Wednesday, June 22, 2011

ਚੜਾਵੇ ਨਾਲ ਹੀ ਸਥਾਪਿਤ ਹੋ ਰਿਹਾ ਹੈ ਡੇਰਾਵਾਦੀ ਮੀਡੀਆ

ਸੰਤਵਾਦ ਦਾ ਪਸਾਰਾ ਕੌਮ ਨੂੰ ਕਿਧਰ ਲਿਜਾ ਰਿਹਾ ਹੈ ਪਿਛਲੇ 125 ਸਾਲਾਂ ਤੋਂ !          ਗੁਰਸੇਵਕ ਸਿੰਘ ਧੌਲਾ    
ਸਿੱਖ ਕੌਮ ਵਿਚ ਸੰਤਵਾਦ ਦੀ ਉਮਰ ਮਸਾਂ 125 ਸਾਲ ਦੇ ਕਰੀਬ ਬਣਦੀ ਹੈ ਪਰ ਇਸੇ ਸਮੇਂ ਵਿਚ ਹੀ ਗੁਰੂਆਂ ਦੁਆਰਾ ਚਿਤਵਿਆ ਸਿੱਖ ਕੌਮ ਦਾ ਸਮਾਂ ਜਿਸ ਸੰਕਲਪ ਆਪਣੇ ਜੀਵਨ ਮਨੋਰਥ ਦੇ ਉਲਟ ਦਿਸ਼ਾ 'ਚ ਤੁਰਨ ਲੱਗਿਆ ਹੈ। ਮੂਲ ਰੂਪ ਵਿਚ ਸਿੱਖ ਧਰਮ ਕਿਰਤੀ ਲੋਕਾਂ ਦਾ ਧਰਮ ਹੈ ਜੋ ਜੀਵਨ ਦੀ ਕਿਰਤ ਵਿਰਤ ਕਰਦਿਆਂ ਪਰਮਾਤਮਾ ਦੀ ਯਾਦ 'ਚ ਰਮੇ ਰਹਿੰਦੇ ਹਨ। ਜਦੋਂ ਸਿੱਖ ਧਰਮ ਦੇ ਮੂਲ ਸਿਧਾਂਤਾਂ ਨੂੰ ਸੰਖੇਪ 'ਚ ਦੱਸਣਾ ਹੋਵੇ ਤਾਂ ਵੀ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦਾ ਵਰਨਣ ਕੀਤਾ ਜਾਂਦਾ ਹੈ ਜਿਸ ਿਵਚ ਨਾਮ ਜਪਣ ਤੋਂ ਵੀ ਪਹਿਲਾਂ ਕਿਰਤ ਦੇ ਸਿਧਾਂਤ ਨੂੰ ਪਹਿਲ ਦਿੱਤੀ ਗਈ ਹੈ। ਸਿੱਖ ਕੌਮ ਵਿਚ ਜਦੋਂ ਉਨੀਵੀਂ ਸਦੀ ਦੇ ਅੱਠਵੇਂ ਦਹਾਕੇ 'ਚ ਸੰਤਵਾਦ ਦਾ ਬੀਜ ਪੈਦਾ ਹੋਇਆ ਤਾਂ ਇਸਨੇ ਸਭ ਤੋਂ ਪਹਿਲਾਂ ਸਿੱਖ ਧਰਮ ਵਿਚ ਕਿਰਤ ਦੇ ਮੂਲ ਸੰਕਲਪ ਨੂੰ ਪਰ੍ਹੇ ਧੱਕ ਕੇ ਵਿਹਲ ਪੈਦਾ ਕਰਨ ਦਾ ਸਿੱਖ ਵਿਰੋਧੀ ਕਰਮ ਆਰੰਭ ਕੀਤਾ। ਅੱਜ ਤੱਕ ਦੇ ਕੋਈ ਸਵਾ ਸੌ ਸਾਲ ਦੇ ਅਰਸੇ ਦੌਰਾਨ ਸਿੱਖ ਕੌਮ ਨੂੰ ਇਸ ਸਮੇਂ ਸੰਤਵਾਦ ਨੇ ਏਨਾ ਕੁ ਨੁਕਸਾਨ ਕਰ ਦਿੱਤਾ ਹੈ ਕਿ ਕੌਮ ਨੂੰ ਦੋ ਪ੍ਰਮੁੱਖ ਚੁਣੌਤੀਆਂ 'ਚ ਇਕ ਡੇਰਾਵਾਦ ਵੀ ਚੈਲੰਜ ਮੰਨਿਆ ਜਾਣ ਲੱਗਿਆ ਹੈ। ਇਸ ਸਮੇਂ ਸਿੱਖ ਸੰਤਵਾਦ ਦੀਆਂ ਕੋਈ ਅੱਧੀ ਦਰਜਨ ਕੈਟਾਗਰੀਆਂ ਜਿਨ੍ਹਾਂ ਵਿਚ ਭਗਵੇਂ ਭੇਸ ਵਾਲੇ, ਚਿੱਟ ਕਪੜੀਏ, ਨੰਗੀਆਂ ਲੱਤਾਂ ਵਾਲੇ ਸੰਤ, ਭੀੜੀਆਂ ਪਜਾਮੀਆਂ ਵਾਲੇ, ਵੱਡੀਆਂ ਜੇਬਾਂ ਵਾਲੀਆਂ ਝੁੱਗੀਆਂ ਪਹਿਨਣ ਵਾਲੇ ਅਤੇ ਕਈ ਖੇਤਰਾਂ ਵਿਚ ਜਟਾਂਧਾਰੀ ਵਾਬਿਆਂ ਨੇ ਸਿੱਖ ਸੰਗਤ ਨੂੰ ਸ਼ਬਦ ਗੁਰੂ ਨਾਲੋਂ ਤੋੜ ਕੇ ਨਿੱਜਗੁਰੂ ਨਾਲ ਜੋੜਨ ਦੀ ਮੁਹਿੰਮ ਭਖਾਈ ਹੋਈ ਹੈ। ਇਹਨਾਂ ਕਥਿਤ ਸੰਤਾਂ ਨੇ ਗੁਰਬਾਣੀ ਵਿਚ ਦਰਸਾਏ ਨਿਰਧਾਰਤ ਰਾਗਾਂ ਦੀ ਥਾਂ ਸੰਗਤ ਨੂੰ ਚਿਮਟੇ ਢੋਲਕੀਆਂ ਦੇ ਸੋਰ 'ਤੇ ਲਾ ਦਿੱਤਾ ਹੈ। ਇਸ ਤਰ੍ਹਾਂ ਸਿੱਖ ਧਰਮ 'ਚ ਸ਼ੁੱਧ ਰਾਗਾਂ 'ਚ ਕੀਰਤਨ ਗਾਇਨ ਵਿਧੀ ਦਾ ਭੋਗ ਪਾਉਣ ਲਈ ਇਹ ਸੰਤ ਬਾਬੇ ਹੀ ਜ਼ਿੰਮੇਵਾਰ ਹਨ।
ਇਹਨਾਂ 125 ਕੁ ਸਾਲਾਂ ਵਿਚ ਹੀ ਸਿੱਖ ਕੌਮ ਬੇਸੁਮਾਰ ਮਾਇਆ ਕਿਰਤੀ ਲੋਕਾਂ ਦੀਆਂ ਜੇਬਾਂ 'ਚੋਂ ਨਿਕਲ ਕੇ ਡੇਰਿਆਂ 'ਚ ਐਸੋ-ਅਰਾਮ ਦਾ ਸਾਧਨ ਪ੍ਰਫੁੱਲਤ ਕਰਨ ਲਈ ਵਰਤੀ ਜਾ ਚੁੱਕੀ ਹੈ ਜਾਂ ਫਿਰ ਇਹ ਮਾਇਆ ਦਾ ਕਿਸੇ ਡੇਰੇਦਾਰ ਦੀ ਨਿੱਜੀ ਮਲਕੀਅਤ ਦੇ ਰੂਪ ਵਿਚ ਵਟਾਂਦਰਾ ਹੋ ਗਿਆ ਹੈ। ਅੱਜ ਇਹਨਾਂ ਡੇਰਿਆਂ ਵਿਚ ਪਲਦੇ ਸਿੱਖ ਕੌਮ ਦੇ ਹਜ਼ਾਰਾਂ ਨੌਜਵਾਨ ਜੋ ਸਿੱਖ ਕੌਮ ਦੀ ਭਲਾਈ ਲਈ ਉਦਮ ਕਰਕੇ ਮੂੰਹ ਮੱਥਾ ਸਵਾਰਨ ਦੇ ਸਮਰੱਥ ਸਨ, ਨੂੰ ਵੀ ਵਿਹਲੜ ਅਤੇ ਇਆਸੀ ਕਿਸਮ ਦੇ ਬਣਾ ਦਿੱਤਾ ਹੈ। ਇਹਨਾਂ ਝੂਠੇ ਸੰਤਾਂ ਦੇ ਡੇਰਿਆਂ (ਜਾਂ ਗੁਰਦੁਆਰਿਆਂ) ਵਿਚ ਹੁਣ ਸਵੇਰੇ-ਸਵੇਰੇ ਗੁਰੂ ਨਾਨਕ ਸਾਹਿਬ ਜੀ ਦੀ ਕ੍ਰਾਂਤੀਕਾਰੀ ਬਾਣੀ 'ਆਸਾ ਦੀ ਵਾਰ' ਦਾ ਕੀਰਤਨ ਨਹੀਂ ਹੁੰਦਾ ਸਗੋਂ 'ਸੰਤਾਂ ਦੀ ਉਪਮਾ' ਦੀਆਂ ਕੱਚੀਆਂ ਧਾਰਨਾਂ ਜ਼ਰੂਰ ਸੁਣਾਈਆਂ ਜਾਂਦੀਆਂ ਹਨ।
ਪੰਜਾਬ ਵਿਚ ਸਥਿਤ ਕੋਈ ਦੋ ਦਰਜਨ ਦੇ ਕਰੀਬ ਵੱਡੇ ਸੰਤਾਂ ਦੇ ਡੇਰਿਆਂ ਵਿਚ ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਗੁਰੂ ਸਾਹਿਬਾਨ ਅਤੇ ਸਿੱਖ ਸ਼ਹੀਦਾਂ ਦੇ ਦਿਹਾੜਿਆਂ ਦੀ ਥਾਂ ਹਰ ਰੋਜ਼ ਉਸ ਡੇਰੇ ਦੇ ਗੁਜ਼ਰ ਚੁੱਕੇ ਸਾਧਾਂ ਦੀਆਂ ਬਰਸੀਆਂ ਜਾਂ ਜਨਮ ਦਿਨ ਮਨਾਏ ਜਾ ਰਹੇ ਹਨ। ਇਹਨਾਂ ਡੇਰਿਆਂ ਦੇ ਸੰਤ ਸਿੱਖ ਕੌਮ ਦੀ ਪ੍ਰਮਾਣਿਤ ਸਿੱਖ ਰਹਿਤ ਮਰਿਯਾਦਾ ਅਪਣਾਉਣ ਦੀ ਥਾਂ ਹਰ ਡੇਰਿਆਂ 'ਚ ਆਪਣੀ ਘੜੀ ਮਰਿਯਾਦਾ ਨੂੰ ਪ੍ਰਫੁੱਲਤ ਕਰਨ ਵਿਚ ਲੱਗੇ ਹੋਏ ਹਨ। ਗੁਰੂ ਸਿਧਾਂਤਾਂ ਦੇ ਉਲਟ ਟਿੱਕੇ ਲਾਏ ਜਾ ਰਹੇ ਹਨ, ਆਰਤੀਆਂ ਕੀਤੀਆਂ ਜਾ ਰਹੀਆਂ ਹਨ, ਸ਼ਖਸੀ ਪੂਜਾ ਨੂੰ ਪਹਿਲ ਦਿੱਤੀ ਜਾ ਰਹੀ ਹੈ। ਸ਼ਬਦ ਗੁਰੂ ਦੇ ਸਿਧਾਂਤ ਨੂੰ ਇਹਨਾਂ ਡੇਰਿਆਂ 'ਚੋਂ ਬਾਹਰ ਕੀਤਾ ਜਾ ਚੁੱਕਾ ਹੈ। ਗੁਰੂ ਗ੍ਰੰਥ ਸਾਹਿਬ ਵਿਚੋਂ ਸ਼ਬਦਾਂ ਦੀ ਵਿਆਖਿਆ ਸਮੇਂ ਆਪਣੇ ਪਹਿਲੇ ਡੇਰੇਦਾਰਾਂ ਦਾ ਨਾਮ ਲੈ ਕੇ ਕਿਹਾ ਜਾਂਦਾ ਹੈ ਕਿ ''ਭਾਈ ਇਹ ਬਚਨ ਸੰਤ ਮਹਾਂਪੁਰਸ.......ਸਿੰਘ ਜੀ ਕਰਿਆ ਕਰਦੇ ਸਨ।'' ਭਾਵ ਕਿ ਗੁਰਬਾਣੀ ਦੇ ਸ਼ਬਦਾਂ ਨੂੰ ਵੀ ਸੰਤਾਂ ਦੇ ਸ਼ਬਦ ਕਿਹਾ ਜਾ ਰਿਹਾ ਹੈ। ਇਹਨਾਂ ਸੰਤਾਂ ਜਾਂ ਇਹਨਾਂ ਦੇ ਚੇਲਿਆਂ ਦੁਆਰਾ ਚਰਿੱਤਰਹੀਣਤਾ ਦੀਆਂ ਖ਼ਬਰਾਂ ਕਿਸੇ ਤੋਂ ਲੁਕੀਆਂ ਹੋਈਆਂ ਨਹੀਂ। ਪੰਜਾਬ ਵਿਚ ਡੇਰਾਵਾਦ ਦੀਆਂ ਵੰਨਗੀਆਂ, ਸਰਸਾ, ਬਿਆਸ, ਭਨਿਆਰਾਂ ਵਾਲੇ, ਆਸ਼ੂਤੋਸ਼ ਵਾਂਗ ਇਹ 'ਸਿੱਖ-ਸੰਤਵਾਦ' ਵੀ ਕੋਈ ਵੱਖਰੀ ਵੰਨਗੀ ਨਹੀਂ ਸਗੋਂ ਇਹਨਾਂ ਸਭਨਾਂ ਦਾ ਇਕੋ ਮਕਸਦ ਸਿੱਖ ਕੌਮ ਨੂੰ ਪ੍ਰਫੁੱਲਤ ਕਰਨੋਂ ਰੋਕਣ ਲਈ ਇਸ ਦੇ ਮੂਲ ਸਿਧਾਂਤਾਂ ਨੂੰ ਵਿਗਾੜ ਕੇ ਪੇਸ਼ ਕਰਨਾ ਹੈ।
ਸਿੱਖ ਨਸਲਕੁਸ਼ੀ ਬਾਰੇ ਇਹਨਾਂ ਸੰਤਾਂ ਮਹਾਂਪੁਰਸਾਂ (?) ਦੀ ਚੁੱਪ ਅਤੇ ਸ਼ੁੱਧ ਨਾਨਕਸ਼ਾਹੀ ਕੈਲੰਡਰ ਦਾ ਵਿਰੋਧ ਵੀ ਇਹਨਾਂ ਦੀ ਸਿੱਖ ਵਿਰੋਧੀ ਅੰਦਰੂਨੀ ਭਾਵਨਾਂ ਨੂੰ ਜੱਗ ਜਾਹਰ ਕਰ ਦਿੱਤਾ ਹੈ। ਜੇ ਸਿੱਖ ਕੌਮ ਇਹਨਾਂ ਸਿੱਖ-ਸੰਤਾਂ ਪ੍ਰਤੀ ਇਸੇ ਤਰ੍ਹਾਂ ਅਵੇਸਲੀ ਰਹੀ ਤਾਂ ਆਉਣ ਵਾਲੇ ਦੋ ਤਿੰਨ ਦਹਾਕਿਆਂ ਵਿਚ ਹੀ ਇਹ ਸੰਤਵਾਦ ਸਿੱਖੀ ਦਾ ਇਕ ਨਵਾਂ ਸਰੂਪ ਪੈਦਾ ਕਰ ਦੇਵੇਗਾ ਜਿਸ ਵਿਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੇ ਗੁਰਸਿੱਖੀ ਸਿਧਾਂਤਾਂ ਦੇ ਉਲਟ ਵਿਹਲੇ ਰਹੋ, ਐਸ ਕਰੋ, ਢਿੱਡ ਭਰੋ ਦੇ ਪ੍ਰਮੁੱਖ ਸਿਧਾਂਤ ਭਾਰੂ ਹੋਣਗੇ। ਇਹਨਾਂ ਸੰਤਵਾਦ ਦੇ ਸਿਧਾਂਤਾਂ ਨੂੰ ਲਾਗੂ ਕਰਨ ਲਈ ਇਹਨਾਂ ਡੇਰਿਆਂ 'ਚ ਹੀ ਸੰਗਤ ਦੀ ਕਮਾਈ ਨਾਲ ਚੱਲ ਰਹੇ ਸਕੂਲਾਂ 'ਚ ਪੜ੍ਹਦੇ ਬੱਚੇ ਆਪਣਾ ਯੋਗਦਾਨ ਪਾਉਣਗੇ।
ਇਹ 'ਸਿੱਖ ਸੰਤਵਾਦ' ਸੰਗਤਾਂ ਦੇ ਚੜਾਵੇ ਨਾਲ ਹੀ ਆਪਣਾ ਅਜਿਹਾ ਮੀਡੀਆ ਵੀ ਸਥਾਪਿਤ ਕਰ ਰਿਹਾ ਹੈ ਜੋ ਘਰ ਬੈਠੇ ਹੀ ਤੁਹਾਡਾ ਦਿਮਾਗ ਸੰਤਵਾਦ ਵੱਲ ਖਿੱਚਣ ਦੇ ਯਤਨ ਕਰੇਗਾ। ਗੁਰਬਾਣੀ ਤੁਕਾਂ 'ਤੇ ਅਧਾਰਿਤ ਇਸ ਸੰਤਵਾਦੀ ਮੀਡੀਏ ਦੀ ਸ਼ੁਰੂਆਤ ਹੋ ਚੁੱਕੀ ਹੈ। ਇਹਨਾਂ ਵਿਚਾਰਾਂ ਨਾਲ ਆਪਣੀ ਕੌਮ ਦੇ ਚੇਤਨ ਸੱਜਣਾਂ ਨੂੰ ਅਪੀਲ ਹੈ ਕਿ ਉਹ ਆਪਣੇ ਕੌਮੀ ਫਰਜ਼ਾਂ ਨੂੰ ਸਮਝਦੇ ਹੋਏ ਕਥਿਤ ਸੰਤਵਾਦ ਵਿਰੁੱਧ ਇਕਜੁੱਟ ਹੋ ਕੇ ਮੁਹਿੰਮ ਸ਼ੁਰੂ ਕਰ ਦੇਣ। ਇਹ ਬਿਮਾਰੀ ਅਜੇ ਇਲਾਜਯੋਗ ਹੈ, ਲਾ-ਇਲਾਜ ਹੋਣੋ ਰੋਕਣ ਲਈ ਤੁਰੰਤ ਹਰਕਤ 'ਚ ਆਈਏ। ਭਾਵੇਂ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਸਖ਼ਤ ਵਿਰੋਧ ਦਾ ਸਾਹਮਣਾ ਵੀ ਕਿਉਂ ਨਾ ਕਰਨਾ ਪਵੇ। ਗੁਰਸੇਵਕ ਸਿੰਘ  ਧੌਲਾ
ਮੋਬਾਈਲ ਸੰਪਰਕ:94632-16267                                                                                                                                             

2 comments:

asianmodelandactors said...

har teeje din kese sadh di barsi ya janam din nanaksar de dere valon manaeye jande han kade nahi suneya ke onhan ne guru sahibaan de din v manaeye han...EH SARA KASOOR ANPARTA DA HAI PANTH NE KISE NU PARAN HI NAHI DITTA ARBAN RUPEYA SGPC NE BANKS VICH REKHYA HAI JO SHYED ONHAN NU DHUD DE REHA HAI TE KAUM NU MURAKH BANA KE HAR VAAR PATH KHATRE VICH HAI DA NAARA MAAR KE LOKAN NU BUDHU BANAI JA REHE HAN....lorr hai pindan vich change school kohlan di te naoujvaan pirri nu dharmik sikheya den di

Anonymous said...

ਹ ਡੇਰਾਵਾਦ ਦਾ ਅਧੂਰਾ ਵਿਖਿਆਨ ਹੈ. ਕੋਈ ਵੀ ਬੁਰਾਈ ਉਦੋਂ ਤੱਕ ਨਹੀ ਪਨਪਦੀ ਜਦੋਂ ਤੱਕ ਹੇਠਾ ਧਰਾਤਲ ਨਾ ਹੋਵੇ। ਫੇਲ ਹੋਈ ਕਿਸਾਨੀ ਦਿਨ ਕੱਟਣ ਲਈ ਡੇਰੇਆ ਵਿੱਚ ਸਰਨ ਲੈਂਦੀ ਹੈ। ਇਸ ਤੋ ਵੇਹਲੇ ਤੇ ਬੇਰੁਜਗਾਰ ਵੀ ਡੇਰੇਆ ਦੀ ਭੀੜ ਵਿੱਚ ਵਾਦਾ ਕਰਦੇ ਹਨ। ਜਦੋ ਹੇਠਲੇ ਕਾਰਨ ਖਤਮ ਹੋ ਗਏ ਤਡ ਉਸ ਤੇ ਉਸਰਿਆ ਡੇਰਾਵਾਦ ਵੀ ਖਤਮ ਹੋ ਜਾਵੇਗਾ