Monday, July 25, 2011

ਜਥੇਦਾਰ ਬਲਿਏਵਾਲ ਨੇ ਫਿਰ ਬਣਾਇਆ ਸਿੰਘ ਸਾਹਿਬਾਨ ਨੂੰ ਨਿਸ਼ਾਨਾ

ਫਾਈਲ ਫੋਟੋ
ਲੁਧਿਆਣਾ, 25 ਜੁਲਾਈ :ਧਰਮ 'ਤੇ ਭਾਰੂ ਹੋ ਰਹੀ ਰਾਜਨੀਤੀ ਦੇ ਮਾਰੂ ਪ੍ਰਭਾਵਾਂ ਦੀ ਚਰਚਾ ਇੱਕ ਵਾਰ ਫੇਰ ਗਰਮ ਹੈ. ਅੱਜ ਕਲ੍ਹ ਪਰਮਜੀਤ ਸਿੰਘ ਸਰਨਾ ਵਾਲੇ ਅਕਾਲੀ ਦਾਲ ਨਾਲ ਜੁੜੇ ਹੋਏ ਜਸਵਿੰਦਰ ਸਿੰਘ ਬਲੀਏਵਾਲ ਨੇ ਚਿੰਤਾ ਅਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ. ਉਹਨਾਂ ਬੜੇ ਹੀ ਦੁਖੀ ਹਿਰਦੇ ਨਾਲ ਕਿਹਾ ਕੀ ਜੇ ਸਭ ਕੁਝ ਇਸੇ ਤਰਹ ਹੀ ਚਲਦਾ ਰਿਹਾ ਤਾਂ ਇਸਦੇ ਨਤੀਜੇ  ਬਹੁਤ ਹੀ ਮਾਰੂ ਸਾਬਤ ਹੋਣਗੇ. ਉਹਨਾਂ ਕਿਹਾ ਕਿ ‘ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੱਚ ਅਤੇ ਧਰਮ ਉਤੇ ਪਹਿਰਾ ਦੇਣ ਦੀ ਥਾਂ ਰਾਜਸੀ ਪ੍ਰਭਾਵ ਵਧੇਰੇ ਕਬੂਲਣ ਲੱਗੇ ਹਨ।’ ਅੱਜ ਇਥੇ ਪ੍ਰੈਸ ਦੇ ਨਾਂ ਜਾਰੀ ਕੀਤੇ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੂਬਾ ਪ੍ਰਧਾਨ ਜਥੇਦਾਰ ਜਸਵਿੰਦਰ ਸਿੰਘ ਬਲੀਏਵਾਲ ਨੇ ਇਹ ਦੋਸ਼ ਲਾਉਂਦਿਆਂ ਕਿਹਾ ਕਿ ਜਥੇਦਾਰਾਂ ਵੱਲੋਂ ਰਾਜਸੀ ਪ੍ਰਭਾਵ ਕਬੂਲਣ ਕਾਰਨ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉਚਤਾ ਨੂੰ ਢਾਹ ਲੱਗ ਰਹੀ ਹੈ. ਇਹੋ ਕਾਰਨ ਹੈ ਕਿ ਇਥੋਂ ਹੋਏ ਫੈਸਲਿਆਂ ਨੂੰ ਕਈ ਸਿੱਖ ਮੰਨਣ ਤੋਂ ਇਨਕਾਰੀ ਹੋ ਗਏ ਹਨ. ਉਨ੍ਹਾਂ ਸਾਵਧਾਨ ਕਰਦਿਆਂ ਕਿਹਾ ਕਿ ਜੇ ਇਹ ਰੁਝਾਨ ਇਸੇ ਤਰਾਂ ਹੀ ਜਾਰੀ ਰਿਹਾ ਤਾਂ ਇਹ ਸਿੱਖ ਜਗਤ ਲਈ ਘਾਤਕ ਸਿੱਧ ਹੋਵੇਗਾ. ਇਸ ਲਈ ਇਸ ਦੇ ਖਿਲਾਫ਼ ਡਟਣ ਦੀ ਲੋੜ ਹੁਣ ਸਭ ਤੋਂ ਜਿਆਦਾ ਹੈ.
ਜਥੇਦਾਰਾਂ ਦੀਆਂ ਨਿਯੁਕਤੀਆਂ ਅਤੇ ਮਜਬੂਰੀਆਂ ਦਾ ਜ਼ਿਕਰ ਕਰਦਿਆਂ ਸ੍ਰੀ ਬੱਲੀਏਵਾਲ ਨੇ ਆਖਿਆ ਕਿ ਜਥੇਦਾਰ ਸਾਹਿਬ ਦੀ ਨਿਯੁਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਕੀਤੀ ਜਾਂਦੀ ਹੈ, ਜਿਸ ਕਾਰਨ ਸ਼੍ਰੋਮਣੀ ਕਮੇਟੀ ਵੱਲੋਂ ਹੋਈਆਂ ਗਲਤੀਆਂ ਨੂੰ ਸਿੰਘ ਸਾਹਿਬਾਨ ਵੱਲੋਂ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ. ਉਨ੍ਹਾਂ ਦੱਸਿਆ ਕਿ ਕੁਝ ਵਰ੍ਹੇ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਸਬੰਧੀ ਇਕ ਹਿੰਦੀ ਵਿੱਚ ਪੁਸਤਕ ਛਾਪੀ ਗਈ ਸੀ, ਜਿਸ ਵਿੱਚ ਸਿੱਖ ਇਤਿਹਾਸ ਨੂੰ ਤੋਡ਼ ਮਰੋਡ਼ ਕੇ ਘਟੀਆ ਰੂਪ ਵਿੱਚ ਲਿਖਿਆ ਗਿਆ ਸੀ. ਇਸ ਸੱਚ ਨੂੰ ਸ੍ਰੀ ਅਕਾਲ ਤਖਤ ਦੇ ਉਸ ਸਮੇਂ ਦੇ ਜਥੇਦਾਰ ਸਾਹਿਬ ਨੇ ਵੀ ਕਬੂਲਿਆ ਸੀ ਪਰ ਅੱਜ ਤੀਕ ਇਸ ਘੋਰ ਗਲਤੀ ਲਈ ਕਿਸੇ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ. ਇਸੇ ਤਰ੍ਹਾਂ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੁਨਹਿਰੀ ਅਖਰਾਂ ਵਿੱਚ ਛਪਾਈ ਕਿਸੇ ਨਿੱਜੀ ਪ੍ਰੈਸ ਤੋਂ ਕਾਰਵਾਈ ਗਈ ਹੈ. ਇਸ ਛਪਾਈ ਦੌਰਾਨ ਗੁਰਬਾਣੀ ਵਿੱਚ ਕਈ ਗਲਤੀਆਂ ਕੀਤੀਆਂ ਗਈਆਂ ਹਨ। ਕਬੀਲੇ ਜ਼ਿਕਰ ਹੈ ਕਿ ੨ ਜੁਲਾਈ ਨੂੰ ਇਹ ਮਾਮਲਾ ਵੀ ਠੰਡੇ ਬਸਤੇ ਵਿੱਚ ਪਾ ਦਿੱਤਾ ਗਿਆ ਸੀ.

ਧਾਰਮਿਕ ਨਿਯਮਾਂ ਕਾਨੂੰਨਾਂ ਦੀ ਗੱਲ ਕਰਦਿਆਂ ਜਥੇਦਾਰ ਬਲੀਏਵਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਹੀ ਫੈਸਲਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਕਿਸੇ ਵੀ ਨਿੱਜੀ ਪ੍ਰੈਸ ਵਿੱਚ ਨਹੀਂ ਕੀਤੀ ਜਾ ਸਕਦੀ. ਉਨ੍ਹਾਂ ਦੋਸ਼ ਲਾਇਆ ਕਿ ਆਪਣੇ ਚਹੇਤਿਆਂ ਨੂੰ ਲਾਭ ਪਹੁੰਚਾਉਣ ਲਈ ਇਸ ਕਾਨੂੰਨ ਨੂੰ ਕਮੇਟੀ ਦੇ ਪ੍ਰਧਾਨ ਵੱਲੋਂ ਆਪ  ਹੀ ਤੋਡ਼ਿਆ ਗਿਆ ਹੈ. ਗੁਰਬਾਣੀ ਵਿੱਚ ਗਲਤੀਆਂ ਕਰਨੀਆਂ ਸਿੱਖੀ ਵਿੱਚ ਸਭ ਤੋਂ ਵੱਡਾ ਅਪਰਾਧ ਹੈ.। ਉਨ੍ਹਾਂ ਇਤਿਹਾਸ ਦਾ ਹਵਾਲਾ ਦੇਂਦੀਆਂ ਕਿਹਾ ਕਿਹਾ ਕਿ ਸਤਵੇਂ ਸਤਿਗੁਰੂ ਸ੍ਰੀ ਗੁਰੂ ਹਰਿ ਰਾਏ ਸਾਹਿਬ ਨੇ ਆਪਣੇ ਪੁੱਤਰ ਨੂੰ ਬਾਣੀ ਦੇ ਇਕ ਅੱਖਰ ਦੀ ਤਬਦੀਲੀ ਲਈ ਹਮੇਸ਼ਾ ਲਈ ਪੰਥ ਵਿੱਚ ਛੇਕ ਦਿੱਤਾ ਸੀ. ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਕਿ ਉਹ ਰਾਜਸੀ ਪ੍ਰਭਾਵਾਂ ਤੋਂ ਨਿਰਲੇਪ ਰਹਿ ਕੇ ਸ੍ਰੀ ਅਕਾਲ ਤਖ਼ਤ ਦੀ ਸਰਬਉਚਤਾ ਨੂੰ ਬਰਕਰਾਰ ਰੱਖਣ. ਹੁਣ ਦੇਖਣਾ ਹੈ ਕਿ ਇਹ ਰੁਝਾਨ ਹੋਰ ਕਿੰਨੀ ਦੇਰ ਤੱਕ ਕਾਇਮ ਰਹਿੰਦਾ ਹੈ ?--ਬਿਊਰੋ ਰਿਪੋਰਟ 

No comments: