਼ਾ ਦੇ ਪਾਤਰ ਬਣਨ।
ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਦਲਮੇਘ ਸਿੰਘ ਖੱਟੜਾ ਨੇ ਨਗਰ-ਕੀਰਤਨ ਦੇ ਪ੍ਰਬੰਧਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਇਹ ਨਗਰ ਕੀਰਤਨ ਤਰਨ ਤਾਰਨ, ਨੌਸ਼ਹਿਰਾ ਪੰਨੂੰਆਂ, ਸਰਹਾਲੀ, ਹਰੀਕੇ, ਮਖੂ, ਜੀਰਾ ਤੇ ਤਲਵੰਡੀ ਭਾਈ ਹੁੰਦਾ ਹੋਇਆ ਰਾਤ ਗੁਰਦੁਆਰਾ ਸ਼ਹੀਦ ਗੰਜ ਸਾਹਿਬ, ਮੁੱਦਕੀ ਵਿਖੇ ਵਿਸ਼ਰਾਮ ਕਰੇਗਾ, 29 ਅਗਸਤ ਨੂੰ ਇੱਥੋਂ ਸਵੇਰੇ ਚੱਲ ਕੇ ਫ਼ਰੀਦਕੋਟ, ਕੋਟਕਪੂਰਾ, ਜੈਤੋ ਤੇ ਗੋਨਿਆਣਾ ਮੰਡੀ ਹੁੰਦਾ ਹੋਇਆ ਰਾਤ ਗੁਰਦੁਆਰਾ ਸਾਹਿਬ ਗੋਬਿੰਦ ਨਗਰ ਪਾਤਸ਼ਾਹੀ 10ਵੀਂ ਹਾਜੀ ਰਤਨ ਬਠਿੰਡਾ ਵਿਖੇ ਵਿਸ਼ਰਾਮ ਕਰੇਗਾ। 30 ਅਗਸਤ ਨੂੰ ਇਥੋਂ ਸਵੇਰੇ 8 ਵਜੇ ਚੱਲ ਕੇ ਕੋਟ ਸ਼ਮੀਰ, ਕੈਲੇਵਾਂਦਰਜਿਊਣ ਸਿੰਘ ਵਾਲਾ, ਭਾਗੀਵਾਂਦਰ ਹੁੰਦਾ ਹੋਇਆ ਸਵੇਰੇ 10 ਵਜੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਪੁੱਜਣ 'ਤੇ ਸੰਗਤਾਂ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਜਾਵੇਗਾ ਅਤੇ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਭਾਰੀ ਦੀਵਾਨ ਸੱਜਣਗੇ, ਜਿੱਥੇ ਪ੍ਰਮੁੱਖ ਧਾਰਮਿਕ ਸ਼ਖਸੀਅਤਾਂ, ਨਾਮਵਰ ਪੰਥਕ ਵਿਦਵਾਨ, ਰਾਗੀ, ਢਾਡੀ ਤੇ ਕਵੀਸ਼ਰੀ ਜਥੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਨਗੇ। 

No comments: